ਸ਼੍ਰੀ ਦਸਮ ਗ੍ਰੰਥ

ਅੰਗ - 884


ਭਾਤਿ ਭਾਤਿ ਪਕਵਾਨ ਪਕਾਯੋ ॥

ਅਤੇ ਭਾਂਤ ਭਾਂਤ ਦੇ ਪਕਵਾਨ ਪਕਵਾਏ।

ਤਾ ਮੈ ਜਹਰ ਘੋਰਿ ਕੈ ਡਾਰਿਯੋ ॥

ਉਸ ਵਿਚ ਜ਼ਹਿਰ ਘੋਲ ਕੇ ਪਾ ਦਿੱਤੀ

ਰਾਜਾ ਜੂ ਕੋ ਮਾਰ ਹੀ ਡਾਰਿਯੋ ॥੫॥

ਅਤੇ ਇਸ ਤਰ੍ਹਾਂ ਰਾਜੇ ਨੂੰ ਮਾਰ ਹੀ ਦਿੱਤਾ ॥੫॥

ਜਬ ਰਾਜਾ ਜੂ ਮ੍ਰਿਤ ਬਸਿ ਭਏ ॥

ਜਦੋਂ ਰਾਜਾ (ਅਤੇ ਹੋਰ) ਮਰ ਗਏ,

ਤਬ ਹੀ ਪਕਰ ਰਸੋਯਾ ਲਏ ॥

ਤਦੋਂ ਹੀ ਰਸੋਈਏ ਨੂੰ ਪਕੜ ਲਿਆ।

ਵਾਹੈ ਤਾਮ ਲੈ ਤਾਹਿ ਖੁਆਰਿਯੋ ॥

ਉਹੀ ਭੋਜਨ ('ਤਾਮ') ਲੈ ਕੇ ਉਸ ਨੂੰ ਖੁਆਇਆ

ਤਾਹੂ ਕੌ ਤਬ ਹੀ ਹਨਿ ਡਾਰਿਯੋ ॥੬॥

ਅਤੇ ਉਸ ਨੂੰ ਉਥੇ ਹੀ ਮਾਰ ਦਿੱਤਾ ॥੬॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਅਠਾਵਨੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੫੮॥੧੦੭੭॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ-ਭੂਪ ਸੰਵਾਦ ਦੇ ੫੮ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੫੮॥੧੦੭੭॥ ਚਲਦਾ॥

ਚੌਪਈ ॥

ਚੌਪਈ:

ਸਹਰ ਨਿਕੋਦਰ ਬਨਯੋ ਰਹੈ ॥

ਨਕੋਦਰ ਸ਼ਹਿਰ ਵਿਚ ਇਕ ਬਨੀਆ ਰਹਿੰਦਾ ਸੀ।

ਦ੍ਵੈ ਇਸਤ੍ਰੀ ਜਗ ਤਾ ਕੇ ਕਹੈ ॥

ਸਭ ਲੋਕ ਉਸ ਦੇ ਘਰ ਦੋ ਇਸਤਰੀਆਂ ਕਹਿੰਦੇ ਸਨ।

ਲਾਡਮ ਕੁਅਰਿ ਸੁਹਾਗਮ ਦੇਈ ॥

(ਇਕ ਦਾ ਨਾਂ) ਲਾਡਮ ਕੁਅਰਿ ਸੀ (ਅਤੇ ਦੂਜੀ ਦਾ ਨਾਂ) ਸੁਹਾਗਮ ਦੇਈ ਸੀ।

ਜਿਨ ਤੇ ਬਹੁ ਸਿਛ੍ਯਾ ਤ੍ਰਿਯ ਲੇਈ ॥੧॥

ਉਨ੍ਹਾਂ ਤੋਂ ਬਹੁਤ ਇਸਤਰੀਆਂ ਸਿਖਿਆ ਲੈਂਦੀਆਂ ਸਨ ॥੧॥

ਬਨਯੋ ਅਨਤ ਦੇਸ ਕਹ ਗਯੋ ॥

(ਉਹ) ਬਨੀਆ ਕਿਸੇ ਹੋਰ ਦੇਸ਼ ਨੂੰ ਗਿਆ

ਅਧਿਕ ਸੋਕ ਦੁਹੂੰਅਨ ਕੋ ਭਯੋ ॥

ਅਤੇ ਉਨ੍ਹਾਂ ਦੋਹਾਂ ਨੂੰ (ਵਿਯੋਗ ਦਾ) ਬਹੁਤ ਦੁਖ ਹੋਇਆ।

ਬਹੁਤ ਕਾਲ ਪਰਦੇਸ ਬਿਤਾਯੋ ॥

(ਉਸ ਨੇ) ਪਰਦੇਸ ਵਿਚ ਬਹੁਤ ਸਮਾ ਗੁਜ਼ਾਰਿਆ

ਖਾਟਿ ਕਮਾਇ ਦੇਸ ਕਹ ਆਯੋ ॥੨॥

ਅਤੇ ਖਟ ਕਮਾ ਕੇ ਦੇਸ ਨੂੰ ਪਰਤਿਆ ॥੨॥

ਕਿਤਕ ਦਿਨਨ ਬਨਿਯਾ ਘਰ ਆਯੋ ॥

ਕਿਤਨਿਆਂ ਦਿਨਾਂ ਤੋਂ ਬਾਦ ਬਨੀਆ ਘਰ ਆਇਆ ਸੀ।

ਦੁਹੂੰ ਤ੍ਰਿਯਨ ਪਕਵਾਨ ਪਕਾਯੋ ॥

ਦੋਹਾਂ ਇਸਤਰੀਆਂ ਨੇ ਪਕਵਾਨ ਪਕਾਏ।

ਵਹੁ ਜਾਨੈ ਮੇਰੇ ਘਰ ਐਹੈ ॥

ਉਹ (ਇਕ) ਸੋਚਦੀ ਮੇਰੇ ਘਰ ਆਵੇਗਾ

ਵਹ ਜਾਨੈ ਮੇਰੇ ਹੀ ਜੈਹੈ ॥੩॥

ਅਤੇ ਉਹ (ਦੂਜੀ) ਸੋਚਦੀ ਕਿ ਮੇਰੇ ਘਰ ਖਾਣਾ ਖਾਵੇਗਾ ॥੩॥

ਏਕ ਗਾਵ ਬਨਿਯਾ ਰਹਿ ਗਯੋ ॥

(ਰਸਤੇ ਵਿਚ) ਬਨੀਆ ਇਕ ਪਿੰਡ ਵਿਚ ਟਿਕ ਗਿਆ।

ਆਵਤ ਚੋਰ ਤ੍ਰਿਯਨ ਕੇ ਭਯੋ ॥

ਉਧਰ ਇਸਤਰੀਆਂ ਨੂੰ ਚੋਰ ਆ ਪਿਆ।

ਜਾਗਤ ਹੇਰਿ ਤ੍ਰਿਯਹਿ ਨਹਿ ਆਯੋ ॥

ਉਸ ਨੇ (ਇਕ) ਇਸਤਰੀ ਨੂੰ ਜਾਗਦਿਆਂ ਵੇਖ ਕੇ (ਉਸ ਦੇ ਘਰ) ਨਾ ਆਇਆ

ਦੁਤਿਯ ਤ੍ਰਿਯਾ ਕੇ ਘਰ ਕੌ ਧਾਯੋ ॥੪॥

ਅਤੇ ਦੂਜੀ ਇਸਤਰੀ ਦੇ ਘਰ ਵਲ ਚਲਾ ਗਿਆ ॥੪॥

ਤ੍ਰਿਯ ਜਾਨ੍ਯੋ ਮੇਰੇ ਪਤਿ ਆਏ ॥

ਉਸ ਇਸਤਰੀ ਨੇ ਸਮਝਿਆ ਕਿ ਮੇਰਾ ਪਤੀ ਆਇਆ ਹੈ

ਮਮ ਘਰ ਤੇ ਹਟਿ ਯਾ ਕੇ ਧਾਏ ॥

ਅਤੇ ਮੇਰੇ ਘਰ ਤੋਂ ਹਟ ਕੇ ਉਸ ਦੇ ਘਰ ਵਲ ਗਿਆ ਹੈ।

ਦੋਊ ਚਲੀ ਹਮ ਪਤਿਹਿ ਹਟੈ ਹੈ ॥

ਦੋਵੇਂ ਚਲ ਪਈਆਂ ਕਿ ਅਸੀਂ ਪਤੀ ਨੂੰ (ਦੂਜੀ ਦੇ ਘਰ ਵਲ ਜਾਣ ਤੋਂ) ਰੋਕੀਏ

ਮੋਰਿ ਆਪਨੇ ਧਾਮ ਲਯੈ ਹੈ ॥੫॥

ਅਤੇ ਮੋੜ ਕੇ ਆਪਣੇ ਘਰ ਵਲ ਲੈ ਆਈਏ ॥੫॥

ਦੋਹਰਾ ॥

ਦੋਹਰਾ:

ਦੋਊ ਤ੍ਰਿਯ ਧਾਵਤ ਭਈ ਅਧਿਕ ਕੋਪ ਮਨ ਕੀਨ ॥

ਦੋਵੇਂ ਇਸਤਰੀਆਂ ਬਹੁਤ ਕ੍ਰੋਧ ਕਰ ਕੇ ਚਲ ਪਈਆਂ

ਤਸਕਰ ਕੋ ਪਤਿ ਜਾਨਿ ਕੈ ਦੁਹੂ ਤ੍ਰਿਯਨ ਗਹਿ ਲੀਨ ॥੬॥

ਅਤੇ ਚੋਰ ਨੂੰ ਪਤੀ ਸਮਝ ਕੇ ਦੋਹਾਂ ਨੇ ਪਕੜ ਲਿਆ ॥੬॥

ਤਸਕਰ ਕੋ ਪਤਿ ਭਾਵ ਤੇ ਦੇਖਿਯੋ ਦਿਯਾ ਜਰਾਇ ॥

(ਉਨ੍ਹਾਂ ਇਸਤਰੀਆਂ ਨੇ) ਦੀਵਾ ਜਗਾ ਕੇ ਚੋਰ ਨੂੰ ਪਤੀ ਭਾਵ ਨਾਲ ਵੇਖਿਆ,

ਚੋਰ ਜਾਨਿ ਕੁਟਵਾਰ ਕੇ ਦੀਨੋ ਧਾਮ ਪਠਾਇ ॥੭॥

(ਪਰ) ਚੋਰ ਸਮਝ ਕੇ ਕੋਤਵਾਲ ਦੇ ਘਰ (ਭਾਵ ਬੰਦੀਖਾਨੇ) ਭੇਜ ਦਿੱਤਾ ॥੭॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਉਨਸਠਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੫੯॥੧੦੮੪॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ-ਭੂਪ ਸੰਵਾਦ ਦੇ ੫੯ਵੇਂ ਚਰਿਤ੍ਰ ਸਦੀ ਸਮਾਪਤੀ, ਸਭ ਸ਼ੁਭ ਹੈ ॥੫੯॥੧੦੮੪॥ ਚਲਦਾ॥

ਦੋਹਰਾ ॥

ਦੋਹਰਾ:

ਰਾਜਾ ਰਨਥੰਭੌਰ ਕੋ ਜਾ ਕੋ ਪ੍ਰਬਲ ਪ੍ਰਤਾਪ ॥

ਰਨਥੰਭੌਰ ਦਾ ਬੜੇ ਪ੍ਰਤਾਪ ਵਾਲਾ ਰਾਜਾ ਸੀ

ਰਾਵ ਰੰਕ ਜਾ ਕੋ ਸਦਾ ਨਿਸ ਦਿਨ ਜਾਪਹਿ ਜਾਪ ॥੧॥

ਜਿਸ ਦਾ ਅਮੀਰ ਗ਼ਰੀਬ ਰਾਤ ਦਿਨ ਜਾਪ ਜਪਦੇ ਰਹਿੰਦੇ ਸਨ ॥੧॥

ਰੰਗ ਰਾਇ ਤਾ ਕੀ ਤ੍ਰਿਯਾ ਅਤਿ ਜੋਬਨ ਤਿਹ ਅੰਗ ॥

ਰੰਗ ਰਾਇ ਉਸ ਦੀ ਪਤਨੀ ਸੀ ਜੋ ਬਹੁਤ ਜੋਬਨਵਤੀ ਸੀ।

ਰਾਜਾ ਕੌ ਪ੍ਯਾਰੀ ਰਹੈ ਜਿਹ ਲਖਿ ਲਜੈ ਅਨੰਗ ॥੨॥

ਉਹ ਰਾਜੇ ਨੂੰ ਪਿਆਰੀ ਸੀ। ਉਸ ਨੂੰ ਵੇਖ ਕੇ ਕਾਮ ਦੇਵ ਵੀ ਲਜਾਉਂਦਾ ਸੀ ॥੨॥

ਏਕ ਦਿਵਸ ਤਿਹ ਰਾਵ ਨੈ ਸੁਭ ਉਪਬਨ ਮੈ ਜਾਇ ॥

ਇਕ ਸ਼ੁਭ ਦਿਨ ਰਾਜੇ ਨੇ ਬਾਗ਼ ਵਿਚ ਜਾ ਕੇ

ਰੰਗ ਰਾਇ ਸੁਤ ਮਾਨਿ ਕੈ ਲੀਨੀ ਕੰਠ ਲਗਾਇ ॥੩॥

ਰੰਗ ਰਾਇ ਨੂੰ ਸੁਤੀ ਹੋਈ ਸਮਝ ਕੇ ਗਲੇ ਨਾਲ ਲਗਾ ਲਿਆ ॥੩॥

ਰੰਗ ਰਾਇ ਸੌ ਰਾਇ ਤਬ ਐਸੇ ਕਹੀ ਬਨਾਇ ॥

ਰਾਜੇ ਨੇ ਰੰਗ ਰਾਇ ਨੂੰ ਤਦ ਇਸ ਤਰ੍ਹਾਂ ਕਿਹਾ

ਜ੍ਯੋ ਇਸਤ੍ਰੀ ਦ੍ਵੈ ਮੈ ਗਹੀ ਤੋਹਿ ਨ ਨਰ ਗਹਿ ਜਾਇ ॥੪॥

ਕਿ ਜਿਸ ਤਰ੍ਹਾਂ ਮੈਂ ਦੋ ਇਸਤਰੀਆਂ ਨੂੰ ਵਸ ਵਿਚ ਕੀਤਾ ਹੋਇਆ ਹੈ, (ਉਸ ਤਰ੍ਹਾਂ) ਤੂੰ (ਦੋ) ਮਰਦਾਂ ਨੂੰ ਵਸ ਵਿਚ ਨਹੀਂ ਕਰ ਸਕਦੀ ॥੪॥

ਚੌਪਈ ॥

ਚੌਪਈ:

ਕੇਤਕ ਦਿਵਸ ਬੀਤ ਜਬ ਗਏ ॥

ਜਦ ਕੁਝ ਸਮਾਂ ਬੀਤ ਗਿਆ

ਰੰਗ ਰਾਇ ਸਿਮਰਨ ਬਚ ਭਏ ॥

ਤਾਂ ਰੰਗ ਰਾਇ ਨੂੰ (ਰਾਜੇ ਦਾ) ਬੋਲ ਯਾਦ ਆ ਗਿਆ।

ਏਕ ਪੁਰਖ ਸੌ ਨੇਹ ਲਗਾਯੋ ॥

(ਉਸ ਨੇ) ਦਾੜ੍ਹੀ ਮੁੱਛਾਂ ਤੋਂ ਬਿਨਾ

ਬਿਨਾ ਸਮਸ ਜਾ ਕੌ ਲਖਿ ਪਾਯੋ ॥੫॥

ਇਕ ਪੁਰਸ਼ ਨੂੰ ਵੇਖ ਕੇ ਉਸ ਨਾਲ ਪ੍ਰੇਮ ਲਗਾ ਲਿਆ ॥੫॥

ਨਾਰੀ ਕੋ ਤਿਹ ਭੇਸ ਬਨਾਯੋ ॥

ਉਸ ਦਾ ਨਾਰੀ ਵਰਗਾ ਭੇਸ ਬਣਾਇਆ

ਰਾਜਾ ਸੌ ਇਹ ਭਾਤਿ ਜਤਾਯੋ ॥

ਅਤੇ ਰਾਜੇ ਨੂੰ ਇਸ ਤਰ੍ਹਾਂ ਕਿਹਾ

ਗ੍ਰਿਹ ਤੇ ਬਹਿਨਿ ਹਮਾਰੀ ਆਈ ॥

ਕਿ ਘਰੋਂ ਮੇਰੀ ਭੈਣ ਆਈ ਹੈ,

ਹਮ ਤੁਮ ਚਲਿ ਤਿਹ ਕਰੈ ਬਡਾਈ ॥੬॥

ਮੈਂ ਤੇ ਤੁਸੀਂ ਚਲ ਕੇ ਉਸ ਦੀ ਵਡਿਆਈ ਕਰੀਏ ॥੬॥

ਦੋਹਰਾ ॥

ਦੋਹਰਾ:

ਟਰਿ ਆਗੇ ਤਿਹ ਲੀਜਿਐ ਬਹੁ ਕੀਜੈ ਸਨਮਾਨ ॥

ਉਸ ਨੂੰ ਅਗੇ ਜਾ ਕੇ ਮਿਲੀਏ ਅਤੇ ਉਸ ਦਾ ਬਹੁਤ ਸਨਮਾਨ ਕਰੀਏ।

ਮੋਰੇ ਢਿਗ ਬੈਠਾਰਿਯੈ ਅਮਿਤ ਦਰਬੁ ਦੈ ਦਾਨ ॥੭॥

ਉਸ ਨੂੰ ਮੇਰੇ ਕੋਲ ਬਿਠਾ ਕੇ ਬਹੁਤ ਸਾਰਾ ਧਨ ਦਾਨ ਦਿਓ ॥੭॥

ਤਿਹ ਨ੍ਰਿਪ ਟਰਿ ਆਗੈ ਲਿਯੋ ਬੈਠਾਰਿਯੋ ਤ੍ਰਿਯ ਤੀਰ ॥

ਰਾਜੇ ਨੇ ਅਗੇ ਹੋ (ਉਸ ਦਾ) ਸਵਾਗਤ ਕੀਤਾ ਅਤੇ (ਆਪਣੀ) ਇਸਤਰੀ ਦੇ ਕੋਲ ਬਿਠਾ ਦਿੱਤਾ।

ਅਤਿ ਧਨੁ ਦੈ ਆਦਰੁ ਕਰਿਯੋ ਭਏ ਤ੍ਰਿਯਨ ਕੀ ਭੀਰ ॥੮॥

ਬਹੁਤ ਸਾਰਾ ਧਨ ਦੇ ਕੇ ਉਸ ਦਾ ਆਦਰ ਕੀਤਾ ਅਤੇ ਉਥੇ (ਮਿਲਣ ਵਾਲੀਆਂ) ਇਸਤਰੀਆਂ ਦੀ ਭੀੜ ਲਗ ਗਈ ॥੮॥

ਜਬ ਰਾਜਾ ਢਿਗ ਬੈਠ੍ਯੋ ਤਬ ਦੁਹੂੰਅਨ ਲਪਟਾਇ ॥

ਜਦ ਰਾਜਾ ਕੋਲ ਬੈਠ ਗਿਆ ਤਾਂ ਦੋਵੇਂ (ਇਸਤਰੀਆਂ) ਲਿਪਟ ਗਈਆਂ

ਕੂਕਿ ਕੂਕਿ ਰੋਵਤ ਭਈ ਅਧਿਕ ਸਨੇਹ ਬਢਾਇ ॥੯॥

ਅਤੇ ਅਧਿਕ ਸਨੇਹ ਵਧਾ ਕੇ ਕੂਕਦੀਆਂ ਹੋਈਆਂ ਰੋਣ ਲਗ ਗਈਆਂ ॥੯॥

ਰੰਗ ਰਾਇ ਤਿਹ ਪੁਰਖ ਕੋ ਤ੍ਰਿਯ ਕੋ ਭੇਸ ਸੁਧਾਰਿ ॥

ਰੰਗ ਰਾਇ ਨੇ ਉਸ ਪੁਰਸ਼ ਦਾ ਚੰਗੀ ਤਰ੍ਹਾਂ ਇਸਤਰੀ ਵਾਲਾ ਭੇਸ ਬਣਾ ਦਿੱਤਾ।

ਦਛਿਨੰਗ ਰਾਜਾ ਲਯੋ ਬਾਮੈ ਅੰਗ ਸੁ ਯਾਰ ॥੧੦॥

ਸਜੇ ਪਾਸੇ ਰਾਜੇ ਨੂੰ ਅਤੇ ਖਬੇ ਪਾਸੇ ਯਾਰ ਨੂੰ ਬਿਠਾਇਆ ॥੧੦॥

ਯਹ ਭਗਨੀ ਤੋ ਪ੍ਰਾਨ ਪਤਿ ਯਾ ਤੇ ਪ੍ਰੀਤਮ ਕੌਨ ॥

ਇਹ ਮੇਰੀ ਭੈਣ ਹੈ ਅਤੇ ਤੁਸੀਂ ਪ੍ਰਾਣ-ਪਤੀ ਹੋ। ਇਸ ਤੋਂ ਵਧ ਮੈਨੂੰ ਪਿਆਰਾ ਕੌਣ ਹੈ?

ਦਿਨ ਦੇਖਤ ਤ੍ਰਿਯ ਛਲਿ ਗਈ ਜਿਹ ਲਖਿ ਭਜਿਯੈ ਮੌਨ ॥੧੧॥

ਦਿਨ ਨੂੰ ਵੇਖਦਿਆਂ ਵੇਖਦਿਆਂ ਇਸਤਰੀ ਨੇ ਛਲ ਲਿਆ। ਇਸ ਨੂੰ ਵੇਖ ਕੇ ਚੁਪ ਰਹਿਣਾ ਹੀ ਉਚਿਤ ਹੈ ॥੧੧॥

ਅਤਿਭੁਤ ਗਤਿ ਬਨਿਤਾਨ ਕੀ ਜਿਨੈ ਨ ਪਾਵੈ ਕੋਇ ॥

ਇਸਤਰੀਆਂ ਦੀ ਸਥਿਤੀ ਬੜੀ ਅਸਚਰਜਮਈ ਹੈ, ਜਿਸ ਨੂੰ ਕੋਈ ਵੀ ਪਾ ਨਹੀਂ ਸਕਦਾ।

ਭੇਦ ਸੁਰਾਸੁਰ ਨ ਲਹੈ ਜੋ ਚਾਹੈ ਸੋ ਹੋਇ ॥੧੨॥

(ਇਨ੍ਹਾਂ ਦਾ) ਭੇਦ ਦੈਂਤ ਅਥਵਾ ਦੇਵਤਾ, ਕੋਈ ਵੀ ਨਹੀਂ ਪਾ ਸਕਦਾ। (ਉਹ) ਜੋ ਚਾਹੁੰਦੀਆਂ ਹਨ, ਉਹੀ ਹੁੰਦਾ ਹੈ ॥੧੨॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਸਾਠਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੬੦॥੧੦੯੬॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ-ਭੂਪ ਸੰਵਾਦ ਦੇ ੬੦ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੬੦॥੧੦੯੬॥ ਚਲਦਾ॥

ਚੌਪਈ ॥

ਚੌਪਈ:

ਬਨਿਯੋ ਗ੍ਵਾਰਿਏਰ ਕੇ ਮਾਹੀ ॥

ਗਵਾਲੀਅਰ ਵਿਚ ਇਕ ਬਨੀਆ (ਰਹਿੰਦਾ) ਸੀ।

ਘਰ ਧਨ ਬਹੁ ਖਰਚਤ ਕਛੁ ਨਾਹੀ ॥

(ਉਸ ਦੇ) ਘਰ ਬਹੁਤ ਧਨ ਸੀ, ਪਰ ਖਰਚਦਾ ਕੁਝ ਵੀ ਨਹੀਂ ਸੀ।

ਤਾ ਕੋ ਘਰ ਤਸਕਰ ਇਕ ਆਯੋ ॥

ਉਸ ਦੇ ਘਰ ਇਕ ਚੋਰ ਆ ਗਿਆ।

ਤਿਨ ਸਾਹੁਨਿ ਸੋ ਬਚਨ ਸੁਨਾਯੋ ॥੧॥

(ਤਦ) ਉਸ ਨੇ ਸ਼ਾਹਣੀ ਨੂੰ ਕਿਹਾ ॥੧॥


Flag Counter