ਸ਼੍ਰੀ ਦਸਮ ਗ੍ਰੰਥ

ਅੰਗ - 173


ਸੋਈ ਲੀਯੋ ਕਰਿ ਦਿਜ ਬੀਰ ॥

ਉਹੀ (ਉਸ) ਸ੍ਰੇਸ਼ਠ ਬ੍ਰਾਹਮਣ ਨੇ ਲੈ ਲਿਆ।

ਕਰਿ ਨੀਰ ਚੁਵਨ ਨ ਦੀਨ ॥

(ਸ਼ੁਕ੍ਰ ਨੇ ਆਪਣੀ ਅੱਖ ਅੰਨ੍ਹੀ) ਕਰਵਾ ਲਈ, ਪਰ ਪਾਣੀ ਨਾ ਚੋਣ ਦਿੱਤਾ।

ਇਮ ਸੁਆਮਿ ਕਾਰਜ ਕੀਨ ॥੧੯॥

ਇਸ ਤਰ੍ਹਾਂ ਆਪਣੇ ਸੁਆਮੀ ਦਾ ਕਾਰਜ ਕੀਤਾ ॥੧੯॥

ਚੌਪਈ ॥

ਚੌਪਈ:

ਚਛ ਨੀਰ ਕਰ ਭੀਤਰ ਪਰਾ ॥

(ਰਾਜੇ ਦੇ) ਹੱਥ ਵਿਚ ਅੱਖ ਦਾ ਪਾਣੀ ਪਿਆ,

ਵਹੈ ਸੰਕਲਪ ਦਿਜਹ ਕਰਿ ਧਰਾ ॥

ਉਸੇ ਨਾਲ ਬ੍ਰਾਹਮਣ ਨੂੰ (ਰਾਜੇ ਨੇ ਧਰਤੀ ਦਾ) ਸੰਕਲਪ ਕਰ ਦਿੱਤਾ।

ਐਸ ਤਬੈ ਨਿਜ ਦੇਹ ਬਢਾਯੋ ॥

ਇਸ ਤਰ੍ਹਾਂ (ਜਦ ਧਰਤੀ ਮਾਪਣ ਦਾ ਸਮਾਂ ਆਇਆ) ਤਦੋਂ (ਬ੍ਰਾਹਮਣ ਨੇ) ਆਪਣੀ ਦੇਹ ਵਧਾ ਲਈ,

ਲੋਕ ਛੇਦਿ ਪਰਲੋਕਿ ਸਿਧਾਯੋ ॥੨੦॥

ਜੇ ਇਸ ਲੋਕ ਨੂੰ ਲੰਘ ਕੇ ਪਰਲੋਕ ਤਕ ਜਾ ਪਹੁੰਚੀ ॥੨੦॥

ਨਿਰਖ ਲੋਗ ਅਦਭੁਤ ਬਿਸਮਏ ॥

ਇਹ ਅਦਭੁਤ (ਕੌਤਕ) ਵੇਖ ਕੇ ਲੋਕੀ ਹੈਰਾਨ ਹੋ ਗਏ

ਦਾਨਵ ਪੇਖਿ ਮੂਰਛਨ ਭਏ ॥

ਅਤੇ ਦੈਂਤ ਵੇਖ ਕੇ ਮੂਰਛਿਤ ਹੋ ਗਏ।

ਪਾਵ ਪਤਾਰ ਛੁਯੋ ਸਿਰ ਕਾਸਾ ॥

(ਉਸ ਵੇਲੇ ਬੌਣੇ ਬ੍ਰਾਹਮਣ) ਦੇ ਪੈਰ ਪਾਤਾਲ (ਵਿਚ ਸਨ ਅਤੇ) ਸਿਰ ਆਕਾਸ਼ ਨੂੰ ਛੋਹਣ ਲਗ ਗਿਆ।

ਚਕ੍ਰਿਤ ਭਏ ਲਖਿ ਲੋਕ ਤਮਾਸਾ ॥੨੧॥

ਇਹ ਤਮਾਸ਼ਾ ਵੇਖ ਕੇ ਲੋਕੀ ਹੈਰਾਨ ਹੋ ਗਏ ॥੨੧॥

ਏਕੈ ਪਾਵ ਪਤਾਰਹਿ ਛੂਆ ॥

ਇਕ ਪੈਰ (ਕਦਮ) ਨਾਲ ਪਾਤਾਲ ਛੋਹਿਆ

ਦੂਸਰ ਪਾਵ ਗਗਨ ਲਉ ਹੂਆ ॥

ਅਤੇ ਦੂਜਾ ਪੈਰ (ਕਦਮ) ਆਕਾਸ਼ ਤਕ ਪੂਰਾ ਹੋਇਆ।

ਭਿਦਿਯੋ ਅੰਡ ਬ੍ਰਹਮੰਡ ਅਪਾਰਾ ॥

ਅਪਾਰ ਅੰਡ ਰੂਪ ਬ੍ਰਹਮੰਡ (ਦੋ ਕਦਮਾਂ ਵਿਚ) ਮਿਣਿਆ ਗਿਆ।

ਤਿਹ ਤੇ ਗਿਰੀ ਗੰਗ ਕੀ ਧਾਰਾ ॥੨੨॥

ਉਸ ਤੋਂ ਗੰਗਾ ਦੀ ਧਾਰਾ (ਧਰਤੀ) ਉਤੇ ਡਿਗੀ ॥੨੨॥

ਇਹ ਬਿਧਿ ਭੂਪ ਅਚੰਭਵ ਲਹਾ ॥

ਰਾਜੇ ਨੂੰ ਵੀ ਇਸ ਤਰ੍ਹਾਂ ਦਾ ਅਚੰਭਾ ਹੋਇਆ

ਮਨ ਕ੍ਰਮ ਬਚਨ ਚਕ੍ਰਿਤ ਹੁਐ ਰਹਾ ॥

ਅਤੇ ਮਨ, ਬਾਣੀ ਅਤੇ ਕਰਮ ਤੋਂ ਹੈਰਾਨ ਹੋ ਰਿਹਾ।

ਸੁ ਕੁਛ ਭਯੋ ਜੋਊ ਸੁਕ੍ਰਿ ਉਚਾਰਾ ॥

ਉਹੀ ਕੁਝ ਹੋਇਆ ਜੋ ਸ਼ੁਕ੍ਰਾਚਾਰਯ ਨੇ ਕਿਹਾ ਸੀ।

ਸੋਈ ਅਖੀਯਨ ਹਮ ਆਜ ਨਿਹਾਰਾ ॥੨੩॥

ਉਹੀ (ਹੋਇਆ ਹੈ) ਅਜ ਮੈਂ ਅੱਖੀਆਂ ਨਾਲ ਵੇਖ ਲਿਆ ਹੈ ॥੨੩॥

ਅਰਧਿ ਦੇਹਿ ਅਪਨੋ ਮਿਨਿ ਦੀਨਾ ॥

(ਰਾਜੇ ਨੇ) ਅੱਧੇ ਕਦਮ ਲਈ ਆਪਣੀ ਦੇਹ ਮਿਣ ਦਿੱਤੀ।

ਇਹ ਬਿਧਿ ਕੈ ਭੂਪਤਿ ਜਸੁ ਲੀਨਾ ॥

ਇਸ ਤਰ੍ਹਾਂ ਰਾਜੇ ਨੇ ਯਸ਼ ਖਟ ਲਿਆ।

ਜਬ ਲਉ ਗੰਗ ਜਮੁਨ ਕੋ ਨੀਰਾ ॥

ਜਦੋਂ ਤਕ ਗੰਗਾ ਅਤੇ ਯਮਨਾ ਦਾ ਜਲ (ਧਰਤੀ ਉਤੇ ਮੌਜੂਦ ਹੈ)

ਤਬ ਲਉ ਚਲੀ ਕਥਾ ਜਗਿ ਧੀਰਾ ॥੨੪॥

ਤਦੋਂ ਤਕ ਇਹ ਕਥਾ ਜਗਤ ਵਿਚ ਚਲਦੀ ਰਹੇਗੀ ॥੨੪॥

ਬਿਸਨ ਪ੍ਰਸੰਨਿ ਪ੍ਰਤਛ ਹੁਐ ਕਹਾ ॥

ਵਿਸ਼ਣੂ ਪ੍ਰਸੰਨ ਹੋ ਕੇ ਪ੍ਰਤੱਖ ਹੋਇਆ ਅਤੇ ਕਿਹਾ,

ਚੋਬਦਾਰੁ ਦੁਆਰੇ ਹੁਐ ਰਹਾ ॥

("ਹੇ ਰਾਜਨ! ਮੈਂ) ਤੇਰੇ ਦੁਆਰੇ ਉਤੇ ਚੋਬਦਾਰ ਹੋ ਕੇ ਰਹਾਂਗਾ।

ਕਹਿਯੋ ਚਲੇ ਤਬ ਲਗੈ ਕਹਾਨੀ ॥

"ਅਤੇ ਇਹ ਵੀ ਕਿਹਾ ਕਿ ਤਦੋਂ ਤਕ (ਤੇਰੀ ਇਹ) ਕਹਾਣੀ ਜਗਤ ਵਿਚ ਚਲੇਗੀ,

ਜਬ ਲਗ ਗੰਗ ਜਮੁਨ ਕੋ ਪਾਨੀ ॥੨੫॥

ਜਦੋਂ ਤਕ ਗੰਗਾ ਅਤੇ ਯਮਨਾ ਵਿਚ ਪਾਣੀ ਰਹੇਗਾ ॥੨੫॥

ਦੋਹਰਾ ॥

ਦੋਹਰਾ:

ਜਹ ਸਾਧਨ ਸੰਕਟ ਪਰੈ ਤਹ ਤਹ ਭਏ ਸਹਾਇ ॥

ਜਿਥੇ ਜਿਥੇ ਵੀ ਸਾਧਾਂ ਨੂੰ ਸੰਕਟ ਪੈਂਦਾ ਹੈ, ਉਥੇ ਉਥੇ ਹੀ (ਪਰਮ-ਸੱਤਾ) ਸਹਾਇਕ ਹੁੰਦੀ ਹੈ।

ਦੁਆਰਪਾਲ ਹੁਐ ਦਰਿ ਬਸੇ ਭਗਤ ਹੇਤ ਹਰਿਰਾਇ ॥੨੬॥

ਹਰਿ-ਰਾਇ ਭਗਤ ਲਈ ਦੁਆਰਪਾਲ ਹੋ ਕੇ (ਉਸ ਦੇ) ਦਰ ਤੇ ਵਸਦਾ ਹੈ ॥੨੬॥

ਚੌਪਈ ॥

ਚੌਪਈ:

ਅਸਟਮ ਅਵਤਾਰ ਬਿਸਨ ਅਸ ਧਰਾ ॥

ਇਸ ਤਰ੍ਹਾਂ ਵਿਸ਼ਣੂ ਨੇ ਅੱਠਵਾਂ ਅਵਤਾਰ ਧਾਰਨ ਕੀਤਾ

ਸਾਧਨ ਸਬੈ ਕ੍ਰਿਤਾਰਥ ਕਰਾ ॥

ਅਤੇ ਸਾਰਿਆਂ ਸਾਧਾਂ ਨੂੰ ਸਫਲ-ਮਨੋਰਥ (ਕ੍ਰਿਤਾਰਥ) ਕੀਤਾ।

ਅਬ ਨਵਮੋ ਬਰਨੋ ਅਵਤਾਰਾ ॥

ਹੁਣ (ਮੈਂ) ਨੌਵੇਂ ਅਵਤਾਰ ਦਾ ਵਰਣਨ ਕਰਦਾ ਹਾਂ,

ਸੁਨਹੁ ਸੰਤ ਚਿਤ ਲਾਇ ਸੁ ਧਾਰਾ ॥੨੭॥

ਹੇ ਸੰਤੋ! ਚਿਤ ਲਾ ਕੇ ਸੁਣੋ ਅਤੇ (ਮਨ ਵਿਚ) ਧਾਰਨ ਕਰੋ ॥੨੭॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਬਾਵਨ ਅਸਟਮੋ ਅਵਤਾਰ ਬਲਿ ਛਲਨ ਸਮਾਪਤਮ ਸਤੁ ਸੁਭਮ ਸਤੁ ॥੮॥

ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਅੱਠਵੇਂ ਬਾਵਨ ਅਵਤਾਰ ਦਾ ਕਥਨ, ਬਲੀ ਦੇ ਛਲਨ ਪ੍ਰਸੰਗ ਦੀ ਸਮਾਪਤੀ, ਸਭ ਸ਼ੁਭ ਹੈ ॥੮॥

ਅਥ ਪਰਸਰਾਮ ਅਵਤਾਰ ਕਥਨੰ ॥

ਹੁਣ ਪਰਸਰਾਮ ਅਵਤਾਰ ਦਾ ਕਥਨ:

ਸ੍ਰੀ ਭਗਉਤੀ ਜੀ ਸਹਾਇ ॥

ਸ੍ਰੀ ਭਗਉਤੀ ਜੀ ਸਹਾਇ:

ਚੌਪਈ ॥

ਚੌਪਈ:

ਪੁਨਿ ਕੇਤਿਕ ਦਿਨ ਭਏ ਬਿਤੀਤਾ ॥

ਫਿਰ ਕਿਤਨਾ ਹੀ ਸਮਾਂ ਬੀਤ ਗਿਆ।

ਛਤ੍ਰਨਿ ਸਕਲ ਧਰਾ ਕਹੁ ਜੀਤਾ ॥

ਛਤਰੀਆਂ ਨੇ ਸਾਰੀ ਧਰਤੀ ਨੂੰ ਜਿਤ ਲਿਆ।

ਅਧਿਕ ਜਗਤ ਮਹਿ ਊਚ ਜਨਾਯੋ ॥

(ਉਨ੍ਹਾਂ ਨੇ ਆਪਣੇ ਆਪ ਨੂੰ) ਸਾਰੇ ਜਗਤ ਵਿਚ ਵੱਡਾ ਕਰਕੇ ਜਣਾਇਆ।

ਬਾਸਵ ਬਲਿ ਕਹੂੰ ਲੈਨ ਨ ਪਾਯੋ ॥੧॥

ਇੰਦਰ (ਬਾਸਵ) ਕਿਤੋਂ ਵੀ ਬਲੀ ਲੈ ਸਕਣ ਦੇ ਸਮਰਥ ਨਾ ਰਿਹਾ ॥੧॥

ਬਿਆਕੁਲ ਸਕਲ ਦੇਵਤਾ ਭਏ ॥

ਸਾਰੇ ਦੇਵਤੇ ਵਿਆਕੁਲ ਹੋ ਗਏ।

ਮਿਲਿ ਕਰਿ ਸਭੁ ਬਾਸਵ ਪੈ ਗਏ ॥

ਸਾਰੇ ਮਿਲ ਕੇ ਇੰਦਰ ਕੋਲ ਗਏ (ਅਤੇ ਕਹਿਣ ਲਗੇ ਕਿ)

ਛਤ੍ਰੀ ਰੂਪ ਧਰੇ ਸਭੁ ਅਸੁਰਨ ॥

ਸਾਰਿਆਂ ਦੈਂਤਾ ਨੇ ਛਤਰੀ ਰੂਪ ਧਾਰਨ ਕਰ ਲਿਆ ਹੈ।

ਆਵਤ ਕਹਾ ਭੂਪ ਤੁਮਰੇ ਮਨਿ ॥੨॥

ਹੇ ਰਾਜਨ! ਤੁਹਾਡੇ ਮਨ ਵਿਚ ਕੀ (ਵਿਚਾਰ) ਆ ਰਿਹਾ ਹੈ ॥੨॥