ਸ਼੍ਰੀ ਦਸਮ ਗ੍ਰੰਥ

ਅੰਗ - 709


ਸਬੈ ਸਿਧ ਹਰਤਾ ॥੩੪੭॥

ਅਤੇ ਸਾਰੀਆਂ ਸਿੱਧੀਆਂ ਨੂੰ ਹਰਨ ਵਾਲੇ ਹਨ ॥੩੪੭॥

ਅਰੀਲੇ ਅਰਾਰੇ ॥

(ਦੇਵੇਂ) ਅੜੀਅਲ ਅਤੇ ਜ਼ਿਦਲ ਹਨ।

ਹਠੀਲ ਜੁਝਾਰੇ ॥

ਹਠ ਵਾਲੇ ਅਤੇ ਲੜਾਕੇ ਯੋਧੇ ਹਨ।

ਕਟੀਲੇ ਕਰੂਰੰ ॥

ਕਟ ਸੁਟਣ ਵਾਲੇ ਅਤੇ ਕਠੋਰ ਸੁਭਾ ਵਾਲੇ ਹਨ।

ਕਰੈ ਸਤ੍ਰੁ ਚੂਰੰ ॥੩੪੮॥

ਵੈਰੀਆਂ ਨੂੰ ਮਸਲਣ ਵਾਲੇ ਹਨ ॥੩੪੮॥

ਤੇਰਾ ਜੋਰੁ ॥

ਤੇਰਾ ਜ਼ੋਰ:

ਚੌਪਈ ॥

ਚੌਪਈ:

ਜੋ ਇਨ ਜੀਤਿ ਸਕੌ ਨਹਿ ਭਾਈ ॥

ਹੇ ਭਾਈ! ਜੇ ਇਨ੍ਹਾਂ ਨੂੰ ਜਿਤ ਨਹੀਂ ਸਕਦਾ ਹਾਂ,

ਤਉ ਮੈ ਜੋਰ ਚਿਤਾਹਿ ਜਰਾਈ ॥

ਤਾਂ ਮੈਂ ਚਿਖਾ ਬਾਲ ਕੇ ਸੜ ਮਰਾਂਗਾ।

ਮੈ ਇਨ ਕਹਿ ਮੁਨਿ ਜੀਤਿ ਨ ਸਾਕਾ ॥

(ਕਿਉਂਕਿ) ਹੇ ਮੁਨੀ! ਮੈਂ ਇਨ੍ਹਾਂ ਨੂੰ ਜਿਤ ਨਹੀਂ ਸਕਿਆ ਹਾਂ।

ਅਬ ਮੁਰ ਬਲ ਪੌਰਖ ਸਬ ਥਾਕਾ ॥੩੪੯॥

ਹੁਣ ਮੇਰਾ ਬਲ ਅਤੇ ਸ਼ਕਤੀ ਸਭ ਕਮਜ਼ੋਰ ਹੋ ਗਈ ਹੈ ॥੩੪੯॥

ਐਸ ਭਾਤਿ ਮਨ ਬੀਚ ਬਿਚਾਰਾ ॥

(ਪਾਰਸ ਨਾਥ ਨੇ) ਇਸ ਤਰ੍ਹਾਂ ਮਨ ਵਿਚ ਵਿਚਾਰ ਕੀਤਾ।

ਪ੍ਰਗਟ ਸਭਾ ਸਬ ਸੁਨਤ ਉਚਾਰਾ ॥

ਸਾਰੀ ਸਭਾ ਨੂੰ ਸੁਣਾਉਣ ਲਈ ਪ੍ਰਗਟ ਤੌਰ ਤੇ (ਇਹ) ਕਥਨ ਕੀਤਾ।

ਮੈ ਬਡ ਭੂਪ ਬਡੋ ਬਰਿਆਰੂ ॥

ਮੈਂ ਵੱਡਾ ਰਾਜਾ ਅਤੇ ਬਹੁਤ ਬਲਵਾਨ ਹਾਂ।

ਮੈ ਜੀਤ੍ਯੋ ਇਹ ਸਭ ਸੰਸਾਰੂ ॥੩੫੦॥

ਇਹ ਸਾਰਾ ਸੰਸਾਰ ਮੈਂ ਜਿਤਿਆ ਹੋਇਆ ਹੈ ॥੩੫੦॥

ਜਿਨਿ ਮੋ ਕੋ ਇਹ ਬਾਤ ਬਤਾਈ ॥

ਜਿਸ ਨੇ ਮੈਨੂੰ ਇਹ ਗੱਲ ਦਸੀ ਹੈ, (ਇੰਜ ਪ੍ਰਤੀਤ ਹੁੰਦਾ ਹੈ)

ਤਿਨਿ ਮੁਹਿ ਜਾਨੁ ਠਗਉਰੀ ਲਾਈ ॥

ਮਾਨੋ ਉਸ ਨੇ ਮੇਰੇ ਨਾਲ ਠਗੀ ਕੀਤੀ ਹੈ।

ਏ ਦ੍ਵੈ ਬੀਰ ਬਡੇ ਬਰਿਆਰਾ ॥

ਇਹ ਦੋਵੇਂ ਯੋਧੇ ਬਹੁਤ ਬਲਵਾਨ ਹਨ।

ਇਨ ਜੀਤੇ ਜੀਤੋ ਸੰਸਾਰਾ ॥੩੫੧॥

ਇਨ੍ਹਾਂ (ਦੋਹਾਂ ਨੂੰ) ਜਿਤਣ ਨਾਲ ਸਾਰਾ ਸੰਸਾਰ ਜਿਤ ਲਿਆ ਜਾਂਦਾ ਹੈ ॥੩੫੧॥

ਅਬ ਮੋ ਤੇ ਏਈ ਜਿਨਿ ਜਾਈ ॥

ਹੁਣ ਮੇਰੇ ਕੋਲੋਂ ਇਹ ਹੀ ਨਹੀਂ ਜਿਤੇ ਜਾਂਦੇ।

ਕਹਿ ਮੁਨਿ ਮੋਹਿ ਕਥਾ ਸਮਝਾਈ ॥

ਮੁਨੀ ਨੇ (ਇਨ੍ਹਾਂ ਦੀ) ਕਥਾ ਮੈਨੂੰ ਸੁਣਾ ਦਿੱਤੀ ਹੈ।

ਅਬ ਮੈ ਦੇਖਿ ਬਨਾਵੌ ਚਿਖਾ ॥

ਹੁਣ ਵੇਖੋ, ਮੈਂ ਚਿਖਾ ਬਣਾਉਂਦਾ ਹਾਂ

ਪੈਠੌ ਬੀਚ ਅਗਨਿ ਕੀ ਸਿਖਾ ॥੩੫੨॥

ਅਤੇ ਅਗਨੀ ਦੀ ਲਾਟ ਵਿਚ ਬੈਠਦਾ ਹਾਂ ॥੩੫੨॥

ਚਿਖਾ ਬਨਾਇ ਸਨਾਨਹਿ ਕਰਾ ॥

(ਪਹਿਲਾਂ) ਚਿਖਾ ਬਣਾਈ, (ਫਿਰ) ਇਸ਼ਨਾਨ ਕੀਤਾ

ਸਭ ਤਨਿ ਬਸਤ੍ਰ ਤਿਲੋਨਾ ਧਰਾ ॥

ਅਤੇ ਸਾਰੇ ਸ਼ਰੀਰ ਅਤੇ ਬਸਤ੍ਰਾਂ ਨੂੰ ਤਿਲਾਂ ਦੇ ਤੇਲ ਵਿਚ ਤਰ ਕਰ ਲਿਆ।

ਬਹੁ ਬਿਧਿ ਲੋਗ ਹਟਕਿ ਕਰਿ ਰਹਾ ॥

(ਸਾਰੇ) ਲੋਕ ਬਹੁਤ ਤਰ੍ਹਾਂ ਨਾਲ ਰੋਕਦੇ ਰਹਿ ਗਏ

ਚਟਪਟ ਕਰਿ ਚਰਨਨ ਭੀ ਗਹਾ ॥੩੫੩॥

ਅਤੇ ਛੇਤੀ ਨਾਲ ਪੈਰ ਵੀ ਪਕੜੇ (ਅਰਥਾਤ ਤਰਲਾ ਕੀਤਾ) ॥੩੫੩॥

ਹੀਰ ਚੀਰ ਦੈ ਬਿਧਵਤ ਦਾਨਾ ॥

ਹੀਰਿਆਂ, ਬਸਤ੍ਰਾਂ ਦਾ ਵਿਧੀ ਪੂਰਵਕ ਦਾਨ ਕੀਤਾ

ਮਧਿ ਕਟਾਸ ਕਰਾ ਅਸਥਾਨਾ ॥

ਅਤੇ (ਫਿਰ) ਕਟਾਸ ਰਾਜ (ਤੀਰਥ) ਵਿਚ ਸਥਾਨ ਬਣਾਇਆ।

ਭਾਤਿ ਅਨਕ ਤਨ ਜ੍ਵਾਲ ਜਰਾਈ ॥

ਸ਼ਰੀਰ ਸਾੜਨ ਲਈ ਅਨੇਕ ਤਰ੍ਹਾਂ ਨਾਲ ਅੱਗ ਬਾਲੀ,

ਜਰਤ ਨ ਭਈ ਜ੍ਵਾਲ ਸੀਅਰਾਈ ॥੩੫੪॥

ਪਰ ਅੱਗ ਨਾ ਬਲੀ, ਠੰਢੀ ਪੈ ਗਈ ॥੩੫੪॥

ਤੋਮਰ ਛੰਦ ॥

ਤੋਮਰ ਛੰਦ:

ਕਰਿ ਕੋਪ ਪਾਰਸ ਰਾਇ ॥

ਪਾਰਸ ਨਾਥ ਨੇ ਕ੍ਰੋਧ ਕਰ ਕੇ

ਕਰਿ ਆਪਿ ਅਗਨਿ ਜਰਾਇ ॥

ਅਤੇ ਆਪਣੇ ਹੱਥ ਨਾਲ ਅੱਗ ਬਾਲ ਕੇ (ਚਿਖਾ ਨੂੰ ਲਗਾਈ)।

ਸੋ ਭਈ ਸੀਤਲ ਜ੍ਵਾਲ ॥

ਉਹ ਅਗਨੀ ਠੰਡੀ ਹੋ ਗਈ

ਅਤਿ ਕਾਲ ਰੂਪ ਕਰਾਲ ॥੩੫੫॥

ਜੋ ਅਤਿ ਭਿਆਨਕ ਕਾਲ ਰੂਪ ਸੀ ॥੩੫੫॥

ਤਤ ਜੋਗ ਅਗਨਿ ਨਿਕਾਰਿ ॥

ਤਦ (ਪਾਰਸ ਨਾਥ ਨੇ) ਯੋਗ ਅਗਨੀ ਕੱਢ ਕੇ (ਚਿਖਾ ਬਾਲੀ)

ਅਤਿ ਜ੍ਵਲਤ ਰੂਪ ਅਪਾਰਿ ॥

ਜੋ ਬਹੁਤ ਅਪਾਰ ਰੂਪ ਵਿਚ ਭੜਕ ਪਈ।

ਤਬ ਕੀਅਸ ਆਪਨ ਦਾਹ ॥

ਤਦ (ਉਸ ਨੇ) ਆਪਣੇ (ਸ਼ਰੀਰ) ਨੂੰ ਸਾੜ ਦਿੱਤਾ।

ਪੁਰਿ ਲਖਤ ਸਾਹਨ ਸਾਹਿ ॥੩੫੬॥

(ਸਾਰਾ) ਨਗਰ ਸ਼ਾਹਾਂ ਦੇ ਸ਼ਾਹ (ਪਾਰਸ ਨਾਥ) ਨੂੰ ਵੇਖ ਰਿਹਾ ਸੀ ॥੩੫੬॥

ਤਬ ਜਰੀ ਅਗਨਿ ਬਿਸੇਖ ॥

ਤਦ (ਫਿਰ) ਵਿਸ਼ੇਸ਼ ਤਰ੍ਹਾਂ ਦੀ ਅੱਗ ਬਲ ਪਈ।

ਤ੍ਰਿਣ ਕਾਸਟ ਘਿਰਤ ਅਸੇਖ ॥

(ਜਿਸ ਵਿਚ) ਬਹੁਤ ਸਾਰੇ ਕੱਖ, ਲਕੜਾਂ ਅਤੇ ਘਿਓ (ਪਾਇਆ ਹੋਇਆ ਸੀ)।

ਤਬ ਜਰ੍ਯੋ ਤਾ ਮਹਿ ਰਾਇ ॥

ਤਦ ਉਸ ਵਿਚ ਰਾਜਾ (ਪਾਰਸ ਨਾਥ) ਸੜ ਗਿਆ।

ਭਏ ਭਸਮ ਅਦਭੁਤ ਕਾਇ ॥੩੫੭॥

(ਉਸ ਦੀ) ਅਦਭੁਤ ਦੇਹ ਭਸਮ ਹੋ ਗਈ ॥੩੫੭॥

ਕਈ ਦ੍ਯੋਸ ਬਰਖ ਪ੍ਰਮਾਨ ॥

ਕਈ ਦਿਨਾਂ ਅਤੇ ਵਰ੍ਹਿਆਂ ਤਕ ਚਿਖਾ

ਸਲ ਜਰਾ ਜੋਰ ਮਹਾਨ ॥

('ਸਲ') ਬਹੁਤ ਜ਼ੋਰ ਨਾਲ ਬਲਦੀ ਰਹੀ।

ਭਈ ਭੂਤ ਭਸਮੀ ਦੇਹ ॥

(ਫਿਰ ਜਾ ਕੇ) ਦੇਹ ਸੜ ਗਈ

ਧਨ ਧਾਮ ਛਾਡ੍ਯੋ ਨੇਹ ॥੩੫੮॥

ਅਤੇ (ਉਸ ਨੇ) ਧਨ ਅਤੇ ਘਰ ਬਾਰ ਦਾ ਮੋਹ ਛਡ ਦਿੱਤਾ ॥੩੫੮॥

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਰਾਮਕਲੀ ਪਾਤਿਸਾਹੀ ੧੦ ॥

ਰਾਗ ਰਾਮਕਲੀ ਪਾਤਿਸ਼ਾਹੀ ੧੦:

ਰੇ ਮਨ ਐਸੋ ਕਰ ਸੰਨਿਆਸਾ ॥

ਹੇ ਮਨ! (ਤੂੰ) ਇਸ ਪ੍ਰਕਾਰ ਦਾ ਸੰਨਿਆਸ ਧਾਰਨ ਕਰ।

ਬਨ ਸੇ ਸਦਨ ਸਬੈ ਕਰ ਸਮਝਹੁ ਮਨ ਹੀ ਮਾਹਿ ਉਦਾਸਾ ॥੧॥ ਰਹਾਉ ॥

ਸਾਰੇ ਘਰਾਂ ਨੂੰ ਬਨ ਦੇ ਸਮਾਨ ਸਮਝੋ ਅਤੇ ਮਨ ਵਿਚ (ਸਦਾ) ਉਦਾਸ ਰਹੋ ॥੧॥ ਰਹਾਉ।

ਜਤ ਕੀ ਜਟਾ ਜੋਗ ਕੋ ਮਜਨੁ ਨੇਮ ਕੇ ਨਖਨ ਬਢਾਓ ॥

ਜਤ ਦੀਆਂ ਜਟਾਵਾਂ, ਯੋਗ ਦਾ ਇਸ਼ਨਾਨ ਅਤੇ ਨੇਮ ਦੇ ਨੌਂਹ ਵਧਾ ਲਵੋ।

ਗਿਆਨ ਗੁਰੂ ਆਤਮ ਉਪਦੇਸਹੁ ਨਾਮ ਬਿਭੂਤ ਲਗਾਓ ॥੧॥

ਗਿਆਨ ਨੂੰ ਗੁਰੂ ਧਾਰਨ ਕਰ ਕੇ ਆਪਣੇ ਆਪ ਨੂੰ ਉਪਦੇਸ਼ ਦਿਓ ਅਤੇ ਨਾਮ (ਦੇ ਸਿਮਰਨ) ਦੀ ਬਿਭੂਤ (ਸੁਆਹ) ਲਗਾਓ ॥੧॥

ਅਲਪ ਅਹਾਰ ਸੁਲਪ ਸੀ ਨਿੰਦ੍ਰਾ ਦਯਾ ਛਿਮਾ ਤਨ ਪ੍ਰੀਤਿ ॥

ਥੋੜਾ ਆਹਾਰ, ਬਹੁਤ ਥੋੜੀ ਜਿਹੀ ਨੀਂਦਰ ਅਤੇ ਦਇਆ ਤੇ ਖਿਮਾ ਨਾਲ ਪ੍ਰੀਤ ਕਰੋ।

ਸੀਲ ਸੰਤੋਖ ਸਦਾ ਨਿਰਬਾਹਿਬੋ ਹ੍ਵੈਬੋ ਤ੍ਰਿਗੁਣ ਅਤੀਤਿ ॥੨॥

ਸ਼ੀਲ ਅਤੇ ਸੰਤੋਖ ਨੂੰ ਸਦਾ ਨਿਭਾਂ ਅਤੇ ਤਿੰਨ ਗੁਣਾਂ ਤੋਂ ਨਿਰਲਿਪਤ ਰਹਿ ॥੨॥

ਕਾਮ ਕ੍ਰੋਧ ਹੰਕਾਰ ਲੋਭ ਹਠ ਮੋਹ ਨ ਮਨ ਸਿਉ ਲ੍ਯਾਵੈ ॥

ਕਾਮ, ਕ੍ਰੋਧ, ਹੰਕਾਰ, ਲੋਭ, ਹਠ, ਮੋਹ, ਨੂੰ ਮਨ ਵਿਚ ਕਦੇ ਨਾ ਲਿਆ।

ਤਬ ਹੀ ਆਤਮ ਤਤ ਕੋ ਦਰਸੇ ਪਰਮ ਪੁਰਖ ਕਹ ਪਾਵੈ ॥੩॥੧॥੧॥

ਤਦ ਹੀ ਆਤਮ ਤੱਤ ਨੂੰ ਵੇਖ ਸਕੇਂਗਾ ਅਤੇ ਪਰਮ ਪੁਰਖ (ਪਰਮਾਤਮਾ) ਨੂੰ ਪ੍ਰਾਪਤ ਕਰੇਂਗਾ ॥੩॥੧॥

ਰਾਮਕਲੀ ਪਾਤਿਸਾਹੀ ੧੦ ॥

ਰਾਮਕਾਲੀ ਪਾਤਸ਼ਾਹੀ ੧੦:

ਰੇ ਮਨ ਇਹ ਬਿਧਿ ਜੋਗੁ ਕਮਾਓ ॥

ਹੇ ਮਨ! ਇਸ ਤਰ੍ਹਾਂ ਦਾ ਯੋਗ ਕਮਾਓ।

ਸਿੰਙੀ ਸਾਚ ਅਕਪਟ ਕੰਠਲਾ ਧਿਆਨ ਬਿਭੂਤ ਚੜਾਓ ॥੧॥ ਰਹਾਉ ॥

ਸਚ ਦੀ ਸਿੰਗੀ, ਅਕਪਟ ਦਾ ਕੈਂਠਾ, ਧਿਆਨ ਦੀ ਵਿਭੂਤੀ ਚੜ੍ਹਾ ॥੧॥ ਰਹਾਉ।

ਤਾਤੀ ਗਹੁ ਆਤਮ ਬਸਿ ਕਰ ਕੀ ਭਿਛਾ ਨਾਮੁ ਅਧਾਰੰ ॥

ਆਤਮ (ਮਨ) ਨੂੰ ਵਸ ਕਰਨ ਦੀ ਹੱਥ ਵਿਚ ਕਿੰਗਰੀ ਪਕੜ ਅਤੇ ਨਾਮ ਨੂੰ ਭਿਛਿਆ (ਲੈਣ ਲਈ) ਝੋਲੀ (ਆਧਾਰ) ਬਣਾ।

ਬਾਜੇ ਪਰਮ ਤਾਰ ਤਤੁ ਹਰਿ ਕੋ ਉਪਜੈ ਰਾਗ ਰਸਾਰੰ ॥੧॥

ਪਰਮ ਤੱਤ (ਪਰਮਾਤਮਾ) ਨੂੰ ਪ੍ਰਾਪਤ ਕਰਨਾ ਹੀ (ਇਸ ਦੀ) ਤਾਰ ਦਾ ਵਜਣਾ ਹੋਵੇਗਾ ਅਤੇ (ਇਸ ਤੋਂ) ਪ੍ਰੇਮ ਦਾ ਰਸੀਲਾ ਰਾਗ ਨਿਕਲੇ ॥੧॥

ਉਘਟੈ ਤਾਨ ਤਰੰਗ ਰੰਗਿ ਅਤਿ ਗਿਆਨ ਗੀਤ ਬੰਧਾਨੰ ॥

ਪ੍ਰੇਮ ਦੀ ਲਹਿਰ (ਇਸ ਵਿਚੋਂ) ਰਾਗ ਦੀ ਤਾਨ ਵਜੋਂ ਪ੍ਰਗਟ ਹੋਵੇ ਅਤੇ ਗਿਆਨ ਗੀਤਾਂ ਦੀ ਮਰਯਾਦਾ ਹੋਵੇ।

ਚਕਿ ਚਕਿ ਰਹੇ ਦੇਵ ਦਾਨਵ ਮੁਨਿ ਛਕਿ ਛਕਿ ਬ੍ਯੋਮ ਬਿਵਾਨੰ ॥੨॥

(ਅਜਿਹੀ ਸਥਿਤੀ ਨੂੰ) ਵੇਖ ਕੇ ਦੇਵਤੇ, ਦੈਂਤ ਅਤੇ ਮੁਨੀ ਹੈਰਾਨ ਹੋ ਰਹੇ ਹੋਣ ਅਤੇ ਬਿਮਾਨਾਂ ਵਿਚ ਚੜ੍ਹ ਕੇ ਸ਼ੋਭਾ ਪ੍ਰਾਪਤ ਕਰਨ ॥੨॥

ਆਤਮ ਉਪਦੇਸ ਭੇਸੁ ਸੰਜਮ ਕੋ ਜਾਪ ਸੁ ਅਜਪਾ ਜਾਪੈ ॥

ਮਨ ਅਥਵਾ ਆਤਮਾ (ਨੂੰ ਕਾਬੂ ਕਰਨਾ) ਉਪਦੇਸ ਹੋਵੇ, ਸੰਜਮ ਨੂੰ ਧਾਰਨਾ ਭੇਸ ਹੋਵੇ ਅਤੇ ਅਜਪਾ ਜਾਪ ਕਰਨਾ ਹੀ ਜਾਪ ਹੋਵੇ।

ਸਦਾ ਰਹੈ ਕੰਚਨ ਸੀ ਕਾਯਾ ਕਾਲ ਨ ਕਬਹੂੰ ਬ੍ਯਾਪੈ ॥੩॥੨॥੨॥

(ਅਜਿਹੇ ਯੋਗ ਦੇ ਕਮਾਉਣ ਨਾਲ) ਕਾਇਆ ਸਦਾ ਸੋਨੇ ਵਾਂਗ ਬਣੀ ਰਹੇਗੀ ਅਤੇ ਕਦੇ ਵੀ ਕਾਲ ਨਹੀਂ ਵਿਆਪੇਗਾ ॥੩॥੨॥

ਰਾਮਕਲੀ ਪਾਤਿਸਾਹੀ ੧੦ ॥

ਰਾਮਕਲੀ ਪਾਤਸ਼ਾਹੀ ੧੦:

ਪ੍ਰਾਨੀ ਪਰਮ ਪੁਰਖ ਪਗ ਲਾਗੋ ॥

ਹੇ ਪ੍ਰਾਣੀ! ਪਰਮ ਪੁਰਖ ਦੇ ਚਰਨੀ ਲਗ ਜਾਓ।

ਸੋਵਤ ਕਹਾ ਮੋਹ ਨਿੰਦ੍ਰਾ ਮੈ ਕਬਹੂੰ ਸੁਚਿਤ ਹ੍ਵੈ ਜਾਗੋ ॥੧॥ ਰਹਾਉ ॥

ਮੋਹ ਦੀ ਨੀਂਦ ਵਿਚ ਕਿਸ ਲਈ ਸੌਂ ਰਹੇ ਹੋ? ਕਦੇ ਤਾਂ ਸੁਚੇਤ ਹੋ ਕੇ ਜਾਗੋ ॥੧॥ ਰਹਾਉ।