ਸ਼੍ਰੀ ਦਸਮ ਗ੍ਰੰਥ

ਅੰਗ - 482


ਤਾ ਤੇ ਬੜੋ ਜਢ ਹੈ ਮ੍ਰਿਗ ਭੂਪਤਿ ਕੇਹਰਿ ਸੋ ਰਨ ਜੀਤਨਿ ਆਯੋ ॥੧੮੪੬॥

ਹੇ ਰਾਜਨ! ਤਾਂ ਤੇ (ਤੂੰ) ਬਹੁਤ ਮੂਰਖ ਹੈਂ (ਕਿਉਂਕਿ ਤੂੰ) ਹਿਰਨ ਰੂਪ (ਹੋ ਕੇ) ਸ਼ੇਰ ਰੂਪ ਕ੍ਰਿਸ਼ਨ ਤੋਂ ਜੰਗ ਜਿਤਣ ਆਇਆ ਹੈਂ ॥੧੮੪੬॥

ਦੋਹਰਾ ॥

ਦੋਹਰਾ:

ਜਿਹ ਸੁਭਟਨ ਬਲਿ ਲਰਤ ਹੈ ਤੇ ਸਭ ਗਏ ਪਰਾਇ ॥

ਜਿਨ੍ਹਾਂ ਯੋਧਿਆਂ ਦੇ ਬਲ ਬੂਤੇ ਤੇ (ਤੂੰ) ਲੜ ਰਿਹਾ ਹੈਂ, ਉਹ ਸਾਰੇ ਭਜ ਗਏ ਹਨ।

ਕੈ ਲਰ ਮਰਿ ਕੈ ਭਾਗ ਸਠਿ ਕੈ ਪਗ ਹਰਿ ਕੇ ਪਾਇ ॥੧੮੪੭॥

ਹੇ ਮੂਰਖ! (ਹੁਣ ਤੂੰ) ਜਾਂ ਤਾਂ ਯੁੱਧ ਕਰ ਕੇ ਮਰ ਜਾ, ਜਾਂ ਭਜ ਜਾ, ਜਾਂ ਫਿਰ ਸ੍ਰੀ ਕ੍ਰਿਸ਼ਨ ਦੇ ਪੈਰੀਂ ਪੈ ਜਾ ॥੧੮੪੭॥

ਜਰਾਸੰਧਿ ਨ੍ਰਿਪ ਬਾਚ ਹਲੀ ਸੋ ॥

ਰਾਜਾ ਜਰਾਸੰਧ ਨੇ ਬਲਰਾਮ ਨੂੰ ਕਿਹਾ:

ਦੋਹਰਾ ॥

ਦੋਹਰਾ:

ਕਹਾ ਭਯੋ ਮਮ ਓਰ ਕੇ ਸੂਰ ਹਨੇ ਸੰਗ੍ਰਾਮਿ ॥

ਕੀ ਹੋਇਆ, ਮੇਰੇ ਪਾਸੇ ਦੇ ਸਾਰੇ ਸੂਰਮੇ ਯੁੱਧ ਵਿਚ ਮਾਰੇ ਗਏ ਹਨ।

ਲਰਬੋ ਮਰਬੋ ਜੀਤਬੋ ਇਹ ਸੁਭਟਨ ਕੇ ਕਾਮਿ ॥੧੮੪੮॥

ਲੜਨਾ, ਮਰਨਾ ਅਤੇ ਜਿਤਣਾ, ਇਹੀ ਸੂਰਮਿਆਂ ਦਾ ਕਰਤੱਵ ਹੈ ॥੧੮੪੮॥

ਸਵੈਯਾ ॥

ਸਵੈਯਾ:

ਯੌ ਕਹਿ ਕੈ ਮਨਿ ਕੋਪ ਭਰਿਯੋ ਤਬ ਭੂਪ ਹਲੀ ਕਹੁ ਬਾਨ ਚਲਾਯੋ ॥

ਇਹ ਕਹਿ ਕੇ (ਰਾਜਾ) ਮਨ ਵਿਚ ਕ੍ਰੋਧ ਨਾਲ ਭਰ ਗਿਆ ਅਤੇ ਉਸ ਵੇਲੇ ਰਾਜੇ ਨੇ ਬਲਰਾਮ ਉਤੇ ਬਾਣ ਚਲਾ ਦਿੱਤਾ।

ਲਾਗਤਿ ਹੀ ਨਟ ਸਾਲ ਭਯੋ ਤਨ ਮੈ ਬਲਿਭਦ੍ਰ ਮਹਾ ਦੁਖੁ ਪਾਯੋ ॥

(ਬਾਣ ਦੇ) ਲਗਦਿਆਂ ਹੀ ਬਲਰਾਮ ਲੋਟ ਪੋਟ ਹੋ ਗਿਆ ਅਤੇ ਸ਼ਰੀਰ ਵਿਚ (ਉਸ ਨੇ) ਬਹੁਤ ਦੁਖ ਪਾਇਆ।

ਮੂਰਛ ਹ੍ਵੈ ਕਰਿ ਸ੍ਯੰਦਨ ਬੀਚ ਗਿਰਿਯੋ ਤਿਹ ਕੋ ਕਬਿ ਨੈ ਜਸੁ ਗਾਯੋ ॥

ਮੂਰਛਿਤ ਹੋ ਕੇ ਰਥ ਵਿਚ ਡਿਗ ਪਿਆ। ਉਸ ਦੀ ਉਪਮਾ ਕਵੀ (ਸ਼ਿਆਮ) ਨੇ ਇਸ ਤਰ੍ਹਾਂ ਕੀਤੀ ਹੈ।

ਮਾਨਹੁ ਬਾਨ ਭੁਜੰਗ ਡਸਿਯੋ ਧਨ ਧਾਮ ਸਬੈ ਮਨ ਤੇ ਬਿਸਰਾਯੋ ॥੧੮੪੯॥

ਮਾਨੋ ਬਾਣ ਰੂਪ ਸੱਪ ਦੇ ਡੰਗਣ ਨਾਲ (ਬਲਰਾਮ ਨੇ) ਧਨ ਅਤੇ ਘਰ ਨੂੰ ਮਨ ਤੋਂ ਭੁਲਾ ਦਿੱਤਾ ਹੋਵੇ ॥੧੮੪੯॥

ਬਹੁਰੋ ਚਿਤ ਚੇਤ ਭਯੋ ਬਲਦੇਵ ਚਿਤੇ ਅਰਿ ਕੇ ਅਤਿ ਕੋਪ ਬਢਾਯੋ ॥

ਬਲਰਾਮ ਜਦ ਫਿਰ ਚਿਤ ਵਿਚ ਸਚੇਤ ਹੋਇਆ ਤਾਂ ਵੈਰੀ ਨੂੰ ਵੇਖ ਕੇ (ਮਨ ਵਿਚ) ਕ੍ਰੋਧ ਨੂੰ ਵਧਾ ਲਿਆ।

ਭਾਰੀ ਗਦਾ ਗਹਿ ਕੈ ਕਰਿ ਮੈ ਨ੍ਰਿਪ ਕੇ ਬਧ ਕਾਰਨ ਤਾਰਨ ਆਯੋ ॥

ਹੱਥ ਵਿਚ ਭਾਰੀ ਗਦਾ ਪਕੜ ਕੇ ਰਾਜਾ (ਜਰਾਸੰਧ) ਨੂੰ ਮਾਰਨ ਲਈ ਰਣ-ਭੂਮੀ ਵਿਚ ਆਇਆ।

ਪਾਉ ਪਿਆਦੇ ਹੁਇ ਸ੍ਯੰਦਨ ਤੇ ਕਬਿ ਸ੍ਯਾਮ ਕਹੈ ਇਤ ਭਾਤਿ ਸਿਧਾਯੋ ॥

ਕਵੀ ਸ਼ਿਆਮ ਕਹਿੰਦੇ ਹਨ, ਰਥ ਤੋਂ ਉਤਰ ਕੇ ਪੈਦਲ ਹੋ ਗਿਆ ਅਤੇ ਇਸ ਤਰ੍ਹਾਂ ਚਲ ਪਿਆ।

ਅਉਰ ਕਿਸੀ ਭਟ ਜਾਨਿਯੋ ਨਹੀ ਕਬਿ ਦਉਰ ਪਰਿਯੋ ਨ੍ਰਿਪ ਨੇ ਲਖਿ ਪਾਯੋ ॥੧੮੫੦॥

ਹੋਰ ਕਿਸੇ ਸੂਰਮੇ ਨੇ ਨਹੀਂ ਸਮਝਿਆ ਕਿ ਕਿਸ ਵਲ ਦੌੜ ਪਿਆ ਹੈ, (ਪਰ) ਰਾਜੇ ਨੇ ਸਮਝ ਲਿਆ ਹੈ ॥੧੮੫੦॥

ਆਵਤ ਦੇਖਿ ਹਲਾਯੁਧ ਕੋ ਸੁ ਭਯੋ ਤਬ ਹੀ ਨ੍ਰਿਪ ਕੋਪਮਈ ਹੈ ॥

ਬਲਰਾਮ ਨੂੰ ਆਉਂਦਿਆਂ ਵੇਖ ਕੇ, ਤਦੋਂ ਰਾਜਾ ਕ੍ਰੋਧਵਾਨ ਹੋ ਗਿਆ ਹੈ।

ਜੁਧ ਹੀ ਕਉ ਸਮੁਹਾਇ ਭਯੋ ਨਿਜ ਪਾਨਿ ਕਮਾਨ ਸੁ ਤਾਨਿ ਲਈ ਹੈ ॥

ਯੁੱਧ ਕਰਨ ਲਈ ਸਾਹਮਣੇ ਹੋ ਗਿਆ ਹੈ ਅਤੇ ਆਪਣੇ ਹੱਥ ਵਿਚ ਧਨੁਸ਼ ਤਾਣ ਲਈ ਹੈ।

ਲ੍ਰਯਾਇਓ ਹੁਤੇ ਚਪਲਾ ਸੀ ਗਦਾ ਸਰ ਏਕ ਹੀ ਸਿਉ ਸੋਊ ਕਾਟ ਦਈ ਹੈ ॥

(ਬਲਰਾਮ ਜੋ) ਬਿਜਲੀ ਵਰਗੀ ਗਦਾ ਲਿਆਇਆ ਸੀ, ਇਕੋ ਹੀ ਬਾਣ ਨਾਲ ਉਹ ਕਟ ਦਿੱਤੀ ਹੈ।

ਸਤ੍ਰੁ ਕੋ ਮਾਰਨ ਕੀ ਬਲਿਭਦ੍ਰਹਿ ਮਾਨਹੁ ਆਸ ਦੁਟੂਕ ਭਈ ਹੈ ॥੧੮੫੧॥

(ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ) ਮਾਨੋ ਵੈਰੀ ਨੂੰ ਮਾਰਨ ਦੀ ਬਲਰਾਮ ਦੀ ਆਸ ਦੋ ਟੋਟੇ ਹੋ ਗਈ ਹੋਵੇ ॥੧੮੫੧॥

ਕਾਟ ਗਦਾ ਜਬ ਐਸੇ ਦਈ ਤਬ ਹੀ ਬਲਿ ਢਾਲ ਕ੍ਰਿਪਾਨ ਸੰਭਾਰੀ ॥

ਜਦ ਰਾਜੇ ਨੇ ਗਦਾ ਨੂੰ ਇਸ ਤਰ੍ਹਾਂ ਤੋੜ ਸੁਟਿਆ, ਤਾਂ ਬਲਰਾਮ ਨੇ ਢਾਲ ਤੇ ਤਲਵਾਰ ਨੂੰ ਸੰਭਾਲ ਲਿਆ।

ਧਾਇ ਚਲਿਯੋ ਅਰਿ ਮਾਰਨਿ ਕਾਰਨਿ ਸੰਕ ਕਛੂ ਚਿਤ ਮੈ ਨ ਬਿਚਾਰੀ ॥

ਵੈਰੀ ਨੂੰ ਮਾਰਨ ਲਈ ਭਜ ਚਲਿਆ ਅਤੇ ਚਿਤ ਵਿਚ ਕੋਈ ਸੰਸਾ ਨਹੀਂ ਵਿਚਾਰਿਆ।

ਭੂਪ ਨਿਹਾਰ ਕੈ ਆਵਤ ਕੋ ਗਰਜਿਯੋ ਬਰਖਾ ਕਰਿ ਬਾਨਨਿ ਭਾਰੀ ॥

(ਬਲਰਾਮ ਨੂੰ) ਆਉਂਦਿਆਂ ਵੇਖ ਕੇ (ਰਾਜਾ ਬਦਲ ਵਾਂਗ) ਗਜਿਆ ਅਤੇ ਬਾਣਾਂ ਦੀ ਭਾਰੀ ਵਰਖਾ ਕਰ ਦਿੱਤੀ।

ਢਾਲ ਦਈ ਸਤ ਧਾ ਕਰਿ ਕੈ ਕਰ ਕੀ ਕਰਵਾਰਿ ਤ੍ਰਿਧਾ ਕਰ ਡਾਰੀ ॥੧੮੫੨॥

(ਬਲਰਾਮ ਦੀ) ਢਾਲ ਦੇ ਸੱਤ ਟੋਟੇ ਕਰ ਦਿੱਤੇ ਅਤੇ ਹੱਥ ਦੀ ਤਲਵਾਰ ਦੇ ਤਿੰਨ ਟੁਕੜੇ ਕਰ ਦਿੱਤੇ ॥੧੮੫੨॥

ਢਾਲ ਕਟੀ ਤਰਵਾਰਿ ਗਈ ਕਟਿ ਐਸੇ ਹਲਾਯੁਧ ਸ੍ਯਾਮ ਨਿਹਾਰਿਯੋ ॥

(ਜਿਸ ਵੇਲੇ) ਢਾਲ ਕਟ ਗਈ ਅਤੇ ਤਲਵਾਰ ਵੀ ਕਟ ਗਈ, (ਉਸ ਵੇਲੇ) ਅਜਿਹੀ ਹਾਲਤ ਵਿਚ ਸ੍ਰੀ ਕ੍ਰਿਸ਼ਨ ਨੇ ਬਲਰਾਮ ਨੂੰ ਵੇਖਿਆ

ਮਾਰਤ ਹੈ ਬਲਿ ਕੋ ਅਬ ਹੀ ਨ੍ਰਿਪ ਯੌ ਅਪੁਨੇ ਮਨ ਮਾਝਿ ਬਿਚਾਰਿਯੋ ॥

ਅਤੇ ਆਪਣੇ ਮਨ ਵਿਚ ਇਸ ਤਰ੍ਹਾਂ ਵਿਚਾਰਿਆ ਕਿ ਹੁਣੇ ਹੀ ਰਾਜਾ ਬਲਰਾਮ ਨੂੰ ਮਾਰ ਦੇਵੇਗਾ।

ਚਕ੍ਰ ਸੰਭਾਰਿ ਮੁਰਾਰਿ ਤਬੈ ਕਰਿ ਜੁਧ ਕੇ ਹੇਤ ਚਲਿਯੋ ਬਲ ਧਾਰਿਯੋ ॥

ਤਦ ਸ੍ਰੀ ਕ੍ਰਿਸ਼ਨ ਨੇ ਹੱਥ ਵਿਚ ਸੁਦਰਸ਼ਨ ਚੱਕਰ ਨੂੰ ਪਕੜ ਲਿਆ ਅਤੇ ਯੁੱਧ ਕਰਨ ਲਈ ਬਲ ਪੂਰਵਕ ਚਲ ਪਿਆ।

ਰੇ ਨ੍ਰਿਪ ਤੂ ਭਿਰ ਮੋ ਸੰਗ ਆਇ ਕੈ ਰਾਮ ਭਨੈ ਇਮ ਸ੍ਯਾਮ ਪੁਕਾਰਿਯੋ ॥੧੮੫੩॥

(ਕਵੀ) ਰਾਮ ਕਹਿੰਦੇ ਹਨ, ਸ੍ਰੀ ਕ੍ਰਿਸ਼ਨ ਨੇ ਇਸ ਤਰ੍ਹਾਂ ਲਲਕਾਰਾ ਮਾਰਿਆ, ਹੇ ਰਾਜੇ! ਤੂੰ ਆ ਕੇ ਮੇਰੇ ਨਾਲ ਯੁੱਧ ਕਰ ॥੧੮੫੩॥

ਯੌ ਬਤੀਯਾ ਰਨ ਮੈ ਸੁਨਿ ਭੂਪਤਿ ਜੂਝ ਮਚਾਵਨ ਸ੍ਯਾਮ ਸਿਉ ਆਯੋ ॥

ਯੁੱਧ-ਭੂਮੀ ਵਿਚ ਇਸ ਤਰ੍ਹਾਂ ਦੀਆਂ ਗੱਲਾਂ ਸੁਣ ਕੇ ਰਾਜਾ ਸ੍ਰੀ ਕ੍ਰਿਸ਼ਨ ਨਾਲ ਯੁੱਧ ਮਚਾਉਣ ਲਈ ਆ ਗਿਆ।

ਰੋਸਿ ਬਢਾਇ ਘਨੋ ਚਿਤ ਮੈ ਕਰ ਕੇ ਬਰ ਸੋ ਧਨੁ ਤਾਨਿ ਚਢਾਯੋ ॥

ਚਿਤ ਵਿਚ ਬਹੁਤ ਕ੍ਰੋਧ ਵਧਾ ਕੇ ਹੱਥ ਦੇ ਜ਼ੋਰ ਨਾਲ ਧਨੁਸ਼ ਦਾ ਚਿੱਲਾ ਚੜ੍ਹਾ ਲਿਆ।

ਦੀਰਘ ਕਉਚ ਸਜੇ ਤਨ ਮੋ ਕਬਿ ਕੇ ਮਨ ਮੈ ਜਸੁ ਇਉ ਉਪਜਾਯੋ ॥

(ਉਸ ਦੇ) ਸ਼ਰੀਰ ਉਤੇ ਭਾਰੀ ਕਵਚ ਸਜਿਆ ਹੋਇਆ ਸੀ, ਕਵੀ ਦੇ ਮਨ ਵਿਚ ਇਸ ਤਰ੍ਹਾਂ ਦਾ ਯਸ਼ ਪੈਦਾ ਹੋਇਆ

ਮਾਨਹੁ ਜੁਧ ਸਮੇ ਰਿਸ ਕੈ ਰਘੁਨਾਥ ਕੇ ਊਪਰਿ ਰਾਵਨ ਆਯੋ ॥੧੮੫੪॥

ਮਾਨੋ ਯੁੱਧ ਦੌਰਾਨ ਕ੍ਰੋਧਵਾਨ ਹੋ ਕੇ ਰਾਵਣ ਸ੍ਰੀ ਰਾਮ ਉਪਰ ਚੜ੍ਹ ਆਇਆ ਹੋਵੇ ॥੧੮੫੪॥

ਆਵਤ ਭਯੋ ਨ੍ਰਿਪ ਸ੍ਯਾਮ ਕੇ ਸਾਮੁਹੇ ਤਉ ਧਨੁ ਸ੍ਰੀ ਬ੍ਰਿਜਨਾਥ ਸੰਭਾਰਿਯੋ ॥

(ਜਦੋਂ) ਰਾਜਾ ਸ੍ਰੀ ਕ੍ਰਿਸ਼ਨ ਦੇ ਸਾਹਮਣੇ ਆ ਗਿਆ ਤਾਂ ਸ਼ਿਆਮ ਜੀ ਨੇ ਧਨੁਸ਼ ਨੂੰ ਸੰਭਾਲ ਲਿਆ।

ਧਾਵਤ ਭਯੋ ਹਿਤ ਤੇ ਹਰਿ ਸਾਮੁਹੇ ਤ੍ਰਾਸ ਕਛੂ ਚਿਤ ਮੈ ਨ ਬਿਚਾਰਿਯੋ ॥

ਇਧਰੋਂ ਸ੍ਰੀ ਕ੍ਰਿਸ਼ਨ ਭਜ ਕੇ (ਉਸ ਦੇ) ਸਾਹਮਣੇ ਹੋ ਗਏ ਅਤੇ ਚਿਤ ਵਿਚ ਕੁਝ ਵੀ ਡਰ ਨਹੀਂ ਮੰਨਿਆ।

ਕਾਨ ਪ੍ਰਮਾਨ ਲਉ ਤਾਨਿ ਕਮਾਨ ਸੁ ਬਾਨ ਲੈ ਸਤ੍ਰ ਕੇ ਛਤ੍ਰ ਪੈ ਮਾਰਿਯੋ ॥

ਕੰਨ ਤਕ ਧਨੁਸ਼ ਨੂੰ ਖਿਚ ਕੇ ਬਾਣ ਲੈ ਕੇ ਵੈਰੀ ਦੇ ਛੱਤਰ ਉਤੇ ਮਾਰਿਆ।

ਖੰਡ ਹੁਇ ਖੰਡ ਗਿਰਿਯੋ ਛਿਤ ਮੈ ਮਨੋ ਚੰਦ ਕੋ ਰਾਹੁ ਨੇ ਮਾਰਿ ਬਿਦਾਰਿਯੋ ॥੧੮੫੫॥

ਛੱਤਰ ਟੋਟੇ ਟੋਟੇ ਹੋ ਕੇ ਧਰਤੀ ਉਤੇ ਡਿਗ ਪਿਆ। (ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਰਾਹੂ ਨੇ ਚੰਦ੍ਰਮਾ ਨੂੰ ਮਾਰ ਕੇ ਨਸ਼ਟ ਕਰ ਦਿੱਤਾ ਹੋਵੇ ॥੧੮੫੫॥

ਛਤ੍ਰ ਕਟਿਓ ਨ੍ਰਿਪ ਕੋ ਜਬ ਹੀ ਤਬ ਹੀ ਮਨ ਭੂਪਤਿ ਕੋਪ ਭਯੋ ਹੈ ॥

ਜਦੋਂ ਰਾਜੇ ਦਾ ਛੱਤਰ ਕਟ ਗਿਆ (ਉਦੋਂ) ਰਾਜਾ ਮਨ ਵਿਚ ਬਹੁਤ ਕ੍ਰੋਧਵਾਨ ਹੋ ਗਿਆ।

ਸ੍ਯਾਮ ਕੀ ਓਰ ਕੁਦ੍ਰਿਸਟਿ ਚਿਤੈ ਕਰਿ ਉਗ੍ਰ ਸਰਾਸਨ ਹਾਥਿ ਲਯੋ ਹੈ ॥

ਸ੍ਰੀ ਕ੍ਰਿਸ਼ਨ ਵਲ ਭੈੜੀ ਨਜ਼ਰ ਨਾਲ ਵੇਖਣ ਲਗਾ ਅਤੇ ਹੱਥ ਵਿਚ ਕਠੋਰ ਧਨੁਸ਼ ਨੂੰ ਪਕੜ ਲਿਆ।

ਜੋਰ ਸੋ ਖੈਚਨ ਲਾਗਿਯੋ ਤਹਾ ਨਹਿ ਐਚ ਸਕੇ ਕਰ ਕੰਪ ਭਯੋ ਹੈ ॥

ਉਸ ਨੂੰ ਜ਼ੋਰ ਨਾਲ ਖਿਚਣ ਲਗਿਆ, ਪਰ ਖਿਚ ਨਾ ਸਕਿਆ ਅਤੇ ਹੱਥ ਕੰਬਣ ਲਗ ਗਏ।

ਲੈ ਧਨੁ ਬਾਨ ਮੁਰਾਰਿ ਤਬੈ ਤਿਹ ਚਾਪ ਚਟਾਕ ਦੈ ਕਾਟਿ ਦਯੋ ਹੈ ॥੧੮੫੬॥

ਉਸ ਵੇਲੇ ਸ੍ਰੀ ਕ੍ਰਿਸ਼ਨ ਨੇ ਧਨੁਸ਼ ਬਾਣ ਲੈ ਕੇ ਉਸ ਦੇ ਧਨੁਸ਼ ਨੂੰ ਤੁਰਤ ਕਟ ਕੇ ਸੁੱਟ ਦਿੱਤਾ ॥੧੮੫੬॥

ਬ੍ਰਿਜਰਾਜ ਸਰਾਸਨ ਕਾਟਿ ਦਯੋ ਤਬ ਭੂਪਤਿ ਕੋਪੁ ਕੀਯੋ ਮਨ ਮੈ ॥

(ਜਦ) ਸ੍ਰੀ ਕ੍ਰਿਸ਼ਨ ਨੇ (ਜਰਾਸੰਧ ਦਾ) ਧਨੁਸ਼ ਕਟ ਸੁਟਿਆ ਤਦ ਰਾਜੇ ਨੇ ਮਨ ਵਿਚ ਕ੍ਰੋਧ ਕੀਤਾ।

ਕਰਵਾਰਿ ਸੰਭਾਰਿ ਮਹਾ ਬਲ ਧਾਰਿ ਹਕਾਰਿ ਪਰਿਯੋ ਰਿਪੁ ਕੇ ਗਨ ਮੈ ॥

(ਫਿਰ) ਤਲਵਾਰ ਨੂੰ ਸੰਭਾਲ ਕੇ ਅਤੇ ਬਹੁਤ ਅਧਿਕ ਬਲ ਨੂੰ ਧਾਰ ਕੇ ਲਲਕਾਰਾ ਮਾਰ ਕੇ ਵੈਰੀ ਦਲ ਉਤੇ ਜਾ ਪਿਆ।

ਤਹਾ ਢਾਲ ਸੋ ਢਾਲ ਕ੍ਰਿਪਾਨ ਕ੍ਰਿਪਾਨ ਸੋ ਯੌ ਅਟਕੇ ਖਟਕੇ ਰਨ ਮੈ ॥

(ਉਦੋਂ) ਢਾਲ ਨਾਲ ਢਾਲ ਅਤੇ ਕ੍ਰਿਪਾਨ ਨਾਲ ਕ੍ਰਿਪਾਨ ਯੁੱਧ-ਭੂਮੀ ਵਿਚ ਇਸ ਤਰ੍ਹਾਂ ਉਲਝੀਆਂ ਅਤੇ ਖੜਕੀਆਂ,

ਮਨੋ ਜ੍ਵਾਲ ਦਵਾਨਲ ਕੀ ਲਪਟੈ ਚਟਕੈ ਪਟਕੈ ਤ੍ਰਿਨ ਜਿਉ ਬਨ ਮੈ ॥੧੮੫੭॥

ਮਾਨੋ ਬਨ ਦੀ ਅਗਨੀ ਦੀਆਂ ਲਾਟਾਂ (ਵੈਰੀਆਂ ਨੂੰ) ਤੀਲਿਆਂ ਵਾਂਗ ਜਲਦੀ ਪਟਕਾ ਕੇ ਸੁਟ ਰਹੀਆਂ ਹੋਣ ॥੧੮੫੭॥

ਘੂਮਤ ਘਾਇਲ ਹੁਇ ਇਕ ਬੀਰ ਫਿਰੈ ਇਕ ਸ੍ਰਉਨ ਭਰੇ ਭਭਕਾਤੇ ॥

ਕਈ ਸੂਰਮੇ ਘਾਇਲ ਹੋ ਕੇ ਘੁੰਮ ਰਹੇ ਹਨ ਅਤੇ ਇਕ ਲਹੂ ਨਾਲ ਲਿਬੜੇ ਹੋਏ ਭਬਕ ਰਹੇ ਹਨ।

ਏਕ ਕਬੰਧ ਫਿਰੈ ਬਿਨੁ ਸੀਸ ਲਖੈ ਤਿਨ ਕਾਇਰ ਹੈ ਬਿਲਲਾਤੇ ॥

ਇਕਨਾਂ ਦੇ ਬਿਨਾ ਸਿਰ ਧੜ ਫਿਰ ਰਹੇ ਹਨ (ਜਿਨ੍ਹਾਂ ਨੂੰ) ਵੇਖ ਕੇ ਕਾਇਰ ਚੀਖ਼ਾਂ ਮਾਰਦੇ ਹਨ।

ਤ੍ਯਾਗਿ ਚਲੇ ਇਕ ਆਹਵ ਕੌ ਇਕ ਡੋਲਤ ਜੁਧਹਿ ਕੇ ਰੰਗਿ ਰਾਤੇ ॥

ਕਈ ਯੁੱਧ-ਭੂਮੀ ਨੂੰ ਤਿਆਗ ਚਲੇ ਹਨ ਅਤੇ ਇਕ ਯੁੱਧ ਦੇ ਰੰਗ ਵਿਚ ਰੰਗੇ ਹੋਏ ਹਨ।


Flag Counter