ਸ਼੍ਰੀ ਦਸਮ ਗ੍ਰੰਥ

ਅੰਗ - 57


ਪਾਰਬ੍ਰਹਮ ਕੇ ਭੇ ਅਨੁਰਾਗੀ ॥

(ਉਹ) ਪਾਰਬ੍ਰਹਮ ਦੇ (ਸੱਚੇ ਅਰਥਾਂ ਵਿਚ) ਪ੍ਰੇਮੀ ਹੋ ਗਏ।

ਤਿਨ ਕੇ ਗੂੜ ਮਤਿ ਜੇ ਚਲਹੀ ॥

ਜੇ (ਕੋਈ) ਪਾਰਬ੍ਰਹਮ ਦੇ ਗੰਭੀਰ ਸਿੱਧਾਂਤਾਂ ਅਨੁਸਾਰ ਚਲੇਗਾ,

ਭਾਤਿ ਅਨੇਕ ਦੂਖ ਸੋ ਦਲਹੀ ॥੨੦॥

ਉਹ (ਆਪਣੇ) ਅਨੇਕ ਪ੍ਰਕਾਰ ਦੇ ਦੁਖਾਂ ਨੂੰ ਨਸ਼ਟ ਕਰ ਦੇਵੇਗਾ ॥੨੦॥

ਜੇ ਜੇ ਸਹਿਤ ਜਾਤਨ ਸੰਦੇਹਿ ॥

ਜਿਹੜੇ ਜਿਹੜੇ (ਸਾਧਕ) ਸ਼ਰੀਰ ਉਤੇ ਕਸ਼ਟ ('ਜਾਤਨ') ਸਹਿਨ ਕਰਦੇ ਹਨ

ਪ੍ਰਭ ਕੇ ਸੰਗਿ ਨ ਛੋਡਤ ਨੇਹ ॥

ਪਰ ਪਰਮਾਤਮਾ ਨਾਲੋਂ ਪਿਆਰ ਨਹੀਂ ਤੋੜਦੇ,

ਤੇ ਤੇ ਪਰਮ ਪੁਰੀ ਕਹਿ ਜਾਹੀ ॥

ਉਹ ਸਭ ਪਰਮਾਤਮਾ ਦੇ ਦੁਆਰ (ਪਰਮ-ਪੁਰੀ) ਉਤੇ ਜਾਣਗੇ।

ਤਿਨ ਹਰਿ ਸਿਉ ਅੰਤਰੁ ਕਿਛੁ ਨਾਹੀ ॥੨੧॥

ਉਨ੍ਹਾਂ ਦਾ ਹਰਿ ਨਾਲੋਂ ਕੋਈ ਅੰਤਰ ਨਹੀਂ ਰਹਿ ਜਾਂਦਾ (ਅਰਥਾਤ ਅਦ੍ਵੈਤ ਅਵਸਥਾ ਨੂੰ ਪ੍ਰਾਪਤ ਕਰਦੇ ਹਨ) ॥੨੧॥

ਜੇ ਜੇ ਜੀਯ ਜਾਤਨ ਤੇ ਡਰੇ ॥

ਜਿਹੜੇ ਜਿਹੜੇ ਸਾਧਕ ਕਸ਼ਟਾਂ ਤੋਂ ਡਰੇ ਹਨ

ਪਰਮ ਪੁਰਖ ਤਜਿ ਤਿਨ ਮਗਿ ਪਰੇ ॥

ਅਤੇ ਪਰਮ-ਪੁਰਖ (ਦਾ ਅਧਿਆਤਮੀ ਮਾਰਗ) ਛੱਡ ਕੇ ਵੇਦਾਂ ਦੇ ਮਾਰਗ ਉਤੇ ਪੈ ਗਏ ਹਨ,

ਤੇ ਤੇ ਨਰਕ ਕੁੰਡ ਮੋ ਪਰਹੀ ॥

ਉਹ ਸਾਰੇ ਨਰਕ-ਕੁੰਡ ਵਿਚ ਪੈਣਗੇ

ਬਾਰ ਬਾਰ ਜਗ ਮੋ ਬਪੁ ਧਰਹੀ ॥੨੨॥

ਅਤੇ ਜਗਤ ਵਿਚ ਮੁੜ ਮੁੜ ਕੇ ਸ਼ਰੀਰ ਧਾਰਨ ਕਰਨਗੇ ॥੨੨॥

ਤਬ ਹਰਿ ਬਹੁਰਿ ਦਤ ਉਪਜਾਇਓ ॥

ਤਦ ਫਿਰ ਹਰਿ ਨੇ ਦੱਤਾਤ੍ਰੇਯ ਨੂੰ ਉਤਪੰਨ ਕੀਤਾ,

ਤਿਨ ਭੀ ਅਪਨਾ ਪੰਥੁ ਚਲਾਇਓ ॥

ਉਸ ਨੇ ਵੀ ਆਪਣਾ ਧਰਮ-ਮਾਰਗ ਚਲਾ ਦਿੱਤਾ।

ਕਰ ਮੋ ਨਖ ਸਿਰ ਜਟਾ ਸਵਾਰੀ ॥

(ਉਸ ਨੇ) ਹੱਥਾਂ ਵਿਚ ਨਹੁੰ ਅਤੇ ਸਿਰ ਉਤੇ ਜਟਾਵਾਂ ਸੰਵਾਰ ਲਈਆਂ

ਪ੍ਰਭ ਕੀ ਕ੍ਰਿਆ ਕਛੁ ਨ ਬਿਚਾਰੀ ॥੨੩॥

ਅਤੇ ਪ੍ਰਭੂ ਦੀ ਕਰਨੀ ਬਾਰੇ ਜ਼ਰਾ ਵਿਚਾਰ ਨਾ ਕੀਤਾ ॥੨੩॥

ਪੁਨਿ ਹਰਿ ਗੋਰਖ ਕੋ ਉਪਰਾਜਾ ॥

ਫਿਰ ਹਰਿ ਨੇ ਗੋਰਖ-ਨਾਥ ਨੂੰ ਉਤਪੰਨ ਕੀਤਾ,

ਸਿਖ ਕਰੇ ਤਿਨ ਹੂ ਬਡ ਰਾਜਾ ॥

ਉਸ ਨੇ ਵਡੇ ਵਡੇ ਰਾਜਿਆਂ ਨੂੰ ਆਪਣਾ ਸੇਵਕ ਬਣਾ ਲਿਆ।

ਸ੍ਰਵਨ ਫਾਰਿ ਮੁਦ੍ਰਾ ਦੁਐ ਡਾਰੀ ॥

(ਉਸ ਨੇ) ਕੰਨ ਪਾੜ ਕੇ ਦੋ ਮੁੰਦਰਾਂ ਪਾ ਦਿੱਤੀਆਂ,

ਹਰਿ ਕੀ ਪ੍ਰਤਿ ਰੀਤਿ ਨ ਬਿਚਾਰੀ ॥੨੪॥

ਪਰ ਪਰਮਾਤਮਾ ਦੇ ਪ੍ਰੇਮ ਦੀ ਰੀਤ ਨੂੰ ਨਾ ਵਿਚਾਰਿਆ ॥੨੪॥

ਪੁਨਿ ਹਰਿ ਰਾਮਾਨੰਦ ਕੋ ਕਰਾ ॥

ਫਿਰ ਹਰਿ ਨੇ ਰਾਮਾਨੰਦ ਨੂੰ ਪੈਦਾ ਕੀਤਾ

ਭੇਸ ਬੈਰਾਗੀ ਕੋ ਜਿਨਿ ਧਰਾ ॥

ਜਿਸ ਨੇ ਬੈਰਾਗੀ ਭੇਖ ਧਾਰਨ ਕਰ ਲਿਆ।

ਕੰਠੀ ਕੰਠਿ ਕਾਠ ਕੀ ਡਾਰੀ ॥

ਗਲ ਵਿਚ ਕਾਠ ਦੀ ਕੰਠੀ ਪਾ ਲਈ,

ਪ੍ਰਭ ਕੀ ਕ੍ਰਿਆ ਨ ਕਛੂ ਬਿਚਾਰੀ ॥੨੫॥

ਪਰ (ਉਸ ਨੇ ਵੀ) ਪ੍ਰਭੂ ਦੀ ਕ੍ਰਿਆ ਦਾ ਕੁਝ ਵੀ ਵਿਚਾਰ ਨਹੀਂ ਕੀਤਾ ॥੨੫॥

ਜੇ ਪ੍ਰਭ ਪਰਮ ਪੁਰਖ ਉਪਜਾਏ ॥

ਪ੍ਰਭੂ ਨੇ ਜਿਹੜੇ ਜਿਹੜੇ ਮਹਾ ਪੁਰਖ ਪੈਦਾ ਕੀਤੇ,

ਤਿਨ ਤਿਨ ਅਪਨੇ ਰਾਹ ਚਲਾਏ ॥

ਉਨ੍ਹਾਂ ਨੇ ਆਪਣੇ ਆਪਣੇ (ਧਰਮ) ਮਾਰਗ ਚਲਾਏ।

ਮਹਾਦੀਨ ਤਬਿ ਪ੍ਰਭ ਉਪਰਾਜਾ ॥

ਤਦ ਪ੍ਰਭੂ ਨੇ ਹਜ਼ਰਤ ਮੁਹੰਮਦ ('ਮਹਾਦੀਨ') ਨੂੰ ਪੈਦਾ ਕੀਤਾ

ਅਰਬ ਦੇਸ ਕੋ ਕੀਨੋ ਰਾਜਾ ॥੨੬॥

ਅਤੇ ਉਸ ਨੂੰ ਅਰਬ ਦੇਸ਼ ਦਾ ਰਾਜਾ ਬਣਾਇਆ ॥੨੬॥

ਤਿਨ ਭੀ ਏਕੁ ਪੰਥੁ ਉਪਰਾਜਾ ॥

ਉਸ ਨੇ ਵੀ ਇਕ ਧਰਮ ਚਲਾ ਦਿੱਤਾ

ਲਿੰਗ ਬਿਨਾ ਕੀਨੇ ਸਭ ਰਾਜਾ ॥

ਅਤੇ ਸਾਰਿਆਂ ਰਾਜਿਆਂ ਦੀ ਸੁੰਨਤ (ਖ਼ਤਨਾ) ਕਰਾ ਦਿੱਤੀ।

ਸਭ ਤੇ ਅਪਨਾ ਨਾਮੁ ਜਪਾਯੋ ॥

ਸਾਰਿਆਂ ਤੋਂ ਆਪਣਾ ਨਾਮ ਜਪਵਾਇਆ

ਸਤਿ ਨਾਮੁ ਕਾਹੂੰ ਨ ਦ੍ਰਿੜਾਯੋ ॥੨੭॥

ਪਰ ਸਤਿਨਾਮ ਕਿਸੇ ਨੂੰ ਦ੍ਰਿੜ੍ਹ ਨਾ ਕਰਾਇਆ ॥੨੭॥

ਸਭ ਅਪਨੀ ਅਪਨੀ ਉਰਝਾਨਾ ॥

ਸਾਰੇ ਆਪਣੀ ਆਪਣੀ (ਵਿਚਾਰਧਾਰਾ ਵਿਚ) ਉਲਝੇ ਰਹੇ,

ਪਾਰਬ੍ਰਹਮ ਕਾਹੂੰ ਨ ਪਛਾਨਾ ॥

ਕਿਸੇ ਨੇ ਵੀ ਪਾਰਬ੍ਰਹਮ ਨੂੰ ਨਹੀਂ ਪਛਾਣਿਆ।

ਤਪ ਸਾਧਤ ਹਰਿ ਮੋਹਿ ਬੁਲਾਯੋ ॥

ਮੈਨੂੰ ਤਪ ਕਰਦੇ ਨੂੰ ਹਰਿ ਨੇ ਬੁਲਾਇਆ

ਇਮ ਕਹਿ ਕੈ ਇਹ ਲੋਕ ਪਠਾਯੋ ॥੨੮॥

ਅਤੇ ਇਸ ਤਰ੍ਹਾਂ ਕਹਿ ਕੇ ਇਸ ਲੋਕ ਵਿਚ ਭੇਜਿਆ ॥੨੮॥

ਅਕਾਲ ਪੁਰਖ ਬਾਚ ॥

ਅਕਾਲ ਪੁਰਖ ਨੇ ਕਿਹਾ:

ਚੌਪਈ ॥

ਚੌਪਈ:

ਮੈ ਅਪਨਾ ਸੁਤ ਤੋਹਿ ਨਿਵਾਜਾ ॥

ਮੈਂ ਤੈਨੂੰ ਆਪਣੇ ਪੁੱਤਰ ਵਜੋਂ ਗੌਰਵ ਬਖ਼ਸ਼ਿਆ ਹੈ

ਪੰਥੁ ਪ੍ਰਚੁਰ ਕਰਬੇ ਕਹ ਸਾਜਾ ॥

ਅਤੇ ਪੰਥ ਦਾ ਪ੍ਰਚਾਰ ਕਰਨ ਲਈ ਸੁਸਜਿਤ ਕੀਤਾ ਹੈ।

ਜਾਹਿ ਤਹਾ ਤੈ ਧਰਮੁ ਚਲਾਇ ॥

ਉਥੇ ਜਾ ਕੇ ਤੂੰ ਧਰਮ-ਚੱਕਰ ਚਲਾਉਣਾ ਹੈ

ਕਬੁਧਿ ਕਰਨ ਤੇ ਲੋਕ ਹਟਾਇ ॥੨੯॥

ਅਤੇ ਦੁਰਮਤਿ ਕਰਨ ਤੋਂ ਲੋਕਾਂ ਨੂੰ ਹਟਾਉਣਾ ਹੈ ॥੨੯॥

ਕਬਿਬਾਚ ਦੋਹਰਾ ॥

ਕਵੀ ਨੇ ਕਿਹਾ ਦੋਹਰਾ:

ਠਾਢ ਭਯੋ ਮੈ ਜੋਰਿ ਕਰ ਬਚਨ ਕਹਾ ਸਿਰ ਨਯਾਇ ॥

ਮੈਂ ਹੱਥ ਜੋੜ ਕੇ ਖੜਾ ਹੋ ਗਿਆ ਅਤੇ ਸਿਰ ਨੀਵਾਂ ਕਰ ਕੇ ਬੇਨਤੀ ਕੀਤੀ

ਪੰਥ ਚਲੈ ਤਬ ਜਗਤ ਮੈ ਜਬ ਤੁਮ ਕਰਹੁ ਸਹਾਇ ॥੩੦॥

ਕਿ ਜਦੋਂ ਤੁਸੀਂ ਸਹਾਇਤਾ ਕਰੋਗੇ ਤਾਂ ਜਗਤ ਵਿਚ (ਨਿਸਚੇ ਹੀ) ਪੰਥ ਦਾ ਵਿਕਾਸ ਹੋਏਗਾ ॥੩੦॥

ਚੌਪਈ ॥

ਚੌਪਈ:

ਇਹ ਕਾਰਨਿ ਪ੍ਰਭ ਮੋਹਿ ਪਠਾਯੋ ॥

ਇਸ ਕਾਰਨ ਪ੍ਰਭੂ ਨੇ ਮੈਨੂੰ (ਇਸ ਜਗਤ ਵਿਚ) ਭੇਜਿਆ ਹੈ

ਤਬ ਮੈ ਜਗਤਿ ਜਨਮੁ ਧਰਿ ਆਯੋ ॥

ਅਤੇ ਤਦ ਹੀ ਮੈਂ ਜਗਤ ਵਿਚ ਜਨਮ ਲਿਆ ਹੈ।

ਜਿਮ ਤਿਨ ਕਹੀ ਇਨੈ ਤਿਮ ਕਹਿਹੌ ॥

ਜਿਵੇਂ ਪ੍ਰਭੂ ਨੇ ਕਿਹਾ ਹੈ, ਉਸੇ ਤਰ੍ਹਾਂ ਜਗਤ ਨੂੰ ਕਹਾਂਗਾ;


Flag Counter