ਉਸ (ਦਾਸੀ) ਨੂੰ ਖਰਚਨ ਲਈ ਬਹੁਤ ਧਨ ਦਿੱਤਾ
ਅਤੇ ਤੁਰਤ ਵਿਦਾ ਕਰ ਕੇ ਭੇਜ ਦਿੱਤੀ ॥੧੮॥
ਦੋਹਰਾ:
ਬਹੁਤ ਧਨ ਲੈ ਕੇ (ਦਾਸੀ) ਵਿਦਾ ਹੋਈ ਅਤੇ ਉਸ ਕੁਮਾਰ ਦੇ ਘਰ ਗਈ।
(ਉਹ) ਅੱਠ ਮਹੀਨੇ ਉਥੇ ਲੁਕੀ ਰਹੀ ਅਤੇ ਕਿਸੇ ਦੂਜੀ ਇਸਤਰੀ ਨੇ (ਉਸ ਨੂੰ) ਨਾ ਵੇਖਿਆ ॥੧੯॥
ਚੌਪਈ:
ਜਦੋਂ ਨੌਵਾਂ ਮਹੀਨਾ ਚੜ੍ਹਿਆ,
ਤਾਂ ਉਸ (ਕੁਮਾਰ) ਨੂੰ ਨਾਰੀ ਦਾ ਭੇਸ ਕਰਾ ਦਿੱਤਾ।
(ਉਸ ਨੂੰ) ਲਿਆ ਕੇ ਰਾਣੀ ਨੂੰ ਵਿਖਾਇਆ।
ਸਭ (ਇਸਤਰੀਆਂ) ਵੇਖ ਕੇ ਮਨ ਵਿਚ ਪ੍ਰਸੰਨ ਹੋਈਆਂ ॥੨੦॥
(ਦਾਸੀ ਕਹਿਣ ਲਗੀ) ਹੇ ਰਾਣੀ! ਜੋ ਮੈਂ ਕਹਿੰਦੀ ਹਾਂ, ਉਹ ਸੁਣੋ।
ਇਸ ਨੂੰ ਤੁਸੀਂ ਆਪਣੀ ਪੁੱਤਰੀ ਨੂੰ ਸੌਂਪ ਦਿਓ।
ਰਾਜੇ ਨੂੰ ਇਸ ਦਾ ਭੇਦ ਨਾ ਦਸੋ।
ਮੇਰੀ ਗੱਲ ਨੂੰ ਸਚ ਕਰ ਕੇ ਮੰਨੋ ॥੨੧॥
ਜੇ ਇਸ ਨੂੰ ਰਾਜਾ ਵੇਖ ਲਏਗਾ,
ਤਾਂ ਫਿਰ ਤੁਹਾਡੇ ਘਰ ਨਹੀਂ ਆਏਗਾ।
ਇਸ ਨੂੰ ਆਪਣੀ ਇਸਤਰੀ ਬਣਾ ਲਵੇਗਾ
ਅਤੇ ਹੇ ਪਿਆਰੀ! ਤੂੰ ਮੂੰਹ ਅੱਡੀ ਰਹਿ ਜਾਵੇਂਗੀ ॥੨੨॥
(ਰਾਣੀ ਨੇ ਕਿਹਾ ਕਿ) ਤੂੰ ਚੰਗਾ ਕੀਤਾ ਜੋ ਦਸ ਦਿੱਤਾ ਹੈ।
ਇਸਤਰੀ ਦੇ ਚਰਿਤ੍ਰ ਦੀ ਗਤੀ ਕਿਸੇ ਨੇ ਨਹੀਂ ਸਮਝੀ ਹੈ।
ਉਸ ਨੂੰ ਪੁੱਤਰੀ ਦੇ ਭਵਨ ਵਿਚ ਹੀ ਰਖਿਆ
ਅਤੇ ਰਾਜੇ ਨੂੰ ਇਸ ਦਾ ਕੋਈ ਭੇਦ ਨਾ ਦਸਿਆ ॥੨੩॥
ਜੋ ਰਾਜ ਕੁਮਾਰੀ ਚਾਹੁੰਦੀ ਸੀ, ਉਹੀ ਕੁਝ ਹੋ ਗਿਆ।
ਇਸ ਛਲ ਨਾਲ ਦਾਸੀ (ਰਾਣੀ ਨੂੰ) ਛਲ ਗਈ।
ਉਸ ਨੂੰ ਸਾਫ਼ ਤੌਰ ਤੇ ਘਰ ਵਿਚ ਰਖਿਆ
ਅਤੇ ਰਾਜੇ ਨੂੰ ਰਾਣੀ ਨੇ ਕੋਈ ਗੱਲ ਨਾ ਦਸੀ ॥੨੪॥
ਦੋਹਰਾ:
ਇਹ ਚਰਿਤ੍ਰ (ਕਰ ਕੇ) ਉਸ ਕੁਮਾਰੀ ਨੇ ਆਪਣਾ ਯਾਰ ਪ੍ਰਾਪਤ ਕਰ ਲਿਆ।
ਸਾਰੀਆਂ ਇਸਤਰੀਆਂ ਮੂੰਹ ਅੱਡੀ ਰਹਿ ਗਈਆਂ, ਕੋਈ ਵੀ ਭੇਦ ਨੂੰ ਸਮਝ ਨਾ ਸਕੀ ॥੨੫॥
ਦੇਵਤੇ, ਮੁਨੀ, ਨਾਗ, ਭੁਜੰਗ ਅਤੇ ਮੱਨੁਖ ਸਾਰੇ ਵਿਚਾਰੇ ਕੀ ਹਨ,
ਇਸਤਰੀਆਂ ਦੇ ਭੇਦ ਨੂੰ ਦੇਵਤੇ ਅਤੇ ਦੈਂਤ ਵੀ ਪਛਾਣ ਨਹੀਂ ਸਕੇ ਹਨ ॥੨੬॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੮੮ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੮੮॥੫੪੭੭॥ ਚਲਦਾ॥
ਦੋਹਰਾ:
ਬਗਦਾਦ ਦਾ ਇਕ ਦਛਿਨ ਸੈਨ ਨਾਂ ਦਾ ਰਾਜਾ ਸੁਣਿਆ ਹੈ।
ਉਸ ਦੀ ਇਸਤਰੀ ਦਛਿਨ ਦੇ (ਦੇਈ) ਸੀ ਜੋ ਰਤੀ ਦੇ ਸਰੂਪ ਵਰਗੀ ਸੀ ॥੧॥
ਚੌਪਈ:
ਉਥੇ ਇਕ ਕਮਲ ਕੇਤੁ ਨਾਂ ਦਾ ਸ਼ਾਹ ਰਹਿੰਦਾ ਸੀ,
ਜਿਸ ਵਰਗਾ ਧਰਤੀ ਉਤੇ ਹੋਰ ਕੋਈ ਨਹੀਂ ਸੀ।
ਉਹ ਤੇਜਵਾਨ, ਬਲਵਾਨ ਅਤੇ ਅਸਤ੍ਰਧਾਰੀ ਸੀ
ਅਤੇ ਚੌਹਾਂ ਪਾਸੇ ਛਤ੍ਰੀ ਰੂਪ ਵਿਚ ਪ੍ਰਸਿੱਧ ਸੀ ॥੨॥
ਦੋਹਰਾ:
ਜਦ ਰਾਣੀ ਨੇ ਉਸ ਕੁਮਾਰ ਦਾ ਰੂਪ ਅੱਖਾਂ ਨਾਲ ਵੇਖਿਆ,
ਤਾਂ ਉਹ ਕਾਮ ਵਸ ਹੋ ਕੇ ਘਰ ਦੀ ਹੋਸ਼ ਭੁਲ ਗਈ ॥੩॥
ਚੌਪਈ:
ਉਸ ਰਾਣੀ ਨੇ ਇਕ ਚਤੁਰ ਦਾਸੀ ਨੂੰ ਬੁਲਾਇਆ।
(ਉਸ ਨੇ) ਆ ਕੇ ਰਾਣੀ ਨੂੰ ਪ੍ਰਨਾਮ ਕੀਤਾ।
ਉਸ ਨੂੰ ਮਨ ਦੀ ਸਾਰੀ ਗੱਲ ਦਸੀ
ਅਤੇ ਉਸ (ਕੁਮਾਰ) ਪਾਸ (ਉਸ ਨੂੰ) ਭੇਜ ਦਿੱਤਾ ॥੪॥