(ਤਾਂ ਉਸ ਨੇ ਆਪਣਾ) ਮੱਥਾ ਧਰਤੀ ਨਾਲ ਮਾਰਿਆ ॥੪੪੦॥
ਇਥੇ ਸ੍ਰੀ ਬਚਿਤ੍ਰ ਨਾਟਕ ਦੇ ਰਾਮਾਵਤਾਰ ਦਾ ਕੁੰਭਕਰਨ ਬਧਹਿ ਨਾਂ ਦਾ ਅਧਿਆਇ ਸਮਾਪਤ।
ਹੁਣ ਤ੍ਰਿਮੁੰਡ ਯੁੱਧ ਦਾ ਕਥਨ
ਰਸਾਵਲ ਛੰਦ
(ਫਿਰ ਰਾਵਣ ਨੇ) ਤ੍ਰਿਮੁੰਡ ਦੈਂਤ ਨੂੰ ਭੇਜਿਆ
(ਜੋ) ਸੈਨਾ ਦਾ ਝੁੰਡ (ਨਾਲ ਲੈ ਕੇ) ਚਲਿਆ।
(ਉਹ) ਯੁੱਧ ਦਾ ਰੰਗ ਬੰਨ੍ਹ ਦੇਣ ਵਾਲਾ ਯੋਧਾ ਸੀ
ਅਤੇ ਵੱਡੇ ਕ੍ਰੋਧ ਨਾਲ ਰਣ ਮੰਡਣ ਵਾਲਾ ਸੀ ॥੪੪੧॥
ਮਾਰ ਲੌ, ਮਾਰ ਲੌ, ਬੋਲਦਾ ਹੋਇਆ
ਤੀਰਾਂ ਦੀ ਵਾਛੜ ਲਗਾਂਦਾ ਸੀ।
(ਉਸ ਦੇ ਸਾਹਮਣੇ) ਹਨੂਮਾਨ ਨੇ ਕ੍ਰੋਧ ਨਾਲ
ਰਣ ਵਿੱਚ ਪੈਰ ਗੱਡ ਲਏ ਸਨ ॥੪੪੨॥
(ਹਨੂਮਾਨ ਨੇ ਤ੍ਰਿਮੁੰਡ ਦੇ ਹੱਥੋਂ) ਤਲਵਾਰ ਖੋਹ ਲਈ
ਅਤੇ ਉਸੇ ਦੀ ਗਰਦਨ ਉਤੇ ਮਾਰ ਦਿੱਤੀ।
(ਇਸ ਤਰ੍ਹਾਂ) ਛੇ ਅੱਖਾਂ ਵਾਲੇ (ਤ੍ਰਿਮੁੰਡ) ਨੂੰ ਮਾਰ ਲਿਆ।
(ਇਸ ਨਜ਼ਾਰੇ ਨੂੰ ਵੇਖ ਕੇ) ਦੇਵਤੇ ਆਕਾਸ਼ ਵਿੱਚ ਪ੍ਰਸੰਨ ਹੋ ਗਏ ॥੪੪੩॥
ਇਥੇ ਸ੍ਰੀ ਬਚਿਤ੍ਰ ਨਾਟਕ ਦੇ ਰਾਮਵਤਾਰ ਦੇ ਤ੍ਰਿਮੁੰਡ ਬਧਹਿ ਅਧਿਆਇ ਦੀ ਸਮਾਪਤੀ।
ਹੁਣ ਮਹੋਦਰ ਮੰਤਰੀ ਦੇ ਯੁੱਧ ਦਾ ਕਥਨ
ਰਸਾਵਲ ਛੰਦ
ਲੰਕਾ ਦੇ ਸੁਆਮੀ (ਰਾਵਣ) ਨੇ (ਤ੍ਰਿਮੁੰਡ ਦਾ ਮਰਨਾ) ਸੁਣਿਆ
ਤਾਂ ਸਾਰਿਆਂ ਸਿਰਾਂ ਨੂੰ ਹਿਲਾਣ ਲੱਗਿਆ।
(ਫਿਰ) ਮਦਿਰਾ ਦਾ ਸੇਵਨ ਕੀਤਾ
ਅਤੇ ਵੀਰਤਾ ਦੇ ਗੌਰਵ ਨਾਲ ਭਰ ਗਿਆ ॥੪੪੪॥
ਜ਼ੋਰ ਨਾਲ ਧਨੁਸ਼ ਨੂੰ ਖਿਚਿਆ
ਅਤੇ ਤੀਰਾਂ ਦੀ ਵਾਛੜ ਲਗਾ ਦਿੱਤੀ। ਮਹੋਦਰ ਆਦਿ ਹਠੀਲੇ
ਅਤੇ ਧੀਰਜਵਾਨ ਸੂਰਮਿਆਂ ਨੇ
ਤਲਵਾਰਾਂ ਫੜ ਲਈਆਂ ॥੪੪੫॥
ਮੋਹਣੀ ਛੰਦ
ਢਲ-ਢਲ ਕਰਦੀ ਢੋਲਾਂ ਦੀ ਕੜਕੁਟ ਹੁੰਦੀ ਹੈ।
ਰਣ-ਭੂਮੀ ਵਿੱਚ ਲਗਾਤਾਰ ਰੌਲਾ ਪੈ ਰਿਹਾ ਹੈ।
ਭਣ-ਭਣ ਕਰਦਾ ਨਫੀਰੀ ਦਾ ਨਾਦ ਹੋ ਰਿਹਾ ਹੈ।
'ਬਰਣ-ਬਰਣ' ਆਵਾਜ਼ ਕਰਦੇ ਹੋਏ ਮਜੀਰੇ ਵਜਦੇ ਹਨ ॥੪੪੬॥
ਭਰਣ-ਭਰਣ ਕਰਦੀਆਂ ਭੇਰੀਆਂ ਗੂੰਜਦੀਆਂ ਹਨ,
ਮਾਨੋ ਸਾਵਣ-ਭਾਦੋਂ ਵਿੱਚ ਮੋਰ (ਬੋਲਦੇ ਹੋਣ)।
ਪਾਖਰਾਂ ਵਾਲੇ ਘੋੜੇ ਕੁੱਦਦੇ ਹਨ,
ਲੜਾਕੇ ਸੂਰਮੇ ਯੁੱਧ ਦੇ ਰੰਗ ਵਿੱਚ ਰਚੇ ਹੋਏ ਹਨ ॥੪੪੭॥
ਵੱਡੇ-ਵੱਡੇ ਦੰਦਾਂ ਵਾਲੇ ਮਸਤ ਹਾਥੀ ਫਿਰਦੇ ਹਨ,
ਮੁੱਛਾਂ ਵਾਲੇ (ਯੋਧੇ) ਪਾਖਰਾਂ ਵਾਲੇ (ਘੋੜਿਆਂ ਨੂੰ) ਨਚਾਉਂਦੇ ਹਨ।
ਸਾਰੀ ਸੈਨਾ ਓਰੜ ਕੇ ਆ ਗਈ ਹੈ
(ਜਿਸ ਨੂੰ) ਦੇਵਤੇ ਆਕਾਸ਼ ਵਿੱਚ ਦੇਖ ਰਹੇ ਹਨ ॥੪੪੮॥
ਅਡਿੱਗ ਸੂਰਮੇ ਵਾਰ ਢਲ ਕੇ ਡਿੱਗ ਰਹੇ ਹਨ,
ਰਣ ਵਿੱਚ ਫਿਰ ਉਠਦੇ ਤੇ ਬਹਿੰਦੇ ਹੋਏ ਲਲਕਾਰਦੇ ਹਨ।
ਜ਼ਖ਼ਮ ਲੱਗਦਿਆਂ ਹੀ ਘੇਰਨੀ ਖਾ ਕੇ ਡਿੱਗ ਪੈਂਦੇ ਹਨ।
ਅੱਧੋ-ਅੱਧ ਹੋ ਕੇ ਧਰਤੀ ਉਤੇ ਡਿਗਦੇ ਹਨ ॥੪੪੯॥
ਕ੍ਰੋਧ ਨਾਲ ਭਰ ਕੇ ਨਾ ਛੰਡੇ ਜਾ ਸਕਣ ਵਾਲਿਆਂ ਨੂੰ ਛੰਡ ਰਹੇ ਹਨ,
ਹਠੀ ਯੋਧੇ ਹੱਸ-ਹੱਸ ਕੇ (ਧਨੁਸ਼ਾਂ) ਨੂੰ ਖਿੱਚਦੇ ਹਨ।
ਯੋਧਿਆਂ ਨੂੰ ਫੜ ਕੇ ਕ੍ਰੋਧ ਨਾਲ ਸ਼ਸਤ੍ਰ ਮਾਰਦੇ ਹਨ,
ਯੁੱਧ ਨੂੰ ਕ੍ਰੋਧ ਨਾਲ ਵੇਖਦੇ ਹਨ ॥੪੫੦॥