ਸ਼੍ਰੀ ਦਸਮ ਗ੍ਰੰਥ

ਅੰਗ - 18


ਜਲ ਕਹਾ ਥਲ ਕਹਾ ਗਗਨ ਕੇ ਗਉਨ ਕਹਾ ਕਾਲ ਕੇ ਬਨਾਇ ਸਬੈ ਕਾਲ ਹੀ ਚਬਾਹਿਂਗੇ ॥

ਕੀ ਜਲ (ਵਾਸੀ) ਕੀ ਥਲ ਵਾਸੀ ਅਤੇ ਕੀ ਆਕਾਸ਼ ਵਿਚ ਵਿਚਰਨ ਵਾਲੇ ਸਭ ਕਾਲ ਦੇ ਬਣਾਏ ਹੋਏ ਹਨ ਅਤੇ ਕਾਲ ਦੁਆਰਾ ਹੀ ਨਸ਼ਟ ਕੀਤੇ ਜਾਣਗੇ।

ਤੇਜ ਜਿਉ ਅਤੇਜ ਮੈ ਅਤੇਜ ਜੈਸੇ ਤੇਜ ਲੀਨ ਤਾਹੀ ਤੇ ਉਪਜ ਸਬੈ ਤਾਹੀ ਮੈ ਸਮਾਹਿਂਗੇ ॥੧੮॥੮੮॥

ਜਿਵੇਂ ਪ੍ਰਕਾਸ਼ ਅੰਧਕਾਰ ਵਿਚ ਅਤੇ ਅੰਧਕਾਰ ਪ੍ਰਕਾਸ਼ ਵਿਚ ਲੀਨ ਹੈ, ਉਸੇ ਤਰ੍ਹਾਂ ਉਸ ਤੋਂ ਪੈਦਾ ਹੋ ਕੇ ਸਭ ਉਸੇ (ਪਰਮ ਸੱਤਾ) ਵਿਚ ਸਮਾ ਜਾਣਗੇ ॥੧੮॥੮੮॥

ਕੂਕਤ ਫਿਰਤ ਕੇਤੇ ਰੋਵਤ ਮਰਤ ਕੇਤੇ ਜਲ ਮੈਂ ਡੁਬਤ ਕੇਤੇ ਆਗ ਮੈਂ ਜਰਤ ਹੈਂ ॥

ਕਿਤਨੇ ਹੀ ਕੂਕਦੇ ਫਿਰਦੇ ਹਨ, ਕਿਤਨੇ ਹੀ ਰੋਂਦੇ ਮਰ ਜਾਂਦੇ ਹਨ, ਕਿਤਨੇ ਹੀ ਜਲ ਵਿਚ ਡੁਬਦੇ ਹਨ ਅਤੇ ਕਿਤਨੇ ਹੀ ਅੱਗ ਵਿਚ ਸੜ ਜਾਂਦੇ ਹਨ,

ਕੇਤੇ ਗੰਗ ਬਾਸੀ ਕੇਤੇ ਮਦੀਨਾ ਮਕਾ ਨਿਵਾਸੀ ਕੇਤਕ ਉਦਾਸੀ ਕੇ ਭ੍ਰਮਾਏ ਈ ਫਿਰਤ ਹੈਂ ॥

ਕਿਤਨੇ ਹੀ ਗੰਗਾ-ਵਾਸੀ ਹਨ ਅਤੇ ਕਿਤਨੇ ਹੀ ਮੱਕੇ-ਮਦੀਨੇ ਦੇ ਨਿਵਾਸੀ ਹਨ ਅਤੇ ਕਿਤਨੇ ਹੀ ਉਦਾਸੀਨ ਹੋ ਕੇ ਭੌਂਦੇ ਫਿਰਦੇ ਹਨ,

ਕਰਵਤ ਸਹਤ ਕੇਤੇ ਭੂਮਿ ਮੈ ਗਡਤ ਕੇਤੇ ਸੂਆ ਪੈ ਚੜ੍ਹਤ ਕੇਤੇ ਦੂਖ ਕਉ ਭਰਤ ਹੈਂ ॥

ਕਿਤਨੇ ਹੀ (ਕਾਸ਼ੀ ਵਿਚ) ਆਰੇ (ਦੀ ਧਾਰ) ਸਹਿੰਦੇ ਹਨ ਅਤੇ ਕਿਤਨੇ ਹੀ ਧਰਤੀ ਵਿਚ (ਆਪਣੇ ਆਪ ਨੂੰ) ਗਡਵਾ ਲੈਂਦੇ ਹਨ ਅਤੇ ਕਿਤਨੇ ਹੀ ਸੂਲਾਂ ਦੀ ਸੇਜ (ਸੂਆ) ਉਤੇ ਚੜ੍ਹ ਕੇ ਦੁਖ ਨੂੰ ਸਹਿਨ ਕਰਦੇ ਹਨ,

ਗੈਨ ਮੈਂ ਉਡਤ ਕੇਤੇ ਜਲ ਮੈਂ ਰਹਤ ਕੇਤੇ ਗਿਆਨ ਕੇ ਬਿਹੀਨ ਜਕ ਜਾਰੇ ਈ ਮਰਤ ਹੈਂ ॥੧੯॥੮੯॥

ਕਿਤਨੇ ਹੀ ਆਕਾਸ਼ ਵਿਚ (ਰਿੱਧੀਆਂ ਸਿੱਧੀਆਂ ਦੀ ਸ਼ਕਤੀ ਨਾਲ) ਉਡਦੇ ਹਨ ਅਤੇ ਕਿਤਨੇ ਹੀ ਜਲ ਵਿਚ ਰਹਿੰਦੇ ਹਨ, ਕਿਤਨੇ ਹੀ ਗਿਆਨ ਤੋਂ ਸਖਣੇ ਲੋਕ ਮਚਦੀ (ਜਕ) ਅਗਨੀ ਵਿਚ ਸੜ ਮਰਦੇ ਹਨ ॥੧੯॥੮੯॥

ਸੋਧ ਹਾਰੇ ਦੇਵਤਾ ਬਿਰੋਧ ਹਾਰੇ ਦਾਨੋ ਬਡੇ ਬੋਧ ਹਾਰੇ ਬੋਧਕ ਪ੍ਰਬੋਧ ਹਾਰੇ ਜਾਪਸੀ ॥

(ਉਸ ਪਰਮਾਤਮਾ ਨੂੰ ਪ੍ਰਾਪਤ ਕਰਨ ਲਈ) ਦੇਵਤੇ ਖੋਜ ਕਰ ਕਰ ਕੇ ਹਾਰ ਗਏ, ਵਿਰੋਧੀ ਭਾਵ ਨੂੰ ਪਸਾਰਨ ਵਾਲੇ ਵੱਡੇ ਵੱਡੇ ਦੈਂਤ ਹਾਰ ਗਏ, ਬੁੱਧੀਮਾਨ ਬੁੱਧੀ ਦੀਆਂ ਅਟਕਲਾਂ ਲਗਾ ਲਗਾ ਕੇ ਹਾਰ ਗਏ ਅਤੇ ਜਪ ਕਰਨ ਵਾਲੇ ਸੂਝਵਾਨ ਵੀ ਹਾਰ ਗਏ,

ਘਸ ਹਾਰੇ ਚੰਦਨ ਲਗਾਇ ਹਾਰੇ ਚੋਆ ਚਾਰੁ ਪੂਜ ਹਾਰੇ ਪਾਹਨ ਚਢਾਇ ਹਾਰੇ ਲਾਪਸੀ ॥

ਚੰਦਨ ਘਿਸਾਣ ਵਾਲੇ (ਪੁਜਾਰੀ) ਹਾਰ ਗਏ, ਉਤਮ ਸੁਗੰਧਿਤ ਪਦਾਰਥ ਲਗਾਉਣ ਵਾਲੇ ਹਾਰ ਗਏ, ਮੂਰਤੀਆਂ ('ਪਾਹਨ') ਨੂੰ ਪੂਜਣ ਵਾਲੇ ਹਾਰ ਗਏ, ਅਤੇ ਮਿੱਠੀ ਲੇਟੀ (ਦਾ ਪ੍ਰਸਾਦ) ਚੜ੍ਹਾਉਣ ਵਾਲੇ ਵੀ ਹਾਰ ਗਏ,

ਗਾਹ ਹਾਰੇ ਗੋਰਨ ਮਨਾਇ ਹਾਰੇ ਮੜ੍ਹੀ ਮਟ ਲੀਪ ਹਾਰੇ ਭੀਤਨ ਲਗਾਇ ਹਾਰੇ ਛਾਪਸੀ ॥

ਕਬਰਾਂ ਵਿਚ ਫਿਰ ਫਿਰ ਕੇ ਥਕ ਗਏ, ਮੜ੍ਹੀਆਂ ਅਤੇ ਮਠਾਂ ਨੂੰ ਮਨਾਉਣ ਵਾਲੇ ਵੀ ਹਾਰ ਗਏ, ਕੰਧਾਂ (ਵਿਚ ਲਗੀਆਂ ਹਨੂਮਾਨ ਆਦਿ ਦੀਆਂ ਮੂਰਤੀਆਂ ਨੂੰ) ਲਿੰਬਦੇ ਲਿੰਬਦੇ ਵੀ ਹਾਰ ਗਏ ਅਤੇ ਧਾਰਮਿਕ ਜਾਂ ਸੰਪ੍ਰਦਾਇਕ ਠੱਪੇ (ਛਾਪੇ) ਵੀ ਲਗਵਾ ਲਗਵਾ ਕੇ ਹਾਰ ਗਏ,


Flag Counter