ਹੇ ਕ੍ਰਿਸ਼ਨ! ਤੁੰ ਕਿਸ ਦੇ ਕਹੇ ਲਗ ਕੇ ਮੇਰੇ ਸਾਹਮਣੇ ਡਟਿਆ ਹੈਂ ਅਤੇ ਮੇਰੇ ਯੁੱਧ ਨੂੰ ਵੇਖ ਕੇ ਵੀ ਨਹੀਂ ਮੁੜਿਆ ਹੈਂ।
ਹੁਣ ਮੈਂ ਤੈਨੂੰ ਕੀ ਮਾਰਾਂ? ਮੇਰੇ ਦਿਲ ਵਿਚ (ਤੇਰੇ ਲਈ) ਬਹੁਤ ਤਰਸ ਆਉਂਦਾ ਹੈ।
ਹੇ ਕ੍ਰਿਸ਼ਨ! ਤੇਰੇ ਜਿਤਨੇ ਮਿਤਰ ਹਨ, (ਉਹ) ਤੇਰਾ ਮਰਨਾ ਸੁਣ ਕੇ ਛਿਣ ਭਰ ਵਿਚ ਮਰ ਜਾਣਗੇ ॥੧੬੪੭॥
ਸ੍ਰੀ ਕ੍ਰਿਸ਼ਨ ਨੇ ਇਸ ਤਰ੍ਹਾਂ ਸੁਣ ਕੇ ਧਨੁਸ਼ ਬਾਣ ਲੈ ਲਿਆ ਅਤੇ ਕ੍ਰੋਧ ਕਰ ਕੇ ਖੜਗ ਸਿੰਘ ਦੇ ਸਾਹਮਣੇ ਆ ਡਟਿਆ।
ਕਵੀ ਸ਼ਿਆਮ ਕਹਿੰਦੇ ਹਨ, ਆਉਂਦਿਆਂ ਹੀ ਦੋ ਘੜੀਆਂ ਤਕ ਬਾਣਾਂ ਦਾ ਬੜਾ ਚੰਗਾ ਯੁੱਧ ਮਚਿਆ।
ਸ੍ਰੀ ਕ੍ਰਿਸ਼ਨ ਨੇ ਰਾਜਾ (ਖੜਗ ਸਿੰਘ) ਨੂੰ (ਧਰਤੀ ਉਤੇ) ਡਿਗਾ ਦਿੱਤਾ ਅਤੇ ਰਾਜੇ ਨੇ ਕ੍ਰਿਸ਼ਨ ਨੂੰ ਰਥ ਤੋਂ ਹੇਠਾਂ ਧਰਤੀ ਉਤੇ ਸੁਟ ਦਿੱਤਾ।
(ਇਸ) ਕੌਤਕ ਨੂੰ ਵੇਖ ਕੇ ਸੂਰਮੇ ਸਿਫ਼ਤ ਕਰਨ ਲਗੇ ਹਨ ਅਤੇ ਸ੍ਰੀ ਕ੍ਰਿਸ਼ਨ ਅਤੇ ਰਾਜਾ (ਖੜਗ ਸਿੰਘ) ਦਾ ਯਸ਼ ਗਾਉਂਦੇ ਹਨ ॥੧੬੪੮॥
ਇਧਰ ਸ੍ਰੀ ਕ੍ਰਿਸ਼ਨ ਆਪਣੇ ਰਥ ਉਤੇ ਚੜ੍ਹਦੇ ਹਨ ਅਤੇ ਉਧਰ ਖੜਗ ਸਿੰਘ (ਆਪਣੇ) ਰਥ ਉਤੇ ਚੜ੍ਹਦਾ ਹੈ।
ਚਿਤ ਵਿਚ ਬਹੁਤ ਕ੍ਰੋਧ ਵਧਾ ਕੇ ਦੋਹਾਂ ਨੇ ਮਿਆਨਾਂ ਵਿਚੋਂ ਤਲਵਾਰਾਂ ਕਢ ਲਈਆਂ ਹਨ।
ਪੰਡੁ ਦੇ ਪੁੱਤਰਾਂ ਦਾ ਬਹੁਤ ਵੱਡਾ ਦਲ ਕ੍ਰੋਧ ਅਗਨੀ ਨਾਲ ਹੀ ਤਪਿਆ ਹੋਇਆ ਹੈ।
ਅਸਤ੍ਰਾਂ ਅਤੇ ਸ਼ਸਤ੍ਰਾਂ (ਦੇ ਚਲਣ ਨਾਲ ਪੈਦਾ ਹੋਣ ਵਾਲੀ) ਧੁਨੀ ਮਾਨੋ ਵੇਦ ਦੀ ਧੁਨੀ ਹੋਵੇ ਅਤੇ ਜਿਸ ਨੂੰ ਅਰਜਨ ਨੇ ਵਿਧੀ-ਪੂਰਵਕ ਪੜ੍ਹਿਆ ਹੋਵੇ ॥੧੬੪੯॥
ਸ੍ਰੀ ਦੁਰਯੋਧਨ ਦੇ ਦਲ ਨੂੰ ਵੇਖ ਕੇ ਰਾਜੇ ਨੇ ਤਦੋਂ ਬਹੁਤ ਹੀ ਬਾਣ ਚਲਾਏ ਹਨ।
ਬਹੁਤ ਤਕੜੇ ਸੂਰਮਿਆਂ ਨੂੰ ਰਥਾਂ ਤੋਂ ਵਾਂਝਿਆ ਕਰ ਦਿੱਤਾ ਹੈ ਅਤੇ ਬਹੁਤ ਸਾਰੇ ਸੂਰਮੇ ਉਸ ਵੇਲੇ ਯਮ ਲੋਕ ਭੇਜ ਦਿੱਤੇ ਹਨ।
ਭੀਸ਼ਮ ਪਿਤਾਮਾ, ਦ੍ਰੋਣਾਚਾਰੀਆ ਆਦਿਕ ਸੂਰਮੇ ਯੁੱਧ ਵਿਚੋਂ ਭਜ ਨਿਕਲੇ ਹਨ, ਅਤੇ ਕੋਈ ਵੀ (ਰਾਜੇ ਦੇ ਸਾਹਮਣੇ) ਠਹਿਰਦਾ ਨਹੀਂ ਹੈ।
ਫਿਰ (ਸਭ ਨੇ) ਜਿਤ ਦੀ ਆਸ ਛਡ ਦਿੱਤੀ ਹੈ ਅਤੇ ਖੜਗ ਸਿੰਘ ਦੇ ਸਾਹਮਣੇ ਨਹੀਂ ਆਏ ਹਨ ॥੧੬੫੦॥
ਦੋਹਰਾ:
ਦ੍ਰੋਣਾਚਾਰੀਆ ਦਾ ਪੁੱਤਰ (ਅਸ਼੍ਵਸਥਾਮਾ) ਕਰਨ ('ਭਾਨੁਜ') ਅਤੇ ਕ੍ਰਿਪਾਚਾਰੀਆ ਭਜ ਗਏ ਹਨ ਅਤੇ ਕਿਸੇ ਨੇ ਵੀ ਧੀਰਜ ਧਾਰਨ ਨਹੀਂ ਕੀਤਾ ਹੈ।
ਭੂਰਸ਼੍ਰਵਾ ਅਤੇ ਦੁਰਯੋਧਨ ਆਦਿ ਸਭ ਰਣ ਦੀ ਭੀੜ (ਸੰਕਟ) ਨੂੰ ਵੇਖ ਕੇ ਟਲ ਗਏ ਹਨ ॥੧੬੫੧॥
ਸਵੈਯਾ:
ਸਾਰਿਆਂ ਨੂੰ ਭਜਿਆ ਵੇਖ ਕੇ ਯੁਧਿਸ਼ਠਰ ਨੇ ਸ੍ਰੀ ਕ੍ਰਿਸ਼ਨ ਕੋਲ ਜਾ ਕੇ ਇਉਂ ਕਿਹਾ ਹੈ,
ਹੇ ਕ੍ਰਿਪਾ ਨਿਧਾਨ! ਰਾਜਾ (ਖੜਗ ਸਿੰਘ) ਬਹੁਤ ਬਲਵਾਨ ਹੈ, ਕਿਸੇ ਤੋਂ ਵੀ ਪਿਛੇ ਹਟਾਇਆਂ ਨਹੀਂ ਹਟਦਾ ਹੈ।
ਕਰਨ, ਭੀਸ਼ਮ ਪਿਤਾਮਾ, ਦ੍ਰੋਣਾਚਾਰੀਆ, ਕ੍ਰਿਪਾਚਾਰੀਆ, ਅਰਜਨ ਅਤੇ ਭੀਮ ਸੈਨ ਆਦਿ ਅਸਾਂ (ਸਾਰਿਆਂ) ਨੇ ਖ਼ੂਬ ਯੁੱਧ ਮਚਾਇਆ ਹੈ
(ਪਰ) ਉਹ ਜ਼ਰਾ ਜਿੰਨਾ ਵੀ ਯੁੱਧ ਵਿਚ ਟਲਿਆ ਨਹੀਂ ਹੈ, ਸਗੋਂ ਹੇ ਪ੍ਰਭੂ! ਅਸਾਂ ਸਾਰਿਆਂ ਦਾ ਬਲ ਛੀਣ ਹੋ ਗਿਆ ਹੈ ॥੧੬੫੨॥
ਭੀਸ਼ਮ, ਕਰਨ ਅਤੇ ਦੁਰਯੋਧਨ ਤੇ ਭੀਮ ਸੈਨ ਨੇ ਹਠ ਪੂਰਵਕ ਬਹੁਤ ਯੁੱਧ ਕੀਤਾ ਹੈ।
ਸ੍ਰੀ ਬਲਭਦ੍ਰ, ਬਰਮਾਕ੍ਰਿਤ ਅਤੇ ਸਾਤਕ (ਇੰਦਰ) ਨੇ ਚਿਤ ਵਿਚ ਬਹੁਤ ਕ੍ਰੋਧ ਕੀਤਾ ਹੈ।
ਸਾਰੇ ਰਣਬੀਰ ਹਾਰ ਚੁਕੇ ਹਨ। ਹੇ ਪ੍ਰਭੂ! ਹੁਣ ਤੁਹਾਡੇ ਮਨ ਵਿਚ ਕੀ (ਵਿਚਾਰ) ਆਇਆ ਹੈ?
ਉਹ ਰਣ ਵਿਚੋਂ ਇਕ ਕਦਮ ਵੀ ਪਿਛੇ ਨਹੀਂ ਭਜਦਾ ਹੈ। ਉਸ ਨਾਲ ਸਾਡਾ ਕੋਈ ਵਸ ਨਹੀਂ ਚਲਦਾ ॥੧੬੫੩॥
ਰੁਦ੍ਰ ਤੋਂ ਲੈ ਕੇ ਜਿਤਨੇ ਦੇਵਤਿਆਂ ਦੇ ਦਲ ਹਨ, ਉਹ ਸਾਰੇ ਮਿਲ ਕੇ ਰਾਜੇ ਉਤੇ ਹਮਲਾਵਰ ਹੋਏ ਹਨ।
ਉਨ੍ਹਾਂ ਸਾਰਿਆਂ ਨੂੰ ਆਉਂਦਿਆਂ ਵੇਖ ਕੇ ਬਲਵਾਨ (ਰਾਜੇ) ਨੇ ਧਨੁਸ਼ ਖਿਚ ਕੇ ਅਤੇ ਲਲਕਾਰ ਕੇ ਬਾਣ ਚਲਾਏ ਹਨ।
ਉਨ੍ਹਾਂ ਵਿਚੋਂ ਕਈ ਘਾਇਲ ਹੋ ਕੇ ਉਥੇ ਡਿਗ ਪਏ ਹਨ ਅਤੇ ਕਈ ਡਰ ਦੇ ਮਾਰੇ ਯੁੱਧ ਨੂੰ ਛਡ ਕੇ ਭਜ ਗਏ ਹਨ।
(ਪਰ) ਕਈ (ਡਟ ਕੇ) ਲੜੇ ਹਨ ਅਤੇ ਡਰੇ ਨਹੀਂ ਹਨ, ਉਨ੍ਹਾਂ ਨੂੰ ਰਾਜੇ ਨੇ ਅੰਤ ਵਿਚ ਮਾਰ ਕੇ ਸੁਟ ਦਿੱਤਾ ਹੈ ॥੧੬੫੪॥
ਇੰਦਰ, ਕੁਬੇਰ ਅਤੇ ਗਰੁੜ ਨੂੰ ਜਿਤ ਲਿਆ ਹੈ ਅਤੇ ਗਣੇਸ਼ ਨੂੰ ਜ਼ਖ਼ਮੀ ਕਰ ਕੇ ਮੂਰਛਿਤ ਕਰ ਦਿੱਤਾ ਹੈ।
ਬੇਸੁਧ ('ਬਿਸੰਭਾਰ') ਹੋ ਕੇ ਧਰਤੀ ਉਤੇ ਡਿਗੇ (ਗਣੇਸ਼ ਨੂੰ) ਵੇਖ ਕੇ ਵਰੁਨ, ਸੂਰਜ ਅਤੇ ਚੰਦ੍ਰਮਾ (ਰਣ-ਖੇਤਰ ਵਿਚੋਂ) ਭਜ ਗਏ ਹਨ।
ਸ਼ਿਵ ਅਤੇ ਉਸ ਦੇ ਬੀਰ ਆਦਿਕ ਖਿਸਕ ਗਏ ਹਨ ਅਤੇ ਇਸ ਦੇ ਸਾਹਮਣੇ ਇਕ ਵੀ ਨਹੀਂ ਡਟਿਆ ਹੈ।
ਜੋ ਵੀ ਕ੍ਰੋਧ ਕਰ ਕੇ ਆਉਂਦਾ ਹੈ, ਉਸ ਨੂੰ ਕ੍ਰਿਪਾਨਿਧਾਨ ਚਪੇੜ ਮਾਰ ਕੇ ਧਰਤੀ ਉਤੇ ਡਿਗਾ ਦਿੰਦਾ ਹੈ ॥੧੬੫੫॥
ਦੋਹਰਾ:
(ਜਿਸ ਵੇਲੇ) ਸ੍ਰੀ ਕ੍ਰਿਸ਼ਨ ਨੂੰ ਧਰਮ-ਪੁੱਤਰ (ਯੁਧਿਸ਼ਠਰ) ਨੇ ਹੌਲੀ ਜਿਹੀ ਇਹ ਗੱਲ ਕਹੀ,
ਉਸ ਵੇਲੇ ਸ਼ਿਵ ਜੀ ਨੇ ਬ੍ਰਹਮਾ ਨੂੰ ਹਸਦੇ ਹੋਇਆਂ ਕਿਹਾ ॥੧੬੫੬॥
ਸਵੈਯਾ:
ਆਪਣੇ ਪਾਸੇ ਦੇ ਸਾਰੇ ਸੂਰਮੇ ਜੂਝ ਰਹੇ ਹਨ, ਪਰ ਰਾਜਾ ਕਿਸੇ ਤੋਂ ਮਾਰਿਆ ਨਹੀਂ ਮਰਦਾ।
ਕਵੀ ਸ਼ਿਆਮ ਕਹਿੰਦੇ ਹਨ, ਉਸ ਵੇਲੇ ਸ਼ਿਵ ਜੀ ਨੇ ਬ੍ਰਹਮਾ ਪ੍ਰਤਿ ਇਸ ਤਰ੍ਹਾਂ ਬਚਨ ਉਚਾਰਿਆ।
ਇੰਦਰ ('ਸਕ੍ਰ') ਅਤੇ ਯਮ ਆਦਿਕ ਜਿਤਨੇ ਸੂਰ ਵੀਰ ਹਨ, (ਉਨ੍ਹਾਂ ਸਮੇਤ) ਅਸਾਂ ਇਸ ਨਾਲ ਬਹੁਤ ਕਰੜਾ ਯੁੱਧ ਕੀਤਾ ਹੈ।
ਪਰ ਇਸ ਦਾ ਜ਼ਰਾ ਜਿੰਨਾ ਵੀ ਬਲ ਘਟਿਆ ਨਹੀਂ, (ਜਦ ਕਿ) ਚੌਦਾਂ ਲੋਕਾਂ ਦੇ ਦਲ ਹਾਰ ਗਏ ਹਨ ॥੧੬੫੭॥
ਦੋਹਰਾ:
ਇਧਰ ਬ੍ਰਹਮਾ ('ਪੰਕਜ-ਪੂਤ') ਅਤੇ ਸ਼ਿਵ ('ਤ੍ਰਿਨੈਨ') ਵਿਚਾਰ ਕਰਦੇ ਹਨ
ਅਤੇ ਉਧਰ ਸੂਰਜ ਅਸਤਾਚਲ ਪਰਬਤ ਹੇਠਾਂ ਹੋ ਗਿਆ ਹੈ (ਅਰਥਾਤ ਡੁਬ ਗਿਆ ਹੈ) ਚੰਦ੍ਰਮਾ ਚੜ੍ਹ ਆਇਆ ਹੈ ਅਤੇ ਰਾਤ ਹੋ ਗਈ ਹੈ ॥੧੬੫੮॥
ਚੌਪਈ:
ਦੋਵੇਂ ਸੈਨਿਕ ਦਲ ਬਹੁਤ ਹੀ ਵਿਆਕੁਲ ਹੋ ਗਏ ਹਨ