ਸ਼੍ਰੀ ਦਸਮ ਗ੍ਰੰਥ

ਅੰਗ - 365


ਮੋ ਬਤੀਯਾ ਜਦੁਰਾਇ ਜੁ ਪੈ ਕਬਿ ਸ੍ਯਾਮ ਕਹੈ ਕਹੀਯੋ ਸੁ ਅਹੋ ਰੀ ॥

ਕਵੀ ਸ਼ਿਆਮ ਕਹਿੰਦੇ ਹਨ, (ਰਾਧਾ ਨੇ ਕਿਹਾ) ਮੇਰੀਆਂ ਗੱਲਾਂ ਕ੍ਰਿਸ਼ਨ ਕੋਲ ਜਾ ਕੇ ਇਸ ਤਰ੍ਹਾਂ ਕਹਿ ਦੇਈਂ।

ਚੰਦ੍ਰਭਗਾ ਸੰਗਿ ਪ੍ਰੀਤਿ ਕਰੋ ਤੁਮ ਸੋ ਨਹੀ ਪ੍ਰੀਤਿ ਕਹਿਯੋ ਪ੍ਰਭ ਮੋਰੀ ॥੭੦੪॥

(ਕ੍ਰਿਸ਼ਨ) ਚੰਦ੍ਰਭਗਾ ਨਾਲ ਪ੍ਰੀਤ ਕਰਦਾ ਹੈ, ਮੇਰੇ ਨਾਲ ਪ੍ਰਭੂ ਦੀ ਕੋਈ ਪ੍ਰੀਤ ਨਹੀਂ ਹੈ ॥੭੦੪॥

ਸੁਨਿ ਕੈ ਇਹ ਰਾਧਿਕਾ ਕੀ ਬਤੀਯਾ ਤਬ ਸੋ ਉਠਿ ਗ੍ਵਾਰਨਿ ਪਾਇ ਲਾਗੀ ॥

ਰਾਧਾ ਦੀ ਇਹ ਗੱਲ ਸੁਣ ਕੇ ਗੋਪੀ ਉਠ ਕੇ ਉਸ ਦੇ ਪੈਰੀਂ ਪੈ ਗਈ।

ਪ੍ਰੀਤਿ ਕਹਿਯੋ ਹਰਿ ਕੀ ਤੁਮ ਸੋ ਹਰਿ ਚੰਦ੍ਰਭਗਾ ਹੂੰ ਸੋ ਪ੍ਰੀਤਿ ਤਿਯਾਗੀ ॥

ਕਹਿਣ ਲਗੀ ਕ੍ਰਿਸ਼ਨ ਦਾ ਪ੍ਰੇਮ ਤੇਰੇ ਨਾਲ ਹੈ, ਚੰਦ੍ਰਭਗਾ ਨਾਲ ਕ੍ਰਿਸ਼ਨ ਨੇ ਪ੍ਰੀਤ ਤਿਆਗ ਦਿੱਤੀ ਹੈ।

ਉਨ ਕੀ ਕਬਿ ਸ੍ਯਾਮ ਸੁਬੁਧਿ ਕਹੈ ਤੁਹਿ ਦੇਖਨ ਕੇ ਰਸ ਮੈ ਅਨੁਰਾਗੀ ॥

ਕਵੀ ਸ਼ਿਆਮ ਸੋਚ ਕੇ ਕਹਿੰਦੇ ਹਨ, ਉਹ ਤੈਨੂੰ ਵੇਖਣ ਦੇ (ਪ੍ਰੇਮ) ਰਸ ਵਿਚ ਮਗਨ ਹੈ।

ਤਾਹੀ ਤੇ ਬਾਲ ਬਲਾਇ ਲਿਉ ਤੇਰੀ ਮੈ ਬੇਗ ਚਲੋ ਹਰਿ ਪੈ ਬਡਭਾਗੀ ॥੭੦੫॥

ਇਸ ਲਈ, ਹੇ ਸਖੀ! ਮੈਂ ਤੇਰੀਆਂ ਬਲਾਵਾਂ ਲੈਂਦੀ ਹਾਂ। ਹੇ ਵਡਭਾਗਣੇ! (ਤੂੰ) ਜਲਦੀ ਕ੍ਰਿਸ਼ਨ ਕੋਲ ਚਲ ॥੭੦੫॥

ਬ੍ਰਿਜਨਾਥ ਬੁਲਾਵਤ ਹੈ ਚਲੀਯੈ ਕਛੁ ਜਾਨਤ ਹੈ ਰਸ ਬਾਤ ਇਯਾਨੀ ॥

(ਤੈਨੂੰ) ਸ੍ਰੀ ਕ੍ਰਿਸ਼ਨ ਬੁਲਾਉਂਦਾ ਹੈ, ਜਲਦੀ ਚਲ। ਹੇ ਇਆਣੀਏ! ਤੂੰ (ਪ੍ਰੇਮ) ਰਸ ਦੀ ਗੱਲ ਨੂੰ ਕੁਝ ਸਮਝ।

ਤੋਹੀ ਕੋ ਸ੍ਯਾਮ ਨਿਹਾਰਤ ਹੈ ਤੁਮਰੈ ਬਿਨੁ ਰੀ ਨਹੀ ਪੀਵਤ ਪਾਨੀ ॥

ਕ੍ਰਿਸ਼ਨ (ਸਦਾ) ਤੈਨੂੰ ਵੇਖਦਾ ਰਹਿੰਦਾ ਹੈ ਅਤੇ ਤੇਰੇ ਬਿਨਾ ਉਹ ਪਾਣੀ ਤਕ ਨਹੀਂ ਪੀਂਦਾ ਹੈ।

ਤੂ ਇਹ ਭਾਤਿ ਕਹੈ ਮੁਖ ਤੇ ਨਹੀ ਜਾਊਗੀ ਹਉ ਹਰਿ ਪੈ ਇਹ ਬਾਨੀ ॥

ਤੂੰ ਮੁਖ ਤੋਂ ਇਸ ਤਰ੍ਹਾਂ ਕਹਿੰਦੀ ਹੈਂ, 'ਮੈਂ ਨਹੀਂ ਜਾਵਾਂਗੀ'। ਮੈਂ ਸ੍ਰੀ ਕ੍ਰਿਸ਼ਨ ਨੂੰ ਇਹ ਬਚਨ (ਜਾ ਕਹਾਂਗੀ)।

ਤਾਹੀ ਤੇ ਜਾਨਤ ਹੋ ਸਜਨੀ ਅਬ ਜੋਬਨ ਪਾਇ ਭਈ ਹੈ ਦੀਵਾਨੀ ॥੭੦੬॥

ਇਸ ਵਾਸਤੇ, ਹੇ ਸਜਨੀ! ਮੈਂ ਜਾਣਦੀ ਹਾਂ ਕਿ ਤੂੰ ਜੋਬਨ ਪ੍ਰਾਪਤ ਕਰ ਕੇ ਕੁਝ ਦੀਵਾਨੀ ਹੋ ਗਈ ਹੈਂ ॥੭੦੬॥

ਮਾਨ ਕਰਿਯੋ ਮਨ ਬੀਚ ਤ੍ਰੀਯਾ ਤਜਿ ਬੈਠਿ ਰਹੀ ਹਿਤ ਸ੍ਯਾਮ ਜੂ ਕੇਰੋ ॥

ਹੇ ਸਖੀ ('ਤ੍ਰੀਯਾ'!) ਤੂੰ ਮਨ ਵਿਚ ਰੋਸਾ ਕਰ ਲਿਆ ਹੈ ਅਤੇ ਸ੍ਰੀ ਕ੍ਰਿਸ਼ਨ ਦਾ ਪ੍ਰੇਮ ਛਡ ਕੇ (ਘਰ) ਬੈਠ ਰਹੀ ਹੈਂ।

ਬੈਠਿ ਰਹੀ ਬਕ ਧ੍ਯਾਨ ਧਰੇ ਸਭ ਜਾਨਤ ਪ੍ਰੀਤਿ ਕੋ ਭਾਵਨ ਨੇਰੋ ॥

(ਤੂੰ) ਬਗਲੇ ਵਾਂਗ ਧਿਆਨ ਧਰ ਕੇ ਬੈਠ ਰਹੀ ਹੈ; ਸਭ ਜਾਣਦੇ ਹਨ ਕਿ ਪ੍ਰੀਤ ਨਾਲ ਪ੍ਰੀਤਮ ਨੇੜੇ (ਹੀ ਮਿਲ ਜਾਂਦਾ ਹੈ)।

ਤੋ ਸੰਗ ਤੌ ਮੈ ਕਹਿਯੋ ਸਜਨੀ ਕਹਬੇ ਕਹੁ ਜੋ ਉਮਗਿਯੋ ਮਨ ਮੇਰੋ ॥

ਇਸ ਲਈ, ਹੇ ਸਜਨੀ! ਮੈਂ ਤੇਰੇ ਪਾਸ ਕਹਿੰਦੀ ਹਾਂ, ਜੋ ਕਹਿਣ ਲਈ ਮੇਰੇ ਮਨ ਵਿਚ ਪੈਦਾ ਹੋਇਆ ਹੈ।

ਆਵਤ ਹੈ ਇਮ ਮੋ ਮਨ ਮੈ ਦਿਨ ਚਾਰ ਕੋ ਪਾਹੁਨੋ ਜੋਬਨ ਤੇਰੋ ॥੭੦੭॥

ਮੇਰੇ ਮਨ ਵਿਚ ਇਸ ਤਰ੍ਹਾਂ ਆਉਂਦਾ ਹੈ ਕਿ ਤੇਰਾ ਜੋਬਨ ਚਾਰ ਦਿਨਾਂ ਦਾ ਮਹਿਮਾਨ ਹੈ ॥੭੦੭॥

ਤਾ ਕੈ ਨ ਪਾਸ ਚਲੈ ਉਠ ਕੈ ਕਬਿ ਸ੍ਯਾਮ ਜੋਊ ਸਭ ਲੋਗਨ ਭੋਗੀ ॥

ਕਵੀ ਸ਼ਿਆਮ (ਕਹਿੰਦੇ ਹਨ) (ਤੂੰ) ਉਠ ਕੇ ਉਸ ਕੋਲ ਨਹੀਂ ਚਲਦੀ ਜੋ ਸਾਰਿਆਂ ਲੋਕਾਂ ਦਾ ਭੋਗਣ ਵਾਲਾ ਹੈ।

ਤਾ ਤੇ ਰਹੀ ਹਠਿ ਬੈਠ ਤ੍ਰੀਯਾ ਉਨ ਕੋ ਕਛੁ ਜੈ ਗੋ ਨ ਆਪਨ ਖੋਗੀ ॥

ਇਸ ਲਈ, ਹੇ ਸਖੀ ('ਤ੍ਰੀਯਾ'!) ਹਠ ਕਰ ਕੇ ਬੈਠ ਰਹੀ ਹੈਂ; (ਇਸ ਵਿਚ) ਉਸ ਦਾ ਕੁਝ ਨਹੀਂ ਜਾਣਾ, ਆਪਣਾ ਹੀ (ਕੁਝ) ਖੋਹੇਂਗੀ।

ਜੋਬਨ ਕੋ ਜੁ ਗੁਮਾਨ ਕਰੈ ਤਿਹ ਜੋਬਨ ਕੀ ਸੁ ਦਸਾ ਇਹ ਹੋਗੀ ॥

ਜਿਸ ਜੋਬਨ ਦਾ (ਤੂੰ) ਗੁਮਾਨ ਕਰਦੀ ਹੈਂ, ਉਸ ਜੋਬਨ ਦੀ ਇਹ ਹਾਲਤ ਹੋਵੇਗੀ।

ਤੋ ਤਜਿ ਕੈ ਸੋਊ ਯੋ ਰਮਿ ਹੈ ਜਿਮ ਕੰਧ ਪੈ ਡਾਰ ਬਘੰਬਰ ਜੋਗੀ ॥੭੦੮॥

ਉਹ (ਜੋਬਨ) ਤੈਨੂੰ ਤਿਆਗ ਕੇ ਇਉਂ ਚਲਾ ਜਾਏਗਾ, ਜਿਵੇਂ ਜੋਗੀ ਮੋਢੇ ਉਤੇ ਸ਼ੇਰ ਦੀ ਖਲ (ਦਾ ਆਸਣ) ਰਖ ਕੇ ਤੁਰ ਪੈਂਦਾ ਹੈ ॥੭੦੮॥

ਨੈਨ ਕੁਰੰਗਨ ਸੇ ਤੁਮਰੇ ਕੇਹਰਿ ਕੀ ਕਟਿ ਰੀ ਸੁਨ ਤ੍ਵੈ ਹੈ ॥

ਨੀ! ਸੁਣ, ਤੇਰੇ ਨੈਣ ਹਿਰਨ ਵਰਗੇ ਹਨ ਅਤੇ ਲਕ ਸ਼ੇਰ ਵਰਗਾ ਹੈ।

ਆਨਨ ਸੁੰਦਰ ਹੈ ਸਸਿ ਸੋ ਜਿਹ ਕੀ ਫੁਨਿ ਕੰਜ ਬਰਾਬਰ ਕ੍ਵੈ ਹੈ ॥

(ਤੇਰਾ) ਮੂੰਹ ਚੰਦ੍ਰਮਾ ਵਰਗਾ ਸੁੰਦਰ ਹੈ, ਜਿਸ ਦੇ ਬਰਾਬਰ ਫਿਰ ਕਮਲ ਵੀ ਨਹੀਂ ਹੈ।

ਬੈਠ ਰਹੀ ਹਠ ਬਾਧਿ ਘਨੋ ਤਿਹ ਤੇ ਕਛੁ ਆਪਨ ਹੀ ਸੁਨ ਖ੍ਵੈ ਹੈ ॥

(ਤੂੰ) ਬਹੁਤ ਹਠ ਬੰਨ੍ਹ ਕੇ ਬੈਠ ਗਈ ਹੈਂ, ਸੁਣ ਲੈ, ਤੂੰ ਆਪਣਾ ਹੀ ਕੁਝ ਗਵਾਉਣਾ ਹੈ।

ਏ ਤਨ ਸੁ ਤੁਹਿ ਬੈਰ ਕਰਿਯੋ ਹਰਿ ਸਿਉ ਹਠਿਏ ਤੁਮਰੋ ਕਹੁ ਹ੍ਵੈ ਹੈ ॥੭੦੯॥

ਇਸ ਤਨ ਨਾਲ ਤੂੰ ਵੈਰ ਕੀਤਾ ਹੈ, ਸ੍ਰੀ ਕ੍ਰਿਸ਼ਨ ਨਾਲ ਹਠ ਕਰ ਕੇ ਤੇਰਾ ਕੁਝ ਨਹੀਂ ਸੰਵਰਨਾ ॥੭੦੯॥

ਸੁਨ ਕੈ ਇਹ ਗ੍ਵਾਰਨਿ ਕੀ ਬਤੀਯਾ ਬ੍ਰਿਖਭਾਨ ਸੁਤਾ ਅਤਿ ਰੋਸ ਭਰੀ ॥

ਗੋਪੀ ਦੀਆਂ ਇਹ ਗੱਲਾਂ ਸੁਣ ਕੇ, ਰਾਧਾ ਦੇ ਮਨ ਵਿਚ ਬਹੁਤ ਕ੍ਰੋਧ ਹੋ ਗਿਆ।

ਨੈਨ ਨਚਾਇ ਚੜਾਇ ਕੈ ਭਉਹਨ ਪੈ ਮਨ ਮੈ ਸੰਗ ਕ੍ਰੋਧ ਜਰੀ ॥

ਅੱਖਾਂ ਨੂੰ ਨਚਾ ਕੇ, ਭੌਆਂ ਨੂੰ ਚੜ੍ਹਾ ਕੇ ਮਨ ਵਿਚ ਕ੍ਰੋਧ ਨਾਲ ਸੜ ਗਈ।


Flag Counter