ਉਹ ਚੌਵੀਆਂ ਦੇ ਫਲ ਤੋਂ ਸਖਣੇ ਹਨ।
ਜਿਨ੍ਹਾਂ ਨੇ ਇਕ ਨੂੰ ਪਛਾਣਿਆ ਹੈ,
ਉਨ੍ਹਾਂ ਨੇ ਚੌਵੀਆਂ ਦਾ ਰਸ ਮਾਣਿਆ ਹੈ ॥੪੮੧॥
ਬਚਿਤ੍ਰ ਪਦ ਛੰਦ:
(ਜਿਨ੍ਹਾਂ ਨੇ) ਇਕ ਨੂੰ ਮਨ ਵਿਚ ਲਿਆਂਦਾ ਹੈ
ਅਤੇ ਦ੍ਵੈਤ ਭਾਵ ਨਹੀਂ ਪਛਾਣਿਆ ਹੈ,
(ਉਨ੍ਹਾਂ ਨੇ) ਜ਼ਮਾਨੇ ('ਦਉਰ') ਵਿਚ ਨਗਾਰੇ ਵਜਾਏ ਹਨ
(ਅਤੇ ਉਨ੍ਹਾਂ ਉਤੇ) ਦੇਵਤਿਆਂ ਨੇ ਫੁਲਾਂ ਦੀ ਬਰਖਾ ਕੀਤੀ ਹੈ ॥੪੮੨॥
ਸਾਰੇ ਜਟਾਧਾਰੀ (ਯੋਗੀ) ਆਨੰਦਿਤ ਹੋ ਰਹੇ ਹਨ
ਅਤੇ ਤਾੜੀਆਂ ਮਾਰ ਮਾਰ ਕੇ ਗਾਉਂਦੇ ਹਨ।
ਜਿਥੇ ਕਿਥੇ (ਖੁਸ਼ੀ ਨਾਲ) ਫੁਲੇ ਘੁੰਮਦੇ ਫਿਰਦੇ ਹਨ
ਅਤੇ ਘਰ ਦੇ ਸਾਰੇ ਦੁਖ ਭੁਲ ਗਏ ਹਨ ॥੪੮੩॥
ਤਾਰਕ ਛੰਦ:
ਜਦ ਉਸ ਨੇ ਬਹੁਤ ਵਰ੍ਹਿਆਂ ਤਕ ਤਪਸਿਆ ਕੀਤੀ
ਅਤੇ ਜੋ ਕ੍ਰਿਆ ਗੁਰਦੇਵ ਨੇ ਕਹੀ ਸੀ, (ਉਸ ਨੂੰ ਹਿਰਦੇ ਵਿਚ) ਧਾਰਨ ਕਰ ਲਿਆ।
ਤਦ ਨਾਥ ਨੇ ਜੁਗਤ ਦਸ ਕੇ ਸਨਾਥ ਕਰ ਦਿੱਤਾ
ਅਤੇ ਤਦ ਹੀ ਦਸਾਂ ਦਿਸ਼ਾਵਾਂ ਦੀ ਸੂਝ ਪ੍ਰਾਪਤ ਹੋ ਗਈ (ਅਰਥਾਤ ਬ੍ਰਹਮ ਗਿਆਨ ਹਾਸਲ ਹੋ ਗਿਆ) ॥੪੮੪॥
ਤਦ (ਉਹ) ਬ੍ਰਾਹਮਣ ਦੇਵਤਾ (ਦੱਤ) ਚੌਬੀਸ ਗੁਰੂ ਕਰ ਕੇ
ਅਤੇ ਸਾਰਿਆਂ ਮੁਨੀਆਂ ਨੂੰ ਨਾਲ ਲੈ ਕੇ ਸੁਮੇਰ ਪਰਬਤ ਉਤੇ ਚਲਿਆ ਗਿਆ।
ਜਦ ਉਸ ਨੇ ਉਥੇ ਘੋਰ ਤਪਸਿਆ ਕੀਤੀ,
ਤਦ ਗੁਰਦੇਵ (ਪ੍ਰਭੂ) ਨੇ ਉਸ ਨੂੰ ਇਹ ਸਿਖਿਆ ਦਿੱਤੀ ॥੪੮੫॥
ਤੋਟਕ ਛੰਦ:
ਰਿਸ਼ੀ (ਦੱਤ) ਸਾਰਿਆਂ ਚੇਲਿਆਂ ਨੂੰ ਨਾਲ ਲੈ ਕੇ ਸੁਮੇਰ ਪਰਬਤ ਉਤੇ ਗਏ,
(ਜਿਨ੍ਹਾਂ ਨੇ) ਸਿਰ ਉਤੇ ਜਟਾਵਾਂ ਧਾਰਨ ਕੀਤੀਆਂ ਹੋਈਆਂ ਸਨ ਅਤੇ ਭਗਵੇ ਬਸਤ੍ਰ ਪਾਏ ਹੋਏ ਸਨ।
ਬਹੁਤ ਵਰ੍ਹਿਆਂ ਦੇ ਸਮੇਂ ਤਕ (ਉਥੇ ਉਸ ਨੇ) ਘੋਰ ਤਪਸਿਆ ਕੀਤੀ
ਅਤੇ ਇਕ ਛਿਣ ਭਰ ਲਈ ਵੀ ਹਰਿ ਜਾਪ ਨੂੰ ਨਾ ਛਡਿਆ ॥੪੮੬॥
ਦਸ ਲਖ ਅਤੇ ਵੀਹ ਹਜ਼ਾਰ ਵਰ੍ਹੇ ਤਕ ਰਿਸ਼ੀ ਨੇ
ਉਥੇ ਬਹੁਤ ਤਰ੍ਹਾਂ ਨਾਲ ਤਪਸਿਆ ਕੀਤੀ।
ਸਭ ਦੇਸਾਂ ਦੇਸਾਂਤਰਾਂ ਵਿਚ (ਆਪਣਾ) ਮਤ ਚਲਾਇਆ।
ਮਹਾ ਮੁਨੀ ਬਹੁਤ ਗੰਭੀਰ ਅਤੇ ਮਹਾਨ ਮਤ ਅਤੇ ਗਤੀ ਵਾਲੇ ਸਨ ॥੪੮੭॥
ਜਦ ਰਿਸ਼ੀ ਰਾਜ ਦੀ ਅੰਤ-ਦਸ਼ਾ ਆ ਗਈ,
(ਤਦ) ਯੋਗ ਦੇ ਬਲ ਕਰ ਕੇ ਮੁਨੀ ਨੇ (ਇਹ ਗੱਲ) ਜਾਣ ਲਈ।
ਮੁਨੀ ਯੋਗੀ ('ਜਟੀ') ਨੇ ਜਗਤ ਨੂੰ ਧੂੰਏ ਦੇ ਘਰ ਵਜੋਂ ਜਾਣ ਲਿਆ।
(ਫਿਰ) ਇਸ ਤਰ੍ਹਾਂ ਦੀ ਕੁਝ ਹੋਰ ਕ੍ਰਿਆ ਬਣਾ ਲਈ ॥੪੮੮॥
ਰਿਸ਼ੀ ਨੇ ਯੋਗ ਦੇ ਬਲ ਤੇ ਪਵਨ (ਸੁਆਸ) ਨੂੰ ਸਾਧ ਲਿਆ
ਅਤੇ ਧਰਤੀ ਤਲ ਉਤੇ (ਆਪਣਾ) ਸ਼ਰੀਰ ਤਿਆਗ ਕੇ ਚਲਦੇ ਬਣੇ।
ਦਸਮ ਦੁਆਰ ਦੀ ਸੁੰਦਰ ਕਪਾਲ ਦੀ ਕਲੀ ਨੂੰ ਫੋੜ ਕੇ
ਉਸ ਦੀ ਜੋਤਿ ਮਹਾਨ ਜੋਤਿ ਵਿਚ ਮਿਲ ਗਈ ॥੪੮੯॥
ਕਾਲ ਦੇ ਹੱਥ ਵਿਚ ਸੁੰਦਰ ('ਕਲ') ਭਿਆਨਕ ਤਲਵਾਰ ਚਮਕਦੀ ਹੈ।
(ਉਸ ਨੇ) ਜਗਤ ਦੇ ਸਾਰੇ ਚਲ ਅਤੇ ਅਚਲ ਨੂੰ ਕਸਿਆ ਹੋਇਆ ਹੈ।
ਕਾਲ ਨੇ ਜਗਤ ਵਿਚ ਬਹੁਤ ਵਿਸ਼ਾਲ ਜਾਲ ਰਚਿਆ ਹੋਇਆ ਹੈ
ਜਿਸ ਵਿਚ ਫਸੇ ਬਿਨਾ ਕੋਈ ਵੀ ਨਹੀਂ ਬਚਿਆ ਹੈ ॥੪੯੦॥
ਸਵੈਯਾ:
(ਜਿਨ੍ਹਾਂ ਨੇ) ਦੇਸਾਂ ਵਿਦੇਸਾਂ ਦੇ ਰਾਜੇ ਜਿਤ ਲਏ ਹਨ ਅਤੇ ਵੱਡੇ ਵੱਡੇ ਸੈਨਾਪਤੀ ('ਅਨੇਸ') ਅਤੇ ਰਾਜੇ ('ਅਵਨੇਸ') ਮਾਰ ਦਿੱਤੇ ਸਨ।
ਅੱਠਾਂ ਹੀ ਸਿੱਧੀਆਂ, ਸਾਰੀਆਂ ਹੀ ਨੌਂ ਨਿਧੀਆਂ ਅਤੇ ਸਭ ਤਰ੍ਹਾਂ ਦੀ ਦੌਲਤ ਨਾਲ ਘਰ ਭਰੇ ਹੋਏ ਸਨ।
ਚੰਦ੍ਰਮਾ ਦੇ ਮੁਖ ਵਰਗੀ ਇਸਤਰੀ (ਘਰ ਵਿਚ ਸੀ) ਅਤੇ ਬਹੁਤ ਮਾਲ ਨਾਲ ਘਰ ਭਰੇ ਹੋਏ ਸਨ, ਜੋ ਸੰਭਾਲੇ ਨਹੀਂ ਜਾ ਰਹੇ ਸਨ।
(ਉਹ) ਨਾਮ ਤੋਂ ਹੀਣੇ ਹੋ ਕੇ ਯਮ ਦੇ ਅਧੀਨ ਹੋ ਗਏ ਅਤੇ ਅੰਤ ਵਿਚ (ਇਸ ਜਗਤ ਤੋਂ) ਨੰਗੇ ਪੈਰ ਹੀ ਗਏ ॥੪੯੧॥
ਰਾਵਨ ਦੇ, ਮਹਿਰਾਵਨ ਦੇ, ਮਨੁ ਰਾਜੇ ਦੇ, ਨਲ ਦੇ ਚਲਾਣਾ ਕਰਨ ਵੇਲੇ ਵੀ ਨਾਲ (ਮੈਂ-ਭਾਵ ਦੁਨੀਆ) ਨਹੀਂ ਗਈ ਹਾਂ।