ਉਹ ਵੀ ਭਸਮ ਹੋ ਜਾਂਦਾ।
ਭਗਵਾਨ ਦੀ ਭਗਤੀ ਪ੍ਰੀਤ ਤੋਂ ਬਿਨਾ ਨਹੀਂ ਹੋ ਸਕਦੀ ॥੧੫੨॥
ਜਦ ਪੁਤਲਾ ਭਸਮ ਹੋ ਗਿਆ, (ਤਦ ਇੰਜ ਪ੍ਰਤੀਤ ਹੋਣ ਲਗਾ)
ਮਾਨੋ ਸੂਰਜ ਦੀਆਂ ਕਿਰਨਾਂ ਨੇ ਹਨੇਰੇ ਨੂੰ (ਨਸ਼ਟ ਕਰ ਦਿੱਤਾ ਹੋਵੇ)।
ਫਿਰ ਉਸ ਪਾਸੋਂ ਜਾ ਕੇ ਪੁਛਿਆ
ਕਿ ਹੇ ਮੁਨੀਰਾਜ! (ਸਾਰਾ) ਭੇਦ ਦਸ ਦਿਓ ॥੧੫੩॥
ਨਰਾਜ ਛੰਦ:
ਹੇ ਮੁਨੀਸਰ! ਮੈਨੂੰ ਦਸ ਦਿਓ ਕਿ ਭੂਮੀ ਉਤੇ ਕਿਹੜਾ ਰਾਜਾ ਹੈ
ਜੋ ਮੇਰੇ ਡਰ ਨਾਲ ਡਰਿਆ ਨਹੀਂ ਹੈ। ਇਹ ਗੱਲ (ਦਸਣ ਦੀ) ਕ੍ਰਿਪਾ ਕਰੋ।
ਹੋਰ ਕਿਹੜਾ ਹਠੀ ਸੂਰਮਾ ਹੈ ਜਿਸ ਨੂੰ ਮੈਂ ਜਿਤਿਆ ਨਹੀਂ ਹੈ।
ਡਰ ਤੋਂ ਰਹਿਤ ਕਿਹੜਾ ਸਥਾਨ ਹੈ ਜਿਥੇ ਮੇਰਾ (ਡਰ) ਨਹੀਂ ਗੁਜ਼ਰਿਆ ਹੈ ॥੧੫੪॥
ਚਿਤ ਵਿਚ ਸ਼ੰਕਾ ਨਾ ਲਿਆਓ, ਨਿਸੰਗ ਹੋ ਕੇ ਦਸ ਦਿਓ।
ਸੋ ਕੌਣ ਅਜਿਤ ਰਹਿ ਗਿਆ ਹੈ, ਉਸ ਬਾਰੇ ਦਸ ਦਿਓ।
ਦੇਸਾਂ ਦੇਸਾਂ ਦੇ ਸਾਰੇ ਰਾਜੇ ਮੈਂ ਜਿਤ ਲਏ ਹਨ।
ਵਖ ਵਖ ਭੇਖਾਂ ਵਾਲੇ ਰਾਜੇ ਮੇਰੇ ਗੁਲਾਮ ਹੋ ਕੇ ਆ ਗਏ ਹਨ ॥੧੫੫॥
(ਸਾਰਿਆਂ ਰਾਜਿਆਂ ਨੂੰ) ਮੈਂ ਰਾਜ-ਕਾਰਜ ਵਿਚ ਲਗਾ ਦਿੱਤਾ ਹੈ।
ਅਨੰਤ ਤੀਰਥਾਂ ਵਿਚ ਇਸ਼ਨਾਨ ਕਰ ਕੇ, ਨਾ ਛੀਣ ਹੋਣ ਵਾਲੇ ('ਅਛਿਨ') ਪੁੰਨ ਮੈਂ ਕੀਤੇ ਹਨ।
ਅਨੰਤ ਛਤ੍ਰੀਆਂ ਨੂੰ ਮਾਰ ਕੇ ਮੈਂ ਅਟਲ ('ਦੁਰੰਤ') ਰਾਜ ਕਰਦਾ ਹਾਂ।
ਤਿੰਨ ਜਹਾਨਾਂ ਵਿਚ ਉਹ ਕੌਣ ਹੈ? ਜਿਸ ਦੇ ਰਾਜ-ਸਮਾਜ (ਸੈਨਿਕ ਸ਼ਕਤੀ) ਨਾਲ (ਲੋਹਾ ਲੈਣੋ) ਮੈਂ ਟਲਦਾ ਹੋਵਾਂ ॥੧੫੬॥
ਬੇਸ਼ੁਮਾਰ ਰੰਗਾਂ ਵਾਲੇ ਅਤੇ ਸੁੰਦਰ ਸਰੂਪ ਵਾਲੇ ਘੋੜੇ ਮੈਂ ਖੋਹ ਲਏ ਹਨ।
ਵਿਸ਼ੇਸ਼ ('ਬਸੇਖ') ਰਾਜ-ਸੂਅ ਅਤੇ ਅਸ੍ਵਮੇਧ ਯੱਗ ਮੈਂ ਕੀਤੇ ਹਨ।
ਅਜਿਹੀ ਕੋਈ ਭੂਮੀ ਨਹੀਂ ਰਹੀ, ਜਿਥੇ (ਮੇਰੇ) ਯੱਗ ਦਾ ਖੰਭਾ (ਗਡਿਆ ਹੋਇਆ) ਨਾ ਜਾਣਿਆ ਜਾਂਦਾ ਹੋਵੇ।
ਜਗਤ ਦੇ ਕਰਨ ਕਾਰਨ ਵਾਲਾ ਮੈਨੂੰ (ਪ੍ਰਭੂ ਤੋਂ ਬਾਦ) ਦੂਜਾ ਮੰਨਣਾ ਚਾਹੀਦਾ ਹੈ ॥੧੫੭॥
ਜੋ ਅਸਤ੍ਰ ਅਤੇ ਛੱਤਰ ਧਾਰਨ ਕਰਨ ਵਾਲੇ (ਰਾਜੇ) ਹਨ, ਉਹ ਛਤ੍ਰੀ ਸ਼ੂਰਵੀਰ (ਮੇਰੀ) ਸੇਵਾ ਕਰਦੇ ਹਨ।
ਜੋ ਖੰਡ ਖੰਡ ਦੇ ਅਦੰਡ (ਰਾਜੇ) ਹਨ, ਉਹ ਮੈਨੂੰ ਦੰਡ (ਕਰ) ਦਿੰਦੇ ਹਨ (ਅਰਥਾਤ ਅਧੀਨਗੀ ਸਵੀਕਾਰ ਕਰਦੇ ਹਨ)।
ਸੋ ਇਸ ਵੇਲੇ ਹੋਰ ਕੌਣ ਹੈ? ਜਿਸ ਨੂੰ ਪ੍ਰਤਾਪੀ ਜਾਣਿਆ ਜਾਵੇ।
ਹੇ ਜੋਗੀ ਰਾਜ! ਤਿੰਨਾਂ ਲੋਕਾਂ ਵਿਚ ਮੈਨੂੰ ਹੀ ਮੰਨਿਆ ਜਾਂਦਾ ਹੈ ॥੧੫੮॥
ਮਛਿੰਦ੍ਰ ਨੇ ਕਿਹਾ, ਪਾਰਸ ਨਾਥ ਨੂੰ:
ਸਵੈਯਾ:
ਕੀ ਹੋਇਆ ਜੇ ਸਾਰੇ ਹੀ ਜਗਤ ਨੂੰ ਜਿਤ ਕੇ ਲੋਕਾਂ ਨੂੰ ਬਹਤੁ ਡਰ ਵਿਖਾਇਆ ਹੈ।
ਹੋਰ ਕੀ (ਹੋਇਆ) ਜੇ ਦੇਸਾਂ ਬਿਦੇਸਾਂ ਵਿਚ ਹਾਥੀਆਂ ਨੂੰ ਚੰਗੀ ਤਰ੍ਹਾਂ ਸੁਸਜਿਤ ਕਰ ਕੇ ਧੌਂਸਾ ਵਜਾ ਲਿਆ ਹੈ।
ਜਿਹੜਾ ਮਨ ਸਾਰੇ ਦੇਸਾਂ ਨੂੰ ਜਿਤਦਾ ਹੈ, ਉਹ (ਮਨ) ਹੇ ਰਾਜਨ! ਤੇਰੇ ਹੱਥ ਵਸ ਨਹੀਂ ਆਇਆ।
(ਤੇਰੇ ਮਨ ਤੋਂ ਹਰ ਤਰ੍ਹਾਂ ਦੀ) ਲਾਜ ਦੂਰ ਹੋ ਗਈ, ਪਰ ਕੋਈ ਕੰਮ ਵੀ ਸਿਰੇ ਨਹੀਂ ਚੜ੍ਹਿਆ। ਤੇਰਾ ਲੋਕ ਤਾਂ ਨਸ਼ਟ ਹੋ ਗਿਆ, ਪਰੰਤੂ ਪਰਲੋਕ ਵੀ ਪ੍ਰਾਪਤ ਨਹੀਂ ਹੋ ਸਕਿਆ ॥੧੫੯॥
ਹੇ ਰਾਜਨ! ਧਰਤੀ (ਦੀ ਬਾਦਸ਼ਾਹੀ ਦਾ) ਕੀ ਗੁਮਾਨ ਕਰਨਾ ਹੈ (ਕਿਉਂਕਿ) ਉਹ ਕਿਸੇ ਦੇ ਨਾਲ ਨਹੀਂ ਚਲੀ ਹੈ।
ਇਹ ਧਰਤੀ ਬਹੁਤ ਛਲਾਵੀ (ਛੱਲਣ ਵਾਲੀ) ਹੈ (ਕਿਉਂਕਿ) ਇਹ ਕਿਸੇ ਦੀ ਨਹੀਂ ਹੈ, ਅਤੇ ਨਾ ਹੀ ਕਿਸੇ ਦੀ (ਇਸ ਨੇ) ਹੋਣਾ ਹੈ।
ਸਾਰੇ ਘਰ, ਖ਼ਜ਼ਾਨੇ ਅਤੇ ਸੁੰਦਰ ਇਸਤਰੀ, ਅੰਤ ਸਮੇਂ ਕੋਈ ਵੀ ਤੇਰਾ ਸਾਥ ਨਹੀਂ ਦੇਵੇਗਾ।
ਹੋਰ ਕਿਸੇ ਦੀ ਗੱਲ ਕਿਸ ਲਈ ਚਲਾਉਂਦੇ ਹੋ, (ਸਦਾ) ਨਾਲ ਰਹਿਣ ਵਾਲੀ ਦੇਹੀ ਵੀ ਨਾਲ ਨਹੀਂ ਜਾਵੇਗੀ ॥੧੬੦॥
ਰਾਜ ਦੀ ਸਾਜ-ਸਜਾਵਟ ਦਾ ਕੀ ਹੰਕਾਰ ਹੈ, ਜੋ ਅੰਤ ਵੇਲੇ ਆਪਣੇ ਨਾਲ ਨਹੀਂ ਜਾਵੇਗੀ।
ਮਹੱਲ, ਭਰੇ ਹੋਏ ਖ਼ਜ਼ਾਨੇ ਅਤੇ ਘਰ ਬਾਰ, ਇਕੋ ਵਾਰ ਹੀ ਬੇਗਾਨਿਆਂ ਦੇ ਕਹੇ ਜਾਣਗੇ (ਅਰਥਾਤ ਪਰਾਏ ਹੋ ਜਾਣਗੇ)।
ਪੁੱਤਰ, ਇਸਤਰੀ, ਮਿਤਰ ਅਤੇ ਸਾਥੀ ਆਦਿ ਵਿਚੋਂ ਕੋਈ ਵੀ ਅੰਤ-ਕਾਲ ਵੇਲੇ ਤੇਰੇ ਨਾਲ ਨਹੀਂ ਜਾਏਗਾ।
ਹੇ ਬੇਸਮਝ ਮਹਾ ਪਸ਼ੂ! ਚੇਤੇ ਕਰ ਕਿ ਨਾਲ ਜਨਮਿਆ ('ਬੀਯੋ' ਸ਼ਰੀਰ) ਵੀ ਤੇਰੇ ਨਾਲ ਨਹੀਂ ਜਾਏਗਾ ॥੧੬੧॥
ਹੇ ਰਾਜਨ! ਸੂਰਮਿਆਂ ਦਾ ਵੀ ਕੀ ਭਰੋਸਾ ਹੈ (ਕਿਉਂਕਿ) (ਇਨ੍ਹਾਂ ਦੇ ਸਿਰ ਉਤੇ) ਭਾਰ ਪੈਣ ਤੇ ਇਹ ਭਾਰ ਨੂੰ ਨਹੀਂ ਝਲਣਗੇ।
ਭਿਆਨਕ ਭੀੜ ਪੈਣ ਤੇ (ਸਾਰੇ) ਭਜ ਜਾਣਗੇ ਅਤੇ ਵੱਡਾ ਯੁੱਧ (ਅਥਵਾ ਮਹਾਭਾਰਤ ਵਰਗਾ ਯੁੱਧ) ਨਹੀਂ ਕਰਨਾ ਚਾਹੁਣਗੇ।
ਹੇ ਰਾਜਨ! ਇਕ ਉਪਚਾਰ (ਜਾਂ ਯਤਨ) ਨਹੀਂ ਚਲੇਗਾ, (ਬਸ) ਸਾਰੇ ਮਿਤਰ ਮ੍ਰਿਤੂ ਵੇਲੇ (ਕੇਵਲ ਅੱਖਾਂ ਵਿਚੋਂ) ਹੰਝੂ ਕੇਰਨਗੇ।
ਹੇ ਰਾਜਨ! ਪੁੱਤਰ, ਇਸਤਰੀ (ਅਤੇ ਹੋਰ) ਸਾਰੇ ਤੇਰੇ ਪ੍ਰਾਣ ਛੁਟਣ ਤੇ 'ਮਸਾਨ' (ਭੂਤ, ਪ੍ਰੇਤ) ਕਹਿਣਗੇ ॥੧੬੨॥
ਪਾਰਸ ਨਾਥ ਨੇ ਕਿਹਾ ਮਛਿੰਦ੍ਰ ਪ੍ਰਤਿ:
ਤੋਮਰ ਛੰਦ:
ਹੇ ਮੁਨੀ! ਉਹ ਰਾਜਾ ਕਿਹੜਾ ਹੈ?
ਉਹ ਮੈਨੂੰ ਅਜ ਦਸ ਦਿਓ।
ਜਦ ਮੈਂ ਉਸ ਨੂੰ ਜਾ ਕੇ ਜਿਤ ਲਵਾਂਗਾ,
ਤਦ ਮੈਨੂੰ ਰਾਜਾ ਕਹਿਣਾ ॥੧੬੩॥
ਮਛਿੰਦ੍ਰ ਨੇ ਕਿਹਾ, ਪਾਰਸ ਨਾਥ ਨੂੰ।
ਤੋਮਰ ਛੰਦ:
ਹੇ ਰਾਜਿਆਂ ਦੇ ਰਾਜਾ ਹੰਸ! ਸੁਣੋ,
(ਤੁਸੀਂ) ਸੰਸਾਰ ਅਤੇ ਧਰਤੀ ਦੇ ਸੂਰਜ ਹੋ।
ਤੁਸੀਂ ਸਾਰੇ ਰਾਜੇ ਜਿਤ ਲਏ ਹਨ,
ਪਰ ਉਹ ਨਹੀਂ ਜਿਤਿਆ ਜਾਵੇਗਾ ॥੧੬੪॥
ਉਸ ਦਾ ਨਾਂ 'ਅਬਿਬੇਕ' ਹੈ।
ਤੇਰੇ ਹਿਰਦੇ ਵਿਚ ਉਸ ਦਾ ਠਿਕਾਣਾ ਹੈ।
ਉਸ ਨੂੰ ਕਿਸੇ ਵੀ ਰਾਜੇ ਨੇ ਨਹੀਂ ਜਿਤਿਆ।
ਉਹ ਅਨੂਪਮ ਸਰੂਪ ਵਾਲਾ ਹੈ ॥੧੬੫॥
ਛਪੈ ਛੰਦ:
ਜਿਸ ਨੇ ਬਲਿ ਰਾਜੇ ਨੂੰ ਛਲ ਲਿਆ ਸੀ ਅਤੇ ਬ੍ਰਹਮਾ ਅਤੇ ਬਾਵਨ ਨੂੰ ਵਸ ਵਿਚ ਕਰ ਲਿਆ ਸੀ।
ਜਿਸ ਨੇ ਕ੍ਰਿਸ਼ਨ ਅਤੇ ਵਿਸ਼ਣੂ ਨੂੰ ਹਰ ਲਿਆ ਸੀ ਅਤੇ ਰਾਮ ਚੰਦਰ ਤੋਂ ਦੰਡ ਲਿਆ ਸੀ।
ਜਿਸ ਨੇ ਰਾਵਣ ਨੂੰ ਪਰਾਜਿਤ ਕਰ ਦਿੱਤਾ ਸੀ ਅਤੇ ਮਹਾਨ ਬਲਵਾਨ ਸ਼ੁੰਭ ਦੈਂਤ ਨੂੰ ਖੰਡ ਖੰਡ ਕਰ ਦਿੱਤਾ ਸੀ।
ਮਹਿਖਾਸੁਰ ਨੂੰ ਮਾਰ ਦਿੱਤਾ ਸੀ ਅਤੇ ਮਧੁ ਤੇ ਕੈਟਭ ਦਾ ਮਾਨ ਤੋੜ ਦਿੱਤਾ ਸੀ।
ਉਸ ਰਾਜਿਆਂ ਦੇ ਰਾਜੇ ਅਬਿਬੇਕ ਰਾਜੇ ਨੇ ਕਾਮਦੇਵ ਨੂੰ ਆਪਣਾ ਮੰਤਰੀ ਬਣਾਇਆ।
ਜਿਸ ਨੇ ਦੇਵਤੇ, ਦੈਂਤ, ਗੰਧਰਬ, ਮੁਨੀ ਆਦਿ ਜਿਤ ਕੇ ਨਾ ਦੰਡੇ ਜਾ ਸਕਣ ਵਾਲਿਆਂ ਤੋਂ ਦੰਡ ਵਸੂਲ ਕੀਤਾ ॥੧੬੬॥
ਜਿਸ ਨੇ ਕ੍ਰੋਧਿਤ ਹੋ ਕੇ ਯੁੱਧ ਵਿਚ ਕਰਨ ਅਤੇ ਕੈਰਵਾਂ ਨੂੰ ਰਣ-ਭੂਮੀ ਵਿਚ ਮਾਰਿਆ।
ਜਿਸ ਦੇ ਕ੍ਰੋਧ ਕਰਨ ਤੇ ਰਾਵਣ ਨੇ ਦਸ ਸਿਰ ਗੰਵਾ ਲਏ।
ਜਿਸ ਦੇ ਕ੍ਰੋਧ ਕਰਨ ਤੇ ਦੇਵਤੇ ਅਤੇ ਦੈਂਤ ਰਣ ਵਿਚ ਲੜ ਮੋਏ।
ਜਿਸ ਦੇ ਕ੍ਰੋਧ ਕਰਨ ਤੇ ਯਾਦਵਾਂ ਦੀਆਂ ਛੇ ਕੁਲਾਂ ਜੂਝ ਮੋਈਆਂ।