ਮਾਤਾ (ਕੁਸ਼ਲਿਆ) ਕਹਿੰਦੀ ਹੈ-
ਕਬਿੱਤ
ਸਾਰੇ ਸੁੱਖ ਲੈ ਕੇ ਚਲੇ ਗਏ ਹਨ, ਵੱਡੇ ਦੁੱਖ ਦੇ ਗਏ ਹਨ, ਰਾਜਾ ਦਸ਼ਰਥ ਵੀ ਅੱਜ ਮਰ ਗਏ ਹਨ।
ਅਜੇ ਵੀ ਗੱਲ ਖ਼ਤਮ ਨਹੀਂ ਹੋਈ। ਮੇਰੀ ਗੱਲ ਮੰਨ ਲਵੋ ਅਤੇ ਰਾਜ ਕਰੋ, ਦੱਸੋ ਕਿਸ ਕੰਮ ਵਾਸਤੇ ਸਾਡੇ ਲਹੂ ਵਿੱਚ ਨਹਾਉਂਦੇ ਹੋ?
ਰਾਜਿਆਂ ਦਾ ਸਾਜ ਧਾਰੋ, ਸੰਤਾਂ ਵਾਲੇ ਕੰਮ ਕਰੋ। ਹੇ ਰਾਮ ਚੰਦਰ! ਦੱਸੋ, ਅੱਜ (ਬਣ ਨੂੰ) ਕਿਸ ਲਈ ਤੁਰੋ ਜਾਂਦੇ ਹੋ?
ਤਪਸਵੀਆਂ ਦਾ ਭੇਸ ਕੀਤਾ ਹੋਇਆ ਹੈ ਅਤੇ ਸੀਤਾ ਨੂੰ ਨਾਲ ਲਿਆ ਹੋਇਆ ਹੈ। ਹੇ ਬਨਵਾਸੀ (ਪੁੱਤਰ) ਮੈਨੂੰ ਉਦਾਸੀ ਦੇਈ ਜਾਂਦੇ ਹੋ ॥੨੬੫॥
(ਮੈਂ) ਕਾਲਾ ਕਾਲਾ ਵੇਸ ਕਰਕੇ, ਰਾਜਾ ਜੀ ਦਾ ਦੇਸ਼ ਛੱਡ ਕੇ ਤਪਸਵੀਆਂ ਦਾ ਭੇਸ ਧਾਰਨ ਕਰਕੇ, (ਤੁਹਾਡੇ) ਨਾਲ ਹੀ ਚਲਦੀ ਹਾਂ।
ਕੁਲ ਦੀ ਮਰਿਆਦਾ ਨੂੰ ਛੱਡਦੀ ਹਾਂ, ਰਾਜਸੀ ਸਾਜ ਤੋੜਦੀ ਹਾਂ (ਪਰ ਤੇਰੇ) ਨਾਲ ਜਾਣ ਤੋਂ ਮੂੰਹ ਨਹੀਂ ਮੋੜਾਂਗੀ। ਅਜਿਹਾ ਵਿਚਾਰ ਕਰਦੀ ਹਾਂ।
ਕੰਨਾਂ ਵਿੱਚ ਮੁੰਦਰਾਂ ਪਾ ਲਵਾਂਗੀ, ਸਾਰੇ ਮੂੰਹ ਉੱਤੇ ਸੁਆਹ ਮਲ ਲਵਾਂਗੀ, ਹੇ ਪੁੱਤਰ! ਹਠ ਤੋਂ ਨਹੀਂ ਹਾਰਾਂਗੀ, ਰਾਜ ਦੇ ਸਾਜ ਨੂੰ ਸਾੜਾਂਗੀ,
ਯੋਗੀਆਂ ਵਾਲਾ ਭੇਸ ਕਰਕੇ ਕੌਸ਼ਲ ਦੇਸ਼ ਦੇ ਕਲੇਸ਼ਾਂ ਨੂੰ ਛੱਡ ਕੇ ਰਾਜਾ ਰਾਮ ਚੰਦਰ ਜੀ ਦੇ ਨਾਲ ਬਣ ਨੂੰ ਜਾਵਾਂਗੀ ॥੨੬੬॥
ਅਪੂਰਬ ਛੰਦ
ਰਾਮ ਚੰਦਰ ਬਣ ਵਿੱਚ ਗਏ ਹਨ,
ਜਿਹੜੇ ਧਰਮ-ਕਰਮ ਦਾ ਘਰ ਹਨ,
ਲੱਛਮਣ ਨੂੰ ਨਾਲ ਲੈ ਗਏ
ਸੁੰਦਰ ਸੀਤਾ (ਵੀ ਨਾਲ ਲੈ ਗਏ) ਹਨ ॥੨੬੭॥
ਪਿਤਾ ਨੇ ਪ੍ਰਾਣ ਤਿਆਗ ਦਿੱਤੇ ਹਨ
(ਉਸ ਲਈ ਸੁਅਰਗ ਤੋਂ) ਬਿਮਾਨ ਉਤਰੇ ਹਨ।
(ਇਧਰ) ਅਨੇਕ ਮੰਤਰੀ ਬੈਠ ਕੇ
ਵਿਚਾਰ ਵਟਾਂਦਰਾ ਕਰ ਰਹੇ ਹਨ ॥੨੬੮॥
ਵਸ਼ਿਸ਼ਟ ਬੈਠੇ ਹਨ,
ਜੋ ਸਾਰਿਆਂ ਬ੍ਰਾਹਮਣਾਂ ਦੇ ਪੂਜਣ ਯੋਗ ਹਨ।
(ਭਰਤ ਨੂੰ) ਪੱਤਰ ਭੇਜਿਆ ਹੈ।
(ਜਿਸ ਲਈ) ਮਾਗਧ (ਦੂਤ) ਨੂੰ ਘਲਿਆ ਹੈ ॥੨੬੯॥
ਪ੍ਰਤਿਨਿਧ ਸਾਮੰਤਾਂ ਨੇ (ਬੈਠ ਕੇ)
ਤਜਵੀਜ਼ਾਂ ਕੀਤੀਆਂ
ਅਤੇ ਪੌਣ ਦੇ ਪੁੱਤਰ ਵਾਂਗ ਤੇਜ਼ ਚੱਲਣ ਵਾਲੇ
ਦੂਤ ਭੇਜ ਦਿੱਤੇ ॥੨੭੦॥
ਅੱਠ ਨਦੀਆਂ ਲੰਘ ਕੇ
ਸੁਜਾਨ ਦੂਤ ਚਲੇ ਗਏ।
ਅੱਗੇ ਭਰਤ ਜਿੱਥੇ (ਰਹਿੰਦਾ ਸੀ,
ਦੂਤ) ਉਥੇ ਜਾ ਕੇ ਪਹੁੰਚੇ ॥੨੭੧॥
(ਭਰਤ ਨੂੰ ਦੂਤ ਨੇ) ਸੁਨੇਹਾ ਦਿੱਤਾ
ਕਿ ਰਾਜਾ ਦਸ਼ਰਥ ਸੁਅਰਗ (ਉਰਧ) ਚਲੇ ਗਏ ਹਨ।
(ਭਰਤ ਨੇ) ਚੰਗੀ ਤਰ੍ਹਾਂ ਪੱਤਰ ਪੜ੍ਹ ਲਿਆ
ਅਤੇ (ਉਨ੍ਹਾਂ ਨਾਲ) ਲੱਗ ਕੇ ਤੁਰ ਪਿਆ ॥੨੭੨॥
(ਭਰਤ ਦੇ) ਜੀਅ ਵਿੱਚ ਕ੍ਰੋਧ ਜਾਗ ਪਿਆ,
ਧਰਮ ਦਾ ਭਰਮ ਮਿਟ ਗਿਆ,
ਕਸ਼ਮੀਰ ਨੂੰ ਛੱਡ ਦਿੱਤਾ
ਅਤੇ ਰਾਮ ਨਾਮ ਜਪਣ ਲੱਗ ਪਿਆ ॥੨੭੩॥
ਅਯੁੱਧਿਆ ਵਿੱਚ ਪਹੁੰਚ ਗਿਆ-
ਹਥਿਆਰ ਬੰਦ ਸੂਰਮਾ (ਭਰਤ)
ਆਉਧ ਦੇ ਰਾਜੇ (ਦਸ਼ਰਥ) ਨੂੰ ਵੇਖਿਆ-
ਮੁਰਦਾ ਰੂਪ ਵਿੱਚ ॥੨੭੪॥
ਕੈਕਈ ਪ੍ਰਤਿ ਭਰਤ ਨੇ ਕਿਹਾ-
(ਜਦੋਂ ਉਥੇ ਪਹੁੰਚ ਕੇ) ਬੇ-ਮਰਿਆਦਗੀ ਵੇਖੀ
ਤਾਂ ਸੁਪੁੱਤਰ (ਭਰਤ) ਨੇ ਕਿਹਾ-
ਹੇ ਮਾਤਾ! ਤੈਨੂੰ ਧ੍ਰਿਕਾਰ ਹੈ,
(ਤੂੰ) ਮੈਨੂੰ ਲਾਜ ਲਗਵਾਈ ਹੈ ॥੨੭੫॥