ਅਤੇ ਉਨ੍ਹਾਂ ਦੇ ਸ਼ਰੀਰ ਭੁਖ ਅਤੇ ਪਿਆਸ ਨਾਲ ਮੁਰਝਾ ਗਏ ਹਨ।
ਵੈਰੀ ਨਾਲ ਲੜਦਿਆਂ ਸ਼ਾਮ ਹੋ ਗਈ ਹੈ
ਅਤੇ (ਉਹ) ਉਥੇ ਰਣ-ਭੂਮੀ ਵਿਚ ਹੀ ਰਹਿ ਗਏ ਹਨ ॥੧੬੫੯॥
ਸਵੇਰ ਹੋਣ ਤੇ ਸਾਰੇ ਸੂਰਮੇ ਜਾਗ ਪਏ ਹਨ
ਅਤੇ ਦੋਹਾਂ ਪਾਸਿਆਂ ਤੋਂ ਜੰਗੀ ਨਗਾਰੇ ਵਜਣ ਲਗੇ ਹਨ।
(ਯੋਧਿਆਂ ਨੇ ਸ਼ਰੀਰਾਂ ਉਤੇ) ਕਵਚ ਸਜਾ ਕੇ ਹੱਥਾਂ ਵਿਚ ਸ਼ਸਤ੍ਰ ਲੈ ਲਏ ਹਨ
ਅਤੇ ਫਿਰ ਯੁੱਧ ਲਈ ਚਲ ਪਏ ਹਨ ॥੧੬੬੦॥
ਸਵੈਯਾ:
ਸ਼ਿਵ ਨੂੰ, ਯਮ ਨੂੰ ਅਤੇ ਸੂਰਜ ਨੂੰ ਨਾਲ ਲੈ ਕੇ ਬਸੁਦੇਵ ਦਾ ਪੁੱਤਰ (ਸ੍ਰੀ ਕ੍ਰਿਸ਼ਨ) ਰਣ ਖੇਤਰ ਨੂੰ ਚਲਿਆ ਹੈ।
ਯੁੱਧ ਵਿਚ ਅੜ ਕੇ ਵੈਰੀ ਨੂੰ (ਹੁਣੇ) ਮਾਰਦਾ ਹਾਂ, ਸ੍ਰੀ ਕ੍ਰਿਸ਼ਨ ਨੇ ਸ਼ਿਵ ਨੂੰ ਮੁਖ ਤੋਂ ਇਹ ਬੋਲ ਕਿਹਾ।
ਕ੍ਰਿਸ਼ਨ ਦੇ ਨਾਲ ਬਹੁਤ ਸਾਰੇ ਯੋਧੇ ਉਮਡ ਕੇ ਆਏ ਹਨ (ਜਿਨ੍ਹਾਂ ਨੇ) ਹੱਥਾਂ ਵਿਚ ਧਨੁਸ਼ ਅਤੇ ਬਾਣ ਕਸੇ ਹੋਏ ਹਨ।
ਆ ਕੇ ਖੜਗ ਸਿੰਘ ਨਾਲ ਲੜ ਪਏ ਹਨ। (ਉਹ ਸਾਰੇ) ਨਿਸੰਗ ਹੋ ਗਏ ਹਨ ਅਤੇ (ਮਨ ਵਿਚ) ਕਿਸੇ ਪ੍ਰਕਾਰ ਦਾ ਕੋਈ ਸੰਗ-ਸੰਕੋਚ ਨਹੀਂ ਮੰਨਿਆ ॥੧੬੬੧॥
(ਰਾਜਾ ਖੜਗ ਸਿੰਘ ਨੇ) ਸ਼ਿਵ ਦੇ ਗਿਆਰਾਂ ਗਣ ਘਾਇਲ ਕਰ ਦਿੱਤੇ ਹਨ ਅਤੇ ਬਾਰ੍ਹਾਂ ਸੂਰਜਾਂ ਦੇ ਰਥ ਕਟ ਦਿੱਤੇ ਹਨ।
ਯਮ ਰਾਜ ਨੂੰ ਘਾਇਲ ਕਰ ਕੇ ਬੇ-ਰਥੀ ਕਰ ਦਿੱਤਾ ਹੈ ਅਤੇ ਅੱਠਾਂ ਬਸੂਆਂ ਨੂੰ ਲਲਕਾਰਾ ਮਾਰ ਕੇ ਡਾਂਟਿਆ ਹੈ।
ਬਹੁਤ ਸਾਰੇ ਵੈਰੀ ਸਿਰਾਂ ਤੋਂ ਰਹਿਤ ਕਰ ਦਿੱਤੇ ਹਨ। ਜੋ ਰਣ-ਖੇਤਰ ਵਿਚ ਰਹਿ ਗਏ ਹਨ, ਉਨ੍ਹਾਂ ਦੇ ਕਦਮ (ਚਲਣੋਂ) ਰੁਕ ਗਏ ਹਨ।
ਰਾਜੇ ਦੇ ਬਾਣ ਪੌਣ ਵਾਂਗ ਛੁਟਦੇ ਸਨ (ਜਿਨ੍ਹਾਂ ਨੇ) ਸਾਰਿਆਂ ਦਲਾਂ ਨੂੰ ਬਦਲਾਂ ਵਾਂਗ ਖਿੰਡਾ ਦਿੱਤਾ ਹੈ ॥੧੬੬੨॥
(ਜਦੋਂ) ਡਰ ਦੇ ਮਾਰੇ ਸੂਰਮੇ ਰਣ ਖੇਤਰ ਵਿਚੋਂ ਭਜ ਗਏ, ਤਦ ਸ਼ਿਵ ਨੇ ਇਕ ਉਪਾ ਸੋਚਿਆ।
ਇਕ ਮਿੱਟੀ ਦਾ ਮਨੁੱਖ ਬਣਾ ਦਿੱਤਾ ਜਿਸ ਵਿਚ (ਉਦੋਂ) ਪ੍ਰਾਣ ਪੈ ਗਏ ਜਦੋਂ ਸ੍ਰੀ ਕ੍ਰਿਸ਼ਨ ਨੇ (ਉਸ ਵਲ) ਵੇਖਿਆ।
ਉਸ ਦਾ ਨਾਂ 'ਅਜੀਤ ਸਿੰਘ' ਰਖਿਆ ਅਤੇ ਰੁਦ੍ਰ ਨੇ ਵਰ ਦਿੱਤਾ ਕਿ (ਇਹ) ਮਾਰਨ ਨਾਲ ਮਰੇਗਾ ਨਹੀਂ।
ਉਹ ਹੱਥ ਵਿਚ ਸ਼ਸਤ੍ਰ ਧਾਰਨ ਕਰ ਕੇ ਖੜਗ ਸਿੰਘ ਨੂੰ ਮਾਰਨ ਲਈ ਚਲ ਪਿਆ ॥੧੬੬੩॥
ਅੜਿਲ:
ਬਹੁਤ ਪ੍ਰਚੰਡ ਅਤੇ ਬਲਵਾਨ ਸੂਰਮੇ ਫਿਰ ਇਕੱਠੇ ਹੋ ਕੇ ਹਮਲਾਵਰ ਹੋਏ ਹਨ।
(ਉਨ੍ਹਾਂ ਨੇ) ਹੱਥਾਂ ਵਿਚ ਆਪਣੇ ਸ਼ਸਤ੍ਰ ਧਾਰਨ ਕਰ ਲਏ ਹਨ ਅਤੇ ਸੰਖ ਵਜਾਉਂਦੇ ਹਨ।
ਬਾਰ੍ਹਾਂ ਸੂਰਜਾਂ ਨੇ ਧਨੁਸ਼ਾਂ ਉਤੇ ਬਾਣ ਕਸ ਕੇ ਚਲਾਏ ਹਨ।