(ਹਰ ਇਕ ਦੇ) ਸਿਰ ਉਤੇ ਕਲਹ-ਕਲੇਸ਼ ਸਵਾਰ ਹੋ ਗਿਆ ਅਤੇ ਕਲ ਅਤੇ ਨਾਰਦ ਨੇ ਡਉਰੂ ਵਜਾ ਦਿੱਤਾ।
ਦੇਵਤਿਆਂ ਦਾ ਅਭਿਮਾਨ ਉਤਾਰਨ ਲਈ (ਪਰਮ-ਸੱਤਾ ਨੇ) ਮਹਿਖਾਸੁਰ ਅਤੇ ਸ਼ੁੰਭ (ਨਾਂ ਦੇ ਦੈਂਤਾਂ) ਨੂੰ ਪੈਦਾ ਕਰ ਦਿੱਤਾ।
(ਉਨ੍ਹਾਂ ਨੇ) ਦੇਵਤਿਆਂ ਨੂੰ ਜਿਤ ਲਿਆ ਅਤੇ ਤਿੰਨਾਂ ਲੋਕਾਂ ਵਿਚ (ਆਪਣਾ) ਰਾਜ ਸਥਾਪਿਤ ਕਰ ਦਿੱਤਾ।
(ਮਹਿਖਾਸੁਰ ਨੇ ਆਪਣੇ ਆਪ ਨੂੰ) ਵੱਡਾ ਸੂਰਵੀਰ ਅਖਵਾ ਕੇ ਸਿਰ ਉਤੇ ਛਤਰ ਧਾਰਨ ਕਰ ਲਿਆ।
(ਉਸ ਨੇ) ਇੰਦਰ ਨੂੰ (ਇੰਦਰਪੁਰੀ ਤੋਂ) ਕਢ ਦਿੱਤਾ। ਉਹ (ਆਪਣੀ ਸਹਾਇਤਾ ਲਈ) ਕੈਲਾਸ਼ ਪਰਬਤ (ਸਥਿਤ ਦੇਵੀ ਦੁਰਗਾ) ਵਲ ਵੇਖਣ ਲਗਾ।
ਦੈਂਤਾ ਦੇ ਹੱਥੋਂ ਡਰ ਕੇ (ਇੰਦਰ ਨੇ ਆਪਣੇ) ਹਿਰਦੇ ਵਿਚ (ਦੈਂਤਾਂ ਦਾ) ਡਰ ਬਹੁਤ ਵਧਾ ਲਿਆ।
(ਫਰਿਆਦ ਅਥਵਾ ਸਹਾਇਤਾ ਨਿਮਿਤ) ਇੰਦਰ ਦੁਰਗਾ ਕੋਲ ਆਇਆ ॥੩॥
ਪਉੜੀ:
ਇਕ ਦਿਨ (ਜਦੋਂ) ਦੁਰਗਾ ਦੇਵੀ ਨਹਾਉਣ ਲਈ ਆਈ,
(ਤਦੋਂ) ਇੰਦਰ ਨੇ ਆਪਣੇ ਹਾਲ ਦੀ (ਦੁਖ ਭਰੀ) ਵਿਥਿਆ ਸੁਣਾਈ।
(ਕਿ) ਸਾਡੇ ਤੋਂ ਦੈਂਤਾਂ ਨੇ ਰਾਜ ਖੋਹ ਲਿਆ ਹੈ।
(ਉਨ੍ਹਾਂ ਨੇ) ਤਿੰਨਾਂ ਲੋਕਾਂ ਵਿਚ ਆਪਣੀ ਦੁਹਾਈ ਫਿਰਾ ਦਿੱਤੀ ਹੈ।
(ਉਹ) ਅਮਰਾਵਤੀ (ਸੁਅਰਗਪੁਰੀ) ਵਿਚ ਬੈਠੇ (ਖੁਸ਼ੀ ਦੇ) ਵਾਜੇ ਵਜਾ ਰਹੇ ਹਨ।
ਰਾਖਸ਼ਾਂ ਨੇ ਸਾਰੇ ਦੇਵਤੇ (ਅਮਰਾਪੁਰੀ ਤੋਂ) ਭਜਾ ਦਿੱਤੇ ਹਨ।
(ਕਿਉਂਕਿ) ਕਿਸੇ ਤੋਂ ਵੀ ਮਹਿਖਾਸੁਰ ਜਿਤਿਆ ਨਹੀਂ ਜਾ ਸਕਿਆ।
ਹੇ ਦੁਰਗਾ ਦੇਵੀ! ਇਸ ਕਰਕੇ (ਮੈਂ ਹੁਣ) ਤੇਰੀ ਸ਼ਰਨ ਵਿਚ ਆਇਆ ਹਾਂ ॥੪॥
ਪਉੜੀ:
ਦੁਰਗਾ (ਇੰਦਰ ਦੇ) ਬੋਲ ਸੁਣ ਕੇ ਖਿੜ-ਖਿੜ ਹਸਣ ਲਗ ਪਈ।
ਅਤੇ ਦੇਵਤਿਆਂ ਨੂੰ ਕਿਹਾ ਕਿ (ਤੁਸੀਂ) ਕੋਈ ਚਿੰਤਾ ਨਾ ਕਰੋ।
ਦੁਰਗਾ ਦੇਵੀ ਰਾਖਸ਼ਾਂ ਨੂੰ ਮਾਰਨ ਲਈ ਕ੍ਰੋਧਵਾਨ ਹੋ ਗਈ ॥੫॥
ਦੋਹਰਾ:
ਕ੍ਰੋਧਵਾਨ ਰਾਖਸ਼ ਯੁੱਧ ਕਰਨ ਦੀ ਚਾਹ ਨਾਲ ਰਣ-ਭੂਮੀ ਵਿਚ ਆ ਗਏ।
(ਉਨ੍ਹਾਂ ਦੀ ਫੌਜ ਦੀਆਂ) ਤਲਵਾਰਾਂ ਅਤੇ ਬਰਛੀਆਂ (ਇਤਨੀਆਂ) ਲਿਸ਼ਕ ਰਹੀਆਂ ਸਨ ਕਿ ਸੂਰਜ ਵੀ ਨਜ਼ਰ ਨਹੀਂ ਸੀ ਆਉਂਦਾ ॥੬॥
ਪਉੜੀ:
ਦੋਹਾਂ (ਧਿਰਾਂ ਦੀਆਂ ਮੂਹਰਲੀਆਂ) ਕਤਾਰਾਂ ਆਹਮਣੇ ਸਾਹਮਣੇ ਡੱਟ ਗਈਆਂ ਅਤੇ ਢੋਲ, ਸੰਖ ਤੇ ਨਗਾਰੇ ਵਜਣ ਲਗੇ।