ਸ਼੍ਰੀ ਦਸਮ ਗ੍ਰੰਥ

ਅੰਗ - 298


ਦਾਮਿਨਿ ਸੀ ਲਹਕੈ ਨਭਿ ਮੈ ਡਰ ਕੈ ਫਟਗੇ ਤਿਹ ਸਤ੍ਰਨ ਸੀਨੇ ॥

(ਇਹ ਕਹਿ ਕੇ) ਆਕਾਸ਼ ਵਿਚ ਜਾ ਕੇ ਬਿਜਲੀ ਵਾਂਗੂ ਲਿਸ਼ਕੀ, (ਜਿਸ ਤੋਂ) ਡਰ ਕੇ ਵੈਰੀਆਂ ਦੇ ਸੀਨੇ ਫਟ ਗਏ।

ਮਾਰ ਡਰੈ ਇਹ ਹੂੰ ਹਮ ਹੂੰ ਸਭ ਤ੍ਰਾਸ ਮਨੈ ਅਤਿ ਦੈਤਨ ਕੀਨੇ ॥੭੩॥

ਇਹ ਵਿਚਾਰ ਕੇ ਕਿ 'ਇਹ ਸਾਨੂੰ ਜ਼ਰੂਰ ਮਾਰ ਸੁੱਟੇਗੀ', ਸਾਰਿਆਂ ਦੈਂਤਾਂ ਨੇ ਆਪਣੇ ਮਨ ਵਿਚ ਬਹੁਤ ਡਰ ਮੰਨਿਆ ॥੭੩॥

ਅਥ ਦੇਵਕੀ ਬਸੁਦੇਵ ਛੋਰਬੋ ॥

ਹੁਣ ਦੇਵਕੀ-ਬਸਦੇਵ ਨੂੰ ਛਡੇ ਜਾਣ ਦਾ ਪ੍ਰਸੰਗ

ਸਵੈਯਾ ॥

ਸਵੈਯਾ:

ਬਾਤ ਸੁਨੀ ਇਹ ਕੀ ਜੁ ਸ੍ਰੋਨਨ ਨਿੰਦਤ ਦੇਵਨ ਕੋ ਘਰਿ ਆਯੋ ॥

ਜਦੋਂ (ਕੰਸ ਨੇ ਲੜਕੀ ਦੇ ਮੂੰਹੋਂ) ਇਹ ਗੱਲ ਕੰਨਾਂ ਨਾਲ ਸੁਣੀ, (ਤਾਂ) ਦੇਵਤਿਆਂ ਦੀ ਨਿੰਦਿਆ ਕਰਦਾ ਘਰ ਵਲ ਆ ਗਿਆ।

ਝੂਠ ਹਨੇ ਹਮ ਪੈ ਭਗਨੀ ਸੁਤ ਜਾਇ ਕੈ ਪਾਇਨ ਸੀਸ ਨਿਵਾਯੋ ॥

(ਸੋਚਣ ਲਗਾ) ਕਿ ਮੇਰੇ ਕੋਲੋਂ ਝੂਠ (ਬੋਲ ਕੇ) ਭੈਣ ਦੇ ਪੁੱਤਰ ਮਰਵਾ ਦਿੱਤੇ। (ਫਿਰ) ਜਾ ਕੇ ਭੈਣ ਦੇ ਪੈਰਾਂ ਤੇ ਸਿਰ ਨਿਵਾਇਆ

ਗ੍ਯਾਨ ਕਥਾ ਕਰ ਕੈ ਅਤਿ ਹੀ ਬਹੁ ਦੇਵਕੀ ਔ ਬਸੁਦੇਵ ਰਿਝਾਯੋ ॥

ਅਤੇ ਅਨੇਕ ਤਰ੍ਹਾਂ ਦੀਆਂ ਗਿਆਨ ਦੀਆਂ ਗੱਲਾਂ ਕਰ ਕੇ 'ਦੇਵਕੀ' ਅਤੇ 'ਬਸੁਦੇਵ' ਨੂੰ ਪ੍ਰਸੰਨ ਕਰ ਲਿਆ।

ਹ੍ਵੈ ਕੈ ਪ੍ਰਸੰਨਿ ਬੁਲਾਇ ਲੁਹਾਰ ਕੋ ਲੋਹ ਅਉ ਮੋਹ ਕੋ ਫਾਧ ਕਟਾਯੋ ॥੭੪॥

(ਫਿਰ) ਪ੍ਰਸੰਨ ਹੋ ਕੇ ਲੁਹਾਰ ਨੂੰ ਬੁਲਾਇਆ ਅਤੇ ਲੋਹੇ ਤੇ ਮੋਹ ਦੇ ਬੰਧਨ ਕਟਵਾ ਦਿੱਤੇ ॥੭੪॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਦੇਵਕੀ ਬਸੁਦੇਵ ਕੋ ਛੋਰਬੋ ਬਰਨਨੰ ਸਮਾਪਤੰ ॥

ਇਥੇ ਸ੍ਰੀ ਬਚਿਤ੍ਰ ਨਾਟਕ ਦੇ ਕ੍ਰਿਸਨਾਵਤਾਰ ਦੇ ਦੇਵਕੀ ਬਸੁਦੇਵ ਨੂੰ ਛਡਣ ਦਾ ਵਰਣਨ ਸਮਾਪਤ।

ਕੰਸ ਮੰਤ੍ਰੀਨ ਸੋ ਬਿਚਾਰ ਕਰਤ ਭਯਾ ॥

ਕੰਸ ਮੰਤ੍ਰੀਆਂ ਨਾਲ ਵਿਚਾਰ ਕਰਨ ਲਗਾ:

ਦੋਹਰਾ ॥

ਦੋਹਰਾ:

ਮੰਤ੍ਰੀ ਸਕਲ ਬੁਲਾਇ ਕੇ ਕੀਨੋ ਕੰਸ ਬਿਚਾਰ ॥

ਸਾਰਿਆਂ ਮੰਤ੍ਰੀਆਂ ਨੂੰ ਬੁਲਾ ਕੇ ਕੰਸ ਨੇ ਵਿਚਾਰ ਕੀਤਾ

ਬਾਲਕ ਜੋ ਮਮ ਦੇਸ ਮੈ ਸੋ ਸਭ ਡਾਰੋ ਮਾਰ ॥੭੫॥

ਕਿ ਮੇਰੇ ਦੇਸ ਵਿਚ ਜੋ ਬਾਲਕ (ਇਕ ਦੋ ਸਾਲਾਂ ਵਿਚ ਜਨਮੇ ਹਨ) ਉਹ ਸਾਰੇ ਮਰਵਾ ਦੇਵੋ ॥੭੫॥

ਸਵੈਯਾ ॥

ਸਵੈਯਾ:

ਭਾਗਵਤ ਕੀ ਯਹ ਸੁਧ ਕਥਾ ਬਹੁ ਬਾਤ ਭਰੇ ਭਲੀ ਭਾਤਿ ਉਚਾਰੀ ॥

ਭਾਗਵਤ ਪੁਰਾਣ (ਦਸਮ ਸਕੰਧ) ਦੀ ਇਹ ਸੁੱਧ ਕਥਾ (ਜੋ) ਬਹੁਤ ਗੱਲਾਂ ਨਾਲ ਭਰੀ ਹੋਈ ਹੈ, ਚੰਗੀ ਤਰ੍ਹਾਂ ਕਹੀ ਹੈ।

ਬਾਕੀ ਕਹੋ ਫੁਨਿ ਅਉਰ ਕਥਾ ਕੋ ਸੁਭ ਰੂਪ ਧਰਿਯੋ ਬ੍ਰਿਜ ਮਧਿ ਮੁਰਾਰੀ ॥

ਬਾਕੀ ਕਥਾ ਨੂੰ ਫਿਰ ਕਹਾਂਗਾ। (ਉਧਰ) ਮੁਰਾਰੀ ਨੇ ਬ੍ਰਿਜ-ਭੂਮੀ ਵਿਚ ਸੁੰਦਰ ਰੂਪ ਧਾਰਨ ਕੀਤਾ ਹੈ।

ਦੇਵ ਸਭੈ ਹਰਖੇ ਸੁਨਿ ਭੂਮਹਿ ਅਉਰ ਮਨੈ ਹਰਖੈ ਨਰ ਨਾਰੀ ॥

(ਇਹ ਗੱਲ) ਸੁਣ ਕੇ ਸਾਰੇ ਦੇਵਤੇ ਆਨੰਦਿਤ ਹੋ ਗਏ ਹਨ ਅਤੇ ਧਰਤੀ ਉਤੇ (ਸਭ) ਇਸਤਰੀ-ਪੁਰਸ਼ ਮਨ ਵਿਚ ਪ੍ਰਸੰਨ ਹੋ ਗਏ ਹਨ।

ਮੰਗਲ ਹੋਹਿ ਘਰਾ ਘਰ ਮੈ ਉਤਰਿਯੋ ਅਵਤਾਰਨ ਕੋ ਅਵਤਾਰੀ ॥੭੬॥

ਘਰ ਘਰ ਵਿਚ ਖੁਸ਼ੀਆਂ ਹੋ ਰਹੀਆਂ ਹਨ ਕਿ ਅਵਤਾਰਾਂ ਦਾ ਅਵਤਾਰ (ਸ੍ਰੀ ਕ੍ਰਿਸ਼ਨ) ਪ੍ਰਗਟ ਹੋਇਆ ਹੈ ॥੭੬॥

ਜਾਗ ਉਠੀ ਜਸੁਧਾ ਜਬ ਹੀ ਪਿਖਿ ਪੁਤ੍ਰਹਿ ਦੇਨ ਲਗੀ ਹੁਨੀਆ ਹੈ ॥

ਜਿਸ ਵੇਲੇ ਜਸੋਧਾ ਜਾਗ ਪਈ, ਪੁੱਤਰ ਨੂੰ ਵੇਖ ਕੇ ਲੋਰੀਆਂ ਦੇਣ ਲਗੀ।

ਪੰਡਿਤਨ ਕੋ ਅਰੁ ਗਾਇਨ ਕੋ ਬਹੁ ਦਾਨ ਦੀਓ ਸਭ ਹੀ ਗੁਨੀਆ ਹੈ ॥

ਪੰਡਿਤਾਂ ਨੂੰ, ਗਵੱਈਆਂ ਨੂੰ ਅਤੇ ਸਾਰੇ ਗੁਣਵਾਨਾਂ ਨੂੰ ਬਹੁਤ-ਬਹੁਤ ਦਾਨ ਦਿੱਤਾ ਗਿਆ।

ਪੁਤ੍ਰ ਭਯੋ ਸੁਨਿ ਕੈ ਬ੍ਰਿਜਭਾਮਿਨ ਓਢ ਕੈ ਲਾਲ ਚਲੀ ਚੁਨੀਆ ਹੈ ॥

(ਨੰਦ ਦੇ ਘਰ) ਪੁੱਤਰ ਦਾ ਹੋਣਾ ਸੁਣ ਕੇ, ਬ੍ਰਜ ਦੀਆਂ ਇਸਤਰੀਆਂ ਲਾਲ ਚੁੰਨੀਆਂ ਓੜ ਕੇ ਤੁਰ ਪਈਆਂ

ਜਿਉ ਮਿਲ ਕੈ ਘਨ ਕੇ ਦਿਨ ਮੈ ਉਡ ਕੈ ਸੁ ਚਲੀ ਜੁ ਮਨੋ ਮੁਨੀਆ ਹੈ ॥੭੭॥

ਜਿਵੇਂ ਬਰਸਾਤ ਵਾਲੇ ਦਿਨਾਂ ਵਿਚ ਮਾਨੋ ਲਾਲੜੀਆਂ (ਦੀ ਡਾਰ) ਉਡ ਕੇ ਚਲੀ ਜਾ ਰਹੀ ਹੋਵੇ ॥੭੭॥

ਨੰਦ ਬਾਚ ਕੰਸ ਪ੍ਰਤਿ ॥

ਨੰਦ ਨੇ ਕੰਸ ਪ੍ਰਤਿ ਕਿਹਾ:

ਦੋਹਰਾ ॥

ਦੋਹਰਾ:

ਨੰਦ ਮਹਰ ਲੈ ਭੇਟ ਕੌ ਗਯੋ ਕੰਸ ਕੇ ਪਾਸਿ ॥

ਬ੍ਰਜ ਵਾਸੀਆਂ ਦਾ ਚੌਧਰੀ ਨੰਦ, ਭੇਟਾ ਲੈ ਕੇ ਕੰਸ ਕੋਲ ਗਿਆ

ਪੁਤ੍ਰ ਭਯੋ ਹਮਰੇ ਗ੍ਰਿਹੈ ਜਾਇ ਕਹੀ ਅਰਦਾਸਿ ॥੭੮॥

ਅਤੇ ਜਾ ਕੇ ਬੇਨਤੀ ਕੀਤੀ (ਕਿ) ਮੇਰੇ ਘਰ ਪੁੱਤਰ ਹੋਇਆ ਹੈ ॥੭੮॥

ਬਸੁਦੇਵ ਬਾਚ ਨੰਦ ਸੋ ॥

ਬਸੁਦੇਵ ਨੇ ਨੰਦ ਨੂੰ ਕਿਹਾ:

ਦੋਹਰਾ ॥

ਦੋਹਰਾ:

ਨੰਦ ਚਲਿਓ ਗ੍ਰਿਹ ਕੋ ਜਬੈ ਸੁਨੀ ਬਾਤ ਬਸੁਦੇਵ ॥

ਜਦੋਂ ਨੰਦ ਘਰ ਨੂੰ ਚਲਿਆ (ਤਦੋਂ) ਬਸੁਦੇਵ ਨੇ (ਸਾਰੇ ਲੜਕਿਆਂ ਨੂੰ ਮਰਵਾਉਣ ਦੀ ਜੋ) ਗੱਲ ਸੁਣੀ ਸੀ

ਭੈ ਹ੍ਵੈ ਹੈ ਤੁਮ ਕੋ ਬਡੋ ਸੁਨੋ ਗੋਪ ਪਤਿ ਭੇਵ ॥੭੯॥

(ਨੰਦ ਨੂੰ ਦਸਦਿਆਂ ਕਹਿਣ ਲਗਾ) ਹੇ ਗਵਾਲਿਆਂ ਦੇ ਸੁਆਮੀ! ਭੇਦ ਦੀ ਗੱਲ ਸੁਣ, ਤੈਨੂੰ ਬਹੁਤ ਡਰ ਲਗੇਗਾ ॥੭੯॥

ਕੰਸ ਬਾਚ ਬਕੀ ਸੋ ॥

ਕੰਸ ਨੇ ਬਕ (ਦੈਂਤ) ਦੀ ਭੈਣ ਬਕੀ ਨੂੰ ਕਿਹਾ:

ਸਵੈਯਾ ॥

ਸਵੈਯਾ:

ਕੰਸ ਕਹੈ ਬਕੀ ਬਾਤ ਸੁਨੋ ਇਹ ਆਜ ਕਰੋ ਤੁਮ ਕਾਜ ਹਮਾਰੋ ॥

ਕੰਸ ਨੇ ਕਿਹਾ, ਹੇ ਬਕ ਦੈਂਤ ਦੀ ਭੈਣ ਪੂਤਨਾ! ਇਹ ਗੱਲ ਸੁਣ ਅਤੇ ਅਜ ਹੀ ਤੂੰ ਮੇਰਾ ਕੰਮ ਕਰ।

ਬਾਰਕ ਜੇ ਜਨਮੇ ਇਹ ਦੇਸ ਮੈ ਤਾਹਿ ਕੌ ਜਾਇ ਕੈ ਸੀਘ੍ਰ ਸੰਘਾਰੋ ॥

ਜਿਹੜੇ ਬਾਲਕ ਇਸ ਦੇਸ਼ ਵਿਚ ਜੰਮੇ ਹਨ, ਉਨ੍ਹਾਂ ਨੂੰ ਜਾ ਕੇ ਛੇਤੀ ਨਾਲ ਮਾਰ ਦੇ,

ਕਾਲ ਵਹੈ ਹਮਰੋ ਕਹੀਐ ਤਿਹ ਤ੍ਰਾਸ ਡਰਿਯੋ ਹੀਅਰਾ ਮਮ ਭਾਰੋ ॥

(ਕਿਉਂਕਿ) ਉਹ ਮੇਰਾ ਕਾਲ ਕਹੇ ਜਾਂਦੇ ਹਨ। ਉਨ੍ਹਾਂ ਦੇ ਭੈ ਤੋਂ ਮੇਰਾ ਹਿਰਦਾ ਬਹੁਤ ਡਰ ਰਿਹਾ ਹੈ।

ਹਾਲ ਬਿਹਾਲ ਭਯੋ ਤਿਹ ਕਾਲ ਮਨੋ ਤਨ ਮੈ ਜੁ ਡਸਿਓ ਅਹਿ ਕਾਰੋ ॥੮੦॥

(ਇਹ ਕਹਿੰਦਾ ਹੋਇਆ ਕੰਸ) ਉਸ ਵੇਲੇ (ਇਸ ਤਰ੍ਹਾਂ) ਹਾਲੋਂ ਬਿਹਾਲ ਹੋ ਗਿਆ, ਮਾਨੋ ਸ਼ਰੀਰ ਨੂੰ ਕਾਲਾ ਸੱਪ ਲੜ ਗਿਆ ਹੋਵੇ ॥੮੦॥

ਪੂਤਨਾ ਬਾਚ ਕੰਸ ਪ੍ਰਤਿ ॥

ਪੂਤਨਾ ਨੇ ਕੰਸ ਪ੍ਰਤਿ ਕਿਹਾ:

ਦੋਹਰਾ ॥

ਦੋਹਰਾ:

ਇਹ ਸੁਨਿ ਕੈ ਤਬ ਪੂਤਨਾ ਕਹੀ ਕੰਸ ਸੋ ਬਾਤ ॥

ਇਹ ਆਗਿਆ ਸੁਣ ਕੇ ਤਦੋਂ ਪੂਤਨਾ ਨੇ ਕੰਸ ਨੂੰ (ਇਹ) ਗੱਲ ਕਹੀ,

ਬਰਮਾ ਜਾਏ ਸਬ ਹਨੋ ਮਿਟੇ ਤਿਹਾਰੋ ਤਾਤ ॥੮੧॥

ਬ੍ਰਹਮਾ ਦੇ ਪੈਦਾ ਕੀਤੇ ਸਾਰੇ (ਲੜਕੇ) ਮਾਰ ਦੇਵਾਂਗੀ, ਜਿਸ ਕਰ ਕੇ ਤੇਰਾ ਦੁਖ ਮਿਟ ਜਾਵੇਗਾ ॥੮੧॥

ਸਵੈਯਾ ॥

ਸਵੈਯਾ:

ਸੀਸ ਨਿਵਾਇ ਉਠੀ ਤਬ ਬੋਲਿ ਸੁ ਘੋਲਿ ਮਿਠਾ ਲਪਟੌ ਥਨ ਮੈ ॥

ਤਦੋਂ ਪੂਤਨਾ ਸਿਰ ਨਿਵਾ ਕੇ ਉਠੀ ਅਤੇ ਕਹਿਣ ਲਗੀ, ਮੈਂ ਮਿੱਠਾ ਤੇਲੀਆ ਘੋਲ ਕੇ ਥਣਾਂ ਉਤੇ ਲੇਪ ਦਿਆਂਗੀ।

ਬਾਲ ਜੁ ਪਾਨ ਕਰੇ ਤਜੇ ਪ੍ਰਾਨਨ ਤਾਹਿ ਮਸਾਨ ਕਰੋਂ ਛਿਨ ਮੈ ॥

ਜੋ ਬਾਲ ਥਣਾਂ ਨੂੰ ਚੁੰਘੇਗਾ, ਉਸ ਦੇ ਪ੍ਰਾਣ ਛੁਟ ਜਾਣਗੇ, (ਇਸ ਤਰ੍ਹਾਂ) ਉਸ ਨੂੰ ਛਿਣ ਵਿਚ ਮਾਰ ਦਿਆਂਗੀ।

ਬੁਧਿ ਤਾਨ ਸੁਜਾਨ ਕਹਿਯੋ ਸਤਿ ਮਾਨ ਸੁ ਆਇ ਹੌਂ ਟੋਰ ਕੈ ਤਾ ਹਨਿ ਮੈ ॥

(ਪੂਤਨਾ ਨੇ) ਆਪਣੀ ਬੁੱਧੀ ਦੇ ਬਲ ਤੇ ਕਿਹਾ, (ਮੇਰੀ ਗੱਲ) ਸੱਚ ਮੰਨੋ, ਮੈਂ ਉਸ (ਕ੍ਰਿਸ਼ਨ) ਨੂੰ ਮਾਰ ਕੇ ਤੋਰ ਆਵਾਂਗੀ।

ਨਿਰਭਉ ਨ੍ਰਿਪ ਰਾਜ ਕਰੋ ਨਗਰੀ ਸਗਰੀ ਜਿਨ ਸੋਚ ਕਰੋ ਮਨ ਮੈ ॥੮੨॥

ਹੇ ਰਾਜਨ! ਨਿਰਭੈ ਹੋ ਕੇ ਸਾਰੀ ਨਗਰੀ ਦਾ ਰਾਜ ਕਰੋ, (ਆਪਣੇ) ਮਨ ਵਿਚ ਬਿਲਕੁਲ ਚਿੰਤਾ ਨਾ ਕਰੋ ॥੮੨॥

ਕਬਿਯੋ ਬਾਚ ਦੋਹਰਾ ॥

ਕਵੀ ਨੇ ਕਿਹਾ ਦੋਹਰਾ:

ਅਤਿ ਪਾਪਨ ਜਗੰਨਾਥ ਪਰ ਬੀੜਾ ਲੀਯੋ ਉਠਾਇ ॥

ਵੱਡੀ ਪਾਪਣ (ਪੂਤਨਾ) ਨੇ ਜਗਤ ਦੇ ਸੁਆਮੀ ਨੂੰ ਮਾਰਨ ਦਾ ਬੀੜਾ ਚੁਕ ਲਿਆ ਹੈ।

ਕਪਟ ਰੂਪ ਸੋਰਹ ਸਜੇ ਗੋਕੁਲ ਪਹੁੰਚੀ ਜਾਇ ॥੮੩॥

ਕਪਟੀ ਰੂਪ ਵਾਲੀ ਪੂਤਨਾ ਨੇ ਸੋਲ੍ਹਾਂ ਸ਼ਿੰਗਾਰ ਕਰ ਲਏ ਅਤੇ ਗੋਕੁਲ ਵਿਚ ਜਾ ਪਹੁੰਚੀ ॥੮੩॥