ਸ਼੍ਰੀ ਦਸਮ ਗ੍ਰੰਥ

ਅੰਗ - 1197


ਕਾਹੂੰ ਪਠੈ ਤੀਰਥਨ ਦੇਹੀ ॥

ਕਈਆਂ ਨੂੰ ਤੀਰਥਾਂ (ਦੀ ਯਾਤ੍ਰਾ) ਉਤੇ ਭੇਜ ਦਿੰਦੇ ਹਨ

ਗ੍ਰਿਹ ਕੋ ਦਰਬੁ ਮਾਗ ਸਭ ਲੇਹੀ ॥੬੮॥

ਅਤੇ ਘਰ ਦਾ ਸਾਰਾ ਧਨ (ਆਪ) ਮੰਗ ਲੈਂਦੇ ਹਨ ॥੬੮॥

ਜਿਹ ਨਰ ਕੋ ਧਨਵਾਨ ਤਕਾਵੈ ॥

ਜਿਸ ਵਿਅਕਤੀ ਨੂੰ (ਇਹ) ਧਨਵਾਨ ਵੇਖ ਲੈਂਦੇ ਹਨ,

ਜੋਨਿ ਸਿਲਾ ਮਹਿ ਤਾਹਿ ਫਸਾਵੈ ॥

ਉਸ ਨੂੰ ਜੂਨਾਂ ਦੇ ਚੱਕਰ (ਸਿਲਸਿਲੇ) ਵਿਚ ਫਸਾ ਦਿੰਦੇ ਹਨ।

ਬਹੁਰਿ ਡੰਡ ਤਿਹ ਮੂੰਡਿ ਚੁਕਾਹੀ ॥

ਫਿਰ ਉਸ ਦੇ ਸਿਰ ਉਤੇ ਬਹੁਤ ਦੰਡ ਕਢ ਦਿੰਦੇ ਹਨ

ਕਾਢਿ ਦੇਤ ਤਾ ਕੇ ਪੁਨਿ ਮਾਹੀ ॥੬੯॥

ਅਤੇ ਫਿਰ ਉਸ ਨੂੰ ਚੁਕਤਾ ਕਰਾ ਲੈਂਦੇ ਹਨ (ਭਾਵ ਵਸੂਲ ਕਰਦੇ ਹਨ) ॥੬੯॥

ਇਨ ਲੋਗਨ ਧਨ ਹੀ ਕੀ ਆਸਾ ॥

ਇਨ੍ਹਾਂ ਲੋਕਾਂ ਨੂੰ ਧਨ ਦੀ ਹੀ ਆਸ ਹੈ।

ਸ੍ਰੀ ਹਰਿ ਜੀ ਕੀ ਨਾਹਿ ਪ੍ਯਾਸਾ ॥

ਸ੍ਰੀ ਭਗਵਾਨ ਲਈ ਕੋਈ ਪਿਆਸ ਨਹੀਂ ਹੈ।

ਡਿੰਭਿ ਜਗਤ ਕਹ ਕਰਿ ਪਰਚਾਵੈ ॥

(ਉਹ) ਪਾਖੰਡ ਕਰ ਕੇ ਜਗਤ ਨੂੰ ਪਰਚਾਉਂਦੇ ਹਨ

ਲਛਿਮੀ ਹਰ ਜ੍ਯੋਂ ਤ੍ਯੋਂ ਲੈ ਆਵੈ ॥੭੦॥

ਅਤੇ ਜਿਵੇਂ ਕਿਵੇਂ ਧਨ ਹਰ ਕੇ ਲੈ ਆਉਂਦੇ ਹਨ ॥੭੦॥

ਦਿਜ ਬਾਚ ॥

ਬ੍ਰਾਹਮਣ ਨੇ ਕਿਹਾ:

ਸੁਨੁ ਪੁਤ੍ਰੀ ਤੈ ਬਾਤ ਨ ਜਾਨੈ ॥

ਹੇ ਪੁੱਤਰੀ! ਸੁਣ, ਤੂੰ (ਅਸਲ) ਗੱਲ ਨਹੀਂ ਜਾਣਦੀ ਹੈਂ

ਸਿਵ ਕਹ ਕਰਿ ਪਾਹਨ ਪਹਿਚਾਨੈ ॥

ਅਤੇ ਸ਼ਿਵ ਨੂੰ ਪੱਥਰ ਸਮਝਦੀ ਹੈਂ।

ਬਿਪ੍ਰਨ ਕੌ ਸਭ ਹੀ ਸਿਰ ਨ੍ਯਾਵੈ ॥

ਬ੍ਰਾਹਮਣਾਂ ਨੂੰ ਤਾਂ ਸਾਰੇ ਸਿਰ ਨਿਵਾਉਂਦੇ ਹਨ

ਚਰਨੋਦਕ ਲੈ ਮਾਥ ਚੜਾਵੈ ॥੭੧॥

ਅਤੇ ਉਨ੍ਹਾਂ ਤੋਂ ਚਰਨੋਦਕ (ਚਰਨਾਮ੍ਰਿਤ) ਲੈ ਕੇ ਮੱਥੇ ਉਤੇ ਚੜ੍ਹਾਉਂਦੇ ਹਨ ॥੭੧॥

ਪੂਜਾ ਕਰਤ ਸਗਲ ਜਗ ਇਨ ਕੀ ॥

ਇਨ੍ਹਾਂ ਦੀ ਸਾਰਾ ਜਗਤ ਪੂਜਾ ਕਰਦਾ ਹੈ

ਨਿੰਦ੍ਯਾ ਕਰਤ ਮੂੜ ਤੈ ਜਿਨ ਕੀ ॥

ਜਿਨ੍ਹਾਂ ਦੀ ਹੇ ਮੂਰਖ! ਤੂੰ ਨਿੰਦਿਆ ਕਰਦੀ ਹੈਂ।

ਏ ਹੈ ਪਰਮ ਪੁਰਾਤਨ ਦਿਜਬਰ ॥

ਇਹ ਬ੍ਰਾਹਮਣ ਪਰਮ ਪੁਰਾਤਨ ਹਨ

ਸਦਾ ਸਰਾਹਤ ਜਿਨ ਕਹ ਨ੍ਰਿਪ ਬਰ ॥੭੨॥

ਜਿਨ੍ਹਾਂ ਨੂੰ ਸਦਾ ਮਹਾਨ ਰਾਜੇ ਸਲਾਹੁੰਦੇ ਰਹਿੰਦੇ ਹਨ ॥੭੨॥

ਕੁਅਰਿ ਬਾਚ ॥

ਰਾਜ ਕੁਮਾਰੀ ਨੇ ਕਿਹਾ:

ਸੁਨ ਮੂਰਖ ਦਿਜ ਤੈ ਨਹਿ ਜਾਨੀ ॥

ਹੇ ਮੂਰਖ ਬ੍ਰਾਹਮਣ! ਸੁਣ, ਤੂੰ ਨਹੀਂ ਜਾਣਦਾ

ਪਰਮ ਜੋਤਿ ਪਾਹਨ ਪਹਿਚਾਨੀ ॥

ਅਤੇ ਪੱਥਰ ਨੂੰ ਪਰਮ ਜੋਤਿ ਮੰਨ ਰਿਹਾ ਹੈਂ।

ਇਨ ਮਹਿ ਪਰਮ ਪੁਰਖ ਤੈ ਜਾਨਾ ॥

ਇਨ੍ਹਾਂ (ਪੱਥਰਾਂ) ਵਿਚ ਤੂੰ ਪਰਮ ਪੁਰਖ ਨੂੰ ਸਮਝ ਰਖਿਆ ਹੈ।

ਤਜਿ ਸ੍ਯਾਨਪ ਹ੍ਵੈ ਗਯੋ ਅਯਾਨਾ ॥੭੩॥

ਸਿਆਣਪ ਛਡ ਕੇ ਇਆਣਾ ਹੋ ਗਿਆ ਹੈਂ ॥੭੩॥

ਅੜਿਲ ॥

ਅੜਿਲ:

ਲੈਨੌ ਹੋਇ ਸੁ ਲੈ ਦਿਜ ਮੁਹਿ ਨ ਝੁਠਾਇਯੈ ॥

ਹੇ ਬ੍ਰਾਹਮਣ! ਜੋ (ਤੂੰ) ਲੈਣਾ ਹੈ, ਲੈ ਲੈ, ਪਰ ਮੈਨੂੰ ਝੂਠ ਮੂਠ ਨਾ ਦਸ

ਪਾਹਨ ਮੈ ਪਰਮੇਸ੍ਵਰ ਨ ਭਾਖਿ ਸੁਨਾਇਯੈ ॥

ਅਤੇ ਮੈਨੂੰ ਪੱਥਰ ਵਿਚ ਪਰਮਾਤਮਾ ਕਹਿ ਕੇ ਨਾ ਸੁਣਾ।

ਇਨ ਲੋਗਨ ਪਾਹਨ ਮਹਿ ਸਿਵ ਠਹਰਾਇ ਕੈ ॥

ਇਨ੍ਹਾਂ ਲੋਕਾਂ ਨੂੰ ਪੱਥਰਾਂ ਵਿਚ ਸ਼ਿਵ ਦਸ ਕੇ

ਹੋ ਮੂੜਨ ਲੀਜਹੁ ਲੂਟ ਹਰਖ ਉਪਜਾਇ ਕੈ ॥੭੪॥

ਮੂਰਖਾਂ ਨੂੰ ਪ੍ਰਸੰਨਤਾ ਪੂਰਵਕ ਲੁਟ ਲੈ ॥੭੪॥

ਕਾਹੂ ਕਹ ਪਾਹਨ ਮਹਿ ਬ੍ਰਹਮ ਬਤਾਤ ਹੈ ॥

ਕਿਸੇ ਨੂੰ (ਤੂੰ) ਪੱਥਰ ਵਿਚ ਪਰਮਾਤਮਾ ਦਸਦਾ ਹੈਂ।

ਜਲ ਡੂਬਨ ਹਿਤ ਕਿਸਹੂੰ ਤੀਰਥ ਪਠਾਤ ਹੈ ॥

ਕਿਸੇ ਨੂੰ ਜਲ ਵਿਚ ਡੁਬਕੀ ਮਾਰਨ ਲਈ ਤੀਰਥਾਂ ਉਤੇ ਭੇਜਦਾ ਹੈਂ।

ਜ੍ਯੋਂ ਤ੍ਯੋਂ ਧਨ ਹਰ ਲੇਤ ਜਤਨ ਅਨਗਨਿਤ ਕਰ ॥

ਜਿਵੇਂ ਕਿਵੇਂ ਅਣਗਿਣਤ ਯਤਨ ਕਰ ਕੇ ਧਨ ਹਰ ਲੈਂਦਾ ਹੈ।

ਹੋ ਟਕਾ ਗਾਠਿ ਮਹਿ ਲਏ ਨ ਦੇਹੀ ਜਾਨ ਘਰ ॥੭੫॥

(ਜਿਸ ਦੀ) ਗੰਢ ਵਿਚ ਪੈਸਾ (ਜਾਣ ਲੈਂਦਾ ਹੈ) ਉਸ ਤੋਂ ਲਏ ਬਿਨਾ ਘਰ ਜਾਣ ਨਹੀਂ ਦਿੰਦਾ ॥੭੫॥

ਧਨੀ ਪੁਰਖ ਕਹ ਲਖਿ ਦਿਜ ਦੋਖ ਲਗਾਵਹੀ ॥

ਧਨਵਾਨ ਵਿਅਕਤੀ ਨੂੰ ਵੇਖ ਕੇ ਬ੍ਰਾਹਮਣ (ਕੋਈ ਨਾ ਕੋਈ) ਦੋਸ਼, (ਪਾਪ) ਲਗਾ ਦਿੰਦੇ ਹਨ।

ਹੋਮ ਜਗ੍ਯ ਤਾ ਤੇ ਬਹੁ ਭਾਤ ਕਰਾਵਹੀ ॥

ਉਸ ਤੋਂ ਬਹੁਤ ਤਰ੍ਹਾਂ ਦੇ ਹੋਮ ਅਤੇ ਯੱਗ ਕਰਵਾਉਂਦੇ ਹਨ।

ਧਨਿਯਹਿ ਕਰਿ ਨਿਰਧਨੀ ਜਾਤ ਧਨ ਖਾਇ ਕੈ ॥

ਧਨਵਾਨ ਦਾ ਧਨ ਖਾ ਕੇ (ਉਸ ਨੂੰ) ਨਿਰਧਨ ਬਣਾ ਦਿੰਦੇ ਹਨ।

ਹੋ ਬਹੁਰਿ ਨ ਤਾ ਕੌ ਬਦਨ ਦਿਖਾਵਤ ਆਇ ਕੈ ॥੭੬॥

ਫਿਰ ਉਸ ਨੂੰ ਆ ਕੇ ਮੂੰਹ ਤਕ ਨਹੀਂ ਵਿਖਾਉਂਦੇ ॥੭੬॥

ਚੌਪਈ ॥

ਚੌਪਈ:

ਕਾਹੂ ਲੌ ਤੀਰਥਨ ਸਿਧਾਵੈ ॥

ਕਈਆਂ ਨੂੰ ਤੀਰਥਾਂ ਉਤੇ ਭੇਜ ਦਿੰਦੇ ਹਨ

ਕਾਹੂ ਅਫਲ ਪ੍ਰਯੋਗ ਬਤਾਵੈ ॥

ਅਤੇ ਕਈਆਂ ਦੀ ਸਾਧਨਾ (ਉਪਾ, 'ਪ੍ਰਯੋਗ') ਨੂੰ ਅਫਲ ਦਸਦੇ ਹਨ।

ਕਾਕਨ ਜ੍ਯੋਂ ਮੰਡਰਾਤ ਧਨੂ ਪਰ ॥

ਕਾਂਵਾਂ ਵਾਂਗ ਧਨ ਉਤੇ ਮੰਡਰਾਉਂਦੇ ਹਨ।

ਜ੍ਯੋਂ ਕਿਲਕਿਲਾ ਮਛਰੀਯੈ ਦੂ ਪਰ ॥੭੭॥

(ਜਾਂ) ਜਿਵੇਂ ਦੁਧੀਰਾ ਮਛਲੀਆ ਉਤੇ (ਗੇੜੇ ਕਢਦਾ ਹੈ) ॥੭੭॥

ਜ੍ਯੋ ਦ੍ਵੈ ਸ੍ਵਾਨ ਏਕ ਹਡਿਯਾ ਪਰ ॥

ਜਿਵੇਂ ਦੋ ਕੁੱਤੇ ਇਕ ਹੱਡੀ ਉਤੇ (ਲੜ ਮਰਦੇ ਹਨ)

ਭੂਸਤ ਮਨੋ ਬਾਦਿ ਬਿਦ੍ਰਯਾਧਰ ॥

ਉਸੇ ਤਰ੍ਹਾਂ ਮਾਨੋ ਦੋ ਵਿਦਵਾਨ ਕਿਸੇ ਵਾਦ-ਵਿਵਾਦ ਵੇਲੇ ਭੌਂਕਦੇ ਹਨ।

ਬਾਹਰ ਕਰਤ ਬੇਦ ਕੀ ਚਰਚਾ ॥

ਬਾਹਰੋਂ ਤਾਂ ਵੇਦ ਦੀ ਗੱਲ ਕਰਦੇ ਹਨ,

ਤਨ ਅਰੁ ਮਨ ਧਨ ਹੀ ਕੀ ਅਰਚਾ ॥੭੮॥

ਪਰ ਮਨ ਅਤੇ ਤਨ ਧਨ ਦੀ ਪੂਜਾ ਉਤੇ ਲਗਿਆ ਰਹਿੰਦਾ ਹੈ ॥੭੮॥

ਦੋਹਰਾ ॥

ਦੋਹਰਾ:

ਧਨ ਕੀ ਆਸਾ ਮਨ ਰਹੇ ਬਾਹਰ ਪੂਜਤ ਦੇਵ ॥

ਮਨ ਵਿਚ ਧਨ ਦੀ ਆਸਾ ਰਹਿੰਦੀ ਹੈ ਅਤੇ ਬਾਹਰੋਂ ਦੇਵਤਾ ਦੀ ਪੂਜਾ ਕਰਦਾ ਹੈ।


Flag Counter