ਸ਼੍ਰੀ ਦਸਮ ਗ੍ਰੰਥ

ਅੰਗ - 495


ਪਤੀਆ ਦੈ ਕੋਊ ਭੇਜ ਹੋਂ ਪ੍ਰਭ ਦੈ ਹੈ ਸੁਧਿ ਜਾਇ ॥੧੯੭੩॥

ਅਤੇ ਕਿਸੇ ਨੂੰ ਚਿੱਠੀ ਦੇ ਕੇ ਭੇਜਦੀ ਹਾਂ ਕਿ ਸ੍ਰੀ ਕ੍ਰਿਸ਼ਨ ਨੂੰ ਜਾ ਕੇ ਖ਼ਬਰ ਕਰ ਦੇਵੇ ॥੧੯੭੩॥

ਇਹ ਚਿੰਤਾ ਕਰਿ ਚਿਤ ਬਿਖੈ ਇਕ ਦਿਜ ਲਯੋ ਬੁਲਾਇ ॥

ਮਨ ਵਿਚ ਇਹ ਵਿਚਾਰ ਕਰ ਕੇ ਇਕ ਬ੍ਰਾਹਮਣ ਨੂੰ ਬੁਲਾ ਲਿਆ

ਬਹੁ ਧਨੁ ਦੈ ਤਾ ਕੋ ਕਹਿਓ ਪ੍ਰਭ ਦੇ ਪਤੀਆ ਜਾਇ ॥੧੯੭੪॥

ਅਤੇ ਬਹੁਤ ਧਨ ਦੇ ਕੇ ਉਸ ਨੂੰ ਕਿਹਾ ਕਿ (ਮੇਰੀ) ਚਿੱਠੀ ਸ੍ਰੀ ਕ੍ਰਿਸ਼ਨ ਨੂੰ ਜਾ ਕੇ ਦੇ ਆਓ ॥੧੯੭੪॥

ਰੁਕਮਿਨੀ ਪਾਤੀ ਪਠੀ ਕਾਨ੍ਰਹ ਪ੍ਰਤਿ ॥

ਰੁਕਮਨੀ ਨੇ ਸ੍ਰੀ ਕ੍ਰਿਸ਼ਨ ਨੂੰ ਚਿੱਠੀ ਭੇਜੀ

ਸਵੈਯਾ ॥

ਸਵੈਯਾ:

ਲੋਚਨ ਚਾਰੁ ਬਿਚਾਰ ਕਰੋ ਜਿਨਿ ਬਾਚਤ ਹੀ ਪਤੀਆ ਉਠਿ ਧਾਵਹੁ ॥

ਹੇ ਸੁੰਦਰ ਨੈਣਾਂ ਵਾਲੇ! ਵਿਚਾਰ ਬਿਲਕੁਲ ਨਾ ਕਰੋ ਅਤੇ ਚਿੱਠੀ ਪੜ੍ਹਦਿਆਂ ਹੀ ਉਠ ਕੇ ਚਲ ਪਵੋ।

ਆਵਤ ਹੈ ਸਿਸਪਾਲ ਇਤੈ ਮੁਹਿ ਬ੍ਯਾਹਨ ਕਉ ਪ੍ਰਭ ਢੀਲ ਨ ਲਾਵਹੁ ॥

ਸ਼ਿਸ਼ੁਪਾਲ ਮੈਨੂੰ ਵਿਆਹੁਣ ਲਈ ਇਥੇ ਆ ਰਿਹਾ ਹੈ, (ਇਸ ਲਈ) ਹੇ ਸ੍ਰੀ ਕ੍ਰਿਸ਼ਨ! ਢਿਲ ਨਾ ਲਾਓ।

ਮਾਰਿ ਇਨੈ ਮੁਹਿ ਜੀਤਿ ਪ੍ਰਭੂ ਚਲੋ ਦ੍ਵਾਰਵਤੀ ਜਗ ਮੈ ਜਸੁ ਪਾਵਹੁ ॥

ਹੇ ਪ੍ਰਭੂ! ਇਨ੍ਹਾਂ ਨੂੰ ਮਾਰ ਕੇ ਅਤੇ ਮੈਨੂੰ ਜਿਤ ਕੇ ਦੁਆਰਿਕਾ ਲੈ ਚਲੋ (ਅਤੇ ਇਸ ਤਰ੍ਹਾਂ ਕਰ ਕੇ) ਜਗਤ ਵਿਚ ਯਸ਼ ਖਟੋ।

ਮੋਰੀ ਦਸਾ ਸੁਨਿ ਕੈ ਸਭ ਯੌ ਕਬਿ ਸ੍ਯਾਮ ਕਹੈ ਕਰਿ ਪੰਖਨ ਆਵਹੁ ॥੧੯੭੫॥

ਕਵੀ ਸ਼ਿਆਮ ਕਹਿੰਦੇ ਹਨ, ਮੇਰੀ (ਰੁਕਮਨੀ ਦੀ) ਸਾਰੀ ਦਸ਼ਾ (ਬ੍ਰਾਹਮਣ ਤੋਂ) ਸੁਣ ਕੇ ਖੰਭ ਲਾ ਕੇ ਆ ਜਾਓ ॥੧੯੭੫॥

ਹੇ ਪਤਿ ਚਉਦਹਿ ਲੋਕਨ ਕੇ ਸੁਨੀਐ ਚਿਤ ਦੈ ਜੁ ਸੰਦੇਸ ਕਹੇ ਹੈ ॥

ਹੇ ਚੌਦਾਂ ਲੋਕਾਂ ਦੇ ਸੁਆਮੀ! ਚਿਤ ਦੇ ਕੇ ਸੁਣਨਾ, ਜੋ ਸੰਦੇਸ਼ ਮੈਂ ਕਹੇ ਹਨ।

ਤੇਰੇ ਬਿਨਾ ਸੁ ਅਹੰ ਅਰੁ ਕ੍ਰੋਧੁ ਬਢਿਓ ਸਭ ਆਤਮੇ ਤੀਨ ਬਹੇ ਹੈ ॥

ਤੇਰੇ ਬਿਨਾ ਸਭ ਦੀਆਂ ਆਤਮਾਵਾਂ ਵਿਚ ਹੰਕਾਰ ਅਤੇ ਕ੍ਰੋਧ ਵਧ ਗਿਆ ਹੈ ਅਤੇ ਉਨ੍ਹਾਂ ਸਾਰਿਆਂ ਦੀਆਂ ਆਤਮਾਵਾਂ ਤਿੰਨਾਂ (ਗੁਣਾਂ ਵਿਚ ਹੀ) ਵਹਿ ਗਈਆਂ ਹਨ।

ਯੌ ਸੁਨੀਐ ਤਿਪੁਰਾਰਿ ਤੇ ਆਦਿਕ ਚਿਤ ਬਿਖੈ ਕਬਹੂੰ ਨ ਚਹੇ ਹੈ ॥

ਇਹ ਵੀ ਸੁਣ ਲਵੋ ਕਿ ਸ਼ਿਵ ਵਰਗੇ ਵੀ, ਮੈਂ ਕਦੇ ਚਿਤ ਵਿਚ ਨਹੀਂ ਚਾਹੇ ਹਨ।

ਬਾਚਤ ਹੀ ਪਤੀਯਾ ਉਠਿ ਆਵਹੁ ਜੂ ਬ੍ਯਾਹ ਬਿਖੈ ਦਿਨ ਤੀਨ ਰਹੇ ਹੈ ॥੧੯੭੬॥

ਚਿੱਠੀ ਪੜ੍ਹਦਿਆਂ ਹੀ ਉਠ ਕੇ ਆ ਜਾਓ। ਹੇ ਜੀ! ਵਿਆਹ ਵਿਚ ਕੇਵਲ ਤਿੰਨ ਦਿਨ ਰਹਿ ਗਏ ਹਨ ॥੧੯੭੬॥

ਦੋਹਰਾ ॥

ਦੋਹਰਾ:

ਤੀਨ ਬ੍ਯਾਹ ਮੈ ਦਿਨ ਰਹੇ ਇਉ ਕਹੀਐ ਦਿਜ ਗਾਥ ॥

ਹੇ ਬ੍ਰਾਹਮਣ! ਇਸ ਤਰ੍ਹਾਂ ਗੱਲ ਕਹਿਣਾ ਕਿ ਵਿਆਹ ਵਿਚ ਕੇਵਲ ਤਿੰਨ ਦਿਨ ਰਹਿ ਗਏ ਹਨ।

ਤਜਿ ਬਿਲੰਬ ਆਵਹੁ ਪ੍ਰਭੂ ਪਤੀਆ ਪੜਿ ਦਿਜ ਸਾਥ ॥੧੯੭੭॥

ਹੇ ਪ੍ਰਭੂ! ਚਿੱਠੀ ਪੜ੍ਹ ਕੇ, ਦੇਰੀ ਕੀਤੇ ਬਿਨਾ, ਬ੍ਰਾਹਮਣ ਨਾਲ ਆ ਜਾਓ ॥੧੯੭੭॥

ਸਵੈਯਾ ॥

ਸਵੈਯਾ:

ਅਉ ਜਦੁਬੀਰ ਸੋ ਯੌ ਕਹੀਯੋ ਤੁਮਰੇ ਬਿਨੁ ਦੇਖਿ ਨਿਸਾ ਡਰੁ ਆਵੈ ॥

ਹੋਰ ਸ੍ਰੀ ਕ੍ਰਿਸ਼ਨ ਨੂੰ ਇਹ ਕਹਿਣਾ ਕਿ ਤੁਹਾਡੇ ਦੇਖੇ ਬਿਨਾ ਰਾਤ ਨੂੰ ਡਰ ਲਗਦਾ ਹੈ।

ਬਾਰ ਹੀ ਬਾਰ ਅਤਿ ਆਤੁਰ ਹ੍ਵੈ ਤਨ ਤਿਆਗਿ ਕਹਿਯੋ ਜੀਅ ਮੋਰ ਪਰਾਵੈ ॥

ਬਾਰ ਬਾਰ ਅਤਿ ਅਧਿਕ ਆਤੁਰ ਹੋ ਕੇ ਮੇਰੀ ਜਿੰਦ ਸ਼ਰੀਰ ਨੂੰ ਤਿਆਗ ਕੇ ਚਲੀ ਜਾਏਗੀ।

ਪ੍ਰਾਚੀ ਪ੍ਰਤਛ ਭਯੋ ਸਸਿ ਪੂਰਨ ਸੋ ਹਮ ਕੋ ਅਤਿਸੈ ਕਰਿ ਤਾਵੈ ॥

ਪੂਰਬ ਵਲੋਂ ਪ੍ਰਗਟ ਹੋ ਰਿਹਾ ਪੂਰਨਮਾਸੀ ਦਾ ਚੰਦ੍ਰਮਾ ਮੈਨੂੰ ਬਹੁਤ ਜ਼ਿਆਦਾ ਸਾੜ ਰਿਹਾ ਹੈ।

ਮੈਨ ਮਨੋ ਮੁਖ ਆਰੁਨ ਕੈ ਤੁਮਰੇ ਬਿਨੁ ਆਇ ਹਮੋ ਡਰ ਪਾਵੈ ॥੧੯੭੮॥

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਕਾਮਦੇਵ ਮੁਖ ਲਾਲ ਕਰ ਕੇ, ਤੁਹਾਡੇ ਨਾ ਆਉਣ ਕਾਰਨ ਮੈਨੂੰ ਡਰਾਉਂਦਾ ਹੋਵੇ ॥੧੯੭੮॥

ਲਾਗਿ ਰਹਿਓ ਤੁਹਿ ਓਰਹਿ ਸ੍ਯਾਮ ਜੂ ਮੈ ਇਹ ਬੇਰ ਘਨੀ ਹਟ ਕੇ ॥

ਹੇ ਸ੍ਰੀ ਕ੍ਰਿਸ਼ਨ ਜੀ! (ਮੇਰੇ ਨੈਣ) ਤੁਹਾਡੇ ਵਲ ਲਗੇ ਹੋਏ ਹਨ। ਮੈਂ ਇਨ੍ਹਾਂ ਨੂੰ ਬਹੁਤ ਵਾਰ ਰੋਕਿਆ ਹੈ (ਪਰ ਇਹ ਰੁਕਦੇ ਨਹੀਂ)।

ਘਨਿ ਸ੍ਯਾਮ ਕੀ ਬੰਕ ਬਿਲੋਕਨ ਫਾਸ ਕੇ ਸੰਗਿ ਫਸੇ ਸੁ ਨਹੀ ਛੁਟਕੇ ॥

ਸ੍ਰੀ ਕ੍ਰਿਸ਼ਨ ਦੀ ਤਿਰਛੀ ਦ੍ਰਿਸ਼ਟੀ ਦੀ ਫਾਹੀ ਨਾਲ ਜੋ ਫਸ ਗਏ, ਉਹ ਫਿਰ ਛੁਟ ਨਹੀਂ ਸਕਦੇ।

ਨਹੀ ਨੈਕੁ ਮੁਰਾਏ ਮੁਰੈ ਹਮਰੇ ਤੁਹਿ ਮੂਰਤਿ ਹੇਰਨ ਹੀ ਅਟਕੇ ॥

ਮੇਰੇ ਮੋੜਿਆਂ ਜ਼ਰਾ ਜਿੰਨੇ ਵੀ ਨਹੀਂ ਮੁੜਦੇ, (ਬਸ) ਤੁਹਾਡੇ ਦਰਸ਼ਨ ਕੀਤੇ ਬਿਨਾ ਟਿਕਦੇ ਨਹੀਂ ਹਨ।

ਕਬਿ ਸ੍ਯਾਮ ਭਨੇ ਸੰਗਿ ਲਾਜ ਕੇ ਆਜ ਭਏ ਦੋਊ ਨੈਨ ਬਟਾ ਨਟ ਕੇ ॥੧੯੭੯॥

ਕਵੀ ਸ਼ਿਆਮ ਕਹਿੰਦੇ ਹਨ, ਲਾਜ ਦੇ ਮਾਰੇ (ਮੇਰੇ) ਦੋਵੇਂ ਨੈਣ ਨਟ ਦੀਆਂ ਗੋਲੀਆਂ ਵਾਂਗ ਬਣ ਕੇ (ਸਥਿਰ ਹੋ) ਗਏ ਹਨ ॥੧੯੭੯॥

ਸਾਜ ਦਯੋ ਰਥ ਬਾਮਨ ਕੋ ਬਹੁਤੈ ਧਨੁ ਦੈ ਤਿਹ ਚਿਤ ਬਢਾਯੋ ॥

(ਰੁਕਮਨੀ ਨੇ) ਬ੍ਰਾਹਮਣ ਨੂੰ ਰਥ ਸਜਾ ਕੇ ਦੇ ਦਿੱਤਾ ਅਤੇ ਬਹੁਤ ਸਾਰਾ ਧਨ ਦੇ ਕੇ ਉਸ ਦਾ ਚਿਤ ਵਿਗਸਿਤ ਕਰ ਦਿੱਤਾ।

ਸ੍ਰੀ ਬ੍ਰਿਜਨਾਥ ਲਿਆਵਨ ਕਾਜ ਪਠਿਯੋ ਚਿਤ ਮੈ ਤਿਨ ਹੂੰ ਸੁਖੁ ਪਾਯੋ ॥

(ਉਸ ਨੂੰ) ਸ੍ਰੀ ਕ੍ਰਿਸ਼ਨ ਨੂੰ ਲਿਆਉਣ ਦੇ ਕਾਰਜ ਲਈ ਭੇਜ ਦਿੱਤਾ, ਉਸ (ਬ੍ਰਾਹਮਣ) ਨੇ ਵੀ ਚਿਤ ਵਿਚ ਸੁਖ ਪ੍ਰਾਪਤ ਕੀਤਾ।

ਯੌ ਸੋਊ ਲੈ ਪਤੀਯਾ ਕੋ ਚਲਿਯੋ ਸੁ ਪ੍ਰਬੰਧ ਕਥਾ ਕਹਿ ਸ੍ਯਾਮ ਸੁਨਾਯੋ ॥

ਇਸ ਤਰ੍ਹਾਂ ਉਹ ਚਿੱਠੀ ਲੈ ਕੇ ਚਲ ਪਿਆ। ਕਵੀ ਸ਼ਿਆਮ ਨੇ ਇਹ ਪ੍ਰਬੰਧ ਕਥਾ ਕਹਿ ਕੇ ਸੁਣਾਈ ਹੈ।

ਮਾਨਹੁ ਪਉਨ ਕੇ ਗਉਨ ਹੂੰ ਤੇ ਸੁ ਸਿਤਾਬ ਦੈ ਸ੍ਰੀ ਜਦੁਬੀਰ ਪੈ ਆਯੋ ॥੧੯੮੦॥

(ਇੰਜ ਪ੍ਰਤੀਤ ਹੁੰਦਾ ਹੈ ਕਿ) ਉਹ (ਬ੍ਰਾਹਮਣ) ਪੌਣ ਦੀ ਗਤਿ ਨਾਲ ਛੇਤੀ ਹੀ ਸ੍ਰੀ ਕ੍ਰਿਸ਼ਨ ਕੋਲ ਆ ਗਿਆ ॥੧੯੮੦॥

ਸ੍ਰੀ ਬ੍ਰਿਜਨਾਥ ਕੋ ਬਾਸ ਜਹਾ ਸੁ ਕਹੈ ਕਬਿ ਸ੍ਯਾਮ ਪੁਰੀ ਅਤਿ ਨੀਕੀ ॥

ਕਵੀ ਸ਼ਿਆਮ ਕਹਿੰਦੇ ਹਨ, ਜਿਥੇ ਸ੍ਰੀ ਕ੍ਰਿਸ਼ਨ ਦਾ ਨਿਵਾਸ ਸੀ, (ਉਹ) ਨਗਰੀ ਬਹੁਤ ਹੀ ਸੁੰਦਰ ਸੀ।

ਬਜ੍ਰ ਖਚੇ ਅਰੁ ਲਾਲ ਜਵਾਹਿਰ ਜੋਤਿ ਜਗੈ ਅਤਿ ਹੀ ਸੁ ਮਨੀ ਕੀ ॥

ਹੀਰੇ (ਬਜ੍ਰ) ਲਾਲ ਅਤੇ ਜਵਾਹਰ ਜੜ੍ਹੇ ਹੋਏ ਸਨ ਅਤੇ ਉਨ੍ਹਾਂ ਮਣੀਆਂ (ਦੀ ਚਮਕ) ਜਗਦੀਆਂ ਜੋਤਾਂ ਵਰਗੀ ਸੀ।

ਕਉਨ ਸਰਾਹ ਕਰੈ ਤਿਹ ਕੀ ਤੁਮ ਹੀ ਨ ਕਹੋ ਐਸੀ ਬੁਧਿ ਕਿਸੀ ਕੀ ॥

ਉਨ੍ਹਾਂ ਦੀ ਸਿਫ਼ਤ ਕੌਣ ਕਰ ਸਕਦਾ ਹੈ, ਤੁਸੀਂ ਹੀ ਦਸੋ, ਅਜਿਹੀ ਬੁੱਧੀ ਕਿਸ ਦੀ ਹੈ।

ਸੇਸ ਨਿਸੇਸ ਜਲੇਸ ਕੀ ਅਉਰ ਸੁਰੇਸ ਪੁਰੀ ਜਿਹ ਅਗ੍ਰਜ ਫੀਕੀ ॥੧੯੮੧॥

ਸ਼ੇਸ਼ਨਾਗ, ਚੰਦ੍ਰਮਾ, ਵਰੁਨ ਦੇਵਤਾ ਅਤੇ ਇੰਦਰ-ਪੁਰੀ ਵੀ ਜਿਸ ਦੇ ਸਾਹਮਣੇ ਫਿਕੀ ਪੈਂਦੀ ਸੀ ॥੧੯੮੧॥

ਦੋਹਰਾ ॥

ਦੋਹਰਾ:

ਐਸੀ ਪੁਰੀ ਨਿਹਾਰ ਕੈ ਅਤਿ ਚਿਤਿ ਹਰਖ ਬਢਾਇ ॥

ਅਜਿਹੀ ਨਗਰੀ ਨੂੰ ਵੇਖ ਕੇ ਅਤੇ (ਆਪਣੇ) ਚਿਤ ਵਿਚ ਬਹੁਤ ਪ੍ਰਸੰਨ ਹੋ ਕੇ,

ਸ੍ਰੀ ਬ੍ਰਿਜਪਤਿ ਕੋ ਗ੍ਰਿਹ ਜਹਾ ਤਹਿ ਦਿਜ ਪਹੁਚਿਓ ਜਾਇ ॥੧੯੮੨॥

ਜਿਥੇ ਸ੍ਰੀ ਕ੍ਰਿਸ਼ਨ ਦਾ ਘਰ ਸੀ, ਬ੍ਰਾਹਮਣ ਉਸ ਸਥਾਨ ਉਤੇ ਜਾ ਪਹੁੰਚਿਆ ॥੧੯੮੨॥

ਸਵੈਯਾ ॥

ਸਵੈਯਾ:

ਦੇਖਤ ਹੀ ਬ੍ਰਿਜਨਾਥ ਦਿਜੋਤਮ ਠਾਢ ਭਯੋ ਉਠਿ ਆਗੇ ਬੁਲਾਯੋ ॥

ਸ੍ਰੀ ਕ੍ਰਿਸ਼ਨ ਸ੍ਰੇਸ਼ਠ ਬ੍ਰਾਹਮਣ ਨੂੰ ਵੇਖਦਿਆਂ ਹੀ ਉਠ ਕੇ ਖੜੋ ਗਏ ਅਤੇ ਅਗੇ ਬੁਲਾ ਲਿਆ।

ਲੈ ਦਿਜੈ ਆਗੈ ਧਰੀ ਪਤੀਆ ਤਿਹ ਬਾਚਤ ਹੀ ਪ੍ਰਭ ਜੀ ਸੁਖ ਪਾਯੋ ॥

ਬ੍ਰਾਹਮਣ ਨੇ ਚਿੱਠੀ (ਹੱਥ ਵਿਚ) ਲੈ ਕੇ ਅਗੇ ਧਰ ਦਿੱਤੀ। ਉਸ ਨੂੰ ਪੜ੍ਹ ਕੇ ਸ੍ਰੀ ਕ੍ਰਿਸ਼ਨ ਨੇ ਬਹੁਤ ਸੁਖ ਪ੍ਰਾਪਤ ਕੀਤਾ।

ਸ੍ਯੰਦਨ ਸਾਜਿ ਚੜਿਓ ਅਪੁਨੇ ਸੋਊ ਸੰਗਿ ਲਯੋ ਮਨੋ ਪਉਨ ਹ੍ਵੈ ਧਾਯੋ ॥

ਰਥ ਨੂੰ ਸਜਾ ਕੇ (ਅਤੇ ਉਸ ਉਪਰ) ਚੜ੍ਹ ਕੇ ਅਤੇ ਆਪਣੇ ਨਾਲ ਉਸ (ਬ੍ਰਾਹਮਣ) ਨੂੰ ਲੈ ਕੇ (ਇਸ ਤਰ੍ਹਾਂ ਚਲ ਪਏ) ਮਾਨੋ ਪੌਣ ਰੂਪ ਹੋ ਕੇ ਭਜ ਤੁਰੇ ਹੋਣ।

ਮਾਨੋ ਛੁਧਾਤਰੁ ਹੋਇ ਅਤਿ ਹੀ ਮ੍ਰਿਗ ਝੁੰਡ ਤਕੈ ਉਠਿ ਕੇਹਰਿ ਆਯੋ ॥੧੯੮੩॥

(ਜਾਂ ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਭੁਖ ਨਾਲ ਬਹੁਤ ਆਤੁਰ ਹੋਇਆ ਸ਼ੇਰ ਹਿਰਨਾਂ ਦਾ ਝੁੰਡ ਵੇਖ ਕੇ ਉਠ ਦੌੜਿਆ ਹੋਵੇ ॥੧੯੮੩॥

ਇਤ ਸ੍ਯਾਮ ਜੂ ਸ੍ਯੰਦਨ ਸਾਜਿ ਚੜਿਯੋ ਉਤ ਲੈ ਸਿਸੁਪਾਲ ਘਨੋ ਦਲੁ ਆਯੋ ॥

ਇਧਰੋ ਕ੍ਰਿਸ਼ਨ ਜੀ ਰਥ ਨੂੰ ਤਿਆਰ ਕਰ ਕੇ ਚੜ੍ਹ ਚਲੇ ਹਨ, ਉਧਰੋਂ ਸ਼ਿਸ਼ੁਪਾਲ ਬਹੁਤ ਸਾਰੀ ਸੈਨਾ ਲੈ ਕੇ ਆ ਗਿਆ ਹੈ।

ਆਵਤ ਸੋ ਇਨ ਹੂੰ ਸੁਨਿ ਕੈ ਪੁਰ ਦ੍ਵਾਰ ਬਜਾਰ ਜੁ ਥੇ ਸੁ ਬਨਾਯੋ ॥

ਇਨ੍ਹਾਂ ਦਾ (ਸ਼ਿਸ਼ੁਪਾਲ ਹੋਰਾਂ ਦਾ) ਆਉਣਾ ਸੁਣ ਕੇ ਨਗਰ ਦੇ ਦੁਆਰ ਅਤੇ ਬਾਜ਼ਾਰ ਜੋ ਸਨ, ਉਨ੍ਹਾਂ ਨੂੰ ਸਜਾ ਦਿੱਤਾ ਗਿਆ ਹੈ।

ਸੈਨ ਬਨਾਇ ਭਲੀ ਇਤ ਤੇ ਰੁਕਮਾਦਿਕ ਆਗੇ ਤੇ ਲੈਨ ਕਉ ਧਾਯੋ ॥

ਇਧਰੋਂ ਰੁਕਮੀ ਆਦਿਕ ਸੈਨਾ ਨੂੰ ਚੰਗੀ ਤਰ੍ਹਾਂ ਵਿਵਸਥਿਤ ਕਰ ਕੇ (ਸ਼ਿਸ਼ੁਪਾਲ ਨੂੰ) ਲਿਆਉਣ ਲਈ ਗਏ ਹਨ।

ਸ੍ਯਾਮ ਭਨੈ ਸਭ ਹੀ ਭਟਵਾ ਅਪਨੇ ਮਨ ਮੈ ਅਤਿ ਹੀ ਸੁਖੁ ਪਾਯੋ ॥੧੯੮੪॥

(ਕਵੀ) ਸ਼ਿਆਮ ਕਹਿੰਦੇ ਹਨ, ਸਾਰਿਆਂ ਸ਼ੂਰਵੀਰਾਂ ਨੇ ਆਪਣੇ ਮਨ ਵਿਚ ਬਹੁਤ ਸੁਖ ਪ੍ਰਾਪਤ ਕੀਤਾ ਹੈ ॥੧੯੮੪॥

ਅਉਰ ਬਡੇ ਨ੍ਰਿਪ ਆਵਤ ਭੇ ਚਤੁਰੰਗ ਚਮੂੰ ਸੁ ਘਨੀ ਸੰਗਿ ਲੈ ਕੇ ॥

ਹੋਰ ਵੀ ਬਹੁਤ ਸਾਰੇ ਰਾਜੇ ਆਪਣੇ ਨਾਲ ਬਹੁਤ ਸਾਰੀ ਚਤੁਰੰਗਨੀ ਸੈਨਾ ਲੈ ਕੇ ਆ ਗਏ ਹਨ।

ਹੇਰਨ ਬ੍ਯਾਹ ਰੁਕੰਮਨਿ ਕੋ ਅਤਿ ਹੀ ਚਿਤ ਮੈ ਸੁ ਹੁਲਾਸ ਬਢੈ ਕੈ ॥

ਰੁਕਮਨੀ ਦੇ ਵਿਆਹ ਨੂੰ ਦੇਖਣ ਲਈ (ਉਨ੍ਹਾਂ ਨੇ) ਆਪਣੇ ਮਨ ਵਿਚ ਉਤਸਾਹ ਵਧਾਇਆ ਹੈ।

ਭੇਰਿ ਘਨੀ ਸਹਨਾਇ ਸਿੰਗੇ ਰਨ ਦੁੰਦਭਿ ਅਉ ਤੁਰਹੀਨ ਬਜੈ ਕੈ ॥

(ਉਹ) ਬਹੁਤ ਸਾਰੀਆਂ ਭੇਰੀਆਂ, ਸ਼ਹਿਨਾਈਆਂ, ਰਣਸਿੰਗੇ, ਧੌਂਸੇ ਅਤੇ ਤੁਰੀਆਂ ਵਜਾ ਕੇ (ਆਏ ਹਨ)।


Flag Counter