(ਜਦ ਇਹ) ਧਨੁਸ਼ ਬਾਣ ਨੂੰ ਹੱਥ ਵਿਚ ਪਕੜ ਕੇ ਪਰਮ ਧਰਮ ਦਾ ਰੂਪ ਧਾਰ ਕੇ (ਰਣ-ਭੂਮੀ ਵਿਚ) ਗਜੇਗਾ,
ਹੇ ਰਾਜਨ! (ਉਦੋਂ) ਬਿਨਾ ਇਕ 'ਅਬ੍ਰਿਤਿ' ਤੇ 'ਸੁਬ੍ਰਿਤਿ' ਦੇ ਹੋਰ ਕੋਈ ਉਸ ਨੂੰ ਨਹੀਂ ਰੋਕ ਸਕੇਗਾ ॥੨੩੪॥
(ਜਿਸ ਦਾ) ਚਕ੍ਰਿਤ ਕਰਨ ਵਾਲਾ ਸੁੰਦਰ ਪ੍ਰਕਾਸ਼ ਹੈ ਅਤੇ ਚੰਚਲ ਘੋੜੇ ਰਥ ਅਗੇ ਸ਼ੋਭਦੇ ਹਨ।
(ਜੋ) ਅਤਿ ਪ੍ਰਬੀਨ ਹੈ ਅਤੇ ਮਨ ਨੂੰ ਮੋਹ ਲੈਣ ਵਾਲੀ ਸੂਖਮ ਧੁਨ ਨਾਲ ਬੀਨ ਵਜਦੀ ਹੈ।
'ਨੇਮ' ਨਾਂ ਦਾ ਡਰਾਉਣਾ ਸੂਰਮਾ ਹੈ ਜਿਸ ਨੇ ਪ੍ਰੇਮ ਦਾ ਸ਼ੁਭ ਰੂਪ ਧਾਰਨ ਕੀਤਾ ਹੋਇਆ ਹੈ।
(ਜਿਸ ਦਾ) ਪਰਮ ਰੂਪ ਹੈ, ਪਰਮ ਪ੍ਰਤਾਪ ਹੈ, ਯੁੱਧ ਨੂੰ ਜਿਤਣ ਵਾਲਾ ਅਤੇ ਵੈਰੀ ਨੂੰ ਨਸ਼ਟ ਕਰਨ ਵਾਲਾ ਹੈ।
ਇਸ ਤਰ੍ਹਾਂ ਦਾ ਨਾ ਮਿਟਣ ਵਾਲਾ, ਵੱਡੇ ਧੀਰਜ ਵਾਲਾ, ਅਤਿ ਬਲਵਾਨ, ਅਤੇ ਰਣ ਵਿਚ ਨਾ ਜਿਤੇ ਜਾ ਸਕਣ ਵਾਲਾ ਸੂਰਮਾ ਹੈ।
(ਜੋ) ਡਰ ਤੋਂ ਮੁਕਤ, ਨਾ ਭੰਨੇ ਜਾ ਸਕਣ ਵਾਲਾ, ਨਾ ਮਿਟਣ ਵਾਲਾ, ਸ਼ੁੱਧ ਸਰੂਪ, ਵਿਕਾਰ ਤੋਂ ਰਹਿਤ ਅਤੇ ਨਾ ਜਿਤੇ ਜਾ ਸਕਣ ਵਾਲਾ ਕਹੀਦਾ ਹੈ ॥੨੩੫॥
(ਜਿਸ ਦਾ) ਬਹੁਤ ਵੱਡਾ ਪ੍ਰਤਾਪ ਹੈ, ਅਮਿਤ ਬਲ ਹੈ, (ਉਹ) ਨਾ ਮਿਟਣ ਵਾਲਾ ਅਤੇ ਨਿਡਰ ਹੈ, (ਉਹ) ਨਾ ਭੰਗ ਹੋਣ ਵਾਲਾ ਸੂਰਮਾ ਹੈ।
(ਉਸ ਦਾ) ਰਥ ਬਿਜਲੀ ਵਾਂਗ ਸੁੰਦਰ ਚਮਕਦਾ ਹੈ (ਅਤੇ ਉਸ ਦੀ) ਚਮਕ ਕਟੇ ਨਾ ਜਾ ਸਕਣ ਵਾਲੀ ਹੈ।
ਉਸ ਦੇ ਤੇਜ ਨੂੰ ਵੇਖ ਕੇ ਵੈਰੀ ਹੈਰਾਨ ਹੁੰਦੇ ਹਨ ਅਤੇ ਭੈਭੀਤ ਹੋ ਕੇ ਰਣ ਤੋਂ ਭਜ ਜਾਂਦੇ ਹਨ।
(ਉਸ ਸਾਹਮਣੇ ਵੱਡੇ ਵੱਡੇ) ਸੂਰਮੇ ਵੀ ਧੀਰਜ ਧਾਰਨ ਨਹੀਂ ਕਰਦੇ। ਰਣ ਵਿਚ (ਉਸ ਦੇ) ਤੀਰ ਸਮਾਨ (ਕਿਸੇ ਹੋਰ) ਹਠੀਲੇ ਦਾ ਤੀਰ ਨਹੀਂ ਹੈ।
ਉਸ ਨਿਡਰ ਸੂਰਮੇ ਦਾ ਨਾਂ 'ਬਿਗ੍ਯਾਨ' ਹੈ। ਉਸ ਨੂੰ ਅਤਿ ਬਲਵਾਨ ਜਾਣਿਆ ਜਾਂਦਾ ਹੈ।
ਅਗਿਆਨ ਦੇਸ ਵਿਚ ਜਿਸ ਦਾ ਡਰ ਸਦਾ ਘਰ ਘਰ ਵਿਚ ਮੰਨਿਆ ਜਾਂਦਾ ਹੈ ॥੨੩੬॥
ਮੂੰਹ ਵਿਚੋਂ ਅੱਗ ਦੀ ਲਾਟ ਨਿਕਲਦੀ ਹੈ ਅਤੇ ਭਿਆਨਕ ਡੌਰੂ ਡਿਮ ਡਿਮ ਕਰਦਾ ਯੁੱਧ ਵਿਚ ਵਜ ਰਿਹਾ ਹੈ।
ਜਿਸ ਦੇ ਗਲੇ (ਸੰਘ) ਵਿਚੋਂ ਨਿਕਲਣ ਵਾਲਾ ਸ਼ਬਦ (ਆਵਾਜ਼) ਬਦਲ ਦੀ ਗਰਜ ਵਾਂਗ ਹੈਰਾਨ ਕਰਨ ਵਾਲੀ ਹੈ।
(ਉਹ) ਸਿਮਟ ਕੇ ਬਰਛੇ ਨੂੰ ਚੰਗੀ ਤਰ੍ਹਾਂ ਪਕੜਦਾ ਹੈ ਅਤੇ (ਅਗੇ) ਸਰਕ ਕੇ ਵੈਰੀ ਨੂੰ ਸਾਹਮਣੇ ਹੋ ਕੇ ਮਾਰਦਾ ਹੈ।
ਉਸ ਨੂੰ ਵੇਖ ਕੇ ਦੇਵਤੇ, ਦੈਂਤ ਅਤੇ ਬ੍ਰਹਮਾ ਜੈ ਜੈ ਸ਼ਬਦ ਦਾ ਉਚਾਰਨ ਕਰਦੇ ਹਨ।
(ਉਸ ਦਾ) ਨਾਂ 'ਇਸ਼ਨਾਨ' ਹੈ ਜੋ ਅਭਿਮਾਨ ਯੁਕਤ ਹੈ। ਉਹ ਜਿਸ ਦਿਨ ਧਨੁਸ਼ ਲੈ ਕੇ (ਯੁੱਧ ਭੂਮੀ ਵਿਚ) ਗਜੇਗਾ,
(ਹੇ ਰਾਜਨ!) ਬਿਨਾ ਇਕ ਕੁਚੀਲ ਦੇ, ਯੁੱਧ ਵਿਚ ਸਾਹਮਣੇ ਹੋ ਉਸ ਨੂੰ ਹੋਰ ਕੋਈ ਰੋਕ ਨਹੀਂ ਸਕੇਗਾ ॥੨੩੭॥
ਇਕ 'ਨਿਵ੍ਰਿਤੀ' (ਨਾਂ ਵਾਲਾ) ਮਹਾਨ ਯੋਧਾ ਹੈ ਅਤੇ ਦੂਜਾ 'ਭਾਵਨਾ' (ਨਾਂ ਵਾਲਾ) ਬਹੁਤ ਵੱਡਾ ਯੋਧਾ ਹੈ।
(ਇਹ ਦੋਵੇਂ) ਮਹਾਨ ਬਲਵਾਨ, ਨਾ ਮਿਟਣ ਵਾਲੇ, ਅਪਾਰ, ਅਣਛਿਜ ਅਤੇ ਅਕਟ ਹਨ।
(ਇਹ ਦੋਵੇਂ) ਜਦ ਸ਼ਸਤ੍ਰ ਧਾਰ ਕੇ ਰਣ ਵਿਚ ਗਜਣਗੇ ਤਾਂ ਡਰਪੋਕ ਲੋਕ ਵੇਖ ਕੇ ਭਜ ਜਾਣਗੇ।
ਪੱਤਰ ਵਾਂਗ ਕੰਬ ਜਾਣਗੇ ਅਤੇ ਅਣਗਿਣਤ ਸੂਰਮੇ ਧੀਰਜ ਨੂੰ ਧਾਰਨ ਨਹੀਂ ਕਰਨਗੇ।
ਇਸ ਤਰ੍ਹਾਂ ਹੇ ਰਾਜਨ! ਧੀਰਜ ਵਾਲਾ ('ਧੀਰ') ਯੋਧਾ ਜਿਸ ਦਿਨ ਸ਼ਸਤ੍ਰ ਧਾਰਨ ਕਰ ਕੇ (ਯੁੱਧ) ਰਚਾਏਗਾ,
(ਉਸ ਦਿਨ) ਅਸਤ੍ਰਾਂ ਸ਼ਸਤ੍ਰਾਂ ਨੂੰ ਛਡ ਕੇ ਸਾਰੇ (ਯੋਧੇ) ਭਜ ਜਾਣਗੇ ਅਤੇ ਇਕ ਯੋਧਾ ਵੀ ਯੁੱਧ ਵਿਚ ਰੁਚਿਤ ਨਹੀਂ ਹੋਵੇਗਾ ॥੨੩੮॥
ਸੰਗੀਤ ਛਪਯ ਛੰਦ:
ਜਦੋਂ ਧੌਂਸੇ (ਤੂਰ) ਵਜਦੇ ਹਨ, (ਤਦੋਂ) ਯੋਧੇ (ਯੁੱਧ ਵਿਚ) ਜੁਟ ਜਾਂਦੇ ਹਨ।
ਲੋਥਾਂ ਖਿਲਰ ਜਾਂਦੀਆਂ ਹਨ, ਚੰਗੇ ਕਵਚ ਟੁਟ ਜਾਂਦੇ ਹਨ।
ਭੂਤ ਵਿਚੋਂ ਪ੍ਰਸਿੱਧ ਭੈਰੋ ਅਤੇ ਸਿੱਧ ਤੇ ਪ੍ਰਸਿੱਧ (ਯੁੱਧ ਦ੍ਰਿਸ਼) ਵੇਖਦੇ ਹਨ।
ਜਗ੍ਹਾ ਜਗ੍ਹਾ ਯਕਸ਼ਾਂ ਅਤੇ ਜੋਗਣਾਂ ਦੇ ਝੁੰਡ ਜੈ ਜੈ ਸ਼ਬਦ ਉਚਾਰਨ ਕਰਦੇ ਹਨ।
ਨਾ ਮਿਟਣ ਵਾਲਾ 'ਸੰਜਮ' (ਨਾਂ ਵਾਲਾ) ਮਹਾਨ ਯੋਧਾ ਜਦੋਂ ਕ੍ਰੋਧ ਕਰ ਕੇ (ਰਣ) ਵਿਚ ਗਜੇਗਾ,
(ਉਦੋਂ) ਬਿਨਾ ਇਕ 'ਦੁਰਮਤਿ' (ਨਾਂ ਵਾਲੇ ਯੋਧੇ ਦੇ) ਅਗੋਂ ਹੋ ਕੇ ਕੋਈ ਵੀ ਨਹੀਂ ਵਰਜੇਗਾ ॥੨੩੯॥
ਜੈ ਕਰਨ ਵਾਲਾ 'ਜੋਗ' ਕ੍ਰੋਧਿਤ ਹੋ ਕੇ (ਯੁੱਧ ਵਿਚ) ਕੜਕੇਗਾ।
(ਵੈਰੀਆਂ ਨੂੰ) ਲੁਟੇ ਅਤੇ ਕੁਟੇਗਾ ਅਤੇ ਤਲਵਾਰ ਨੂੰ ਸੜਕ ਕਰ ਕੇ (ਕਢੇਗਾ)।
ਜਿਸ ਦਿਨ ਸ਼ਸਤ੍ਰ ਅਤੇ ਕਵਚ ਧਾਰਨ ਕਰੇਗਾ,
(ਉਸ ਵੇਲੇ) ਵੈਰੀ ਭਜ ਜਾਣਗੇ ਅਤੇ ਇਕ ਛਿਣ ਲਈ ਵੀ ਨਹੀਂ ਠਹਿਰਨਗੇ।
ਸਾਰਿਆਂ ਦੇ ਮੂੰਹ ਪੀਲੇ ਅਤੇ ਚਿੱਟੇ ਹੋ ਜਾਣਗੇ ਅਤੇ (ਯੁੱਧ ਵਿਚੋਂ) ਭਜ ਜਾਣਗੇ।
ਜਿਸ ਦਿਨ ਨਾ ਮਿਟਣ ਵਾਲਾ ਭਿਆਨਕ ਸੂਰਮਾ (ਉਨ੍ਹਾਂ ਨੂੰ) ਵੇਖੇਗਾ ॥੨੪੦॥
ਇਕ 'ਅਰਚਾ' ਅਤੇ (ਦੂਜਾ) ਪੂਜਾ (ਨਾਂ ਦੇ ਯੋਧੇ) ਜਦ ਕ੍ਰੋਧ ਕਰਨਗੇ
ਅਤੇ ਰੋਸ ਕਰ ਕੇ ਜੋਸ਼ ਨਾਲ ਪੈਰ ਗਡ ਦੇਣਗੇ।
ਵੈਰੀ ਅਸਤ੍ਰ ਛਡ ਕੇ, ਭਰਮੀਜ ਕੇ (ਬੌਂਦਲਾ ਕੇ) ਰਣ ਵਿਚੋਂ ਭਜ ਜਾਣਗੇ।
ਇਸ ਤਰ੍ਹਾਂ ਉਖੜ ਜਾਣਗੇ ਮਾਨੋ ਪੌਣ ਨਾਲ ਬਨ ਵਿਚ ਪੱਤਰ (ਉਡ ਪੁਡ ਜਾਂਦੇ ਹੋਣ)।
ਸਾਰੇ ਯੋਧੇ ਘੋੜਿਆਂ ਨੂੰ ਨਚਾਉਂਦੇ ਹੋਏ ਭਜ ਜਾਣਗੇ।
(ਜਿਨ੍ਹਾਂ ਨੇ) ਛਾਤ੍ਰ ਬਿਰਤੀ ਛਡ ਦਿੱਤੀ ਹੈ, ਉਹ ਨੀਚ ਗਤਿ ਨੂੰ ਪ੍ਰਾਪਤ ਹੋਣਗੇ ॥੨੪੧॥
ਛਪਯ ਛੰਦ:
ਚੌਹਾਂ ਪਾਸੇ ਸੁੰਦਰ ਚੌਰ ਢੁਲਦਾ ਹੋਇਆ ਸੁੰਦਰ ਛਬੀ ਪ੍ਰਾਪਤ ਕਰ ਰਿਹਾ ਹੈ।
ਸਫ਼ੈਦ ਬਸਤ੍ਰ ਅਤੇ ਸਫੈਦ ਘੋੜੇ ਹਨ ਅਤੇ ਸ਼ਸਤ੍ਰਾਂ ਦੀ ਛਬੀ ਸ਼ੋਭਾ ਪਾ ਰਹੀ ਹੈ।