ਸ਼੍ਰੀ ਦਸਮ ਗ੍ਰੰਥ

ਅੰਗ - 47


ਬ੍ਰਹਮ ਜਪਿਓ ਅਰੁ ਸੰਭੁ ਥਪਿਓ ਤਹਿ ਤੇ ਤੁਹਿ ਕੋ ਕਿਨਹੂੰ ਨ ਬਚਾਯੋ ॥

(ਤੂੰ) ਬ੍ਰਹਮਾ ਨੂੰ ਜਪਿਆ ਹੈ, ਅਤੇ ਸ਼ਿਵ ਦੀ ਆਰਾਧਨਾ ਕੀਤੀ ਹੈ ਤਾਂ ਵੀ ਤੈਨੂੰ ਕਿਸੇ ਨੇ ਵੀ ਨਹੀਂ ਬਚਾਇਆ।

ਕੋਟਿ ਕਰੀ ਤਪਸਾ ਦਿਨ ਕੋਟਿਕ ਕਾਹੂ ਨ ਕੌਡੀ ਕੋ ਕਾਮ ਕਢਾਯੋ ॥

(ਤੂੰ) ਕਰੋੜਾਂ (ਇਸ਼ਟ-ਦੇਵਾਂ ਦੀ) ਕਰੋੜਾਂ ਦਿਨ ਤਪਸਿਆ ਕੀਤੀ, ਪਰ ਕਿਸ ਨੇ ਵੀ (ਤੇਰਾ) ਕੌਡੀ ਦਾ ਕੰਮ ਵੀ ਨਹੀਂ ਕਢਾਇਆ।

ਕਾਮ ਕਾ ਮੰਤ੍ਰ ਕਸੀਰੇ ਕੇ ਕਾਮ ਨ ਕਾਲ ਕੋ ਘਾਉ ਕਿਨਹੂੰ ਨ ਬਚਾਯੋ ॥੯੭॥

ਕਾਮਨਾ-ਭਰਿਆ ਮੰਤ੍ਰ ਦੰਮੜੀ ਦੇ ਮੁੱਲ ਦਾ ਨਹੀਂ, (ਕਿਉਂਕਿ) ਕਿਸੇ ਨੇ ਵੀ ਕਾਲ ਦੀ ਚੋਟ ਤੋਂ ਬਚਾਉਣਾ ਨਹੀਂ ਹੈ ॥੯੭॥

ਕਾਹੇ ਕੋ ਕੂਰ ਕਰੇ ਤਪਸਾ ਇਨ ਕੀ ਕੋਊ ਕੌਡੀ ਕੇ ਕਾਮ ਨ ਐਹੈ ॥

ਇਨ੍ਹਾਂ ਦੀ ਕੂੜੀ ਤਪਸਿਆ ਕਿਸ ਲਈ ਕਰਦਾ ਹੈਂ; (ਇਨ੍ਹਾਂ ਵਿਚੋਂ) ਕੋਈ ਕੌਡੀ ਦੇ ਕੰਮ ਵੀ ਨਹੀਂ ਆਉਣ ਵਾਲਾ।

ਤੋਹਿ ਬਚਾਇ ਸਕੈ ਕਹੁ ਕੈਸੇ ਕੈ ਆਪਨ ਘਾਵ ਬਚਾਇ ਨ ਐਹੈ ॥

(ਉਹ) ਤੈਨੂੰ ਭਲਾ ਕਿਵੇਂ ਬਚਾ ਸਕੇਗਾ, ਜੋ ਆਪਣੇ ਆਪ ਨੂੰ (ਕਾਲ ਦੀ) ਚੋਟ ਤੋਂ ਨਹੀਂ ਬਚਾ ਸਕਦਾ।

ਕੋਪ ਕਰਾਲ ਕੀ ਪਾਵਕ ਕੁੰਡ ਮੈ ਆਪਿ ਟੰਗਿਓ ਤਿਮ ਤੋਹਿ ਟੰਗੈ ਹੈ ॥

ਗੁੱਸੇ ਨਾਲ ਭਿਆਨਕ ਹੋਏ (ਕਾਲ ਦੇ) ਅਗਨੀ-ਕੁੰਡ ਵਿਚ (ਇਹ ਸਾਰੇ) ਆਪ ਟੰਗੇ ਹੋਏ ਹਨ, ਤੈਨੂੰ ਵੀ ਉਸੇ ਤਰ੍ਹਾਂ ਟੰਗਵਾ ਦੇਣਗੇ।

ਚੇਤ ਰੇ ਚੇਤ ਅਜੋ ਜੀਅ ਮੈ ਜੜ ਕਾਲ ਕ੍ਰਿਪਾ ਬਿਨੁ ਕਾਮ ਨ ਐਹੈ ॥੯੮॥

ਹੇ ਮੂਰਖ! ਹੋਸ਼ ਕਰ ਅਤੇ ਹੁਣ ਵੀ ਦਿਲ ਵਿਚ ਸਮਝ ਲੈ ਕਿ ਕਾਲ ਦੀ ਕ੍ਰਿਪਾ ਤੋਂ ਬਿਨਾ (ਹੋਰ ਕੋਈ ਉਪਾ ਵੀ) ਕੰਮ ਆਉਣ ਵਾਲਾ ਨਹੀਂ ਹੈ ॥੯੮॥

ਤਾਹਿ ਪਛਾਨਤ ਹੈ ਨ ਮਹਾ ਪਸੁ ਜਾ ਕੋ ਪ੍ਰਤਾਪੁ ਤਿਹੰ ਪੁਰ ਮਾਹੀ ॥

ਹੇ ਮਹਾ ਪਸ਼ੂ! ਉਸ ਨੂੰ (ਤੂੰ) ਨਹੀਂ ਪਛਾਣਦਾ ਜਿਸ ਦਾ ਪ੍ਰਤਾਪ ਤਿੰਨਾਂ ਲੋਕਾਂ ਵਿਚ ਵਿਆਪਤ ਹੈ।

ਪੂਜਤ ਹੈ ਪਰਮੇਸਰ ਕੈ ਜਿਹ ਕੈ ਪਰਸੈ ਪਰਲੋਕ ਪਰਾਹੀ ॥

(ਤੂੰ ਉਨ੍ਹਾਂ ਨੂੰ) ਪਰਮੇਸ਼ਵਰ ਕਰ ਕੇ ਪੂਜਦਾ ਹੈਂ, ਜਿਨ੍ਹਾਂ ਨੂੰ ਛੋਹਣ ਨਾਲ (ਭਾਵ ਪੂਜਣ ਨਾਲ) ਪਰਲੋਕ ਤੋਂ ਹੋਰ ਵੀ ਦੂਰ ਹੋ ਜਾਵੇਂਗਾ।

ਪਾਪ ਕਰੋ ਪਰਮਾਰਥ ਕੈ ਜਿਹ ਪਾਪਨ ਤੇ ਅਤਿ ਪਾਪ ਲਜਾਈ ॥

(ਤੂੰ) ਪਰਮਾਰਥ ਸਮਝ ਕੇ ਜੋ ਪਾਪ ਕਰਦਾ ਹੈਂ, ਉਨ੍ਹਾਂ (ਘੋਰ) ਪਾਪਾਂ ਨੂੰ ਵੇਖ ਕੇ ਅਤਿ ਰੂਪ ਵਾਲੇ ਪਾਪ ਵੀ ਲੱਜਾ ਜਾਂਦੇ ਹਨ।

ਪਾਇ ਪਰੋ ਪਰਮੇਸਰ ਕੇ ਜੜ ਪਾਹਨ ਮੈ ਪਰਮੇਸਰ ਨਾਹੀ ॥੯੯॥

ਹੇ ਮੂਰਖ! (ਤੂੰ) ਪਰਮੇਸ਼ਵਰ ਦੇ ਪੈਰੀਂ ਪੈ, (ਇਨ੍ਹਾਂ ਪੱਥਰਾਂ ਦੇ ਪੈਰੀਂ ਨਾ ਪੈ ਕਿਉਂਕਿ) ਪੱਥਰਾਂ ਵਿਚ ਪਰਮੇਸ਼ਵਰ ਨਹੀਂ ਹੈ ॥੯੯॥

ਮੋਨ ਭਜੇ ਨਹੀ ਮਾਨ ਤਜੇ ਨਹੀ ਭੇਖ ਸਜੇ ਨਹੀ ਮੂੰਡ ਮੁੰਡਾਏ ॥

(ਉਸ ਨੂੰ) ਮੌਨ ਰੂਪ ਵਿਚ ਭਜਣ ਨਾਲ, ਮਾਣ (ਹੰਕਾਰ) ਛੱਡਣ ਨਾਲ, ਭੇਖ ਧਾਰਨ ਕਰਨ ਨਾਲ ਅਤੇ ਸਿਰ ਮੂੰਹ ਮੁਨਾਉਣ ਨਾਲ (ਪ੍ਰਾਪਤ) ਨਹੀਂ ਕੀਤਾ ਜਾ ਸਕਦਾ।

ਕੰਠਿ ਨ ਕੰਠੀ ਕਠੋਰ ਧਰੈ ਨਹੀ ਸੀਸ ਜਟਾਨ ਕੇ ਜੂਟ ਸੁਹਾਏ ॥

ਗਲ ਵਿਚ ਕੰਠੀ ਧਾਰਨ ਕਰਨ ਨਾਲ, ਕਠੋਰ ਤਪਸਿਆ ਕਰਨ ਨਾਲ ਅਤੇ ਸਿਰ ਉਤੇ ਜਟਾਵਾਂ ਦਾ ਜੂੜਾ ਬਣਾਉਣ ਨਾਲ (ਉਸ ਨੂੰ) ਨਹੀਂ (ਮਿਲਿਆ ਜਾ ਸਕਦਾ)।

ਸਾਚੁ ਕਹੋ ਸੁਨਿ ਲੈ ਚਿਤੁ ਦੈ ਬਿਨੁ ਦੀਨ ਦਿਆਲ ਕੀ ਸਾਮ ਸਿਧਾਏ ॥

ਸੱਚ ਕਹਿੰਦਾ ਹਾਂ, ਚਿਤ ਦੇ ਕੇ ਸੁਣ ਲਵੋ ਕਿ ਬਿਨਾ ਦੀਨ-ਦਿਆਲ ਦੀ ਸ਼ਰਨ ਗਏ (ਕਿਸੇ ਹੋਰ ਉਪਾ ਰਾਹੀਂ ਗਤਿ ਨਹੀਂ ਹੁੰਦੀ)।

ਪ੍ਰੀਤਿ ਕਰੇ ਪ੍ਰਭੁ ਪਾਯਤ ਹੈ ਕਿਰਪਾਲ ਨ ਭੀਜਤ ਲਾਡ ਕਟਾਏ ॥੧੦੦॥

ਪ੍ਰੀਤ ਕਰਨ ਨਾਲ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ। ਸੁੰਨਤ ਆਦਿ ਕਰਾਉਣ ਨਾਲ ਪਰਮਾਤਮਾ ਪ੍ਰਸੰਨ ਨਹੀਂ ਹੁੰਦਾ ॥੧੦੦॥

ਕਾਗਦ ਦੀਪ ਸਭੈ ਕਰਿ ਕੈ ਅਰ ਸਾਤ ਸਮੁੰਦ੍ਰਨ ਕੀ ਮਸੁ ਕੈਹੋ ॥

ਸਾਰੇ ਦੀਪਾਂ ਨੂੰ ਕਾਗਜ਼ ਬਣਾ ਕੇ ਅਤੇ ਸੱਤਾਂ ਸਮੁੰਦਰਾਂ ਦੀ ਸਿਆਹੀ ਬਣਾ ਲਈਏ,

ਕਾਟਿ ਬਨਾਸਪਤੀ ਸਿਗਰੀ ਲਿਖਬੇ ਹੂੰ ਕੇ ਲੇਖਨ ਕਾਜਿ ਬਨੈਹੋ ॥

ਸਾਰੀ ਬਨਸਪਤੀ ਨੂੰ ਕਟ ਕੇ ਲਿਖਣ ਲਈ ਲੇਖਣ ਸਾਮਗ੍ਰੀ (ਕਲਮਾਂ) ਬਣਾ ਲਈਏ;

ਸਾਰਸੁਤੀ ਬਕਤਾ ਕਰਿ ਕੈ ਜੁਗ ਕੋਟਿ ਗਨੇਸ ਕੈ ਹਾਥਿ ਲਿਖੈਹੋ ॥

ਸਰਸਵਤੀ ਦੇਵੀ ਖੁਦ ਬੋਲਣ ਵਾਲੀ ਹੋਵੇ ਅਤੇ ਕਰੋੜਾਂ ਯੁਗਾਂ ਤਕ ਗਣੇਸ਼ ਦੇ ਹੱਥੀਂ (ਉਪਮਾ) ਲਿਖਵਾਈ ਜਾਏ

ਕਾਲ ਕ੍ਰਿਪਾਨ ਬਿਨਾ ਬਿਨਤੀ ਨ ਤਊ ਤੁਮ ਕੋ ਪ੍ਰਭ ਨੈਕੁ ਰਿਝੈਹੋ ॥੧੦੧॥

(ਪਰ) ਕਾਲ ਦੀ ਕ੍ਰਿਪਾ ਤੋਂ ਬਿਨਾ, ਹੇ ਪ੍ਰਭੂ! ਕੋਈ ਵੀ ਬੇਨਤੀ ਤੈਨੂੰ ਥੋੜਾ ਜਿੰਨਾ ਵੀ ਰਿਝਾ ਨਹੀਂ ਸਕਦੀ ॥੧੦੧॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਸ੍ਰੀ ਕਾਲ ਜੀ ਕੀ ਉਸਤਤਿ ਪ੍ਰਿਥਮ ਧਿਆਇ ਸੰਪੂਰਨੰ ਸਤੁ ਸੁਭਮ ਸਤੁ ॥੧॥੧੦੧॥

ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਸ੍ਰੀ ਕਾਲ ਜੀ ਕੀ ਉਸਤਤਿ ਨਾਂ ਵਾਲਾ ਪਹਿਲਾ ਅਧਿਆਇ ਸੰਪੂਰਨ ਹੁੰਦਾ ਹੈ ਸਭ ਸ਼ੁਭ ਹੈ ॥੧॥੧੦੧॥

ਕਵਿ ਬੰਸ ਵਰਣਨ ॥

ਕਵੀ-ਬੰਸ ਦਾ ਵਰਣਨ:

ਚੌਪਈ ॥

ਚੌਪਈ:

ਤੁਮਰੀ ਮਹਿਮਾ ਅਪਰ ਅਪਾਰਾ ॥

(ਹੇ ਪ੍ਰਭੂ!) ਤੇਰੀ ਮਹਿਮਾ ਅਪਰ ਅਪਾਰ ਹੈ

ਜਾ ਕਾ ਲਹਿਓ ਨ ਕਿਨਹੂੰ ਪਾਰਾ ॥

ਜਿਸ ਦਾ ਕੋਈ ਪਾਰ ਨਹੀਂ ਪਾ ਸਕਦਾ।

ਦੇਵ ਦੇਵ ਰਾਜਨ ਕੇ ਰਾਜਾ ॥

(ਤੂੰ) ਦੇਵਤਿਆਂ ਦਾ ਦੇਵਤਾ ਅਤੇ ਰਾਜਿਆਂ ਦਾ ਰਾਜਾ ਹੈਂ।

ਦੀਨ ਦਿਆਲ ਗਰੀਬ ਨਿਵਾਜਾ ॥੧॥

(ਤੂੰ) ਦੀਨਾਂ (ਵਿਚਾਰਿਆਂ) ਉਤੇ ਦਇਆ ਕਰਨ ਵਾਲਾ ਅਤੇ ਗ਼ਰੀਬਾਂ ਨੂੰ ਵਡਿਆਉਣ ਵਾਲਾ ਹੈਂ ॥੧॥

ਦੋਹਰਾ ॥

ਦੋਹਰਾ:

ਮੂਕ ਊਚਰੈ ਸਾਸਤ੍ਰ ਖਟਿ ਪਿੰਗ ਗਿਰਨ ਚੜਿ ਜਾਇ ॥

ਤਾਂ ਗੁੰਗਾ ਛੇ ਸ਼ਾਸਤ੍ਰ ਉੱਚਾਰਨ ਲਗ ਜਾਂਦਾ ਹੈ, ਪਿੰਗਲਾ ਪਰਬਤਾਂ ਉਤੇ ਚੜ੍ਹ ਜਾਂਦਾ ਹੈ-

ਅੰਧ ਲਖੈ ਬਧਰੋ ਸੁਨੈ ਜੋ ਕਾਲ ਕ੍ਰਿਪਾ ਕਰਾਇ ॥੨॥

ਜੇ ਕਾਲ ਦੀ ਕ੍ਰਿਪਾ ਹੋਵੇ, ਅੰਨ੍ਹਾ ਵੇਖਣ ਲਗ ਪੈਂਦਾ ਹੈ ਅਤੇ ਬੋਲਾ ਸੁਣਨ ਦੇ ਸਮਰਥ ਹੋ ਜਾਂਦਾ ਹੈ ॥੨॥

ਚੌਪਈ ॥

ਚੌਪਈ:

ਕਹਾ ਬੁਧਿ ਪ੍ਰਭ ਤੁਛ ਹਮਾਰੀ ॥

ਹੇ ਪ੍ਰਭੂ! ਮੇਰੀ ਤੁਛ ਬੁੱਧੀ ਵਿਚ ਕਿਥੋਂ

ਬਰਨਿ ਸਕੈ ਮਹਿਮਾ ਜੁ ਤਿਹਾਰੀ ॥

(ਇਤਨੀ ਸ਼ਕਤੀ ਹੈ ਕਿ) ਤੇਰੀ ਮਹਿਮਾ ਦਾ ਕਥਨ ਕਰ ਸਕੇ।

ਹਮ ਨ ਸਕਤ ਕਰਿ ਸਿਫਤ ਤੁਮਾਰੀ ॥

ਮੈਂ ਤੇਰੀ ਸਿਫ਼ਤ ਨਹੀਂ ਕਰ ਸਕਦਾ।

ਆਪ ਲੇਹੁ ਤੁਮ ਕਥਾ ਸੁਧਾਰੀ ॥੩॥

ਤੁਸੀਂ ਆਪ ਹੀ (ਮੇਰੇ ਲਿਖੇ ਇਸ) ਬ੍ਰਿੱਤਾਂਤ ਨੂੰ ਸੁਧਾਰ ਲਵੋ ॥੩॥

ਕਹਾ ਲਗੈ ਇਹੁ ਕੀਟ ਬਖਾਨੈ ॥

ਇਹ ਕੀਟ (ਤੇਰੀ ਮਹਿਮਾ ਦਾ) ਕਿਥੋਂ ਤਕ ਬਖਾਨ ਕਰੇ।

ਮਹਿਮਾ ਤੋਰਿ ਤੁਹੀ ਪ੍ਰਭ ਜਾਨੈ ॥

ਹੇ ਪ੍ਰਭੂ! ਤੇਰੀ ਮਹਿਮਾ ਤੂੰ ਹੀ ਜਾਣਦਾ ਹੈਂ।

ਪਿਤਾ ਜਨਮ ਜਿਮ ਪੂਤ ਨ ਪਾਵੈ ॥

ਜਿਵੇਂ ਪਿਤਾ ਦੇ ਜਨਮ ਦਾ ਭੇਦ ਪੁੱਤਰ ਨਹੀਂ ਪਾ ਸਕਦਾ,

ਕਹਾ ਤਵਨ ਕਾ ਭੇਦ ਬਤਾਵੈ ॥੪॥

(ਉਸੇ ਤਰ੍ਹਾਂ) ਤੇਰਾ ਭੇਦ (ਮੈਂ) ਕਿਵੇਂ ਦਸ ਸਕਦਾ ਹਾਂ ॥੪॥

ਤੁਮਰੀ ਪ੍ਰਭਾ ਤੁਮੈ ਬਨਿ ਆਈ ॥

ਤੇਰੀ ਪ੍ਰਭਾ ਦਾ ਬਖਾਨ ਤੂੰ ਆਪ ਹੀ ਕਰ ਸਕਦਾ ਹੈਂ,

ਅਉਰਨ ਤੇ ਨਹੀ ਜਾਤ ਬਤਾਈ ॥

ਹੋਰਨਾਂ ਤੋਂ (ਉਸ ਦਾ) ਵਰਣਨ ਨਹੀਂ ਕੀਤਾ ਜਾ ਸਕਦਾ।

ਤੁਮਰੀ ਕ੍ਰਿਆ ਤੁਮ ਹੀ ਪ੍ਰਭ ਜਾਨੋ ॥

ਹੇ ਪ੍ਰਭੂ! ਤੂੰ ਹੀ ਆਪਣੀ ਕ੍ਰਿਆ (ਗਤਿਵਿਧੀ) ਨੂੰ ਜਾਣਦਾ ਹੈਂ।

ਊਚ ਨੀਚ ਕਸ ਸਕਤ ਬਖਾਨੋ ॥੫॥

(ਮੈਂ ਉਸ ਦਾ) ਵਧ ਘਟ ਕਿਵੇਂ ਬਖਾਨ ਕਰ ਸਕਦਾ ਹਾਂ ॥੫॥

ਸੇਸ ਨਾਗ ਸਿਰ ਸਹਸ ਬਨਾਈ ॥

(ਤੂੰ) ਸ਼ੇਸ਼ਨਾਗ ਦੇ ਹਜ਼ਾਰ ਸਿਰ ਬਣਾਏ ਹਨ,

ਦ੍ਵੈ ਸਹੰਸ ਰਸਨਾਹ ਸੁਹਾਈ ॥

(ਉਸ ਦੀਆਂ) ਦੋ ਹਜ਼ਾਰ ਜੀਭਾਂ ਸੋਭ ਰਹੀਆਂ ਹਨ।

ਰਟਤ ਅਬ ਲਗੇ ਨਾਮ ਅਪਾਰਾ ॥

(ਉਹ) ਹੁਣ ਤਕ (ਤੇਰੇ) ਅਪਾਰ ਨਾਂਵਾਂ ਨੂੰ ਰਟ ਰਿਹਾ ਹੈ,

ਤੁਮਰੋ ਤਊ ਨ ਪਾਵਤ ਪਾਰਾ ॥੬॥

ਫਿਰ ਵੀ (ਉਹ) ਤੇਰੇ ਨਾਂਵਾਂ ਦਾ ਅੰਤ ਨਹੀਂ ਪਾ ਸਕਿਆ ਹੈ ॥੬॥

ਤੁਮਰੀ ਕ੍ਰਿਆ ਕਹਾ ਕੋਊ ਕਹੈ ॥

ਤੇਰੀ ਕ੍ਰਿਆ ਦਾ ਕੋਈ ਕਿਥੋਂ ਤਕ ਵਰਣਨ ਕਰੇ।

ਸਮਝਤ ਬਾਤ ਉਰਝਿ ਮਤਿ ਰਹੈ ॥

(ਤੇਰੀ) ਗੱਲ ਸਮਝਣ ਨਾਲ ਹੀ ਬੁੱਧੀ ਚਕਰਾ ਜਾਂਦੀ ਹੈ।

ਸੂਛਮ ਰੂਪ ਨ ਬਰਨਾ ਜਾਈ ॥

(ਤੇਰੇ) ਸੂਖਮ ਰੂਪ ਦਾ ਵਰਣਨ ਨਹੀਂ ਕੀਤਾ ਜਾ ਸਕਦਾ,

ਬਿਰਧੁ ਸਰੂਪਹਿ ਕਹੋ ਬਨਾਈ ॥੭॥

(ਫਿਰ ਵੀ ਹਠ ਕਰਕੇ ਤੇਰੇ) ਵਿਰਾਟ ਰੂਪ ਦਾ ਕਥਨ ਕਰਦਾ ਹਾਂ ॥੭॥

ਤੁਮਰੀ ਪ੍ਰੇਮ ਭਗਤਿ ਜਬ ਗਹਿਹੋ ॥

ਜਦੋਂ ਤੇਰੀ ਪ੍ਰੇਮ ਭਗਤੀ ਪ੍ਰਾਪਤ ਹੋਵੇਗੀ,

ਛੋਰਿ ਕਥਾ ਸਭ ਹੀ ਤਬ ਕਹਿ ਹੋ ॥

ਤਦੋਂ ਹੀ ਸਾਰੀ ਕਥਾ ਮੁਢੋਂ ਕਹਾਂਗਾ।

ਅਬ ਮੈ ਕਹੋ ਸੁ ਅਪਨੀ ਕਥਾ ॥

ਹੁਣ ਮੈਂ (ਕੇਵਲ) ਆਪਣੀ ਕਥਾ ਕਹਿੰਦਾ ਹਾਂ

ਸੋਢੀ ਬੰਸ ਉਪਜਿਆ ਜਥਾ ॥੮॥

ਜਿਸ ਤਰ੍ਹਾਂ ਕਿ ਸੋਢੀ ਬੰਸ (ਸੰਸਾਰ ਵਿਚ) ਪੈਦਾ ਹੋਇਆ ਹੈ ॥੮॥

ਦੋਹਰਾ ॥

ਦੋਹਰਾ:

ਪ੍ਰਥਮ ਕਥਾ ਸੰਛੇਪ ਤੇ ਕਹੋ ਸੁ ਹਿਤ ਚਿਤੁ ਲਾਇ ॥

ਪਹਿਲਾਂ (ਮੈਂ) ਹਿਤ-ਚਿਤ ਲਗਾ ਕੇ ਸੰਖੇਪ ਵਿਚ ਕਥਾ ਕਹਿੰਦਾ ਹਾਂ।

ਬਹੁਰਿ ਬਡੋ ਬਿਸਥਾਰ ਕੈ ਕਹਿਹੌ ਸਭੈ ਸੁਨਾਇ ॥੯॥

ਫਿਰ ਵੱਡੇ ਵਿਸਤਾਰ ਨਾਲ ਸਭ ਨੂੰ ਸੁਣਾਵਾਂਗਾ ॥੯॥

ਚੌਪਈ ॥

ਚੌਪਈ:

ਪ੍ਰਿਥਮ ਕਾਲ ਜਬ ਕਰਾ ਪਸਾਰਾ ॥

ਜਦੋਂ ਕਾਲ ਨੇ ਸਭ ਤੋਂ ਪਹਿਲਾਂ ਪ੍ਰਸਾਰ ਕੀਤਾ,

ਓਅੰਕਾਰ ਤੇ ਸ੍ਰਿਸਟਿ ਉਪਾਰਾ ॥

ਤਦੋਂ ਓਅੰਕਾਰ ਤੋਂ ਸ੍ਰਿਸ਼ਟੀ ਨੂੰ ਪੈਦਾ ਕੀਤਾ।

ਕਾਲਸੈਨ ਪ੍ਰਥਮੈ ਭਇਓ ਭੂਪਾ ॥

ਕਾਲ ਸੈਣ (ਨਾਂ ਦਾ) ਪਹਿਲਾ ਰਾਜਾ ਹੋਇਆ

ਅਧਿਕ ਅਤੁਲ ਬਲਿ ਰੂਪ ਅਨੂਪਾ ॥੧੦॥

ਜੋ ਅਧਿਕ ਬਲ ਵਾਲਾ, ਅਤੁੱਲ ਰੂਪ ਵਾਲਾ ਅਤੇ ਅਨੂਪਮ ਸੀ ॥੧੦॥

ਕਾਲਕੇਤੁ ਦੂਸਰ ਭੂਅ ਭਇਓ ॥

ਕਾਲ ਕੇਤ (ਨਾਂ ਦਾ) ਦੂਜਾ ਰਾਜਾ ਹੋਇਆ,

ਕ੍ਰੂਰਬਰਸ ਤੀਸਰ ਜਗਿ ਠਯੋ ॥

ਜਗਤ ਵਿਚ ਤੀਜਾ (ਰਾਜਾ) ਕ੍ਰੂਰ-ਬਰਸ ਪੈਦਾ ਹੋਇਆ।

ਕਾਲਧੁਜ ਚਤੁਰਥ ਨ੍ਰਿਪ ਸੋਹੈ ॥

ਕਾਲ ਧੁਜ ਚੌਥਾ ਰਾਜਾ ਸੁਸ਼ੋਭਿਤ ਹੋਇਆ

ਜਿਹ ਤੇ ਭਯੋ ਜਗਤ ਸਭ ਕੋ ਹੈ ॥੧੧॥

ਜਿਸ ਤੋਂ ਜਗਤ ਦਾ ਸਭ ਕੁਝ ਹੋਂਦ ਵਿਚ ਆਇਆ ॥੧੧॥

ਸਹਸਰਾਛ ਜਾ ਕੋ ਸੁਭ ਸੋਹੈ ॥

ਜਿਸ ਦੇ (ਸ਼ਰੀਰ ਉਤੇ) ਹਜ਼ਾਰ ਅੱਖਾਂ ਸ਼ੋਭਾ ਦਿੰਦੀਆਂ ਹਨ,

ਸਹਸ ਪਾਦ ਜਾ ਕੇ ਤਨਿ ਮੋਹੈ ॥

ਜਿਸ ਦੇ ਸ਼ਰੀਰ ਉਤੇ ਹਜ਼ਾਰ ਪੈਰ ਮੌਜੂਦ ਹਨ,

ਸੇਖ ਨਾਗ ਪਰ ਸੋਇਬੋ ਕਰੈ ॥

(ਜੋ) ਸ਼ੇਸ਼ਨਾਗ (ਦੀ ਸੇਜਾ) ਉਤੇ ਸੌਂਦਾ ਹੈ,

ਜਗ ਤਿਹ ਸੇਖਸਾਇ ਉਚਰੈ ॥੧੨॥

ਉਸਨੂੰ ਜਗਤ 'ਸੇਖ ਸਾਇ' (ਸ਼ੇਸ਼ਸ਼ਈ) ਕਹਿੰਦਾ ਹੈ ॥੧੨॥

ਏਕ ਸ੍ਰਵਣ ਤੇ ਮੈਲ ਨਿਕਾਰਾ ॥

(ਉਸ ਨੇ) ਇਕ ਕੰਨ ਤੋਂ ਮੈਲ ਕੱਢੀ,

ਤਾ ਤੇ ਮਧੁ ਕੀਟਭ ਤਨ ਧਾਰਾ ॥

ਉਸ ਤੋਂ ਮਧੁ ਅਤੇ ਕੈਟਭ ਨੇ ਸ਼ਰੀਰ ਧਾਰਨ ਕੀਤੇ।


Flag Counter