ਸ਼੍ਰੀ ਦਸਮ ਗ੍ਰੰਥ

ਅੰਗ - 428


ਜਿਉ ਬਰਖਾ ਰਿਤੁ ਕੇ ਸਮੈ ਦਉਰ ਪਰੇ ਅਰਿਰਾਇ ॥੧੩੦੭॥

(ਉਸ ਵੇਲੇ) ਵੈਰੀ ਦਲ ਉਸ ਉਤੇ ਇੰਜ ਦੌੜ ਕੇ ਪੈ ਗਿਆ ਜਿਵੇਂ ਬਰਖਾ ਰੁਤ ਵੇਲੇ ਭੰਬਟ ਦੀਵੇ ਉਤੇ ਡਿਗਦੇ ਹਨ ॥੧੩੦੭॥

ਸਵੈਯਾ ॥

ਸਵੈਯਾ:

ਕਾਕਧੁਜਾ ਨਿਜ ਭ੍ਰਾਤ ਨਿਹਾਰਿ ਹਨ੍ਯੋ ਤਬ ਹੀ ਰਿਸ ਕੈ ਵਹੁ ਧਾਯੋ ॥

(ਜਦ ਕ੍ਰੂਰਧੁਜਾ ਦੇ ਭਰਾ) ਕਾਕ ਧੁਜਾ ਨੇ ਆਪਣੇ ਭਰਾ ਨੂੰ ਮਰਿਆ ਵੇਖਿਆ ਤਦ ਹੀ ਉਹ ਕ੍ਰੋਧਿਤ ਹੋ ਕੇ ਹਮਲਾਵਰ ਹੋਇਆ।

ਦਾਤ ਕੀਏ ਕਈ ਜੋਜਨ ਲਉ ਗਿਰਿ ਸੋ ਤਿਹ ਆਪਨੋ ਰੂਪ ਬਨਾਯੋ ॥

(ਉਸ ਨੇ) ਕਈ ਯੋਜਨਾਂ ਤਕ ਦੰਦ ਲੰਬੇ ਕਰ ਲਏ ਅਤੇ ਪਰਬਤ ਵਰਗਾ ਆਪਣਾ ਰੂਪ ਬਣਾ ਲਿਆ।

ਰੋਮ ਕੀਏ ਤਰੁ ਸੇ ਤਨ ਮੈ ਕਰਿ ਆਯੁਧ ਲੈ ਰਨਿ ਭੂਮਹਿ ਆਯੋ ॥

ਸ਼ਰੀਰ ਉਤੇ ਬ੍ਰਿਛਾਂ ਵਰਗੇ ਰੋਮ ਕਰ ਲਏ ਅਤੇ ਹੱਥ ਵਿਚ ਹਥਿਆਰ ਧਾਰਨ ਕਰ ਕੇ ਰਣ-ਭੂਮੀ ਵਿਚ ਆ ਗਿਆ।

ਸ੍ਰੀ ਸਕਤੇਸ ਤਨ੍ਰਯੋ ਕਰਿ ਚਾਪ ਸੁ ਏਕ ਹੀ ਬਾਨ ਸਿਉ ਮਾਰਿ ਗਿਰਾਯੋ ॥੧੩੦੮॥

ਸ੍ਰੀ ਸ਼ਕਤਿ ਸਿੰਘ ਨੇ ਹੱਥ ਵਿਚ ਧਨੁਸ਼ ਖਿਚ ਲਿਆ ਅਤੇ ਇਕ ਹੀ ਬਾਣ ਨਾਲ ਮਾਰ ਕੇ ਡਿਗਾ ਦਿੱਤਾ ॥੧੩੦੮॥

ਦੈਤ ਚਮੂੰ ਪਤਿ ਠਾਢੋ ਹੁਤੋ ਤਿਹ ਕੋ ਬਰ ਕੈ ਨ੍ਰਿਪ ਊਪਰਿ ਧਾਯੋ ॥

(ਉਥੇ ਇਕ) ਦੈਂਤ ਸੈਨਾ-ਪਤੀ ਖੜੋਤਾ ਹੋਇਆ ਸੀ, ਉਹ ਬਲ ਪੂਰਵਕ ਰਾਜੇ ਉਤੇ ਚੜ੍ਹ ਆਇਆ।

ਰਾਛਸ ਸੈਨ ਅਛੂਹਨਿ ਲੈ ਅਪਨੇ ਮਨ ਮੈ ਅਤਿ ਕੋਪ ਬਢਾਯੋ ॥

ਰਾਖਸ਼ਾਂ ਦੀ ਅਛੋਹਣੀ ਸੈਨਾ ਨਾਲ ਲੈ ਕੇ ਉਸ ਨੇ ਆਪਣੇ ਮਨ ਵਿਚ ਕ੍ਰੋਧ ਵਧਾ ਲਿਆ।

ਬਾਨ ਬਨਾਇ ਚਢਿਯੋ ਰਨ ਕੋ ਤਿਹ ਆਪਨ ਨਾਮੁ ਕੁਰੂਪ ਕਹਾਯੋ ॥

ਬਹੁਤ ਸਾਰੇ ਬਾਣਾਂ ਨੂੰ ਬਣਾ ਕੇ (ਅਰਥਾਤ ਤਿਖੇ ਕਰ ਕੇ) ਯੁੱਧ ਲਈ ਚੜ੍ਹ ਆਇਆ ਅਤੇ ਉਸ ਨੇ ਆਪਣਾ ਨਾਂ 'ਕੁਰੂਪ' ਅਖਵਾਇਆ।

ਐਸੇ ਚਲਿਯੋ ਅਰਿ ਕੇ ਬਧ ਕੋ ਮਨੋ ਸਾਵਨ ਕੋ ਉਨਏ ਘਨੁ ਆਯੋ ॥੧੩੦੯॥

ਵੈਰੀ ਨੂੰ ਮਾਰਨ ਲਈ ਇਸ ਤਰ੍ਹਾਂ ਚੜ੍ਹ ਆਇਆ ਮਾਨੋ ਸਾਵਣ (ਦੇ ਮਹੀਨੇ) ਦੇ ਬਦਲ ਉਮਡ ਕੇ ਆ ਗਏ ਹੋਣ ॥੧੩੦੯॥

ਹੇਰਿ ਚਮੂੰ ਬਹੁ ਸਤ੍ਰਨ ਕੀ ਸਕਤੇਸ ਬਲੀ ਮਨਿ ਰੋਸ ਭਯੋ ਹੈ ॥

ਵੈਰੀ ਦੀ ਬਹੁਤ ਸਾਰੀ ਸੈਨਾ ਵੇਖ ਕੇ, ਸ਼ਕਤਿ ਸਿੰਘ ਸੂਰਵੀਰ ਦੇ ਮਨ ਵਿਚ ਕ੍ਰੋਧ ਵਧ ਗਿਆ।

ਧੀਰਜ ਬਾਧਿ ਅਯੋਧਨ ਮਾਝਿ ਸਰਾਸਨਿ ਬਾਨ ਸੁ ਪਾਨਿ ਲਯੋ ਹੈ ॥

(ਉਸ ਨੇ) ਰਣ-ਭੂਮੀ ਵਿਚ ਧੀਰਜ ਧਾਰਨ ਕਰ ਕੇ, ਹੱਥ ਵਿਚ ਧਨੁਸ਼ ਬਾਣ ਧਾਰਨ ਕਰ ਲਏ।

ਤ੍ਰਾਸ ਸਬੈ ਤਜਿ ਕੈ ਲਜਿ ਕੈ ਅਰਿ ਕੇ ਦਲ ਕੇ ਸਮੁਹੇ ਸੁ ਗਯੋ ਹੈ ॥

ਸਭ ਤਰ੍ਹਾਂ ਦੇ ਡਰ ਅਤੇ ਸੰਗ ਨੂੰ ਤਿਆਗ ਕੇ ਵੈਰੀ ਦੇ ਦਲ ਦੇ ਸਾਹਮਣੇ ਹੋ ਗਿਆ।

ਦਾਨਵ ਮੇਘ ਬਿਡਾਰਨ ਕੋ ਰਨ ਮੈ ਮਨੋ ਬੀਰ ਸਮੀਰ ਭਯੋ ਹੈ ॥੧੩੧੦॥

ਦੈਂਤ (ਰੂਪ) ਬਦਲ ਨੂੰ ਖਿੰਡਾਉਣ ਲਈ ਸੂਰਵੀਰ (ਸ਼ਕਤਿ ਸਿੰਘ) ਮਾਨੋ ਪੌਣ ਦਾ ਰੂਪ ਹੋ ਗਿਆ ਹੋਵੇ ॥੧੩੧੦॥

ਅੰਤ੍ਰ ਧ੍ਯਾਨ ਕੁਰੂਪ ਭਯੋ ਨਭ ਮੈ ਤਿਹ ਜਾਇ ਕੈ ਬੈਨ ਉਚਾਰੇ ॥

'ਕੁਰੂਪ' (ਦੈਂਤ) ਲੁਪਤ ਹੋ ਗਿਆ ਅਤੇ ਆਕਾਸ਼ ਵਿਚ ਜਾ ਕੇ ਉਸ ਨੇ ਇਹ ਬੋਲ ਉਚਾਰੇ

ਜੈਹੋ ਕਹਾ ਹਮ ਤੇ ਭਜਿ ਕੈ ਗਜ ਬਾਜ ਅਨੇਕ ਅਕਾਸ ਤੇ ਡਾਰੇ ॥

ਕਿ ਮੇਰੇ ਕੋਲੋਂ ਭਜ ਕੇ ਕਿਥੇ ਜਾਵੇਂਗਾ; (ਫਿਰ) ਉਸ ਨੇ ਆਕਾਸ਼ ਤੋਂ ਅਨੇਕ ਹਾਥੀ ਅਤੇ ਘੋੜੇ ਸੁਟ ਦਿੱਤੇ।

ਰੂਖ ਪਖਾਨ ਸਿਲਾ ਰਥ ਸਿੰਘ ਧਰਾਧਰ ਰੀਛ ਮਹਾ ਅਹਿ ਕਾਰੇ ॥

ਬ੍ਰਿਛ, ਪੱਥਰ, ਸਿਲਾਂ, ਰਥ, ਸ਼ੇਰ, ਪਰਬਤ, ਰਿਛ ਅਤੇ ਵਡ-ਆਕਾਰੇ ਕਾਲੇ ਸੱਪ (ਆਦਿਕ)

ਆਨਿ ਪਰੇ ਰਨ ਭੂਮਿ ਮੈ ਜੋਰ ਸੋ ਭੂਪ ਬਚਿਓ ਸਿਗਰੇ ਦਬਿ ਮਾਰੇ ॥੧੩੧੧॥

ਰਣ-ਭੂਮੀ ਵਿਚ ਜ਼ੋਰ ਨਾਲ ਆ ਕੇ ਡਿਗੇ ਹਨ ਅਤੇ (ਕੇਵਲ) ਰਾਜਾ ਬਚਿਆ ਹੈ, ਬਾਕੀ ਸਾਰੇ ਮਾਰੇ ਗਏ ਹਨ ॥੧੩੧੧॥

ਜੇਤਕ ਡਾਰਿ ਦਏ ਨ੍ਰਿਪ ਪੈ ਗਿਰਿ ਤੇਤਕ ਬਾਨਨ ਸਾਥ ਨਿਵਾਰੇ ॥

(ਦੈਂਤ ਨੇ) ਜਿੰਨੇ ਕੁ ਪਰਬਤ ਰਾਜਾ (ਸ਼ਕਤਿ ਸਿੰਘ) ਉਪਰ ਸੁਟੇ ਹਨ, ਉਤਨੇ ਹੀ ਉਸ ਨੇ ਬਾਣਾਂ ਨਾਲ ਨਿਵਾਰ ਦਿੱਤੇ ਹਨ।

ਜੇ ਰਜਨੀਚਰ ਠਾਢੇ ਹੁਤੇ ਸਕਤੇਸ ਬਲੀ ਤਿਹ ਓਰਿ ਪਧਾਰੇ ॥

ਜਿਧਰ ਦੈਂਤ ('ਰਜਨੀਚਰ') ਖੜੋਤਾ ਹੋਇਆ ਸੀ, ਸ਼ਕਤਿ ਸਿੰਘ ਸੂਰਮਾ ਉਧਰ ਨੂੰ ਚਲ ਪਿਆ।

ਪਾਨਿ ਕ੍ਰਿਪਾਨ ਲਏ ਬਲਵਾਨ ਸੁ ਘਾਇਲ ਏਕ ਕਰੇ ਇਕ ਮਾਰੇ ॥

(ਉਸ) ਬਲਵਾਨ ਨੇ ਹੱਥ ਵਿਚ ਤਲਵਾਰ ਲੈ ਕੇ ਕਿਤਨਿਆਂ ਨੂੰ ਘਾਇਲ ਕਰ ਦਿੱਤਾ ਅਤੇ ਇਕਨਾਂ ਨੂੰ ਮਾਰ ਦਿੱਤਾ।

ਦੈਤ ਚਮੂੰ ਨ ਬਸਾਤ ਕਛੂ ਅਪਨੇ ਛਲ ਛਿਦ੍ਰਨਿ ਕੈ ਸਬ ਹਾਰੇ ॥੧੩੧੨॥

ਦੈਂਤ ਸੈਨਾ ਦਾ (ਉਸ ਉਤੇ) ਕੋਈ ਵਸ ਨਹੀਂ ਰਿਹਾ, ਸਾਰੇ ਆਪਣੇ ਹੀ ਵਲ ਛਲ ਨਾਲ ਹਾਰ ਗਏ ਹਨ ॥੧੩੧੨॥

ਨ੍ਰਿਪ ਨੇ ਬਹੁਰੋ ਧਨੁ ਬਾਨ ਲਯੋ ਰਿਸ ਸਾਥ ਕੁਰੂਪ ਕੇ ਬੀਰ ਹਨੇ ॥

ਰਾਜਾ (ਸ਼ਕਤਿ ਸਿੰਘ) ਨੇ ਹੱਥ ਵਿਚ ਧਨੁਸ਼-ਬਾਣ ਪਕੜ ਲਿਆ ਅਤੇ ਕ੍ਰੋਧ ਕਰ ਕੇ ਕੁਰੂਪ (ਦੇ ਸ਼ਰੀਰ) ਵਿਚ (ਬਾਣ) ਮਾਰੇ।

ਜੇਊ ਜੀਵਤ ਥੇ ਕਰਿ ਆਯੁਧ ਲੈ ਅਰਰਾਇ ਪਰੇ ਬਰਬੀਰ ਘਨੇ ॥

ਜੋ (ਦੈਂਤ) ਜੀਉਂਦੇ ਸਨ, ਹੱਥ ਵਿਚ ਸ਼ਸਤ੍ਰ ਲੈ ਕੇ (ਉਹ ਸਾਰੇ) ਸੂਰਮੇ ਅਰੜਾ ਕੇ (ਸ਼ਕਤਿ ਸਿੰਘ) ਉਪਰ ਆ ਪਏ।

ਜੇਊ ਆਨਿ ਲਰੇ ਬਿਨੁ ਪ੍ਰਾਨ ਕਰੇ ਰੁਪਿ ਠਾਢੇ ਲਰੇ ਕੋਊ ਸ੍ਰਉਨ ਸਨੇ ॥

ਜੋ ਵੀ ਆ ਕੇ ਲੜੇ ਸਨ, ਪ੍ਰਾਣਾਂ ਤੋਂ ਬਿਨਾ ਕਰ ਦਿੱਤੇ ਹਨ, ਕਈ ਡਟ ਕੇ ਲੜੇ ਹਨ ਅਤੇ ਲਹੂ ਲੁਹਾਨ ਹੋ ਗਏ ਹਨ।

ਮਨਿ ਯੌ ਉਪਮਾ ਉਪਜੀ ਰਿਤੁਰਾਜ ਸਮੈ ਦ੍ਰੁਮ ਕਿੰਸਕ ਲਾਲ ਬਨੇ ॥੧੩੧੩॥

(ਇਸ ਦ੍ਰਿਸ਼ ਦੀ ਕਵੀ ਦੇ) ਮਨ ਵਿਚ ਇਸ ਤਰ੍ਹਾਂ ਦੀ ਉਪਮਾ ਪੈਦਾ ਹੋਈ, ਮਾਨੋ ਬਸੰਤ ('ਰਿਤੁਰਾਜ') ਰੁਤ ਵਿਚ ਕੇਸੂ ਦੇ ਬ੍ਰਿਛ ਲਾਲ ਬਣੇ ਹੋਏ ਹੋਣ ॥੧੩੧੩॥

ਦੋਹਰਾ ॥

ਦੋਹਰਾ:

ਸਕਤਿ ਸਿੰਘ ਤਿਹ ਸਮਰ ਮੈ ਬਹੁਰੋ ਸਸਤ੍ਰ ਸੰਭਾਰਿ ॥

ਸ਼ਕਤਿ ਸਿੰਘ ਨੇ ਉਸ ਯੁੱਧ ਵਿਚ ਫਿਰ ਸ਼ਸਤ੍ਰ ਸੰਭਾਲ ਲਏ ਹਨ

ਅਸੁਰ ਸੈਨ ਮੈ ਭਟ ਪ੍ਰਬਲ ਤੇ ਬਹੁ ਦਏ ਸੰਘਾਰ ॥੧੩੧੪॥

ਅਤੇ ਦੈਂਤ ਸੈਨਾ ਵਿਚ ਜੋ ਪ੍ਰਚੰਡ ਸੂਰਮੇ ਸਨ, ਬਹੁਤ ਸਾਰੇ ਮਾਰ ਦਿੱਤੇ ਹਨ ॥੧੩੧੪॥

ਸਵੈਯਾ ॥

ਸਵੈਯਾ:

ਬਿਕ੍ਰਤਾਨਨ ਨਾਮ ਕਰੂਪ ਕੋ ਬਾਧਵ ਕੋਪ ਭਯੋ ਅਸਿ ਪਾਨਿ ਗਹਿਓ ॥

ਕੁਰੂਪ ਦੈਂਤ ਦਾ 'ਬਿਕ੍ਰਤਾਨਨ' ਨਾਂ ਦਾ ਇਕ ਭਰਾ ਕ੍ਰੋਧ ਨਾਲ ਭਰ ਗਿਆ ਅਤੇ ਹੱਥ ਵਿਚ ਤਲਵਾਰ ਧਾਰਨ ਕਰ ਲਈ।

ਕਬਿ ਸ੍ਯਾਮ ਕਹੈ ਰਨ ਮੈ ਤਿਹ ਕੋ ਮਨ ਮੈ ਅਰਿ ਕੇ ਬਧਬੇ ਕੋ ਚਹਿਓ ॥

ਕਵੀ ਸ਼ਿਆਮ ਕਹਿੰਦੇ ਹਨ, ਰਣ-ਭੂਮੀ ਵਿਚ ਉਸ ਦੇ ਮਨ ਵਿਚ ਵੈਰੀ ਨੂੰ ਮਾਰ ਦੇਣ ਦੀ ਚਾਹ ਪੈਦਾ ਹੋਈ।

ਸੁ ਧਵਾਇ ਕੈ ਸ੍ਯੰਦਨ ਆਯੋ ਤਹਾ ਨ ਟਰਿਓ ਵਹ ਜੁਧ ਹੀ ਕੋ ਉਮਹਿਓ ॥

ਉਹ ਰਥ ਨੂੰ ਭਜਾ ਕੇ ਉਥੇ ਆ ਗਿਆ ਅਤੇ ਯੁੱਧ ਦੀ ਉਮੰਗ ਕਰ ਕੇ ਉਥੋਂ ਨਾ ਹਟਿਆ।

ਸੁਨਿ ਰੇ ਸਕਤੇਸ ਸੰਭਾਰਿ ਸੰਘਾਰਤ ਹੋ ਤੁਮ ਕੋ ਇਹ ਭਾਤਿ ਕਹਿਓ ॥੧੩੧੫॥

(ਅਤੇ) ਇਸ ਤਰ੍ਹਾਂ ਕਹਿਣ ਲਗਾ, ਹੇ ਸ਼ਕਤਿ ਸਿੰਘ! ਸੁਣ, ਸੰਭਲ ਜਾ, ਮੈਂ ਤੈਨੂੰ (ਹੁਣੇ) ਮਾਰਦਾ ਹਾਂ ॥੧੩੧੫॥

ਦੋਹਰਾ ॥

ਦੋਹਰਾ:

ਸਕਤਿ ਸਿੰਘ ਯਹਿ ਬਚਨਿ ਸੁਨਿ ਲੀਨੀ ਸਕਤਿ ਉਠਾਇ ॥

ਸ਼ਕਤਿ ਸਿੰਘ ਨੇ ਇਹ ਬਚਨ ਸੁਣ ਕੇ ਬਰਛੀ ਚੁਕ ਲਈ।

ਚਪਲਾ ਸੀ ਰਵਿ ਕਿਰਨ ਸੀ ਅਰਿ ਤਕਿ ਦਈ ਚਲਾਇ ॥੧੩੧੬॥

ਵੈਰੀ ਨੂੰ ਤਕ ਕੇ ਬਿਜਲੀ ਵਰਗੀ ਜਾਂ ਸੂਰਜ ਦੀ ਕਿਰਨ ਜਿਹੀ (ਬਰਛੀ ਨੂੰ) ਚਲਾ ਦਿੱਤਾ ॥੧੩੧੬॥

ਸਵੈਯਾ ॥

ਸਵੈਯਾ:

ਲਾਗਿ ਗਈ ਬਿਕ੍ਰਤਾਨਨ ਕੇ ਉਰਿ ਚੀਰ ਕੈ ਤਾ ਤਨ ਪਾਰ ਭਈ ॥

(ਉਹ ਬਰਛੀ) ਬਿਕ੍ਰਤਾਨਨ ਦੀ ਛਾਤੀ ਵਿਚ ਜਾ ਲਗੀ ਅਤੇ ਉਸ ਦੇ ਸ਼ਰੀਰ ਨੂੰ ਚੀਰ ਕੇ ਪਾਰ ਹੋ ਗਈ।

ਜਿਹ ਊਪਰਿ ਕੰਚਨ ਕੀ ਸਬ ਆਕ੍ਰਿਤ ਹੈ ਸਬ ਹੀ ਸੋਊ ਲੋਹ ਮਈ ॥

ਜਿਸ ਉਪਰ ਸੋਨੇ ਦੀ ਸਾਰੀ ਸਜਾਵਟ ਹੈ ਅਤੇ ਸਾਰੀ ਲੋਹਮਈ ਹੈ।

ਲਸਕੈ ਉਰਿ ਰਾਕਸ ਕੇ ਮਧ ਯੌ ਉਪਮਾ ਤਿਹ ਕੀ ਕਬਿ ਭਾਖ ਦਈ ॥

ਰਾਖਸ਼ ਦੀ ਛਾਤੀ ਵਿਚ (ਲਗੀ ਹੋਈ) ਇੰਜ ਲਿਸ਼ਕ ਰਹੀ ਹੈ, ਉਸ ਦੀ ਉਪਮਾ ਕਵੀ ਨੇ ਇਸ ਤਰ੍ਹਾਂ ਕਹੀ ਹੈ,

ਮਨੋ ਰਾਹੁ ਬਿਚਾਰ ਕੈ ਪੂਰਬ ਬੈਰ ਕੋ ਸੂਰਜ ਕੀ ਕਰਿ ਲੀਲ ਲਈ ॥੧੩੧੭॥

ਮਾਨੋ ਰਾਹੂ ਨੇ ਪੂਰਬਲਾ ਵੈਰ ਵਿਚਾਰ ਕੇ, ਸੂਰਜ ਦੀ ਕਿਰਨ ਨੂੰ ਨਿਗਲ ਲਿਆ ਹੋਵੇ ॥੧੩੧੭॥

ਦੋਹਰਾ ॥

ਦੋਹਰਾ:

ਉਤ ਬਰਛੀ ਕੇ ਲਗਤ ਹੀ ਪ੍ਰਾਨ ਤਜੇ ਬਲਵਾਨ ॥

ਛਾਤੀ ਵਿਚ ਬਰਛੀ ਦੇ ਲਗਦਿਆਂ ਹੀ ਸੂਰਵੀਰ (ਦੈਂਤ) ਨੇ ਪ੍ਰਾਣ ਤਿਆਗ ਦਿੱਤੇ ਹਨ।

ਸਬ ਦੈਤਨ ਕੋ ਮਨ ਡਰਿਓ ਹਾ ਹਾ ਕੀਓ ਬਖਾਨ ॥੧੩੧੮॥

ਸਾਰਿਆਂ ਦੈਂਤਾਂ ਦੇ ਮਨ ਡਰ ਗਏ ਹਨ ਅਤੇ ਹਾਇ ਹਾਇ ਕਰ ਕੇ ਬੋਲਣ ਲਗ ਗਏ ਹਨ ॥੧੩੧੮॥

ਬਿਕ੍ਰਤਾਨਨ ਜਬ ਮਾਰਿਓ ਸਕਤਿ ਸਿੰਘ ਰਨਧੀਰਿ ॥

ਬਿਕ੍ਰਤਾਨਨ ਨੂੰ ਜਦ ਬਲਵਾਨ ਸ਼ਕਤਿ ਸਿੰਘ ਨੇ ਮਾਰ ਦਿੱਤਾ।

ਸੋ ਕੁਰੂਪ ਅਵਿਲੋਕ ਕੈ ਸਹਿ ਨ ਸਕਿਓ ਦੁਖੁ ਬੀਰ ॥੧੩੧੯॥

(ਤਾਂ) ਉਸ ਨੂੰ (ਮਰਦਾ) ਵੇਖ ਕੇ (ਉਸ ਦਾ) ਭਰਾ (ਕੁਰੂਪ) ਦੁਖ ਨਾ ਸਹਿ ਸਕਿਆ ॥੧੩੧੯॥

ਸਵੈਯਾ ॥

ਸਵੈਯਾ: