ਸ਼੍ਰੀ ਦਸਮ ਗ੍ਰੰਥ

ਅੰਗ - 477


ਤੀਜਨ ਨੈਨ ਦਿਖਾਇ ਗਿਰਾਵਤ ਚਉਥਨ ਚੌਪ ਚਪੇਟਨ ਮਾਰੈ ॥

ਤੀਜਿਆਂ ਨੂੰ (ਕ੍ਰੋਧਵਾਨ) ਅੱਖਾਂ ਵਿਖਾ ਕੇ ਡਿਗਾ ਦਿੱਤਾ ਹੈ ਅਤੇ ਚੌਥਿਆਂ ਨੂੰ ਸ਼ੌਕ ਨਾਲ ਚਪੇੜਾਂ ਮਾਰ ਕੇ ਨਸ਼ਟ ਕਰ ਦਿੱਤਾ ਹੈ।

ਚੀਰ ਦਏ ਅਰਿ ਕੇ ਉਰਿ ਸ੍ਰੀ ਹਰਿ ਸੂਰਨ ਕੇ ਅੰਗਿ ਅੰਗਿ ਪ੍ਰਚਾਰੈ ॥

ਸ੍ਰੀ ਕ੍ਰਿਸ਼ਨ ਨੇ ਵੈਰੀਆਂ ਦੀਆਂ ਛਾਤੀਆਂ ਨੂੰ ਚੀਰ ਦਿੱਤਾ ਹੈ ਅਤੇ ਸੂਰਮਿਆਂ ਦੇ ਅੰਗ ਅੰਗ ਉਤੇ ਸੱਟਾਂ ਮਾਰੀਆਂ ਹਨ।

ਧੀਰ ਤਹਾ ਭਟ ਕਉਨ ਧਰੈ ਜਦੁਬੀਰ ਜਬੈ ਤਿਹ ਓਰਿ ਸਿਧਾਰੈ ॥੧੭੯੫॥

ਉਥੇ ਕਿਹੜਾ ਸੂਰਮਾ ਧੀਰਜ ਧਾਰਨ ਕਰ ਸਕਦਾ ਹੈ ਜਿਧਰ ਨੂੰ ਜਦ ਸ੍ਰੀ ਕ੍ਰਿਸ਼ਨ ਚਲ ਪੈਂਦੇ ਹਨ (ਅਰਥਾਤ ਹਮਲਾ ਕਰ ਦਿੰਦੇ ਹਨ) ॥੧੭੯੫॥

ਰੋਸ ਭਰਿਯੋ ਜਬ ਹੀ ਬ੍ਰਿਜ ਨਾਇਕ ਦੁਜਨ ਸੈਨ ਨਿਹਾਰਿ ਪਰੈ ॥

ਜਦੋਂ ਕ੍ਰੋਧ ਨਾਲ ਭਰੇ ਹੋਏ ਸ੍ਰੀ ਕ੍ਰਿਸ਼ਨ ਦੁਸ਼ਮਣ ਦੀ ਸੈਨਾ ਨੂੰ ਵੇਖ ਕੇ ਜਾ ਪੈਂਦੇ ਹਨ,

ਤੁਮ ਹੂੰ ਧੌ ਬਿਚਾਰ ਕਹੋ ਚਿਤ ਮੈ ਜਗਿ ਕਉਨ ਬੀਓ ਭਟ ਧੀਰ ਧਰੈ ॥

ਤੁਸੀਂ ਹੀ ਚਿਤ ਵਿਚ ਚਿਵਾਰ ਕੇ ਦਸੋ, ਜਗਤ ਵਿਚ ਹੋਰ ਕਿਹੜਾ ਸ਼ੂਰਵੀਰ ਹੈ ਜੋ ਧੀਰਜ ਨੂੰ ਧਾਰਨ ਕਰ ਸਕੇ।

ਜੋਊ ਸਾਹਸ ਕੈ ਸਬ ਆਯੁਧ ਲੈ ਸੰਗਿ ਸ੍ਯਾਮ ਕੇ ਆਇ ਕੈ ਨੈਕੁ ਅਰੈ ॥

ਸ਼ਿਆਮ ਕਵੀ ਕਹਿੰਦੇ ਹਨ, ਜੋ ਕੋਈ ਹਿੰਮਤ ਕਰ ਕੇ ਅਤੇ ਸਾਰੇ ਸ਼ਸਤ੍ਰ ਲੈ ਕੇ ਸ੍ਰੀ ਕ੍ਰਿਸ਼ਨ ਨਾਲ ਆ ਕੇ ਅੜ ਖੜੋਤਾ ਹੈ,

ਤਿਹ ਕਉ ਜਦੁਬੀਰ ਤਿਹੀ ਛਿਨ ਮੈ ਕਬਿ ਸ੍ਯਾਮ ਕਹੈ ਬਿਨ ਪ੍ਰਾਨ ਕਰੈ ॥੧੭੯੬॥

ਉਸ ਨੂੰ ਸ੍ਰੀ ਕ੍ਰਿਸ਼ਨ ਉਸੇ ਵੇਲੇ ਪ੍ਰਾਣਾਂ ਤੋਂ ਬਿਨਾ ਕਰ ਦਿੰਦੇ ਹਨ ॥੧੭੯੬॥

ਜੋ ਭਟ ਸਸਤ੍ਰ ਸੰਭਾਰਿ ਸਬੈ ਬ੍ਰਿਜਨਾਇਕ ਪੈ ਅਤਿ ਐਡੋ ਸੁ ਆਵੈ ॥

(ਕਵੀ) ਸ਼ਿਆਮ ਕਹਿੰਦੇ ਹਨ, ਜਿਹੜਾ ਸੂਰਮਾ ਸਾਰੇ ਸ਼ਸਤ੍ਰ ਸੰਭਾਲ ਕੇ, ਸ੍ਰੀ ਕ੍ਰਿਸ਼ਨ ਉਤੇ ਡਾਢਾ ਆਕੜ ਕੇ ਚੜ੍ਹ ਆਉਂਦਾ ਹੈ;

ਜੋ ਕੋਊ ਦੂਰ ਤੇ ਸ੍ਯਾਮ ਭਨੈ ਧਨੁ ਤਾਨਿ ਕੇ ਸ੍ਯਾਮ ਪੈ ਬਾਨ ਚਲਾਵੈ ॥

ਜਿਹੜਾ ਕੋਈ ਦੂਰੋਂ ਹੀ ਧਨੁਸ਼ ਕਸ ਕੇ ਸ੍ਰੀ ਕ੍ਰਿਸ਼ਨ ਉਤੇ ਬਾਣ ਚਲਾਉਂਦਾ ਹੈ,

ਜੋ ਅਰਿ ਆਇ ਸਕੈ ਨਹੀ ਸਾਮੁਹੇ ਦੂਰ ਤੇ ਠਾਢੇ ਈ ਗਾਲ ਬਜਾਵੈ ॥

ਜੋ ਵੈਰੀ ਸਾਹਮਣੇ ਨਹੀਂ ਆ ਸਕਦਾ ਅਤੇ ਦੂਰ ਖੜੋਤਾ ਹੀ ਬੜਕਾਂ ਮਾਰਦਾ ਹੈ;

ਤਾਹਿ ਕਉ ਸ੍ਰੀ ਬ੍ਰਿਜਨਾਥ ਚਿਤੈ ਸਰ ਏਕ ਹੀ ਸੋ ਪਰਲੋਕਿ ਪਠਾਵੈ ॥੧੭੯੭॥

ਉਸ ਨੂੰ ਸ੍ਰੀ ਕ੍ਰਿਸ਼ਨ ਵੇਖਦਿਆਂ ਹੀ ਇਕੋ ਬਾਣ ਨਾਲ ਪਰਲੋਕ ਭੇਜ ਦਿੰਦੇ ਹਨ ॥੧੭੯੭॥

ਕਬਿਤੁ ॥

ਕਬਿੱਤ:

ਦੇਖ ਦਸਾ ਤਿਨ ਕੀ ਬਡੇਈ ਬੀਰ ਸਤ੍ਰਨ ਕੇ ਰਾਮ ਭਨੈ ਐਸੀ ਭਾਤਿ ਚਿਤ ਮੈ ਰਿਸਾਤ ਹੈ ॥

(ਕਵੀ) ਰਾਮ ਕਹਿੰਦੇ ਹਨ, ਉਨ੍ਹਾਂ ਦੀ ਦਸ਼ਾ ਵੇਖ ਕੇ ਵੈਰੀਆਂ ਦੇ ਵੱਡੇ ਵੱਡੇ ਸੂਰਮੇ (ਆਪਣੇ) ਚਿੱਤ ਵਿਚ ਇਸ ਤਰ੍ਹਾਂ ਕ੍ਰੋਧ ਕਰਦੇ ਹਨ

ਲੀਨੇ ਕਰਵਾਰਿ ਮਾਰ ਮਾਰ ਹੀ ਉਚਾਰ ਸਮੁਹਾਇ ਆਇ ਸ੍ਯਾਮ ਜੂ ਸੋ ਜੁਧੁ ਹੀ ਮਚਾਤ ਹੈ ॥

ਮਾਨੋ (ਹੱਥਾਂ ਵਿਚ) ਤਲਵਾਰਾਂ ਲੈ ਕੇ ਮਾਰੋ-ਮਾਰੋ ਪੁਕਾਰਦੇ ਹੋਏ ਕ੍ਰਿਸ਼ਨ ਜੀ ਦੇ ਸਾਹਮਣੇ ਆਉਂਦੇ ਹਨ ਅਤੇ ਯੁੱਧ ਮਚਾਉਂਦੇ ਹਨ।

ਏਕ ਨਿਜਕਾਤ ਨਹੀ ਮਨ ਮੈ ਡਰਾਤ ਮੁਸਕਾਇ ਘਾਇ ਖਾਤ ਮਨੋ ਸਬੈ ਏਕ ਜਾਤਿ ਹੈ ॥

ਇਕ ਨਜ਼ਦੀਕ ਨਹੀਂ ਆਉਂਦੇ, ਮਨ ਵਿਚ ਡਰਦੇ ਹਨ ਅਤੇ ਹਸ ਕੇ ਜ਼ਖ਼ਮ ਖਾਉਂਦੇ ਹਨ ਮਾਨੋ ਇਕੋ ਹੀ ਭਾਈਚਾਰੇ ਦੇ ਹੋਣ।

ਗਾਲਹਿ ਬਜਾਤ ਏਕ ਹਰਖ ਬਢਾਤ ਛਤ੍ਰ ਧਰਮ ਕਰਾਤ ਤੇ ਵੇ ਸੁਰਗਿ ਸਿਧਾਤ ਹੈ ॥੧੭੯੮॥

ਇਕ ਨਿਰੀਆਂ ਬੜਕਾਂ ਮਾਰਦੇ ਹਨ, (ਯੋਧਿਆਂ ਦੇ) ਜੋਸ਼ ਨੂੰ ਵਧਾਉਂਦੇ ਹਨ ਅਤੇ (ਉਨ੍ਹਾਂ ਤੋਂ) ਛਤ੍ਰੀ ਧਰਮ (ਅਰਥਾਤ ਯੁੱਧ) ਕਰਾਉਂਦੇ ਹਨ (ਅਤੇ ਅਜਿਹਾ ਕਰ ਕੇ) ਉਹ ਸੁਅਰਗ ਨੂੰ ਜਾਂਦੇ ਹਨ ॥੧੭੯੮॥

ਸਵੈਯਾ ॥

ਸਵੈਯਾ:

ਬ੍ਰਿਜਨਾਇਕ ਕੇ ਬਲ ਲਾਇਕ ਜੇ ਕਬਿ ਸ੍ਯਾਮ ਕਹੈ ਸੋਊ ਸਾਮੁਹੇ ਆਵੈ ॥

ਕਵੀ ਸ਼ਿਆਮ ਕਹਿੰਦੇ ਹਨ, ਜੋ ਸ੍ਰੀ ਕ੍ਰਿਸ਼ਨ ਦੇ ਬਲ ਦੀ ਬਰਾਬਰ ਦੀ ਚੋਟ ਹਨ, ਉਹੀ ਸਾਹਮਣੇ ਆਉਂਦੇ ਹਨ

ਬਾਨ ਕਮਾਨ ਕ੍ਰਿਪਾਨ ਗਦਾ ਗਹਿ ਕ੍ਰੁਧ ਭਰੇ ਅਤਿ ਜੁਧ ਮਚਾਵੈ ॥

ਅਤੇ ਬਾਣ, ਕਮਾਨ, ਕ੍ਰਿਪਾਨ, ਗਦਾ (ਆਦਿ ਸ਼ਸਤ੍ਰ) ਪਕੜ ਕੇ ਕ੍ਰੋਧ ਨਾਲ ਭਰੇ ਹੋਏ ਭਿਆਨਕ ਯੁੱਧ ਕਰਦੇ ਹਨ।

ਏਕ ਪਰੈ ਬਿਨੁ ਪ੍ਰਾਨ ਧਰਾ ਇਕ ਸੀਸ ਕਟੇ ਰਨ ਭੂਮਹਿ ਧਾਵੈ ॥

ਇਕ ਪ੍ਰਾਣਾਂ ਤੋਂ ਬਿਨਾ ਹੋਏ ਧਰਤੀ ਉਤੇ ਪਏ ਹਨ ਅਤੇ ਕਈ ਕਟੇ ਹੋਏ ਸਿਰਾਂ ਨਾਲ ਰਣ-ਭੂਮੀ ਵਿਚ ਭਜੇ ਫਿਰਦੇ ਹਨ।

ਏਕਨ ਕੀ ਬਰ ਲੋਥ ਪਰੀ ਕਰ ਸੋ ਗਹਿ ਕੈ ਅਰਿ ਓਰਿ ਚਲਾਵੈ ॥੧੭੯੯॥

(ਇਸੇ ਤਰ੍ਹਾਂ) ਕਈ ਸੁੰਦਰ ਲੋਥਾਂ (ਧਰਤੀ ਉਤੇ) ਪਈਆਂ ਹਨ (ਅਤੇ ਉਹ) ਹੱਥਾਂ ਨਾਲ ਫੜ ਕੇ (ਸਿਰਾਂ ਨੂੰ) ਵੈਰੀਆਂ ਵਲ ਸੁਟ ਰਹੇ ਹਨ ॥੧੭੯੯॥

ਸੂਰ ਸੁ ਏਕ ਹਨੈ ਤਹ ਬਾਜ ਤਹਾ ਇਕ ਬੀਰ ਬਡੇ ਗਜ ਮਾਰੈ ॥

ਇਕ ਯੋਧੇ ਨੇ ਉਥੇ ਘੋੜੇ ਮਾਰ ਦਿੱਤੇ ਹਨ ਅਤੇ ਇਕ ਸੂਰਮੇ ਨੇ ਵੱਡੇ ਹਾਥੀ ਮਾਰ ਦਿੱਤੇ ਹਨ।

ਏਕ ਰਥੀ ਬਲਵਾਨ ਹਨੈ ਇਕ ਪਾਇਕ ਮਾਰ ਕੈ ਬੀਰ ਪਛਾਰੈ ॥

ਇਕ ਬਲਵਾਨ ਨੇ ਰਥਵਾਨ ਮਾਰ ਦਿੱਤੇ ਅਤੇ ਇਕ ਨੇ ਪੈਦਲ ਯੋਧੇ ਮਾਰ ਕੇ ਧਰਤੀ ਉਤੇ ਪਛਾੜ ਸੁਟੇ ਹਨ।

ਏਕ ਭਜੇ ਲਖਿ ਆਹਵ ਕਉ ਇਕ ਘਾਇਲ ਘਾਇਲ ਕੋ ਲਲਕਾਰੈ ॥

ਇਕ ਯੁੱਧ-ਭੂਮੀ ਨੂੰ ਵੇਖ ਕੇ ਭਜ ਗਏ ਹਨ ਅਤੇ ਇਕ ਘਾਇਲ ਘਾਇਲਾਂ ਨੂੰ ਲਲਕਾਰ ਰਹੇ ਹਨ।

ਏਕ ਲਰੈ ਨ ਡਰੈ ਘਨ ਸ੍ਯਾਮ ਕੋ ਧਾਇ ਕ੍ਰਿਪਾਨ ਕੇ ਘਾਇ ਪ੍ਰਹਾਰੈ ॥੧੮੦੦॥

ਇਕ (ਡਟ ਕੇ) ਲੜਦੇ ਹਨ ਅਤੇ ਸ੍ਰੀ ਕ੍ਰਿਸ਼ਨ ਤੋਂ ਡਰਦੇ ਨਹੀਂ ਹਨ, (ਸਗੋਂ) ਭਜ ਕੇ (ਉਸ ਉਤੇ) ਕ੍ਰਿਪਾਨ ਦਾ ਵਾਰ ਕਰਦੇ ਹਨ ॥੧੮੦੦॥

ਦੋਹਰਾ ॥

ਦੋਹਰਾ:

ਘੇਰਿ ਲੀਓ ਚਹੂੰ ਓਰ ਹਰਿ ਬੀਰਨਿ ਸਸਤ੍ਰ ਸੰਭਾਰਿ ॥

(ਵੈਰੀ) ਸੂਰਮਿਆਂ ਨੇ ਸ਼ਸਤ੍ਰ ਸੰਭਾਲ ਕੇ ਸ੍ਰੀ ਕ੍ਰਿਸ਼ਨ ਨੂੰ ਚੌਹਾਂ ਪਾਸਿਆਂ ਤੋਂ (ਇੰਜ) ਘੇਰ ਲਿਆ ਹੈ

ਬਾਰਿ ਖੇਤ ਜਿਉ ਛਾਪ ਨਗ ਰਵਿ ਸਸਿ ਜਿਉ ਪਰਿਵਾਰਿ ॥੧੮੦੧॥

ਜਿਵੇਂ ਖੇਤ ਨੂੰ ਵਾੜ, ਨਗ ਨੂੰ ਮੁੰਦਰੀ ਅਤੇ ਸੂਰਜ ਤੇ ਚੰਦਮਾ ਨੂੰ ਪ੍ਰਵਾਰ ਘੇਰ ਲੈਂਦਾ ਹੈ ॥੧੮੦੧॥

ਸਵੈਯਾ ॥

ਸਵੈਯਾ:

ਘੇਰਿ ਲੀਓ ਹਰਿ ਕਉ ਜਬ ਹੀ ਤਬ ਸ੍ਰੀ ਜਦੁਨਾਥ ਸਰਾਸਨ ਲੀਨੋ ॥

ਜਦੋਂ (ਦੁਸ਼ਮਨ ਨੇ) ਸ੍ਰੀ ਕ੍ਰਿਸ਼ਨ ਨੂੰ ਘੇਰ ਲਿਆ, ਤਦੋਂ ਸ੍ਰੀ ਕ੍ਰਿਸ਼ਨ ਨੇ ਧਨੁਸ਼ ਫੜ ਲਿਆ

ਦੁਜਨ ਸੈਨ ਬਿਖੈ ਧਸਿ ਕੈ ਛਿਨ ਮੈ ਬਿਨੁ ਪ੍ਰਾਨ ਘਨੋ ਦਲੁ ਕੀਨੋ ॥

ਅਤੇ ਵੈਰੀ ਸੈਨਾ ਵਿਚ ਧਸ ਕੇ ਛਿਣ ਭਰ ਵਿਚ ਬਹੁਤ ਸਾਰੇ ਦਲ ਨੂੰ ਪ੍ਰਾਣਾਂ ਤੋਂ ਬਿਨਾ ਕਰ ਦਿੱਤਾ।

ਲੋਥ ਪੈ ਲੋਥ ਗਈ ਪਰਿ ਕੈ ਇਹ ਭਾਤਿ ਕਰਿਯੋ ਅਤਿ ਜੁਧੁ ਪ੍ਰਬੀਨੋ ॥

ਯੁੱਧ ਵਿਚ ਪ੍ਰਬੀਨ (ਸ੍ਰੀ ਕ੍ਰਿਸ਼ਨ ਨੇ) ਇਸ ਤਰ੍ਹਾਂ ਦਾ ਭਾਰਾ ਯੁੱਧ ਕੀਤਾ ਕਿ ਲੋਥ ਉਤੇ ਲੋਥ ਚੜ੍ਹ ਗਈ।

ਜੋ ਕੋਊ ਸਾਮੁਹੇ ਆਇ ਅਰਿਓ ਅਰਿ ਸੋ ਗ੍ਰਿਹ ਜੀਵਤ ਜਾਨ ਨ ਦੀਨੋ ॥੧੮੦੨॥

ਜੋ ਕੋਈ ਵੀ ਸਾਹਮਣਿਓਂ ਆ ਕੇ ਲੜਿਆ, ਉਸ ਨੂੰ (ਸ੍ਰੀ ਕ੍ਰਿਸ਼ਨ ਨੇ) ਘਰ ਨੂੰ ਜੀਉਂਦਿਆਂ ਨਹੀਂ ਜਾਣ ਦਿੱਤਾ ॥੧੮੦੨॥

ਬਹੁ ਬੀਰ ਹਨੇ ਲਖਿ ਕੈ ਰਨ ਮੈ ਬਰ ਬੀਰ ਬਡੇ ਅਤਿ ਕੋਪ ਭਰੇ ॥

ਯੁੱਧ-ਭੂਮੀ ਵਿਚ ਬਹੁਤ ਸਾਰੇ ਸੂਰਮਿਆਂ ਨੂੰ ਮੋਇਆ ਵੇਖ ਕੇ, ਵੱਡੇ ਵੱਡੇ ਯੋਧੇ ਕ੍ਰੋਧ ਨਾਲ ਭਰ ਗਏ ਹਨ।

ਜਦੁਬੀਰ ਕੇ ਊਪਰਿ ਆਇ ਪਰੇ ਹਠਿ ਕੈ ਮਨ ਮੈ ਨਹੀ ਨੈਕੁ ਡਰੇ ॥

ਹਠ ਕਰ ਕੇ ਸ੍ਰੀ ਕ੍ਰਿਸ਼ਨ ਉਤੇ ਆ ਪਏ ਹਨ ਅਤੇ ਮਨ ਵਿਚ ਜ਼ਰਾ ਜਿੰਨੇ ਵੀ ਡਰੇ ਨਹੀਂ ਹਨ।

ਸਬ ਸਸਤ੍ਰ ਸੰਭਾਰਿ ਪ੍ਰਹਾਰ ਕਰੈ ਕਬਿ ਸ੍ਯਾਮ ਕਹੈ ਨਹੀ ਪੈਗੁ ਟਰੇ ॥

ਕਵੀ ਸ਼ਿਆਮ ਕਹਿੰਦੇ ਹਨ, ਸਾਰੇ (ਯੋਧੇ) ਸ਼ਸਤ੍ਰ ਸੰਭਾਲ ਕੇ ਵਾਰ ਕਰਦੇ ਹਨ ਅਤੇ ਇਕ ਕਦਮ ਵੀ ਪਿਛੇ ਨਹੀਂ ਹਟਦੇ ਹਨ।

ਬ੍ਰਿਜਨਾਥ ਸਰਾਸਨ ਲੈ ਤਿਨ ਕੇ ਸਰ ਏਕ ਹੀ ਏਕ ਸੋ ਪ੍ਰਾਨ ਹਰੇ ॥੧੮੦੩॥

ਸ੍ਰੀ ਕ੍ਰਿਸ਼ਨ ਧਨੁਸ਼ ਲੈ ਕੇ ਇਕੋ ਇਕ ਬਾਣ ਨਾਲ ਉਨ੍ਹਾਂ ਦੇ ਪ੍ਰਾਣ ਨਸ਼ਟ ਕਰ ਦਿੰਦੇ ਹਨ ॥੧੮੦੩॥

ਬਹੁ ਭੂਮਿ ਗਿਰੇ ਬਰ ਬੀਰ ਜਬੈ ਜੇਊ ਸੂਰ ਰਹੇ ਮਨ ਕੋਪੁ ਪਗੇ ॥

ਜਦ ਬਹੁਤ ਸਾਰੇ ਯੁੱਧ-ਵੀਰ ਸੂਰਮੇ ਧਰਤੀ ਉਤੇ ਡਿਗ ਪਏ, ਤਾਂ ਜੋ ਸੂਰਮੇ ਰਹਿ ਗਏ (ਉਨ੍ਹਾਂ ਦਾ) ਮਨ ਕ੍ਰੋਧ ਨਾਲ ਭਰ ਗਿਆ।

ਬ੍ਰਿਜਨਾਥ ਨਿਹਾਰਿ ਉਚਾਰਤ ਯੌ ਸਬ ਗੂਜਰ ਪੂਤ ਕੇ ਕਉਨ ਭਗੇ ॥

ਉਹ ਸਾਰੇ ਸ੍ਰੀ ਕ੍ਰਿਸ਼ਨ ਨੂੰ ਵੇਖ ਕੇ ਇਸ ਤਰ੍ਹਾਂ ਪੁਕਾਰਦੇ ਹਨ ਕਿ ਇਸ ਗਵਾਲੇ ਦੇ ਪੁੱਤਰ ਤੋਂ ਕੌਣ ਭਜੇਗਾ।

ਅਬ ਯਾ ਕਹੁ ਮਾਰਤ ਹੈ ਰਨ ਮੈ ਮਨ ਮੈ ਰਸ ਬੀਰ ਮਿਲੇ ਉਮਗੇ ॥

ਹੁਣੇ ਇਸ ਨੂੰ ਯੁੱਧ ਵਿਚ ਮਾਰਦੇ ਹਾਂ, ਉਨ੍ਹਾਂ ਦੇ ਮਨ ਵਿਚ ਵੀਰ ਰਸ ਦੀਆਂ ਉਮੰਗਾਂ ਪੈਦਾ ਹੋ ਗਈਆਂ ਹਨ।

ਜਦੁਬੀਰ ਕੇ ਤੀਰ ਛੁਟੇ ਤੇ ਡਰੇ ਭਟ ਜਿਉ ਕੋਊ ਸੋਵਤ ਚਉਕ ਜਗੇ ॥੧੮੦੪॥

ਸ੍ਰੀ ਕ੍ਰਿਸ਼ਨ ਦੇ ਬਾਣਾਂ ਦੇ ਛੁਟਣ ਨਾਲ ਸੂਰਮੇ ਇਸ ਤਰ੍ਹਾਂ ਡਰ ਜਾਂਦੇ ਹਨ ਜਿਸ ਤਰ੍ਹਾਂ ਸੁਤਾ ਹੋਇਆ (ਵਿਅਕਤੀ) ਚੌਂਕ ਕੇ ਉਠ ਪੈਂਦਾ ਹੈ ॥੧੮੦੪॥

ਝੂਲਨਾ ਛੰਦ ॥

ਝੂਲਨਾ ਛੰਦ:

ਲੀਯੋ ਪਾਨਿ ਸੰਭਾਰ ਕੈ ਚਕ੍ਰ ਭਗਵਾਨ ਜੂ ਕ੍ਰੋਧ ਕੈ ਸਤ੍ਰੁ ਕੀ ਸੈਨ ਕੁਟੀ ॥

ਹੱਥ ਵਿਚ ਸੁਦਰਸ਼ਨ ਚੱਕਰ ਧਾਰਨ ਕਰ ਕੇ ਕ੍ਰਿਸ਼ਨ ਜੀ ਨੇ ਕ੍ਰੋਧ ਕਰ ਕੇ ਵੈਰੀ ਦੀ ਸੈਨਾ ਕੁਟ ਦਿੱਤੀ ਹੈ।

ਮਹੀ ਚਾਲ ਕੀਨੋ ਦਸੋ ਨਾਗ ਭਾਗੇ ਰਮਾ ਨਾਥ ਜਾਗੇ ਹਰਹਿ ਡੀਠ ਛੁਟੀ ॥

ਧਰਤੀ ਡੋਲ ਗਈ ਹੈ, ਦਸਾਂ ਦਿਸ਼ਾਵਾਂ ਰੂਪ ਹਾਥੀ ਭਜ ਗਏ ਹਨ, ਲੱਛਮੀ-ਪਤੀ (ਵਿਸ਼ਣੂ) ਜਾਗ ਪਿਆ ਹੈ ਅਤੇ ਸ਼ਿਵ ਦੀ ਸਮਾਧੀ ਟੁਟ ਗਈ ਹੈ।

ਘਨੀ ਮਾਰ ਸੰਘਾਰਿ ਬਿਦਾਰ ਕੀਨੀ ਘਨੀ ਸ੍ਯਾਮ ਕੋ ਦੇਖ ਕੈ ਸੈਨ ਫੁਟੀ ॥

ਬਹੁਤ ਅਧਿਕ ਮਾਰ ਨਾਲ ਸੈਨਾ ਨਸ਼ਟ ਕਰ ਦਿੱਤੀ ਹੈ ਅਤੇ ਸ੍ਰੀ ਕ੍ਰਿਸ਼ਨ ਨੂੰ ਵੇਖ ਕੇ ਸੈਨਾ ਤਿੱਤਰ ਬਿੱਤਰ ਹੋ ਗਈ ਹੈ।

ਐਸੇ ਸ੍ਯਾਮ ਭਾਖੈ ਮਹਾ ਸੂਰਮੋ ਕੀ ਤਹਾ ਆਪਨੀ ਜੀਤ ਕੀ ਆਸ ਤੁਟੀ ॥੧੮੦੫॥

(ਕਵੀ) ਸ਼ਿਆਮ ਕਹਿੰਦੇ ਹਨ, ਉਥੇ ਵੱਡੇ ਵੱਡੇ ਸੂਰਮਿਆਂ ਦੀ ਆਪਣੀ ਜਿਤ ਦੀ ਆਸ ਖ਼ਤਮ ਹੋ ਗਈ ਹੈ ॥੧੮੦੫॥

ਘਨੀ ਮਾਰਿ ਮਾਚੀ ਤਹਾ ਕਾਲਿ ਨਾਚੀ ਘਨੇ ਜੁਧ ਕਉ ਛਾਡਿ ਕੈ ਬੀਰ ਭਾਗੇ ॥

(ਰਣ-ਭੂਮੀ ਵਿਚ) ਬਹੁਤ ਮਾਰ ਮਚੀ ਹੈ, ਉਥੇ ਆ ਕੇ ਕਾਲੀ (ਦੇਵੀ) ਨਚੀ ਹੈ ਅਤੇ ਉਸ ਭਿਆਨਕ ਯੁੱਧ ਨੂੰ (ਵੇਖ ਕੇ) ਯੋਧੇ ਭਜ ਗਏ ਹਨ।

ਕ੍ਰਿਸਨ ਬਾਨ ਕਮਾਨ ਕੇ ਲਾਗਤੇ ਹੀ ਐਸੇ ਸ੍ਯਾਮ ਭਾਖੈ ਘਨਿਯੋ ਪ੍ਰਾਨ ਤ੍ਯਾਗੇ ॥

(ਕਵੀ) ਸ਼ਿਆਮ ਇਸ ਤਰ੍ਹਾਂ ਕਹਿੰਦੇ ਹਨ, ਸ੍ਰੀ ਕ੍ਰਿਸ਼ਨ ਦੀ ਕਮਾਨ ਤੋਂ ਛੁਟੇ ਬਾਣਾਂ ਦੇ ਵਜਦਿਆਂ ਹੀ ਬਹੁਤਿਆਂ ਨੇ ਪ੍ਰਾਣ ਛਡ ਦਿੱਤੇ ਹਨ।


Flag Counter