(ਕਵੀ) ਸ਼ਿਆਮ ਕਹਿੰਦੇ ਹਨ, ਅਮਿਟ ਸਿੰਘ ਦੇ ਸਾਹਮਣੇ ਯੁੱਧ-ਭੂਮੀ ਵਿਚ ਕੋਈ ਵੀ ਠਹਿਰ ਨਾ ਸਕਿਆ।
ਜੋ ਬਲਵਾਨ ਅਖਵਾਉਂਦੇ ਹਨ ਅਤੇ ਜੋ ਸ਼ਸਤ੍ਰ ਸਜਾ ਕੇ ਬਹੁਤ ਵਾਰ ਯੁੱਧ-ਭੂਮੀ ਵਿਚ ਲੜੇ ਹਨ।
ਉਹ ਇਸ ਤਰ੍ਹਾਂ ਭਜ ਚਲੇ ਹਨ ਜਿਵੇਂ ਪੌਣ ਦੇ ਚਲਣ ਨਾਲ ਦਰਖਤਾਂ ਦੇ ਪੱਤੇ ਉਡਦੇ ਹਨ ॥੧੨੩੫॥
ਕਿਤਨੇ ਹੀ (ਯਾਦਵ ਸੂਰਮੇ) ਯੁੱਧ ਵਿਚ ਡਟੇ ਹੋਏ ਹਨ ਅਤੇ ਕਿਤਨੇ ਹੀ ਭਜ ਕੇ ਕ੍ਰਿਸ਼ਨ ਕੋਲ ਆ ਕੇ ਪੁਕਾਰਦੇ ਹਨ।
ਬਹੁਤ ਸਾਰੇ ਸੂਰਮੇ, ਜਿਨ੍ਹਾਂ ਨੂੰ ਗਿਣਿਆ ਨਹੀਂ ਜਾ ਸਕਦਾ, ਬਲਵਾਨ ਅਮਿਟ ਸਿੰਘ ਨੇ ਕ੍ਰੋਧ ਨਾਲ ਨਸ਼ਟ ਕਰ ਦਿੱਤੇ ਹਨ।
ਘੋੜੇ ਮਰ ਗਏ ਹਨ, ਹਾਥੀ ਡਿਗ ਪਏ ਹਨ ਅਤੇ ਕਿਤੇ ਰਥ ਨੂੰ ਕਟ ਕੇ ਭੂਮੀ ਉਤੇ ਸੁਟਿਆ ਪਿਆ ਹੈ।
ਹੇ ਕਰਤਾ, ਹਰਤਾ ਅਤੇ ਪ੍ਰਤਪਾਲਕ! ਤੁਹਾਡੇ ਮਨ ਵਿਚ ਕੀ ਆਉਂਦਾ ਹੈ (ਕਿ ਤੁਸੀਂ ਸੈਨਾ ਦਾ ਨਾਸ਼ ਵੇਖ ਰਹੇ ਹੋ) ॥੧੨੩੬॥
ਦੋਹਰਾ:
ਰਣ-ਭੂਮੀ ਵਿਚੋਂ ਦੁਖੀ ਹੋ ਕੇ ਆਏ ਯੋਧਿਆਂ ਨੇ ਸ੍ਰੀ ਕ੍ਰਿਸ਼ਨ ਅਗੇ ਬੇਨਤੀ ਕੀਤੀ।
ਤਦ ਉਨ੍ਹਾਂ ਨੂੰ ਸ੍ਰੀ ਕ੍ਰਿਸ਼ਨ ਨੇ ਇਸ ਤਰ੍ਹਾਂ ਨਾਲ ਉੱਤਰ ਦਿੱਤਾ ॥੧੨੩੭॥
ਕਾਨ੍ਹ ਜੀ ਨੇ ਕਿਹਾ:
ਸਵੈਯਾ:
(ਇਸ ਨੇ) ਸਮੁੰਦਰ ਵਿਚ ਹਠ ਪੂਰਵਕ (ਖੜੇ ਹੋ ਕੇ) ਬਹੁਤ ਮਹੀਨਿਆਂ ਤਕ ਜਪ ਅਤੇ ਤਪ ਕੀਤਾ।
ਫਿਰ ਮਾਤਾ, ਪਿਤਾ ਅਤੇ ਭਰਾਵਾਂ ਨੂੰ ਛਡ ਕੇ ਬਨਬਾਸ ਲੈ ਲਿਆ।
ਉਸ ਤਪਸਿਆ ਤੋਂ ਪ੍ਰਸੰਨ ਹੋ ਕੇ ਸ਼ਿਵ ਨੇ ਇਸ ਨੂੰ ਕਿਹਾ, (ਵਰ) ਮੰਗ, (ਮੈਂ) ਤੈਨੂੰ ਬਹੁਤ ਮਹਾਨ ਵਰ ਦੇਣਾ ਚਾਹੁੰਦਾ ਹਾਂ।
(ਉਸ ਨੇ) ਮੁਖ ਤੋਂ ਇਹ ਵਰ ਮੰਗ ਲਿਆ, ਵਰ ਦਿਓ ਕਿ ਮੇਰੇ ਸਾਹਮਣੇ (ਯੁੱਧ ਵਿਚ) ਕੋਈ ਵੈਰੀ ਟਿਕ ਨਾ ਸਕੇ ॥੧੨੩੮॥
ਸ਼ੇਸ਼ਨਾਗ, ਇੰਦਰ, ਗਣੇਸ਼, ਚੰਦ੍ਰਮਾ ਅਤੇ ਸੂਰਜ ਤੋਂ ਵੀ (ਤੂੰ) ਮਾਰਿਆ ਨਹੀਂ ਜਾ ਸਕੇਂਗਾ।
ਉਸ ਨੇ ਸ਼ਿਵ ਤੋਂ (ਇਹ) ਮਹਾਨ ਵਰ ਪ੍ਰਾਪਤ ਕਰ ਕੇ ਵੈਰੀ ਰਾਜਿਆਂ ਦੇ ਝੁੰਡਾਂ ('ਬ੍ਰਿੰਦ') ਨੂੰ ਰਣ-ਭੂਮੀ ਵਿਚ ਮਾਰਿਆ ਸੀ।
ਸ੍ਰੀ ਕ੍ਰਿਸ਼ਨ ਨੇ ਉਸ ਵੇਲੇ (ਆਪਣੇ) ਸੂਰਮਿਆਂ ਨੂੰ ਮੁਖ ਤੋਂ ਇਸ ਤਰ੍ਹਾਂ ਕਹਿ ਸੁਣਾਇਆ।
ਮੈਂ ਯੁੱਧ ('ਸੰਗਰ') ਵਿਚ ਉਸ ਦੇ ਸਾਹਮਣੇ ਹੋ ਕੇ (ਉਸ ਦੇ) ਮਰਨ ਦੀ ਜੁਗਤ (ਉਸ ਕੋਲੋਂ) ਪੁਛ ਲਵਾਂ, ਇਹ (ਮੈਂ ਆਪਣੇ) ਮਨ ਵਿਚ ਧਾਰਿਆ ਹੈ ॥੧੨੩੯॥
ਦੋਹਰਾ:
ਜਦ ਸ੍ਰੀ ਕ੍ਰਿਸ਼ਨ ਨੇ ਇਸ ਤਰ੍ਹਾਂ ਕਿਹਾ ਤਦ ਬਲਰਾਮ ਨੇ ਸੁਣ ਲਿਆ।
ਕ੍ਰੋਧਿਤ ਹੋ ਕੇ ਕਹਿਣ ਲਗਾ ਕਿ ਇਸ ਨੂੰ ਹੁਣੇ ਹੀ ਮਾਰ ਦੇਵਾਂਗਾ ॥੧੨੪੦॥
ਸਵੈਯਾ:
ਬਲਰਾਮ ਨੇ ਕ੍ਰੋਧਿਤ ਹੋ ਕੇ ਸ੍ਰੀ ਕ੍ਰਿਸ਼ਨ ਨੂੰ ਇਸ ਤਰ੍ਹਾਂ ਕਿਹਾ, (ਜੇ) ਕਹੋ (ਤਾਂ ਉਸ ਨੂੰ) ਜਾ ਕੇ ਮਾਰ ਦਿਆਂ।
ਜੇ ਸ਼ਿਵ ਆ ਕੇ (ਉਸ ਦੀ) ਸਹਾਇਤਾ ਕਰੇ, (ਤਾਂ) ਸ਼ਿਵ ਨੂੰ ਵੀ ਉਸ ਦੇ ਨਾਲ ਹੀ ਮਾਰ ਦਿਆਂਗਾ।
ਹੇ ਕ੍ਰਿਸ਼ਨ ਜੀ! ਤੁਹਾਡੇ ਨਾਲ ਸੱਚੀ ਗੱਲ ਕਰਦਾ ਹਾਂ, ਮੈਂ ਅਮਿਟ ਸਿੰਘ ਨੂੰ ਮਾਰਾਂਗਾ, (ਆਪਣਾ) ਬਲ ਨਹੀਂ ਹਾਰਾਂਗਾ।
(ਤੁਸੀਂ) ਪੌਣ ਰੂਪ ਹੋ ਕੇ ਸਹਾਇਤਾ ਕਰੋ, (ਮੈਂ) ਅਗ (ਦਾ ਰੂਪ ਹੋ ਕੇ) ਵੈਰੀ ਰੂਪ ਜੰਗਲ ਨੂੰ ਸਾੜ ਦਿਆਂਗਾ ॥੧੨੪੧॥
ਕ੍ਰਿਸ਼ਨ ਨੇ ਬਲਰਾਮ ਪ੍ਰਤਿ ਕਿਹਾ:
ਦੋਹਰਾ:
ਜਦ ਤੇਰੇ ਨਾਲ ਉਸ (ਅਮਿਟ ਸਿੰਘ) ਨੇ ਯੁੱਧ ਕੀਤਾ ਸੀ, (ਉਦੋਂ ਤੂੰ) ਪੈਰ ਗਡ ਕੇ ਕਿਉਂ ਨਹੀਂ ਲੜਿਆ ਸੀ।
ਹੁਣ ਮੇਰੇ ਅਗੇ ਕ੍ਰੋਧ ਨਾਲ ਹੰਕਾਰ ਦੀਆਂ ਗੱਲਾਂ ਕਰਦਾ ਹੈਂ ॥੧੨੪੨॥
ਸਵੈਯਾ:
ਸਾਰੇ ਯਾਦਵ (ਸੂਰਮੇ) ਭਜ ਗਏ ਹਨ, (ਬਸ ਕੇਵਲ ਤੂੰ) ਹੰਕਾਰੀਆਂ ਵਾਂਗ ਬੋਲ ਰਿਹਾ ਹੈਂ।
'ਅਜ ਵੈਰੀ ਨੂੰ ਰਣ ਵਿਚ ਮਾਰ ਦਿਆਂਗਾ', ਹੁਣ (ਤੂੰ) ਮਤਵਾਲਿਆਂ ਵਾਂਗ ਕਿਸ ਲਈ (ਇਹ) ਕਹਿ ਰਿਹਾ ਹੈ।
ਉਸ ਜੰਗਲ ਦੀ ਅੱਗ ਨੂੰ ਛੋਹਣ ਨਾਲ ਤੁਰਤ ਕੱਖਾਂ ਦੀ ਪੰਡ ਵਾਂਗ ਸੜ ਜਾਓਗੇ।
ਸ੍ਰੀ ਕ੍ਰਿਸ਼ਨ ਨੇ ਕਿਹਾ ਕਿ ਉਹ ਤਾਂ ਸ਼ੇਰ ਹੈ, ਤੁਸੀਂ ਉਸ ਤੋਂ ਬਲਵਾਨ ਹਾਥੀ ਵਾਂਗ ਭਜ ਜਾਓਗੇ ॥੧੨੪੩॥
ਦੋਹਰਾ:
(ਜਿਸ ਵੇਲੇ) ਕ੍ਰਿਸ਼ਨ ਨੇ ਬਲਰਾਮ ਨੂੰ ਇਸ ਢੰਗ ਨਾਲ (ਗੱਲ) ਕਹਿ ਕੇ ਸੁਣਾਈ।
(ਉਸ ਵੇਲੇ) ਹੌਲੀ ਜਿਹੇ ਬੋਲ ਕੇ ਬਲਰਾਮ ਨੇ ਕਿਹਾ, ਜਿਵੇਂ ਪ੍ਰਭੂ ਨੂੰ ਚੰਗੀ ਲਗੇ, ਉਸੇ ਤਰ੍ਹਾਂ ਕਰੋ ॥੧੨੪੪॥
ਸਵੈਯਾ:
ਇਸ ਤਰ੍ਹਾਂ ਬਲਰਾਮ ਨੂੰ ਕਿਹਾ ਅਤੇ ਕ੍ਰਿਸ਼ਨ (ਆਪ) ਹਥਿਆਰ ਸੰਭਾਲ ਕੇ ਅਤੇ ਕ੍ਰੋਧਵਾਨ ਹੋ ਕੇ ਚਲ ਪਿਆ।
ਅਤੇ ਸ਼ੇਰ ਵਾਂਗ ਸ੍ਰੀ ਕ੍ਰਿਸ਼ਨ ਨੇ ਭਬਕ ਮਾਰੀ ਕਿ ਕਾਇਰ ਵਾਂਗ ਕਿਥੇ ਭਜੀ ਜਾਂਦਾ ਹੈਂ, ਖੜੋ ਜਾ।
ਉਸ (ਅਮਿਟ ਸਿੰਘ) ਨੇ ਅਨੇਕ ਬਾਣ ਚਲਾਏ, ਸ੍ਰੀ ਕ੍ਰਿਸ਼ਨ ਨੇ ਕ੍ਰੋਧ ਕਰ ਕੇ ਬਾਣਾਂ ਨੂੰ ਬਾਣਾਂ ਨਾਲ ਸੁਟ ਲਿਆ।
(ਫਿਰ ਸ੍ਰੀ ਕ੍ਰਿਸ਼ਨ ਨੇ) ਆਪਣੇ ਹੱਥ ਵਿਚ ਧਨੁਸ਼ ਖਿਚ ਕੇ ਬਹੁਤ ਸਾਰੇ ਬਾਣ ਵੈਰੀ ਨੂੰ ਮਾਰੇ ॥੧੨੪੫॥
ਦੋਹਰਾ:
ਬਹੁਤ ਸਾਰੇ ਬਾਣ ਚਲਾ ਕੇ ਫਿਰ ਸ੍ਰੀ ਕ੍ਰਿਸ਼ਨ ਬੋਲੇ,
ਹੇ ਅਮਿਟ ਸਿੰਘ! (ਤੂੰ) ਮਿਟ ਜਾਏਂਗਾ, ਤੇਰਾ ਅਭਿਮਾਨ ਝੂਠਾ ਹੈ ॥੧੨੪੬॥