(ਤੂੰ) ਯੁੱਧ ਨੂੰ ਜਿਤਣ ਵਾਲਾ, ਵਿਰੋਧ ਨੂੰ ਮਿਟਾਉਣ ਵਾਲਾ, ਸ੍ਰੇਸ਼ਠ ਬੁੱਧੀ ਦੇਣ ਵਾਲਾ, ਮਹਾਨ ਮਾਨਾਂ ਦਾ ਵੀ ਮਾਨ ਹੈਂ।
(ਤੂੰ) ਗਿਆਨ ਨੂੰ ਜਾਣਨ ਵਾਲਾ, ਮਹਾਨ ਬੁੱਧੀ ਦੇਣ ਵਾਲਾ, ਕਾਲਾਂ ਦਾ ਕਾਲ ਅਤੇ ਮਹਾਕਾਲ ਦਾ ਵੀ ਕਾਲ ਹੈਂ ॥੧॥੨੫੩॥
ਪੂਰਵ ਦੇਸਾਂ ਦੇ ਨਿਵਾਸੀ (ਤੇਰਾ) ਅੰਤ ਨਹੀਂ ਪਾ ਸਕੇ, ਹਿੰਗਲਾਜ (ਮਕਰਾਨ ਇਲਾਕੇ ਦੇ ਨਿਵਾਸੀ) ਅਤੇ ਹਿਮਾਲੇ (ਦੇ ਨਿਵਾਸੀ) ਤੈਨੂੰ ਸਿਮਰਦੇ ਹਨ। ਗੋਰ ਅਤੇ ਗੁਰਦੇਜ਼ੀ (ਇਨ੍ਹਾਂ ਇਲਾਕਿਆਂ ਦੇ ਵਾਸੀ) ਤੇਰੇ ਨਾਮ ਦੇ ਗੁਣ ਗਾਉਂਦੇ ਹਨ;
ਜੋਗੀ (ਤੈਨੂੰ ਖੁਸ਼ ਕਰਨ ਲਈ) ਜੋਗ-ਸਾਧਨਾ ਕਰਦੇ ਹਨ, ਪ੍ਰਾਣਾਯਾਮ (ਪੌਣ ਦੀ ਸਾਧਨਾ) ਵਿਚ ਕਿਤਨੇ ਕੁ ਲਗੇ ਹੋਏ ਹਨ ਅਤੇ ਅਰਬ ਦੇਸ਼ ਦੇ ਅਰਬੀ ਲੋਕ ਤੇਰੇ ਨਾਮ ਦੀ ਆਰਾਧਨਾ ਕਰਦੇ ਹਨ।
ਫਰਾਂਸ ਦੇਸ਼ ਦੇ ਫਰਾਂਸੀਸੀ (ਤੈਨੂੰ) ਮੰਨਦੇ ਹਨ, ਕੰਧਾਰੀ ਅਤੇ ਕੁਰੇਸ਼ੀ ਵੀ (ਤੈਨੂੰ) ਜਾਣਦੇ ਹਨ ਅਤੇ ਪੱਛਮ ਦਿਸ਼ਾ ਦੇ ਪੱਛਮੀ (ਲੋਕ ਵੀ ਤੇਰੇ ਨਾਮ ਦੀ ਆਰਾਧਨਾ ਨੂੰ ਹੀ) ਆਪਣਾ ਕਰਤੱਵ ਸਮਝਦੇ ਹਨ।
ਮਹਾਰਾਸ਼ਟਰ ਦੇ ਨਿਵਾਸੀ, ਮਗਧ ਦੇਸ਼ ਦੇ ਵਾਸੀ ਮਨ ਤੋਂ ਤੇਰੀ ਤਪਸਿਆ ਕਰਦੇ ਹਨ; ਦ੍ਰਾਵਿੜ ਅਤੇ ਤਿਲੰਗ ਦੇਸ਼ ਦੇ ਵਾਸੀ (ਵੀ ਤੈਨੂੰ) ਧਰਮ ਧਾਮ ਵਜੋਂ ਪਛਾਣਦੇ ਹਨ ॥੨॥੨੫੪॥
ਬੰਗਾਲ ਪ੍ਰਦੇਸ਼ ਦੇ ਬੰਗਾਲੀ, ਫਿਰੰਗ ਦੇਸ਼ ਦੇ ਫਰੰਗੀ ਅਤੇ ਦਿੱਲੀ ਦੇ ਦਿਲਵਾਲੀ (ਆਦਿ ਸਾਰੇ) ਤੇਰੀ ਆਗਿਆ ਵਿਚ ਚਲਦੇ ਹਨ।
ਰੁਹੇਲ ਖੰਡ ਦੇ ਰੁਹੇਲੇ, ਮਗਧ ਪ੍ਰਦੇਸ਼ ਦੇ ਮਘੇਲੇ, ਬੰਗਾਲੀ ਤੇ ਬੁੰਦੇਲ ਖੰਡ ਦੇ ਯੁੱਧ ਵੀਰ (ਤੇਰਾ ਨਾਮ ਜਪਦੇ ਹੋਏ) ਪਾਪਾਂ ਦੇ ਸਮੁੱਚ ਨੂੰ ਨਸ਼ਟ ਕਰ ਦਿੰਦੇ ਹਨ।
ਗੋਰਖੇ (ਤੇਰਾ) ਗੁਣ ਗਾਉਂਦੇ ਹਨ; ਚੀਨ ਅਤੇ ਮਚੀਨ ਦੇ ਨਿਵਾਸੀ (ਤੈਨੂੰ) ਸਿਰ ਝੁਕਾਉਂਦੇ ਹਨ ਅਤੇ ਤਿਬਤੀ ਲੋਕ ਵੀ (ਤੇਰੀ) ਆਰਾਧਨਾ ਕਰ ਕੇ ਆਪਣੇ ਸ਼ਰੀਰ ਦੇ ਦੋਖਾਂ ਨੂੰ ਨਸ਼ਟ ਕਰਦੇ ਹਨ।
ਜਿਨ੍ਹਾਂ ਨੇ (ਹੇ ਪ੍ਰਭੂ!) ਤੈਨੂੰ ਜਪਿਆ ਹੈ, ਉਨ੍ਹਾਂ ਨੇ (ਤੇਰਾ) ਪੂਰਾ ਪ੍ਰਤਾਪ ਪਾ ਲਿਆ ਹੈ ਅਤੇ ਉਨ੍ਹਾਂ ਦਾ ਘਰ ਬਾਹਰ ਫੁਲਾਂ ਫਲਾਂ ਅਤੇ ਧਨ ਨਾਲ ਭਰਪੂਰ ਹੋ ਗਿਆ ਹੈ ॥੩॥੨੫੫॥
(ਤੂੰ) ਦੇਵਿਤਿਆਂ (ਨੂੰ ਸਿਖਿਆ ਦੇਣ ਲਈ) ਬ੍ਰਹਸਪਤੀ, ਦੈਂਤਾਂ (ਨੂੰ ਮਾਰਨ ਲਈ) ਇੰਦਰ, ਗੰਗਾ ਨੂੰ ਧਾਰਨ ਕਰਨ ਲਈ ਸ਼ਿਵ ਬਣ ਜਾਂਦਾ ਹੈਂ, (ਤੈਨੂੰ) ਉਂਜ ਭੇਸ-ਰਹਿਤ ਹੀ ਕਿਹਾ ਜਾਂਦਾ ਹੈ।
(ਤੂੰ) ਰੰਗ ਵਿਚ ਰੰਗਤ ਹੈਂ, ਰਾਗ ਰੂਪ ਵਿਚ ਬਹੁਤ ਪ੍ਰਬੀਨ ਹੈਂ ਅਤੇ ਕਿਸੇ ਦੇ ਅਧੀਨ ਨਹੀਂ ਹੈਂ, ਪਰ ਸੰਤਾਂ ਦੇ ਵਸ ਵਿਚ ਦਸਿਆ ਜਾਂਦਾ ਹੈ।
(ਤੇਰਾ) ਪਾਰ ਨਹੀਂ ਪਾਇਆ ਜਾ ਸਕਦਾ, (ਤੂੰ) ਅਪਾਰ ਤੇਜ ਦਾ ਸਮੁੱਚ ਹੈਂ, ਸਾਰੀ ਵਿਦਿਆ ਦਾ ਉਦਾਰ (ਸੁਆਮੀ) ਹੈਂ, ਅਤੇ (ਤੈਨੂੰ) ਅਪਾਰ ਕਿਹਾ ਜਾਂਦਾ ਹੈ।
(ਤੇਰੇ ਕੋਲ) ਹਾਥੀ ਦੀ ਚਿੰਘਾੜ ਪਲ ਭਰ ਬਾਦ ਪਹੁੰਚਦੀ ਹੈ, ਪਰ ਕੀੜੀ ਦੀ ਪੁਕਾਰ ਪਹਿਲਾਂ ਸੁਣੀ ਜਾਂਦੀ ਹੈ ॥੪॥੨੫੬॥
(ਤੇਰੇ) ਦੁਆਰ ਉਤੇ ਕਿਤਨੇ ਇੰਦਰ, ਕਿਤਨੇ ਹੀ ਚਾਰ ਮੁਖਾਂ ਵਾਲੇ ਬ੍ਰਹਮੇ, ਕਿਤਨੇ ਹੀ ਕ੍ਰਿਸ਼ਨ ਅਵਤਾਰ ਅਤੇ ਕਿਤਨੇ ਹੀ ਰਾਮ ਅਵਤਾਰ (ਖੜੋਤੇ) ਦਸੇ ਜਾਂਦੇ ਹਨ।
ਕਿਤਨੇ ਹੀ ਚੰਦ੍ਰਮੇ (ਅਤੇ ਉਨ੍ਹਾਂ ਦੀਆਂ) ਰਾਸ਼ੀਆਂ, ਕਿਤਨੇ ਹੀ ਪ੍ਰਕਾਸ਼ ਕਰਨ ਵਾਲੇ ਸੂਰਜ, ਕਿਤਨੇ ਹੀ ਉਦਾਸੀ, ਸੰਨਿਆਸੀ, ਜੋਗੀ (ਤੇਰੇ) ਦੁਆਰ (ਉਤੇ ਬੈਠੇ) ਧੂਣੀ ਬਾਲ ਰਹੇ ਹਨ।
ਕਿਤਨੇ ਹੀ ਮੁਹੰਮਦ (ਮਹਾਦੀਨ) ਹਨ, ਕਿਤਨੇ ਹੀ ਵਿਆਸ ਵਰਗੇ ਨਿਪੁਣ ਹਨ, ਕਿਤਨੇ ਹੀ ਕੁਬੇਰੇ, ਕਿਤਨੇ ਹੀ ਕੁਲੀਨ ਅਤੇ ਕਿਤਨੇ ਹੀ ਯਕਸ਼ ਅਖਵਾਉਂਦੇ ਹਨ।
(ਇਹ ਸਭ ਤੇਰਾ) ਵਿਚਾਰ ਕਰਦੇ ਹਨ, ਪਰ ਪੂਰਨ (ਬ੍ਰਹਮ) ਦਾ ਪਾਰ ਨਹੀਂ ਪਾ ਸਕਦੇ, ਇਸੇ ਕਰ ਕੇ (ਤੈਨੂੰ) ਅਪਾਰ ਅਤੇ ਨਿਰਾਧਾਰ ਸਮਝਿਆ ਜਾਂਦਾ ਹੈ ॥੫॥੨੫੭॥
(ਹੇ ਪਰਮਾਤਮਾ! ਤੂੰ) ਪੂਰਨ ਅਵਤਾਰ ਹੋ ਕੇ ਵੀ ਨਿਰਾਧਾਰ ਹੈਂ (ਕਿਉਂਕਿ ਤੇਰਾ) ਆਰ-ਪਾਰ ਨਹੀਂ ਪਾਇਆ ਜਾ ਸਕਦਾ, ਨਾ ਹੀ ਤੇਰਾ ਕੋਈ (ਪਰਲੇ ਪਾਸੇ ਦਾ) ਕੰਢਾ ਹੈ, (ਇਸ ਲਈ ਤੈਨੂੰ) ਅਪਾਰ ਕਿਹਾ ਜਾਂਦਾ ਹੈ।
(ਤੂੰ) ਅਦ੍ਵੈਤ, ਅਵਿਨਾਸ਼ੀ, ਸ੍ਰੇਸ਼ਠ ਅਤੇ ਪੂਰਨ ਪ੍ਰਕਾਸ਼ ਵਾਲਾ ਹੈਂ, (ਤੂੰ) ਮਹਾਨ ਰੂਪ ਦਾ ਭੰਡਾਰ ਹੈਂ, (ਇਸ ਲਈ ਤੈਨੂੰ) ਨਾਸ-ਰਹਿਤ ਸਮਝਣਾ ਚਾਹੀਦਾ ਹੈ।
ਜਿਸ ਦਾ ਕੋਈ ਢਾਂਚਾ (ਯੰਤ੍ਰ) ਨਹੀਂ ਹੈ, ਨਾ ਜਾਤਿ ਹੈ, ਨਾ ਹੀ ਉਸ ਦਾ ਪਿਤਾ ਅਤੇ ਮਾਤਾ ਹੈ। (ਉਸ ਨੂੰ) ਪੂਰਨ ਜੋਤਿ ਹੀ ਝਲਕ ਅਨੁਮਾਨਣਾ ਚਾਹੀਦਾ ਹੈ।
(ਉਹ) ਤੇਜ ਦਾ ਤੰਤ੍ਰ ਹੈ, ਰਾਜਨੀਤੀ ਦਾ ਯੰਤ੍ਰ ਹੈ, ਜਾਂ ਮੋਹਿਤ ਕਰਨ ਵਾਲੀ ਸ਼ਕਤੀ ਦਾ ਮੰਤ੍ਰ ਹੈ, ਜਾਂ ਸਭ ਦੇ ਪ੍ਰੇਰਕ ਵਜੋਂ ਸਮਝਿਆ ਜਾਂਦਾ ਹੈ ॥੬॥੨੫੮॥
(ਹੇ ਪ੍ਰਭੂ! ਤੂੰ) ਤੇਜ ਦਾ ਮਹਾਨ ਬ੍ਰਿਛ ਹੈਂ, ਜਾਂ ਰਾਜਨੀਤੀ ਦਾ ਗਤਿਸ਼ੀਲ ਸਰੋਵਰ ਹੈਂ, ਜਾਂ ਸ਼ੁੱਧਤਾ ਦਾ ਘਰ ਹੈਂ ਜਾਂ ਸਿੱਧੀਆਂ ਦਾ ਸਾਰ-ਤੱਤ੍ਵ ਹੈਂ।
(ਤੂੰ) ਕਾਮਨਾ ਦੀ ਖਾਣ ਹੈਂ, ਜਾਂ ਸਾਧਨਾ ਦੀ ਸ਼ੋਭਾ ਹੈਂ, ਜਾਂ ਵੈਰਾਗ ਦਾ ਸੁਭਾ ਹੈਂ, ਜਾਂ ਉਦਾਰ ਬੁੱਧੀ ਵਾਲਾ ਹੈਂ।
(ਤੂੰ) ਸੁੰਦਰ ਸਰੂਪ ਵਾਲਾ ਹੈਂ, ਜਾਂ ਰਾਜਿਆਂ ਦਾ ਰਾਜਾ ਹੈਂ, ਜਾਂ ਰੂਪ ਦਾ ਵੀ ਰੂਪ ਹੈਂ, ਜਾਂ ਕੁਬੁੱਧੀ ਨੂੰ ਨਸ਼ਟ ਕਰਨ ਵਾਲਾ ਹੈਂ।
(ਤੂੰ) ਦੀਨਾਂ ਨੂੰ ਦੇਣ ਵਾਲਾ ਹੈਂ, ਜਾਂ ਵੈਰੀਆਂ ਨੂੰ ਨਸ਼ਟ ਕਰਨ ਵਾਲਾ ਹੈਂ ਜਾਂ ਸਾਧੂਆਂ ਦਾ ਰਖਿਅਕ ਹੈਂ, ਜਾਂ ਗੁਣਾਂ ਦਾ ਪਹਾੜ ਹੈਂ ॥੭॥੨੫੯॥
(ਤੂੰ) ਮੁਕਤੀ (ਸਿੱਧੀ) ਦਾ ਸਰੂਪ ਹੈਂ, ਜਾਂ ਬੁੱਧੀ ਦੀ ਸੰਪਦਾ ਹੈਂ, ਜਾਂ ਕ੍ਰੋਧ ਨੂੰ ਖ਼ਤਮ ਕਰਨ ਵਾਲਾ ਹੈਂ, ਜਾਂ ਅਮਰ ਅਤੇ ਅਵਿਨਾਸ਼ੀ ਹੈਂ।
(ਤੂੰ) ਕਾਰਜ ਕਰਨ ਵਾਲਾ ਹੈਂ, ਜਾਂ ਵਿਸ਼ਿਸ਼ਟਤਾ ਦੇਣ ਵਾਲਾ ਹੈਂ, ਜਾਂ ਵੈਰੀਆਂ ਨੂੰ ਗ਼ਰਕ ਕਰਨ ਵਾਲਾ ਹੈਂ, ਜਾਂ ਤੇਜ ਨੂੰ ਪ੍ਰਕਾਸ਼ਿਤ ਕਰਨ ਵਾਲਾ ਹੈਂ।
(ਤੂੰ) ਕਾਲ ਦਾ ਵੀ ਕਾਲ ਹੈਂ, ਜਾਂ ਵੈਰੀਆਂ ਨੂੰ ਦੁਖ ਦੇਣ ਵਾਲਾ ਹੈਂ, ਜਾਂ ਮਿਤਰਾਂ ਨੂੰ ਪੁਸ਼ਟ ਕਰਨ ਵਾਲਾ ਹੈਂ, ਜਾਂ ਵਾਧੇ (ਵਿਕਾਸ) ਦੀ ਖਾਣ ('ਬਾਸੀ') ਹੈਂ।
(ਤੂੰ) ਜੋਗ ਦਾ ਯੰਤ੍ਰ ਹੈਂ, ਜਾਂ ਤੇਜ ਦਾ ਤੰਤ੍ਰ ਹੈਂ, ਜਾਂ ਮੋਹਿਤ ਕਰ ਲੈਣ ਵਾਲਾ ਮੰਤ੍ਰ ਹੈਂ, ਜਾਂ ਪੂਰਨ ਪ੍ਰਕਾਸ਼ ਹੈਂ ॥੮॥੨੬੦॥
(ਤੂੰ) ਰੂਪ ਦਾ ਘਰ ਹੈਂ, ਜਾਂ ਬੁੱਧੀ ਦਾ ਪ੍ਰਕਾਸ਼ ਹੈਂ, ਜਾਂ ਮੁਕਤੀ ('ਸਿਧਤਾ') ਦਾ ਨਿਵਾਸ ਹੈਂ, ਜਾਂ ਬੁੱਧੀ ਦਾ ਠਿਕਾਣਾ ਹੈਂ।
(ਤੂੰ) ਦੇਵਤਿਆਂ ਦਾ ਦੇਵਤਾ ਹੈਂ, ਜਾਂ ਮਾਇਆ-ਰਹਿਤ ਅਤੇ ਭੇਦ-ਰਹਿਤ ਹੈਂ, ਜਾਂ ਦੈਂਤਾਂ (ਅਦੇਵਾਂ) ਦਾ ਵੀ ਦੇਵਤਾ ਹੈਂ, ਜਾਂ ਸ਼ੁੱਧਤਾ ਦਾ ਸਰੋਵਰ ਹੈਂ।
(ਤੂੰ ਭਗਤਾਂ ਦੀ) ਜਾਨ ਨੂੰ ਬਚਾਉਣ ਵਾਲਾ ਹੈਂ, ਜਾਂ ਈਮਾਨ ਨੂੰ ਦੇਣ ਵਾਲਾ ਹੈਂ, ਜਾਂ ਯਮ-ਕਾਲ ਨੂੰ ਕੱਟਣ ਵਾਲਾ ਹੈਂ, ਜਾਂ ਕਾਮਨਾਵਾਂ ਨੂੰ ਪੂਰਾ ਕਰਨ ਵਾਲਾ ਹੈਂ।
(ਤੂੰ) ਤੇਜ ਨੂੰ ਪ੍ਰਚੰਡ ਕਰਨ ਵਾਲਾ ਹੈਂ, ਜਾਂ ਨਾ ਖੰਡੇ ਜਾ ਸਕਣ ਵਾਲਿਆਂ ਨੂੰ ਖੰਡਿਤ ਕਰਨ ਵਾਲਾ ਹੈਂ, ਜਾਂ ਰਾਜਿਆਂ ਨੂੰ ਸਥਾਪਿਤ ਕਰਨ ਵਾਲਾ ਹੈਂ, ਜਾਂ ਨਾ ਇਸਤਰੀ ਹੈਂ ਨਾ ਪੁਰਸ਼ ॥੯॥੨੬੧॥
(ਤੂੰ) ਵਿਸ਼ਵ ਦਾ ਭਰਨ-ਪੋਸ਼ਣ ਕਰਨ ਵਾਲਾ ਹੈਂ, ਜਾਂ ਬਿਪਤਾ ਨੂੰ ਹਰਨ ਵਾਲਾ ਹੈਂ, ਜਾਂ ਸੁਖ ਦਾ ਕਾਰਨ ਰੂਪ ਹੈਂ ਜਾਂ ਤੇਜ ਦਾ ਪ੍ਰਕਾਸ਼ ਹੈਂ।
ਜਿਸ ਦਾ ਪਾਰ ਉਰਾਰ ਜਾਂ ਪਰਲਾ ਕੰਢਾ ਜਾਣਿਆ ਨਹੀਂ ਜਾ ਸਕਦਾ, ਜੇ ਵਿਚਾਰ ਕਰੀਏ ਤਾਂ (ਤੂੰ) ਵਿਚਾਰਾਂ ਦਾ ਵੀ ਘਰ ਹੈਂ।
ਹਿੰਗਲਾਜ ਅਤੇ ਹਿਮਾਲੇ (ਦੇ ਨਿਵਾਸੀ ਤੈਨੂੰ) ਗਾਉਂਦੇ ਹਨ, ਹਬਸ਼ੀ ਅਤੇ ਹਲਬੀ (ਹਲਬ-ਈਰਾਨ ਨਗਰ ਦੇ ਵਾਸੀ) ਧਿਆਉਂਦੇ ਹਨ, ਪੂਰਬ ਦੇ ਨਿਵਾਸੀਆਂ ਨੇ ਵੀ (ਤੇਰਾ) ਅੰਤ ਨਹੀਂ ਪਾਇਆ, (ਤੂੰ ਹਰ ਪ੍ਰਕਾਰ ਦੀਆਂ) ਆਸ਼ਾਵਾਂ ਤੋਂ ਰਹਿਤ ਹੈਂ।
(ਤੂੰ) ਦੇਵਤਿਆਂ ਦਾ ਵੀ ਦੇਵਤਾ, ਮਹਾਦੇਵ ਦਾ ਵੀ ਦੇਵ ਹੈਂ, (ਤੂੰ) ਮਾਇਆ-ਰਹਿਤ, ਭੇਦ-ਰਹਿਤ, ਦ੍ਵੈਤ-ਰਹਿਤ, ਵਿਨਾਸ਼-ਰਹਿਤ ਸੁਆਮੀ ਹੈਂ ॥੧੦॥੨੬੨॥
(ਤੂੰ) ਕਾਲਿਮਾ ਤੋਂ ਰਹਿਤ ਹੈਂ ਅਤੇ ਮਾਇਆ ਤੋਂ ਰਹਿਤ ਨਿਪੁਣ ਹੈਂ, (ਤੂੰ) ਸੇਵਕਾਂ ਦੇ ਅਧੀਨ ਹੈਂ ਅਤੇ (ਉਨ੍ਹਾਂ ਦੇ) ਜਮ-ਜਾਲ ਨੂੰ ਕਟਣ ਵਾਲਾ ਹੈਂ।
(ਤੂੰ) ਦੇਵਤਿਆਂ ਦਾ ਦੇਵਤਾ ਅਤੇ ਮਹਾਦੇਵ ਦਾ ਦੇਵਤਾ ਹੈ, (ਤੂੰ) ਧਰਤੀ ਨੂੰ ਭੋਗਣ ਵਾਲਾ ਅਤੇ ਮਹਾਨ ਬਾਲਿਕਾਵਾਂ ਨੂੰ ਵੀ ਮੋਹ ਲੈਣ ਵਾਲਾ ਹੈਂ।
(ਤੂੰ) ਰਾਜਿਆਂ ਦਾ ਵੀ ਰਾਜਾ, ਮਹਾਨ ਸਾਜ ਸਜਾਵਟਾਂ ਦਾ ਸਾਜ ਹੈਂ। ਮਹਾਨ ਜੋਗੀਆਂ ਦਾ ਵੀ ਜੋਗੀ ਹੈਂ ਅਤੇ ਬ੍ਰਿਛਾਂ ਦੀ ਛਿਲ (ਦੇ ਬਸਤ੍ਰ) ਧਾਰਨ ਕਰਨ ਵਾਲਾ ਹੈਂ।
(ਤੂੰ) ਕਾਮਨਾਵਾਂ ਪੂਰੀਆਂ ਕਰਨ ਵਾਲਾ ਹੈਂ, ਜਾਂ ਕੁਬੁੱਧਤਾ ਨੂੰ ਹਰਨ ਵਾਲਾ ਹੈਂ, ਜਾਂ ਸਿੱਧੀਆਂ ਦਾ ਸਾਥੀ (ਮਾਲਕ) ਹੈਂ, ਜਾਂ ਸਾਰੀਆਂ ਕੁਚਾਲਾਂ ਨੂੰ ਖ਼ਤਮ ਕਰਨ ਵਾਲਾ ਹੈਂ ॥੧੧॥੨੬੩॥
(ਤੇਰੀ ਕੀਰਤੀ) ਛੀਰ-ਸਮੁੰਦਰ ਵਿਚ ਦੁੱਧ ਵਰਗੀ, ਛਤ੍ਰਪੁਰ ਵਿਚ ਲੱਸੀ ਵਰਗੀ, ਜਮਨਾ ਦੇ ਕੰਢੇ ਉਤੇ ਚੰਦ੍ਰਮਾ ਦੀ ਸੁੰਦਰਤਾ ਵਰਗੀ,
ਸੀਹਾ-ਰੂਮ (ਨਗਰੀ) ਵਿਚ ਹੰਸਨੀ ਜਿਹੀ, ਹੁਸੈਨਾਬਾਦ ਵਿਚ ਹੀਰੇ ਜਿਹੀ ਅਤੇ ਸੱਤਾਂ ਸਮੁੰਦਰਾਂ ਦੇ ਸਮੁੱਚ ਨੂੰ (ਲਜਾਉਣ ਵਾਲੀ) ਗੰਗਾ ਦੀ ਧਾਰਾ ਜਿਹੀ,
ਪਲਾਊਗੜ ਵਿਚ ਪਾਰੇ ਵਰਗੀ, ਰਾਮਪੁਰ ਵਿਚ ਚਾਂਦੀ ਜਿਹੀ, ਸਾਰੰਗਪੁਰ ਵਿਚ ਸ਼ੋਰੇ ਜਿਹੀ (ਸਫ਼ੈਦ ਤੇਰੀ ਕੀਰਤੀ) ਚੰਗੀ ਤਰ੍ਹਾਂ ਵਿਆਪਤ ਹੋ ਰਹੀ ਹੈ।
ਚੰਦੇਰੀ ਦੇ ਕਿਲੇ ਵਿਚ ਚੰਬੇ ਦੇ ਸਮਾਨ, ਚਾਂਦਾਗੜ੍ਹ ਵਿਚ ਚਾਂਦਨੀ ਵਰਗੀ, ਤੇਰੀ ਕੀਰਤੀ ਮਾਲਤੀ ਦੇ ਫੁਲ ਵਾਂਗ (ਹਰ ਥਾਂ ਪਸਰ ਰਹੀ ਹੈ) ॥੧੨॥੨੬੪॥
ਕੈਲਾਸ਼, ਕਮਾਊਗੜ ਅਤੇ ਕਾਸ਼ੀਪੁਰ ਵਿਚ ਸਫਟਿਕ ਵਾਂਗ, ਸੁਰੰਗਾਬਾਦ ਵਿਚ ਸ਼ੀਸ਼ੇ ਵਾਂਗ (ਤੇਰੀ ਕੀਰਤੀ) ਸ਼ੁਭਾਇਮਾਨ ਹੈ।
ਹਿਮਾਲਾ ਪਰਬਤ ਵਿਚ ਬਰਫ਼ ਵਾਂਗ, ਹਲਬ ਨਗਰ ਵਿਚ ਸ਼ਿਵ ਦੇ (ਚਿੱਟੇ ਸੱਪ ਦੇ) ਹਾਰ ਵਾਂਗ, ਹਾਜੀਪੁਰ ਵਿਚ ਹੰਸ ਵਾਂਗ (ਤੇਰੀ ਕੀਰਤੀ ਕੇਵਲ) ਵੇਖਣ ਨਾਲ ਹੀ ਮੋਹਿਤ ਕਰ ਲੈਂਦੀ ਹੈ।
ਚੰਪਾਵਤੀ ਵਿਚ ਚੰਦਨ ਜਿਹੀ, ਚੰਦ੍ਰਾਗਿਰੀ ਵਿਚ ਚੰਦ੍ਰਮਾ ਜਿਹੀ ਅਤੇ ਚਾਂਦਗੜ੍ਹ ਵਿਚ ਚਾਂਦਨੀ ਵਰਗੀ (ਸਫ਼ੇਦ ਤੇਰੀ) ਸ਼ੋਭਾ ਵੇਖੀ ਜਾਂਦੀ ਹੈ।
ਗੰਗਾ ਦੀ ਧਾਰ ਵਿਚ ਗੰਗਾ ਵਾਂਗ (ਸ਼ੁੱਧ) ਬਿਲੰਦਾਬਾਦ ਵਿਚ ਬਗਲਿਆਂ ਵਾਂਗ ਤੇਰੀ ਕੀਰਤੀ ਦੀ ਸੋਭਾ ਸੋਭ ਰਹੀ ਹੈ ॥੧੩॥੨੬੫॥
ਪਾਰਸੀ, ਫਰੰਗੀ, ਫਰਾਂਸ ਦੇ ਦੋਰੰਗੇ ਲੋਕ, ਮਕਰਾਨ ਦੇਸ਼ ਦੇ ਨਿਵਾਸੀ (ਮ੍ਰਿਦੰਗੀ) ਆਦਿ ਤੇਰੇ ਹੀ ਗੀਤ ਗਾਉਂਦੇ ਹਨ।
ਭਖਰੀ (ਭਖਰ ਦੇ ਨਿਵਾਸੀ) ਕੰਧਾਰੀ, ਗੋਰੀ, ਗਖੜੀ ਅਤੇ 'ਗਰਦੇਜ਼' ਦੇਸ਼ ਵਿਚ ਵਿਚਰਨ ਵਾਲੇ ਅਤੇ ਪੌਣ ਦਾ ਆਹਾਰ ਕਰਨ ਵਾਲੇ ਤੇਰੇ ਨਾਮ ਦੀ ਆਰਾਧਨਾ ਕਰਦੇ ਹਨ।
ਪੂਰਬ ਦੇ ਪਲਾਊ, ਕਾਮਰੂਪ ਅਤੇ ਕੁਮਾਊ ਪ੍ਰਦੇਸ਼, ਜਿਥੇ ਜਿਥੇ ਵੀ ਜਾਈਦਾ ਹੈ, ਉਨ੍ਹਾਂ ਸਾਰੀਆਂ ਥਾਂਵਾਂ ਤੇ (ਤੂੰ ਹੀ) ਬਿਰਾਜ ਰਿਹਾ ਹੈਂ।
(ਹੇ) ਪੂਰਨ ਪ੍ਰਤਾਪ ਵਾਲੇ ਅਤੇ ਯੰਤ੍ਰਾਂ-ਮੰਤ੍ਰਾਂ ਦੇ ਪ੍ਰਭਾਵ ਤੋਂ ਰਹਿਤ ਸੁਆਮੀ! ਤੇਰੀ ਕੀਰਤੀ ਦਾ ਕੋਈ ਪਾਰ ਨਹੀਂ ਪਾ ਸਕਦਾ ॥੧੪॥੨੬੬॥
ਤੇਰੀ ਕ੍ਰਿਪਾ ਨਾਲ: ਪਾਧੜੀ ਛੰਦ:
(ਤੂੰ) ਦ੍ਵੈਤ-ਰਹਿਤ, ਨਾਸ਼-ਰਹਿਤ, ਅਡੋਲ ਆਸਨ ਵਾਲਾ ਹੈਂ;
ਦ੍ਵੈਤ ਤੋਂ ਮੁਕਤ, ਅੰਤ ਤੋਂ ਬਿਨਾ ਅਤੇ ਅਤੁਲ ਉਪਮਾ ਵਾਲਾ ਹੈਂ।
(ਤੂੰ) ਨਸ਼ਟ ਨਾ ਹੋਣ ਵਾਲਾ ਅਵਿਅਕਤ ਨਾਥ ਹੈਂ।
ਅਜਾਨਬਾਹੁ ਅਤੇ ਹੋਰ ਸਾਰਿਆਂ ਨੂੰ ਮਿਧਣ ਵਾਲਾ ਹੈਂ ॥੧॥੨੬੭॥
ਜਿਥੇ ਕਿਥੇ ਬਨ, ਤ੍ਰਿਣ ਆਦਿ ਪ੍ਰਫੁਲਿਤ ਹਨ (ਉਨ੍ਹਾਂ ਦਾ ਤੂੰ) ਰਾਜਾ ਹੈਂ।
ਜਿਥੇ ਕਿਥੇ ਤੂੰ ਬਸੰਤ ਦੀ ਸ਼ੋਭਾ ਵਾਂਗ ਚਮਕ ਰਿਹਾ ਹੈਂ।
ਬੇਸ਼ੁਮਾਰ ਬਨਾਂ ਅਤੇ ਤ੍ਰਿਣਾਂ ਅਤੇ ਪੰਛੀਆਂ ਤੇ ਜੰਗਲੀ ਪਸ਼ੂਆਂ ਵਿਚ ਤੂੰ ਮਹਾਨ (ਮੌਜੂਦ) ਹੈਂ।
(ਤੂੰ) ਸੁੰਦਰ ਸੁਜਾਨ ਜਿਥੇ ਕਿਥੇ ਪ੍ਰਫੁਲਿਤ ਹੋ ਰਿਹਾ ਹੈਂ ॥੨॥੨੬੮॥
ਪ੍ਰਫੁਲਿਤ ਫੁਲਾਂ (ਅਤੇ ਉਸ ਵਿਚ ਚਮਕਦੀ ਪੁਸ਼ਪ-ਧੂਲ) ਦਾ ਮੁਕਟ (ਤੇਰੇ ਸਿਰ ਉਤੇ) ਸੁਸ਼ੋਭਿਤ ਹੈ,
ਮਾਨੋ ਕਾਮਦੇਵ ਸਿਰ ਉਤੇ ਚੌਰ ਕਰ ਰਿਹਾ ਹੋਵੇ।
(ਤੂੰ) ਕਮਾਲ ਕੁਦਰਤ ਵਾਲਾ, ਰਹਿਮ ਕਰਨ ਵਾਲਾ, ਸਭ ਨੂੰ ਰੋਜ਼ੀ ਦੇਣ ਵਾਲਾ,
ਦਇਆ ਦਾ ਭੰਡਾਰ ਅਤੇ ਪੂਰਨ ਬਖ਼ਸ਼ਿਸ਼ ਕਰਨ ਵਾਲਾ ਹੈਂ ॥੩॥੨੬੯॥
(ਮੈਂ) ਜਿਥੇ ਕਿਥੇ ਵੇਖਦਾ ਹਾਂ, ਉਥੇ ਉਥੇ ਹੀ (ਤੂੰ) ਫਬ ਰਿਹਾ ਹੈਂ।
(ਤੂੰ) ਲੰਬੀਆਂ ਭੁਜਾਵਾਂ ਵਾਲਾ, ਅਮਿਤ ਬਲ ਵਾਲਾ ਅਤੇ ਮੋਹ ਲੈਣ ਵਾਲਾ ਹੈਂ।
(ਤੂੰ) ਕ੍ਰੋਧ ਤੋਂ ਰਹਿਤ ਅਤੇ ਦਇਆ ਦਾ ਭੰਡਾਰ ਹੈਂ।
(ਹੇ) ਸੁੰਦਰ ਸੁਜਾਨ! (ਤੂੰ) ਜਿਥੇ ਕਿਥੇ ਪ੍ਰਫੁਲਿਤ ਹੋ ਰਿਹਾ ਹੈਂ ॥੪॥੨੭੦॥
(ਤੂੰ) ਬਨਾਂ ਅਤੇ ਤਿਨਕਿਆਂ ਦਾ ਰਾਜਾ ਹੈਂ ਅਤੇ ਜਲ-ਥਲ ਵਿਚ ਮਹਾਨ ਹੇਂ।
ਜਿਥੇ ਕਿਥੇ ਹੇ ਕਰੁਣਾ-ਨਿਧਾਨ! (ਤੇਰੀ) ਸੋਭਾ (ਪਸਰੀ ਹੋਈ ਹੈ)।
(ਤੇਰਾ) ਪੂਰਨ ਤੇਜ ਅਤੇ ਪ੍ਰਤਾਪ ਜਗਮਗਾ ਰਿਹਾ ਹੈ।
ਆਕਾਸ਼ ਅਤੇ ਧਰਤੀ ਵਿਚ (ਤੇਰਾ ਹੀ) ਜਾਪ ਜਪਿਆ ਜਾ ਰਿਹਾ ਹੈ ॥੫॥੨੭੧॥
ਸੱਤਾਂ ਆਕਾਸ਼ਾਂ ਅਤੇ ਸੱਤਾਂ ਪਾਤਾਲਾਂ ਵਿਚ
ਤੇਰੀ ਕ੍ਰਿਪਾ ਦਾ ਜਾਲ ਅਦ੍ਰਿਸ਼ਟ ਰੂਪ ਵਿਚ ਫੈਲਿਆ ਹੋਇਆ ਹੈ ॥੬॥੨੭੨॥
ਉਸਤਤਿ ਸੰਪੂਰਨ ਹੋਈ ਹੈ ॥