ਸ਼੍ਰੀ ਦਸਮ ਗ੍ਰੰਥ

ਅੰਗ - 315


ਕਹੈ ਕਬਿ ਸ੍ਯਾਮ ਤਾ ਕੀ ਮਹਿਮਾ ਨ ਲਖੀ ਜਾਇ ਐਸੀ ਭਾਤਿ ਖੇਲੈ ਕਾਨ੍ਰਹ ਮਹਾ ਸੁਖੁ ਪਾਇ ਕੈ ॥੨੨੯॥

ਸ਼ਿਆਮ ਕਵੀ ਕਹਿੰਦੇ ਹਨ, ਉਸ ਦੀ ਮਹਿਮਾ ਜਾਣੀ ਨਹੀਂ ਜਾਂਦੀ, ਕ੍ਰਿਸ਼ਨ ਜੀ ਇਸ ਤਰ੍ਹਾਂ ਨਾਲ ਖੇਡਦੇ ਹੋਏ ਸੁਖ ਪਾਉਂਦੇ ਹਨ ॥੨੨੯॥

ਸਵੈਯਾ ॥

ਸਵੈਯਾ:

ਅੰਤ ਭਏ ਰੁਤਿ ਗ੍ਰੀਖਮ ਕੀ ਰੁਤਿ ਪਾਵਸ ਆਇ ਗਈ ਸੁਖਦਾਈ ॥

ਗ੍ਰੀਖਮ ਰੁਤ ਦਾ ਅੰਤ ਹੁੰਦੇ ਹੀ ਸੁਖ ਦੇਣ ਵਾਲੀ ਬਰਖਾ ਰੁਤ ਆ ਗਈ।

ਕਾਨ੍ਰਹ ਫਿਰੈ ਬਨ ਬੀਥਿਨ ਮੈ ਸੰਗਿ ਲੈ ਬਛਰੇ ਤਿਨ ਕੀ ਅਰੁ ਮਾਈ ॥

ਕ੍ਰਿਸ਼ਨ ਵੱਛੇ ਅਤੇ ਗਊਆਂ ਨਾਲ ਲੈ ਕੇ ਬਨ ਦੀਆਂ ਕੁੰਜ ਗਲੀਆਂ ਵਿਚ ਫਿਰਨ ਲਗੇ।

ਬੈਠਿ ਤਬੈ ਫਿਰਿ ਮਧ ਗੁਫਾ ਗਿਰਿ ਗਾਵਤ ਗੀਤ ਸਭੈ ਮਨੁ ਭਾਈ ॥

(ਮੀਂਹ ਪੈਣ ਤੇ) ਪਹਾੜ ਦੀਆਂ ਗੁਫਾਵਾਂ ਵਿਚ ਬੈਠ ਜਾਂਦੇ ਹਨ ਅਤੇ ਮਨ ਭਾਉਂਦੇ ਗੀਤ ਗਾਉਂਦੇ ਹਨ।

ਤਾ ਛਬਿ ਕੀ ਅਤਿ ਹੀ ਉਪਮਾ ਕਬਿ ਨੇ ਮੁਖ ਤੇ ਇਮ ਭਾਖਿ ਸੁਨਾਈ ॥੨੩੦॥

ਉਸ ਸ਼ੋਭਾ ਦੀ ਬਹੁਤ ਚੰਗੀ ਉਪਮਾ ਹੈ, ਜੋ ਕਵੀ ਨੇ ਇਸ ਤਰ੍ਹਾਂ ਕਹਿ ਕੇ ਸੁਣਾਈ ਹੈ ॥੨੩੦॥

ਸੋਰਠਿ ਸਾਰੰਗ ਅਉ ਗੁਜਰੀ ਲਲਤਾ ਅਰੁ ਭੈਰਵ ਦੀਪਕ ਗਾਵੈ ॥

ਸੋਰਠ, ਸਾਰੰਗ, ਗੂਜਰੀ, ਲਲਤ ਅਤੇ ਭੈਰਵ ਤੇ ਦੀਪਕ (ਰਾਗ) ਗਾਉਂਦਾ ਹੈ;

ਟੋਡੀ ਅਉ ਮੇਘ ਮਲ੍ਰਹਾਰ ਅਲਾਪਤ ਗੌਡ ਅਉ ਸੁਧ ਮਲ੍ਰਹਾਰ ਸੁਨਾਵੈ ॥

ਟੋਡੀ ਅਤੇ ਮੇਘ ਮਲ੍ਹਾਰ ਅਲਾਪਦਾ ਹੈ ਅਤੇ ਗੌਂਡ ਤੇ ਸ਼ੁਧ ਮਲ੍ਹਾਰ ਸੁਣਾਉਂਦਾ ਹੈ;

ਜੈਤਸਰੀ ਅਰੁ ਮਾਲਸਿਰੀ ਅਉ ਪਰਜ ਸੁ ਰਾਗਸਿਰੀ ਠਟ ਪਾਵੈ ॥

ਜੈਤਸਿਰੀ, ਮਾਲਸਿਰੀ, ਪਰਜ ਅਤੇ ਸਿਰੀ ਰਾਗ ਦਾ ਠਟ ਬੰਨ੍ਹ ਦਿੰਦਾ ਹੈ।

ਸ੍ਯਾਮ ਕਹੈ ਹਰਿ ਜੀ ਰਿਝ ਕੈ ਮੁਰਲੀ ਸੰਗ ਕੋਟਕ ਰਾਗ ਬਜਾਵੈ ॥੨੩੧॥

ਸ਼ਿਆਮ ਕਵੀ ਕਹਿੰਦੇ ਹਨ ਕਿ ਕ੍ਰਿਸ਼ਨ ਖੁਸ਼ ਹੋ ਕੇ ਮੁਰਲੀ ਨਾਲ ਕਰੋੜਾਂ ਰਾਗ ਵਜਾਉਂਦਾ ਹੈ ॥੨੩੧॥

ਕਬਿਤੁ ॥

ਕਬਿੱਤ:

ਲਲਤ ਧਨਾਸਰੀ ਬਜਾਵਹਿ ਸੰਗਿ ਬਾਸੁਰੀ ਕਿਦਾਰਾ ਔਰ ਮਾਲਵਾ ਬਿਹਾਗੜਾ ਅਉ ਗੂਜਰੀ ॥

ਬੰਸਰੀ ਨਾਲ ਲਲਤ, ਧਨਾਸਰੀ, ਕਿਦਾਰਾ, ਮਾਲਵਾ, ਬਿਹਾਗੜਾ ਅਤੇ ਗੂਜਰੀ ਰਾਗ ਵਜਾਉਂਦਾ ਹੈ।

ਮਾਰੂ ਅਉ ਪਰਜ ਔਰ ਕਾਨੜਾ ਕਲਿਆਨ ਸੁਭ ਕੁਕਭ ਬਿਲਾਵਲੁ ਸੁਨੈ ਤੇ ਆਵੈ ਮੂਜਰੀ ॥

ਮਾਰੂ, ਪਰਜ, ਕਾਨੜਾ ਅਤੇ ਕਲਿਆਨ, ਕੁਕਭ, ਬਿਲਾਵਲ, ਅਤੇ ਮੂਰਛਨਾ (ਮੂਜਰੀ) ਵੀ ਸੁਣਾਉਂਦਾ ਹੈ।

ਭੈਰਵ ਪਲਾਸੀ ਭੀਮ ਦੀਪਕ ਸੁ ਗਉਰੀ ਨਟ ਠਾਢੋ ਦ੍ਰੁਮ ਛਾਇ ਮੈ ਸੁ ਗਾਵੈ ਕਾਨ੍ਰਹ ਪੂਜਰੀ ॥

ਭੈਰੋ, ਪਲਾਸੀ, ਭੀਮ, ਦੀਪਕ, ਗੌੜੀ ਤੇ ਨਟ (ਰਾਗਾਂ ਨੂੰ) ਪੂਜਣ ਯੋਗ ਕਾਨ੍ਹ ਬ੍ਰਿਛ ਦੀ ਛਾਂ ਵਿਚ ਖਲੋਤਾ ਗਾਉਂਦਾ ਹੈ।

ਤਾ ਤੇ ਗ੍ਰਿਹ ਤਿਆਗਿ ਤਾ ਕੀ ਸੁਨਿ ਧੁਨਿ ਸ੍ਰੋਨਨ ਮੈ ਮ੍ਰਿਗਨੈਨੀ ਫਿਰਤ ਸੁ ਬਨਿ ਬਨਿ ਊਜਰੀ ॥੨੩੨॥

ਉਸ ਬੰਸਰੀ ਦੀ ਆਵਾਜ਼ ਕੰਨੀ ਸੁਣ ਕੇ ਹਿਰਨ ਵਰਗੀਆਂ ਅੱਖਾਂ ਵਾਲੀਆਂ ਗੋਪੀਆਂ ਘਰਾਂ ਨੂੰ ਛਡ ਕੇ ਬਨ ਬਨ ਵਿਚ ਉਜੜੀਆਂ ਫਿਰਦੀਆਂ ਹਨ ॥੨੩੨॥

ਸਵੈਯਾ ॥

ਸਵੈਯਾ:

ਸੀਤ ਭਈ ਰੁਤਿ ਕਾਤਿਕ ਕੀ ਮੁਨਿ ਦੇਵ ਚੜਿਓ ਜਲ ਹ੍ਵੈ ਗਯੋ ਥੋਰੋ ॥

ਕੱਤਕ ਦੀ ਠੰਡੀ ਰੁਤ ਆ ਗਈ। ਅਗਸਤ ਤਾਰਾ ਚੜ੍ਹ ਪਿਆ ਹੈ (ਅਤੇ ਨਦੀਆਂ) ਵਿਚ ਪਾਣੀ ਥੋੜਾ ਹੋ ਗਿਆ ਹੈ।

ਕਾਨ੍ਰਹ ਕਨੀਰੇ ਕੇ ਫੂਲ ਧਰੇ ਅਰੁ ਗਾਵਤ ਬੇਨ ਬਜਾਵਤ ਭੋਰੋ ॥

ਕ੍ਰਿਸ਼ਨ ਨੇ ਕਨੇਰ ਦੇ ਫੁਲ (ਸਿਰ ਵਿਚ) ਟੁੰਗੇ ਹੋਏ ਹਨ ਅਤੇ ਸਵੇਰ ਤੋਂ ਬੰਸਰੀ ਵਜਾਉਂਦਾ ਹੋਇਆ ਗੀਤ ਗਾ ਰਿਹਾ ਹੈ।

ਸ੍ਯਾਮ ਕਿਧੋ ਉਪਮਾ ਤਿਹ ਕੀ ਮਨ ਮਧਿ ਬਿਚਾਰੁ ਕਬਿਤੁ ਸੁ ਜੋਰੋ ॥

ਸ਼ਿਆਮ (ਕਵੀ ਨੇ) ਉਸ ਦੀ ਮਹਿਮਾ ਮਨ ਵਿਚ ਵਿਚਾਰ ਕੇ ਕਵਿਤਾ ਜੋੜੀ ਹੈ।

ਮੈਨ ਉਠਿਯੋ ਜਗਿ ਕੈ ਤਿਨ ਕੈ ਤਨਿ ਲੇਤ ਹੈ ਪੇਚ ਮਨੋ ਅਹਿ ਤੋਰੋ ॥੨੩੩॥

ਮਾਨੋ ਉਨ੍ਹਾਂ ਦੇ ਤਨ ਵਿਚ ਕਾਮ ਜਾਗ ਪਿਆ ਹੋਵੇ ਜਾਂ ਜ਼ਖ਼ਮੀ ਸੱਪ ਵਲੇਵੇਂ ਖਾ ਰਿਹਾ ਹੋਵੇ ॥੨੩੩॥

ਗੋਪੀ ਬਾਚ ॥

ਗੋਪੀਆਂ ਕਹਿੰਦੀਆਂ ਹਨ:

ਸਵੈਯਾ ॥

ਸਵੈਯਾ:

ਬੋਲਤ ਹੈ ਮੁਖ ਤੇ ਸਭ ਗਵਾਰਿਨ ਪੁੰਨਿ ਕਰਿਓ ਇਨ ਹੂੰ ਅਤਿ ਮਾਈ ॥

ਸਾਰੀਆਂ ਗੋਪੀਆਂ ਮੁਖ ਵਿਚੋਂ ਕਹਿੰਦੀਆਂ ਹਨ, ਹੇ ਮਾਤਾ! ਇਸ (ਬੰਸਰੀ ਨੇ) ਕੋਈ ਵੱਡਾ ਪੁੰਨ ਕੀਤਾ ਹੈ,

ਜਗ੍ਯ ਕਰਿਯੋ ਕਿ ਕਰਿਯੋ ਤਪ ਤੀਰਥ ਗੰਧ੍ਰਬ ਤੇ ਇਨ ਕੈ ਸਿਛ ਪਾਈ ॥

ਜਾਂ ਯੱਗ ਕੀਤਾ ਹੈ, ਜਾਂ ਤਪ ਕੀਤਾ ਹੈ ਜਾਂ ਤੀਰਥ (ਇਸ਼ਨਾਨ) ਕੀਤਾ ਹੈ ਜਾਂ ਇਸ ਨੇ (ਕਿਸੇ) ਗੰਧਰਬ ਤੋਂ ਸਿਖਿਆ ਪਾਈ ਹੈ।

ਕੈ ਕਿ ਪੜੀ ਸਿਤਬਾਨਹੁ ਤੇ ਕਿ ਕਿਧੋ ਚਤੁਰਾਨਨਿ ਆਪ ਬਨਾਈ ॥

ਜਾਂ (ਇਹ) ਕਾਮਦੇਵ ('ਸਿਤਬਾਨਹੁ') ਪਾਸੋਂ ਪੜ੍ਹੀ ਹੈ ਜਾਂ ਬ੍ਰਹਮਾ ਨੇ ਆਪ ਬਣਾਇਆ ਹੈ।

ਸ੍ਯਾਮ ਕਹੈ ਉਪਮਾ ਤਿਹ ਕੀ ਇਹ ਤੇ ਹਰਿ ਓਠਨ ਸਾਥ ਲਗਾਈ ॥੨੩੪॥

ਸ਼ਿਆਮ ਕਵੀ ਉਸ ਦੀ ਉਪਮਾ ਕਰਦਿਆਂ ਕਹਿੰਦੇ ਹਨ ਕਿ ਇਸੇ ਕਰ ਕੇ ਉਸ ਨੂੰ ਕ੍ਰਿਸ਼ਨ ਨੇ ਆਪਣੇ ਹੋਠਾਂ ਨਾਲ ਲਗਾਇਆ ਹੈ ॥੨੩੪॥

ਸੁਤ ਨੰਦ ਬਜਾਵਤ ਹੈ ਮੁਰਲੀ ਉਪਮਾ ਤਿਹ ਕੀ ਕਬਿ ਸ੍ਯਾਮ ਗਨੋ ॥

ਨੰਦ ਦਾ ਪੁੱਤਰ (ਕ੍ਰਿਸ਼ਨ) ਮੁਰਲੀ ਵਜਾਉਂਦਾ ਹੈ, ਉਸ ਦੀ ਉਪਮਾ ਸ਼ਿਆਮ (ਕਵੀ) ਵਿਚਾਰਦੇ ਹਨ।

ਤਿਹ ਕੀ ਧੁਨਿ ਕੋ ਸੁਨਿ ਮੋਹ ਰਹੇ ਮੁਨਿ ਰੀਝਤ ਹੈ ਸੁ ਜਨੋ ਰੁ ਕਨੋ ॥

ਉਸ ਦੀ ਆਵਾਜ਼ ਸੁਣ ਕੇ ਜਣਾ ਖਣਾ ਮੋਹਿਤ ਹੋ ਜਾਂਦਾ ਹੈ ਅਤੇ ਰੀਝ ਪੈਂਦਾ ਹੈ।

ਤਨ ਕਾਮ ਭਰੀ ਗੁਪੀਆ ਸਭ ਹੀ ਮੁਖ ਤੇ ਇਹ ਭਾਤਨ ਜਵਾਬ ਭਨੋ ॥

ਸਾਰੀਆਂ ਗੋਪੀਆਂ ਦਾ ਤਨ ਕਾਮ ਨਾਲ ਭਰ ਗਿਆ ਹੈ ਅਤੇ ਇਸ ਤਰ੍ਹਾਂ ਨਾਲ ਮੂੰਹ ਤੋਂ ਜਵਾਬ ਕਹਿੰਦੀਆਂ ਹਨ,

ਮੁਖ ਕਾਨ੍ਰਹ ਗੁਲਾਬ ਕੋ ਫੂਲ ਭਯੋ ਇਹ ਨਾਲਿ ਗੁਲਾਬ ਚੁਆਤ ਮਨੋ ॥੨੩੫॥

ਕ੍ਰਿਸ਼ਨ ਦਾ ਮੂੰਹ ਗੁਲਾਬ ਦਾ ਫੁਲ ਹੈ ਅਤੇ ਬੰਸਰੀ ਰੂਪੀ ਨਾਲ ਤੋਂ ਅਰਕ (ਗੁਲਾਬ) ਚੋਂਦਾ ਹੈ ॥੨੩੫॥

ਮੋਹਿ ਰਹੇ ਸੁਨਿ ਕੈ ਧੁਨਿ ਕੌ ਮ੍ਰਿਗ ਮੋਹਿ ਪਸਾਰ ਗੇ ਖਗ ਪੈ ਪਖਾ ॥

ਬੰਸਰੀ ਦੀ ਧੁਨ ਸੁਣ ਕੇ ਮ੍ਰਿਗ ਮੋਹਿਤ ਹੋ ਰਹੇ ਹਨ ਅਤੇ ਪੰਛੀ ਵੀ ਮੋਹਿਤ ਹੋ ਕੇ ਖੰਭ ਖਿਲਾਰ ਰਹੇ ਹਨ।

ਨੀਰ ਬਹਿਓ ਜਮੁਨਾ ਉਲਟੋ ਪਿਖਿ ਕੈ ਤਿਹ ਕੋ ਨਰ ਖੋਲ ਰੇ ਚਖਾ ॥

ਜਮਨਾ ਦਾ ਪਾਣੀ (ਵੀ ਮੋਹਿਤ ਹੋ ਕੇ) ਉਲਟਾ ਵਗ ਰਿਹਾ ਹੈ, ਉਸ ਨੂੰ ਵੇਖ ਕੇ ਵਿਅਕਤੀ ਦੀਆਂ ਅੱਖਾਂ ਟੱਡੀਆਂ ਰਹਿ ਜਾਂਦੀਆਂ ਹਨ।

ਸ੍ਯਾਮ ਕਹੈ ਤਿਨ ਕੋ ਸੁਨਿ ਕੈ ਬਛੁਰਾ ਮੁਖ ਸੋ ਕਛੁ ਨ ਚੁਗੈ ਕਖਾ ॥

ਸ਼ਿਆਮ ਕਵੀ ਕਹਿੰਦੇ ਹਨ ਉਸ ਨੂੰ ਸੁਣ ਕੇ ਵੱਛੇ ਵੀ ਮੋਹਿਤ ਹੋ ਰਹੇ ਹਨ, ਮੂੰਹ ਨਾਲ ਘਾਹ ਖਾਣਾ ਵੀ ਭੁਲ ਗਏ ਹਨ।

ਛੋਡਿ ਚਲੀ ਪਤਨੀ ਅਪਨੇ ਪਤਿ ਤਾਰਕ ਹ੍ਵੈ ਜਿਮ ਡਾਰਤ ਲਖਾ ॥੨੩੬॥

ਇਸਤਰੀਆਂ ਆਪਣੇ ਪਤੀਆਂ ਨੂੰ ਛਡ ਕੇ (ਕ੍ਰਿਸ਼ਨ ਵਲ ਤੁਰ ਪਈਆਂ ਹਨ) ਜਿਵੇਂ ਤਿਆਗੀ ਹੋਣ ਤੇ ਕੋਈ ਵਿਅਕਤੀ ਲੱਖਾਂ ਰੁਪਏ ਸੁਟ ਦਿੰਦਾ ਹੈ ॥੨੩੬॥

ਕੋਕਿਲ ਕੀਰ ਕੁਰੰਗਨ ਕੇਹਰਿ ਮੈਨ ਰਹਿਯੋ ਹ੍ਵੈ ਕੈ ਮਤਵਾਰੋ ॥

ਕੋਇਲ, ਤੋਤਾ, ਹਿਰਨ, ਸ਼ੇਰ ਅਤੇ ਕਾਮਦੇਵ (ਕ੍ਰਿਸ਼ਨ ਦੇ ਸਰੂਪ ਨੂੰ ਵੇਖ ਕੇ) ਮਤਵਾਲੇ ਹੋ ਗਏ ਹਨ।

ਰੀਝ ਰਹੇ ਸਭ ਹੀ ਪੁਰ ਕੇ ਜਨ ਆਨਨ ਪੈ ਇਹ ਤੈ ਸਸਿ ਹਾਰੋ ॥

ਸਾਰੇ ਸ਼ਹਿਰ ਵਾਸੀ ਪ੍ਰਸੰਨ ਹੋ ਰਹੇ ਹਨ ਅਤੇ ਇਸ ਦੇ ਮੁਖੜੇ (ਦੀ ਸੁੰਦਰਤਾ ਅਗੇ) ਚੰਦ੍ਰਮਾ ਵੀ ਹੀਣਾ ਹੋ ਗਿਆ ਹੈ।

ਅਉ ਇਹ ਕੀ ਮੁਰਲੀ ਜੁ ਬਜੈ ਤਿਹ ਊਪਰਿ ਰਾਗ ਸਭੈ ਫੁਨਿ ਵਾਰੋ ॥

ਇਸ ਦੀ ਜਦੋਂ ਮੁਰਲੀ ਵਜਦੀ ਹੈ ਤਦ ਉਸ ਉਤੇ ਸਾਰੇ ਰਾਗ ਵਾਰਨੇ ਹੁੰਦੇ ਹਨ।

ਨਾਰਦ ਜਾਤ ਥਕੈ ਇਹ ਤੈ ਬੰਸੁਰੀ ਜੁ ਬਜਾਵਤ ਕਾਨਰ ਕਾਰੋ ॥੨੩੭॥

ਕਾਲਾ ਕਾਨ੍ਹ (ਇਸ ਤਰ੍ਹਾਂ ਦੀ) ਮੁਰਲੀ ਵਜਾਉਂਦਾ ਹੈ ਕਿ ਜਾਂਦਾ ਹੋਇਆ ਨਾਰਦ ਵੀ ਮਾਤ ਪੈ ਜਾਂਦਾ ਹੈ ॥੨੩੭॥

ਲੋਚਨ ਹੈ ਮ੍ਰਿਗ ਕੇ ਕਟਿ ਕੇਹਰਿ ਨਾਕ ਕਿਧੋ ਸੁਕ ਸੋ ਤਿਹ ਕੋ ਹੈ ॥

ਉਸ ਦੀਆਂ ਹਿਰਨ ਵਰਗੀਆਂ ਅੱਖਾਂ, ਸ਼ੇਰ ਵਰਗਾ ਲਕ ਅਤੇ ਤੋਤੇ ਦੇ ਸਮਾਨ ਨਕ ਹੈ।

ਗ੍ਰੀਵ ਕਪੋਤ ਸੀ ਹੈ ਤਿਹ ਕੀ ਅਧਰਾ ਪੀਆ ਸੇ ਹਰਿ ਮੂਰਤਿ ਜੋ ਹੈ ॥

ਜੋ ਕ੍ਰਿਸ਼ਨ ਦੀ ਮੂਰਤ ਹੈ, ਉਸ ਦੀ ਗਰਦਨ ਕਬੂਤਰ ਵਰਗੀ ਤੇ ਹੋਠ ਅੰਮ੍ਰਿਤ ਸਮਾਨ ਹਨ।

ਕੋਕਿਲ ਅਉ ਪਿਕ ਸੇ ਬਚਨਾਮ੍ਰਿਤ ਸ੍ਯਾਮ ਕਹੈ ਕਬਿ ਸੁੰਦਰ ਸੋਹੈ ॥

ਕੋਇਲ ਅਤੇ ਹਰੀਅਲ ਵਰਗੇ ਮਿੱਠੇ ਬਚਨ ਹਨ। ਸ਼ਿਆਮ ਕਵੀ ਕਹਿੰਦੇ ਹਨ, (ਇਸ ਤਰ੍ਹਾਂ ਕਾਨ੍ਹ) ਸੁੰਦਰ ਢੰਗ ਨਾਲ ਸ਼ੋਭਦਾ ਹੈ।

ਪੈ ਇਹ ਤੇ ਲਜ ਕੈ ਅਬ ਬੋਲਤ ਮੂਰਤਿ ਲੈਨ ਕਰੈ ਖਗ ਰੋਹੈ ॥੨੩੮॥

ਹੁਣ ਇਹ ਸਾਰੇ ਲੱਜਾਵਾਨ ਹੋ ਕੇ ਬੋਲਦੇ ਹਨ, (ਅਤੇ ਇਹ) ਪੰਛੀ (ਇਸ ਕਰ ਕੇ) ਰੋਹ ਕਰ ਰਹੇ ਹਨ, (ਕਿ ਕ੍ਰਿਸ਼ਨ ਨੇ ਸਾਡੇ ਅੰਗ ਚੁਰਾ ਲਏ ਹਨ, ਕਿਤੇ ਸਾਡੀ) ਸ਼ਕਲ ਨੂੰ ਵੀ ਨਾ ਚੁਰਾ ਲਵੇ ॥੨੩੮॥

ਫੂਲ ਗੁਲਾਬ ਨ ਲੇਤ ਹੈ ਤਾਬ ਸਹਾਬ ਕੋ ਆਬ ਹ੍ਵੈ ਦੇਖਿ ਖਿਸਾਨੋ ॥

(ਉਸ ਨੂੰ ਸਹਿਣ ਦੀ) ਗੁਲਾਬ ਦੇ ਫੁਲ ਵਿਚ ਤਾਬ ਨਹੀਂ ਅਤੇ ਸ਼ਹਾਬ (ਅਰਥਾਤ ਸ੍ਰੇਸ਼ਠ ਲਾਲ) ਦੀ ਆਬ ਵੀ ਵੇਖ ਕਰ ਕੇ ਸ਼ਰਮਿੰਦੀ ਹੁੰਦੀ ਹੈ।

ਪੈ ਕਮਲਾ ਦਲ ਨਰਗਸ ਕੋ ਗੁਲ ਲਜਤ ਹ੍ਵੈ ਫੁਨਿ ਦੇਖਤ ਤਾਨੋ ॥

ਕਮਲ ਦੇ ਪੱਤੇ ਅਤੇ ਨਰਗਸ ਦੇ ਫੁਲ ਵੀ ਉਸ ਨੂੰ ਵੇਖਦਿਆਂ ਹੀ ਲਜਿਤ ਹੁੰਦੇ ਹਨ।

ਸ੍ਯਾਮ ਕਿਧੋ ਅਪੁਨੇ ਮਨ ਮੈ ਬਰਤਾ ਗਨਿ ਕੈ ਕਬਿਤਾ ਇਹ ਠਾਨੋ ॥

ਅਥਵਾ ਸ਼ਿਆਮ (ਕਵੀ) ਆਪਣੇ ਮਨ ਵਿਚ ਸ੍ਰੇਸ਼ਠਤਾ ਜਾਣ ਕੇ ਇਹ ਕਵਿਤਾ ਕਰ ਰਿਹਾ ਹੈ।

ਦੇਖਨ ਕੋ ਇਨ ਕੇ ਸਮ ਪੂਰਬ ਪਛਮ ਡੋਲੈ ਲਹੈ ਨਹਿ ਆਨੋ ॥੨੩੯॥

ਇਸ ਦੇ ਸਮਾਨ ਦੇਖਣ ਲਈ ਪੂਰਬ ਤੋਂ ਪੱਛਮ ਤਕ ਫਿਰਦਾ ਰਿਹਾ ਹੈ ਪਰ ਕੋਈ ਹੋਰ ਨਹੀਂ ਮਿਲਿਆ ॥੨੩੯॥

ਮੰਘਰ ਮੈ ਸਭ ਹੀ ਗੁਪੀਆ ਮਿਲਿ ਪੂਜਤ ਚੰਡਿ ਪਤੇ ਹਰਿ ਕਾਜੈ ॥

ਮਘਰ ਦੇ ਮਹੀਨੇ ਵਿਚ ਸਰੀਆਂ ਗੋਪੀਆਂ ਕ੍ਰਿਸ਼ਨ ਨੂੰ ਪਤੀ ਵਜੋਂ ਗ੍ਰਹਿਣ ਕਰਨ ਲਈ ਦੁਰਗਾ ਨੂੰ ਪੂਜਦੀਆਂ ਹਨ।

ਪ੍ਰਾਤ ਸਮੇ ਜਮੁਨਾ ਮਧਿ ਨ੍ਰਹਾਵਤ ਦੇਖਿ ਤਿਨੈ ਜਲਜੰ ਮੁਖ ਲਾਜੈ ॥

ਪ੍ਰਭਾਤ ਵੇਲੇ ਜਮਨਾ ਵਿਚ ਨਹਾਉਂਦੀਆਂ ਹਨ ਜਿਨ੍ਹਾਂ ਦੇ ਮੂੰਹ ਨੂੰ ਵੇਖ ਕੇ ਕਮਲ ('ਜਲਜੰ') ਫੁਲ ਸ਼ਰਮਸਾਰ ਹੁੰਦਾ ਹੈ।