ਪਹਿਲਾਂ ਸਾਰੇ ਮ੍ਰਿਗਾਂ (ਚੌਪਾਏ ਪਸ਼ੂਆਂ) ਦੇ ਨਾਮ ਕਹਿ ਕੇ, (ਫਿਰ) ਅੰਤ ਉਤੇ 'ਅਰਦਨ' ਸ਼ਬਦ ਕਹੋ।
(ਇਸ ਤਰ੍ਹਾਂ) ਬਾਣ ਦੇ ਅਪਾਰ ਨਾਮ ਬਣਦੇ ਜਾਣਗੇ ॥੨੨੯॥
ਪਹਿਲਾਂ 'ਕੁੰਭਕਰਨ' ਸ਼ਬਦ ਕਹਿ ਕੇ, ਫਿਰ 'ਅਰਦਨ' ਪਦ ਕਥਨ ਕਰੋ।
(ਇਸ ਤਰ੍ਹਾਂ) ਸਾਰੇ ਨਾਮ ਬਾਣ ਦੇ ਬਣ ਜਾਣਗੇ। ਸਮਝਦਾਰ ਲੋਕ ਮਨ ਵਿਚ ਸਮਝ ਲੈਣ ॥੨੩੦॥
ਪਹਿਲਾਂ 'ਰਿਪੁ ਸਮੁਦ੍ਰ ਪਿਤ' ਕਹਿ ਕੇ, (ਫਿਰ) 'ਕਾਨ' ਅਤੇ 'ਅਰਿ' ਪਦ ਕਹੋ।
(ਇਸ ਤਰ੍ਹਾਂ) ਅਨੇਕ ਨਾਮ ਬਾਣ ਦੇ ਬਣਦੇ ਜਾਣਗੇ ॥੨੩੧॥
ਪਹਿਲਾਂ 'ਦਸਗ੍ਰੀਵ' (ਰਾਵਣ) ਦੇ ਨਾਮ ਲੈ ਕੇ, ਮਗਰੋਂ 'ਬੰਧੁ ਅਰਿ' ਪਦ ਜੋੜੋ।
(ਇਸ ਤਰ੍ਹਾਂ) ਬਾਣ ਦੇ ਅਨੇਕ ਨਾਮ ਬਣਦੇ ਜਾਣਗੇ। ਵਿਦਵਾਨ ਚਿਤ ਵਿਚ ਵਿਚਾਰ ਕਰ ਲੈਣ ॥੨੩੨॥
ਪਹਿਲਾਂ 'ਖੋਲ' (ਕਵਚ) ਜਾਂ 'ਖੜਗ' ਪਦ ਕਹਿ ਕੇ, ਫਿਰ ਅੰਤ ਉਤੇ 'ਖਤ੍ਰਿਅੰਤ' ਜਾਂ 'ਹਰਿ' ਸ਼ਬਦ ਕਹੋ।
(ਇਸ ਤਰ੍ਹਾਂ) ਬਾਣ ਦੇ ਅਨੇਕ ਨਾਮ ਨਿਕਲਦੇ ਜਾਣਗੇ ॥੨੩੩॥
ਕਵਚ, ਕ੍ਰਿਪਾਨ ਜਾਂ ਕਟਾਰੀ ਕਹਿ ਕੇ ਅੰਤ ਉਤੇ 'ਅਰਿ' ਸ਼ਬਦ ਬੋਲੋ।
(ਇਹ) ਸਾਰੇ ਨਾਮ ਬਾਣ ਦੇ ਹਨ। ਸੋਚਵਾਨ ਲੋਗ ਵਿਚਾਰ ਲੈਣ ॥੨੩੪॥
ਪਹਿਲਾਂ ਸਭ ਸ਼ਸਤ੍ਰਾਂ ਦੇ ਨਾਮ ਉਚਾਰ ਕੇ ਅੰਤ ਉਤੇ 'ਅਰਿ' ਸ਼ਬਦ ਜੋੜ ਦਿਓ।
(ਇਹ) ਸਾਰੇ ਨਾਮ ਬਾਣ ਦੇ ਹਨ। ਚਤੁਰ ਲੋਗ ਮਨ ਵਿਚ ਵਿਚਾਰ ਕਰ ਲੈਣ ॥੨੩੫॥
(ਪਹਿਲਾਂ) ਸੂਲ, ਸੈਹਥੀ, ਸਤ੍ਰੁ ਕਹਿ ਕੇ, ਫਿਰ 'ਹਾ' ਪਦ ਜਾਂ 'ਸਿਪ੍ਰਾਦਰ' (ਢਾਲ ਨੂੰ ਭੰਨਣ ਵਾਲਾ) ਕਹੋ।
(ਇਸ ਤਰ੍ਹਾਂ) ਬਾਣ ਦੇ ਅਨੇਕ ਨਾਮ ਬਣਦੇ ਜਾਣਗੇ ॥੨੩੬॥
ਸਮਰ ਸੰਦੇਸੋ (ਯੁੱਧ ਦਾ ਸਨੇਹਾ ਲੈ ਜਾਣ ਵਾਲਾ) ਸਤ੍ਰੁਹਾ (ਵੈਰੀ ਨੂੰ ਮਾਰਨ ਵਾਲਾ) ਸਤ੍ਰਾਂਤਕ (ਵੈਰੀ ਦਾ ਅੰਤ ਕਰਨ ਵਾਲਾ) ਜਿਸ ਦੇ (ਇਹ) ਤਿਨੋਂ ਨਾਮ ਹਨ।
(ਇਹ) ਸਾਰਿਆਂ ਵਰਨਾਂ ਦੀ ਰਖਿਆ ਕਰਦਾ ਹੈ ਅਤੇ ਸੰਤਾਂ ਨੂੰ ਸੁਖ ਪਹੁੰਚਾਂਦਾ ਹੈ ॥੨੩੭॥
ਪਹਿਲਾਂ 'ਬਰ' (ਛਾਤੀ) ਪਦ ਕਹਿ ਕੇ, ਫਿਰ 'ਅਰਿ' ਸ਼ਬਦ ਕਥਨ ਕਰੋ।
(ਇਹ) ਸਾਰੇ ਨਾਮ 'ਸਤ੍ਰੁਹਾ' (ਬਾਣ) ਦੇ ਹਨ। ਚਤੁਰ ਲੋਗ ਮਨ ਵਿਜ ਸਮਝ ਲੈਣ ॥੨੩੮॥
ਪਹਿਲਾਂ 'ਦਖਣ' ਕਹਿ ਕੇ, ਅੰਤ ਵਿਚ 'ਸਖਣ' ਸ਼ਬਦ ਉਚਾਰੋ।
'ਦਖਣ' ਨੂੰ ਸ੍ਰੀ ਰਾਮ ਨੇ ਬਾਣ ਨਾਲ 'ਭਖਣ' ਬਣਾ ਦਿੱਤਾ ਸੀ। (ਇਸ ਲਈ ਬਾਣ ਦਾ ਨਾਮ ਦਖਣ ਸਖਣ ਭਖਣ ਬਣ ਗਿਆ) ॥੨੩੯॥
ਪਹਿਲਾਂ 'ਰਿਸਰਾ' ਪਦ ਕਹਿ ਕੇ ਫਿਰ 'ਮੰਡਰਿ' ਪਦ ਦਾ ਬਖਾਨ ਕਰੋ।
ਸ੍ਰੀ ਰਾਮ ਦੇ ਬਾਣ ਨੇ 'ਰਿਸਰਾ' ਨੂੰ 'ਬਿਸਿਰਾ' (ਬਿਨਾ ਸਿਰ ਦੇ) ਕਰ ਦਿੱਤਾ ॥੨੪੦॥
ਦਸ ਸਿਰ (ਵਾਲੇ ਰਾਵਣ) ਜਿਸ ਦੇ ਬੰਧੁ (ਕੁੰਭਕਰਨ) ਅਤੇ ਸੁਆਮੀ (ਸ਼ਿਵ) ਬਲਵਾਨ ਅਖਵਾਂਦੇ ਹਨ,
ਰਘੁਨਾਥ ਦੇ ਇਕ ਬਾਣ ਨਾਲ ਕਬੰਧ (ਸਿਰ ਤੋਂ ਸਖਣਾ) ਅਤੇ ਨਿਰਾ ਕਬੰਧ (ਧੜ) ਬਣਾ ਦਿੱਤਾ ॥੨੪੧॥
ਪਹਿਲਾਂ 'ਸੁਗ੍ਰੀਵ' ਸ਼ਬਦ ਕਹੋ, ਫਿਰ 'ਬੰਧੁਰਿ' (ਬੰਧੁਅਰਿ) ਕਹੋ।
(ਇਸ ਤਰ੍ਹਾਂ) ਸਾਰੇ ਬਾਣ ਦੇ ਨਾਮ ਬਣਦੇ ਹਨ। ਬੁੱਧੀਮਾਨੋ! ਵਿਚਾਰ ਲਵੋ ॥੨੪੨॥
ਪਹਿਲਾਂ 'ਅੰਗਦ ਪਿਤੁ' ਕਹਿ ਕੇ, ਅੰਤ ਉਤੇ 'ਅਰਿ' ਸ਼ਬਦ ਜੋੜ ਦਿਓ।
(ਇਹ) ਸਾਰੇ ਨਾਮ ਬਾਣ ਦੇ ਹਨ। ਚਤੁਰ ਪੁਰਸ਼ੋ! ਵਿਚਾਰ ਲਵੋ ॥੨੪੩॥
ਹਨੂਮਾਨ ਦੇ ਨਾਮ ਲੈ ਕੇ, (ਫਿਰ) 'ਈਸ ਅਨੁਜ ਅਰਿ' ਕਹੋ।
(ਇਹ) ਸਾਰੇ ਨਾਮ ਬਾਣ ਦੇ ਹਨ, ਮਨ ਵਿਚ ਵਿਚਾਰ ਕਰ ਲਵੋ ॥੨੪੪॥
ਪਹਿਲਾਂ 'ਸਸਤ੍ਰ' ਸ਼ਬਦ ਕਹਿ ਕੇ, ਅੰਤ ਉਤੇ 'ਅਰਿ' ਸ਼ਬਦ ਕਹਿ ਦਿਓ।
(ਇਹ) ਅਨੇਕਾਂ ਨਾਮ ਬਾਣ ਦੇ ਜਾਣ ਲਵੋ ॥੨੪੫॥
ਪਹਿਲਾਂ 'ਅਸਤ੍ਰ' ਸ਼ਬਦ ਉਚਾਰ ਕੇ ਅੰਤ ਉਤੇ 'ਅਰਿ' ਸ਼ਬਦ ਕਥਨ ਕਰੋ।
ਇਹ ਸਾਰੇ ਨਾਮ ਬਾਣ ਦੇ ਹਨ, ਵਿਚਾਰਵਾਨ ਚਿਤ ਵਿਚ ਸੋਚ ਲੈਣ ॥੨੪੬॥
ਪਹਿਲਾਂ 'ਚਰਮ' (ਢਾਲ) ਦੇ ਸਾਰੇ ਨਾਮ ਲੈ ਕੇ ਫਿਰ 'ਅਰਿ' ਸ਼ਬਦ ਅੰਤ ਉਤੇ ਜੋੜੋ।
ਇਹ ਸਾਰੇ ਨਾਮ 'ਸਤ੍ਰਾਂਤ' (ਬਾਣ) ਦੇ ਬਣਦੇ ਜਾਣਗੇ ॥੨੪੭॥
(ਪਹਿਲਾਂ) 'ਤਨੁ ਤ੍ਰਾਨ' (ਤਨ ਦੀ ਰਖਿਆ ਕਰਨ ਵਾਲਾ, ਕਵਚ) ਦੇ ਸਾਰੇ ਨਾਮ ਉਚਾਰ ਕੇ, ਅੰਤ ਉਤੇ 'ਅਰਿ' ਸ਼ਬਦ ਜੋੜ ਦਿਓ।
(ਇਹ) ਸਾਰੇ ਨਾਮ ਬਾਣ ਦੇ ਹਨ। ਉਸ ਨਾਲ ਪ੍ਰੇਮ ਕਰਨਾ ਚਾਹੀਦਾ ਹੈ ॥੨੪੮॥
(ਪਹਿਲਾਂ) 'ਧਨੁਖ' ਦੇ ਸਾਰੇ ਨਾਮ ਕਹਿ ਕੇ ਫਿਰ 'ਅਰਦਨ' ਸ਼ਬਦ ਉਚਾਰੋ।
(ਇਹ) ਸਾਰੇ ਨਾਮ ਬਾਣ ਦੇ ਹਨ। ਚਤੁਰ ਲੋਗੋ! ਵਿਚਾਰ ਕਰ ਲਵੋ ॥੨੪੯॥
ਪਹਿਲਾਂ 'ਪਨਚ' (ਚਿੱਲਾ) ਦੇ ਸਾਰੇ ਨਾਮ ਲੈ ਕੇ, ਮਗਰੋਂ 'ਅੰਤਕ' ਸ਼ਬਦ ਬਖਾਨ ਕਰੋ।
ਇਹ ਸਾਰੇ ਨਾਮ ਬਾਣ ਦੇ ਹਨ, ਵਿਦਵਾਨ (ਇਸ ਤਰ੍ਹਾਂ) ਕਹਿੰਦੇ ਹਨ ॥੨੫੦॥
ਪਹਿਲਾਂ 'ਸਰ' ਸ਼ਬਦ ਕਹਿ ਕੇ, ਫਿਰ 'ਅਰਿ' ਪਦ ਕਥਨ ਕਰੋ।
(ਇਹ) ਸਾਰੇ ਨਾਮ ਬਾਣ ਦੇ ਹਨ। ਚਤੁਰ ਲੋਗ ਮਨ ਵਿਚ ਜਾਣ ਲੈਣ ॥੨੫੧॥
ਪਹਿਲਾਂ 'ਮ੍ਰਿਗ' (ਚੌਪਾਏ ਪਸ਼ੂ) ਪਦ ਕਹਿ ਕੇ ਫਿਰ 'ਹਾ' ਪਦ ਦਾ ਕਥਨ ਕਰੋ।
(ਇਸ ਤਰ੍ਹਾਂ) 'ਮ੍ਰਿਗਹਾ' (ਪਸ਼ੂ ਨੂੰ ਮਾਰਨ ਵਾਲਾ, ਬਾਣ) ਸ਼ਬਦ ਬਣਦਾ ਹੈ, ਵਿਦਵਾਨ ਲੋਕ ਪਛਾਣ ਲੈਣ ॥੨੫੨॥