ਪਰ ਤਾਂ ਵੀ ਇਸਤਰੀ ਨਾਲ ਬਿਲਕੁਲ ਪ੍ਰੇਮ ਨਹੀਂ ਕਰਨਾ ਚਾਹੀਦਾ ॥੨੭॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਸਤਾਰ੍ਹਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੭॥੩੪੨॥ ਚਲਦਾ॥
ਦੋਹਰਾ:
ਕਵੀ ਰਾਮ ਨੇ ਸਤਾਰ੍ਹਵੀਂ ਕਥਾ ਬੜੀ ਰੁਚੀ ਨਾਲ ਉਚਾਰਨ ਕੀਤੀ
ਅਤੇ ਫਿਰ ਕਥਾ ਕਰਨ ਲਈ ਮਨ ਵਿਚ ਉਪਾ ਕੀਤਾ ॥੧॥
(ਉਪਰੋਕਤ ਚਰਿਤ੍ਰ ਵਾਲੀ) ਇਸਤਰੀ ਦੇ ਘਰ ਦੇ ਨੇੜੇ ਉਹ ਇਸਤਰੀ ਰਹਿੰਦੀ ਸੀ ਜਿਸ ਨਾਲ ਇਸ ਨੇ ਸ਼ਰਤ ('ਹੋੜ') ਲਗਾਈ ਸੀ।
ਉਸ ਨੇ ਵੀ ਇਕ ਚਰਿਤ੍ਰ ਕੀਤਾ; ਉਸ ਨੂੰ ਤੁਸੀਂ ਚੰਗੀ ਤਰ੍ਹਾਂ ਸੁਣੋ ॥੨॥
ਚੌਪਈ:
ਉਸ ਦਾ ਨਾਂ ਛਲਛਿਦ੍ਰ ਕੁਅਰਿ ਸੀ।
ਅਤੇ ਉਹ ਉਸੇ ਦੂਜੇ ਮੁਗ਼ਲ ਦੀ ਇਸਤਰੀ ਕੋਲ ਰਹਿੰਦੀ ਸੀ।
ਉਸ ਨੇ ਜੋ ਚਰਿਤ੍ਰ ਕੀਤਾ, ਉਹ ਸੁਣਾਉਂਦਾ ਹਾਂ,
ਜਿਸ ਨਾਲ ਆਪ ਦਾ ਮਨ ਪ੍ਰਸੰਨ ਕਰਦਾ ਹਾਂ ॥੩॥
ਅੜਿਲ:
ਇਕ ਦਿਨ ਉਸ ਨੇ ਮਹਿੰਦੀ ਮੰਗਵਾ ਲਈ
ਅਤੇ ਆਪਣੇ ਹੱਥ ਉਤੇ ਲਿੰਬ ਕੇ ਪਤੀ ਨੂੰ ਵਖਾਈ।
ਅਤੇ ਆਪਣੇ ਦੂਜੇ ਮਿਤਰ ਨੂੰ ਵੀ ਕਹਿ ਦਿੱਤਾ
ਕਿ ਹੇ ਮਿਤਰ! ਤੇਰੇ ਨਾਲ ਪ੍ਰੇਮ ਕਰ ਕੇ ਮੈਂ ਤੇਰੇ ਕੋਲ ਆਵਾਂਗੀ ॥੪॥
ਚੌਪਈ:
ਜਦ ਉਸ ਨੇ ਪ੍ਰੀਤਮ ਨੂੰ ਆਇਆ ਹੋਇਆ ਜਾਣ ਲਿਆ,
ਤਾਂ ਦੂਜੇ ਯਾਰ ਪ੍ਰਤਿ ਕਿਹਾ
ਕਿ ਮੈਂ ਹੁਣ ਪਿਸ਼ਾਬ (ਲਘੂ ਸ਼ੰਕਾ) ਕਰਨ ਲਈ ਜਾ ਰਹੀ ਹਾਂ
ਅਤੇ ਆ ਕੇ ਨਾੜਾ ਤੇਰੇ ਕੋਲੋਂ ਬੰਨ੍ਹਾਵਾਂਗੀ ॥੫॥
ਦੋਹਰਾ:
ਆਪਣੇ ਪਤੀ ਤੋਂ ਨਾੜਾ ਖੁਲ੍ਹਵਾਇਆ ਅਤੇ ਯਾਰ ਪਾਸ ਚਲੀ ਗਈ।
ਜਾ ਕੇ ਰਾਜੇ (ਦੂਜੇ ਯਾਰ) ਨਾਲ ਜ਼ਰਾ ਵੀ ਡਰ ਮੰਨੇ ਬਿਨਾ ਰਮਣ ਕੀਤਾ ॥੬॥
ਅੜਿਲ:
(ਜੇ) ਮੋਹਰ ਮਿਲਦੀ ਹੋਵੇ, ਤਾਂ ਭਲਾ ਟਕਾ ਕੌਣ ਲਏਗਾ।
(ਜੇ) ਬਿਨਾ ਧਨ ਦਿੱਤੇ (ਕੰਮ) ਬਣ ਜਾਂਦਾ ਹੋਵੇ ਤਾਂ ਕੌਣ ਧਨ ਦੇਵੇਗਾ।
ਧਨੀ ਨੂੰ ਤਿਆਗ ਕੇ ਗ਼ਰੀਬ ਦੇ ਘਰ ਕੌਣ ਜਾਵੇਗਾ।
ਰਾਜੇ ਨੂੰ ਤਿਆਗ ਕੇ ਗ਼ਰੀਬ ਨਾਲ ਕੌਣ ਚਿਤ ਲਾਵੇਗਾ ॥੭॥
ਦੋਹਰਾ:
ਪ੍ਰੇਮ ਪੂਰਵਕ ਕਾਮ-ਕ੍ਰੀੜਾ ਕਰ ਕੇ ਉਸ ਨੇ ਰਾਜੇ ਨੂੰ ਭੇਜ ਦਿੱਤਾ।
ਹੱਥ ਨੂੰ ਮਹਿੰਦੀ ਲਗੀ ਹੋਣ ਕਾਰਨ ਆ ਕੇ (ਪਤੀ ਤੋਂ) ਨਾੜਾ ਬੰਨ੍ਹਵਾਇਆ ॥੮॥
(ਉਸ ਦੇ) ਬੋਲ ਸੁਣ ਕੇ ਮੂਰਖ (ਪਤੀ) ਉਠਿਆ ਅਤੇ ਭੇਦ ਨੂੰ ਨਾ ਸਮਝ ਸਕਿਆ।
(ਉਸ ਨੇ) ਮਨ ਵਿਚ ਬਹੁਤ ਪ੍ਰੀਤ ਵਧਾ ਕੇ ਸਲਵਾਰ ('ਇਜਾਰ') ਦਾ ਨਾੜਾ ਬੰਨ੍ਹਿਆ ॥੯॥
ਪ੍ਰੀਤ ਭਾਵੇਂ ਕਿਤਨੀ ਹੀ ਵੱਧ ਜਾਏ ਅਤੇ ਕਿਤਨਾ ਹੀ ਕਸ਼ਟ ਕਿਉਂ ਨਾ ਹੋਏ।
ਤਾਂ ਵੀ ਇਸਤਰੀ ਨਾਲ ਭੁਲ ਕੇ ਵੀ ਦੋਸਤੀ ਨਹੀਂ ਕਰਨੀ ਚਾਹੀਦੀ ॥੧੦॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਅਠਾਰ੍ਹਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੮॥੩੫੨॥ ਚਲਦਾ॥
ਚੌਪਈ:
ਰਾਜੇ ਨੇ ਪੁੱਤਰ ਨੂੰ ਬੰਦੀਖਾਨੇ ਵਿਚ ਭੇਜ ਦਿੱਤਾ।
ਸਵੇਰ ਵੇਲੇ ਫਿਰ (ਆਪਣੇ) ਕੋਲ ਬੁਲਾ ਲਿਆ।
ਫਿਰ ਮੰਤ੍ਰੀ ਨੇ ਕਥਾ ਦਾ ਉਚਾਰਨ ਕੀਤਾ
ਅਤੇ ਚਿਤ੍ਰ ਸਿੰਘ ਦੇ ਭਰਮ ਨੂੰ ਦੂਰ ਕੀਤਾ ॥੧॥
ਦੋਹਰਾ:
ਹੇ ਰਾਜਨ! ਸ਼ਾਹਜਹਾਨਾਬਾਦ ਵਿਚ ਇਕ ਮੁਗ਼ਲ ਦੀ ਇਸਤਰੀ ਸੀ।
ਉਸ ਨੇ ਇਕ ਚਰਿਤ੍ਰ ਕੀਤਾ, ਉਹ ਤੁਸੀਂ ਸੁਣੋ ॥੨॥
ਚੌਪਈ:
ਉਸ ਦਾ ਨਾਂ ਨਾਦਰਾ ਬਾਨੋ ਸੀ।