ਉਥੇ ਯਕਸ਼ਾਂ ਅਤੇ ਕਿੰਨਰਾਂ ਦੀਆਂ ਇਸਤਰੀਆਂ ਸੁਸ਼ੋਭਿਤ ਸਨ।
ਸੱਪਾਂ ਅਤੇ ਗੰਧਰਬਾਂ ਦੀਆਂ ਇਸਤਰੀਆਂ ਗੀਤ ਗਾ ਰਹੀਆਂ ਸਨ ॥੩੩॥
ਦੋਹਰਾ:
ਇਸ ਤਰ੍ਹਾਂ ਉਥੇ (ਉਨ੍ਹਾਂ) ਸੱਤ ਕੁਮਾਰੀਆਂ ਨੇ ਰਾਜੇ ਨੂੰ ਛਲ ਲਿਆ।
ਇਹ ਪ੍ਰਸੰਗ ਪੂਰਾ ਹੋ ਗਿਆ, ਹੁਣ ਹੋਰ ਕਥਾ ਚਲੀ ॥੩੪॥
ਉਨ੍ਹਾਂ ਸੁੰਦਰੀਆਂ ਨੇ ਰਾਜੇ ਨਾਲ ਭਾਂਤ ਭਾਂਤ ਦਾ ਭੋਗ ਕੀਤਾ
ਅਤੇ ਕੋਕ ਸ਼ਾਸਤ੍ਰ (ਦੀਆਂ ਵਿਧੀਆਂ ਨੂੰ) ਵਿਚਾਰ ਵਿਚਾਰ ਕੇ ਕਈ ਪ੍ਰਕਾਰ ਦੀਆਂ ਰਤੀ-ਕ੍ਰੀੜਾਵਾਂ ਕੀਤੀਆਂ ॥੩੫॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੫੬ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੫੬॥੪੮੨੭॥ ਚਲਦਾ॥
ਚੌਪਈ:
ਜਿਥੇ ਪੁਹਪਵਤੀ ਨਗਰ ਸ਼ੋਭਦਾ ਸੀ
(ਉਥੇ) ਨੀਲ ਕੇਤੁ ਨਾਂ ਦਾ ਇਕ ਵੱਡਾ ਰਾਜਾ ਸੀ।
ਬਚਿਤ੍ਰ ਮੰਜਰੀ ਉਸ ਦੀ ਇਸਤਰੀ ਸੀ।
(ਮਾਨੋ) ਕਾਮ ਦੇਵ ਦੀ ਪਤਨੀ ਰਤੀ ਦਾ ਹੀ ਅਵਤਾਰ ਹੋਵੇ ॥੧॥
ਉਸ ਦੀ ਪੁੱਤਰੀ ਦਾ ਨਾਂ ਅਲਿਗੁੰਜ ਮਤੀ ਸੀ
ਜਿਸ ਨੇ ਚੰਦ੍ਰਮਾ ਦੇ ਕਿਰਨ-ਜਾਲ ਦੀ ਛਬੀ ਨੂੰ ਜਿਤਿਆ ਹੋਇਆ ਸੀ।
ਉਸ ਦੇ ਅਪਾਰ ਤੇਜ ਦਾ ਕਥਨ ਨਹੀਂ ਕੀਤਾ ਜਾ ਸਕਦਾ।
(ਇੰਜ ਪ੍ਰਤੀਤ ਹੁੰਦਾ ਸੀ ਮਾਨੋ) ਜਗਦੀਸ਼ ਨੇ ਖ਼ੁਦ ਬਣਾਇਆ ਹੋਵੇ ॥੨॥
ਕੁੰਵਰ ਤਿਲਕ ਮਨਿ ਨਾਂ ਦਾ ਇਕ ਰਾਜਾ ਸੀ।
ਰਾਜ-ਪਾਟ ਉਸੇ ਨੂੰ ਫਬਦਾ ਸੀ।
(ਉਸ ਦੀ) ਅਨੂਪਮ ਸੁੰਦਰਤਾ ਦਾ ਵਰਣਨ ਨਹੀਂ ਕੀਤਾ ਜਾ ਸਕਦਾ।
(ਉਸ ਦੀ) ਛਬੀ ਨੂੰ ਵੇਖ ਕੇ ਸੂਰਜ ਵੀ ਉਲਝ ਜਾਂਦਾ ਸੀ ॥੩॥
ਬਿਜੈ ਛੰਦ:
ਅਲਿਗੁੰਜ ਮਤੀ (ਆਪਣੀਆਂ) ਸਖੀਆਂ ਦੀ ਟੋਲੀ ਨਾਲ (ਬੇਲ ਬੂਟੀਆਂ ਨਾਲ ਸੱਜੀ ਹੋਈ) ਇਕ 'ਕੁੰਜ' (ਭਾਵ ਬਾਗ਼ੀਚੇ) ਵਿਚ ਵਿਚਰਨ ਲਈ ਆਈ।
(ਉਥੇ) ਰਾਜੇ ਦਾ ਅਲੌਕਿਕ ਰੂਪ ਵੇਖ ਕੇ (ਮਨ ਦੇ) ਦੁਖ ਨੂੰ ਦੂਰ ਕਰਦੀ ਹੋਈ ਮੋਹਿਤ ਹੋ ਗਈ।
ਉਸ ਦੀ ਸੁੰਦਰਤਾ ਨੂੰ ਵੇਖ ਕੇ ਮਨ ਵਿਚ ਸ਼ਰਮਾਈ, ਪਰ ਫਿਰ ਵੀ ਢੀਠ ਬਣ ਕੇ (ਉਸ ਨਾਲ) ਅੱਖਾਂ ਲੜਾਂਦੀ ਰਹੀ।
(ਉਹ) ਘਰ ਚਲੀ ਗਈ, ਪਰ ਮਨ ਉਥੇ ਹੀ ਰਿਹਾ, ਮਾਨੋ ਹਾਰੇ ਹੋਏ ਜੁਆਰੀਏ ਵਾਂਗ (ਮਨ ਰੂਪ ਧਨ ਉਥੇ ਹੀ ਰਹਿ ਗਿਆ) ॥੪॥
(ਉਸ) ਸੁੰਦਰੀ ਨੇ ਘਰ ਜਾ ਕੇ ਅੱਖ ਦੇ ਇਸ਼ਾਰੇ ਨਾਲ ਇਕ ਸਖੀ ਨੂੰ ਕੋਲ ਬੁਲਾਇਆ।
(ਉਸ ਨੂੰ) ਬਹੁਤ ਸਾਰਾ ਧਨ ਕਢ ਕੇ ਦਿੱਤਾ ਅਤੇ ਅਨੇਕ ਤਰ੍ਹਾਂ ਨਾਲ ਉਸ ਨੂੰ ਸਮਝਾਇਆ।
(ਉਸ ਦੇ) ਪੈਰੀਂ ਪਈ, ਮਿੰਨਤਾਂ ਕੀਤੀਆਂ ਅਤੇ ਭੁਜਾਵਾਂ ਉਤੇ ਹੱਥ ਰਖੇ ਅਤੇ ਬਹੁਤ ਗਿੜਗਿੜਾਈ
ਕਿ ਮੈਨੂੰ ਮਿਤਰ ਮਿਲਾ ਦੇ, ਨਹੀਂ ਤਾਂ ਮੈਨੂੰ ਨਹੀਂ ਪਾਏਂਗੀ। ਜੋ (ਗੱਲ) ਮੇਰੇ ਮਨ ਵਿਚ ਸੀ, ਤੈਨੂੰ ਕਹਿ ਦਿੱਤੀ ਹੈ ॥੫॥
ਹੇ ਸਖੀ! ਮੈਂ ਜੋਗਣ ਹੋ ਕੇ ਬਨ ਵਿਚ ਵਿਚਰਾਂਗੀ ਅਤੇ ਗਹਿਣਿਆਂ ਨੂੰ ਉਤਾਰ ਕੇ ਵਿਭੂਤੀ (ਧੂਣੇ ਦੀ ਸੁਆਹ) ਮਲ ਲਵਾਂਗੀ।
ਸ਼ਰੀਰ ਉਤੇ ਭਗਵੇ ਕਪੜੇ ਸਜਾ ਲਵਾਂਗੀ ਅਤੇ ਹੱਥ ਵਿਚ ਗੜਵਾ ਫੜ ਲਵਾਂਗੀ।
ਅੱਖਾਂ ਦੀਆਂ ਪੁਤਲੀਆਂ ਦੇ ਪਾਤਰ (ਬਰਤਨ, ਖੱਪਰ) (ਬਣਾ ਲਵਾਂਗੀ) ਅਤੇ ਉਸ ਦੀ ਬਾਂਕੀ ਵੇਖਣੀ ਨੂੰ ਭਿਖਿਆ (ਵਜੋਂ ਗ੍ਰਹਿਣ ਕਰ ਕੇ) ਰਜ ਜਾਵਾਂਗੀ।
ਮੇਰੀ ਭਾਵੇਂ ਦੇਹ ਕਿਉਂ ਨਾ ਛੁਟ ਜਾਏ ਅਤੇ ਉਮਰ ਘਟ ਜਾਵੇ, ਪਰ ਅਜਿਹੀਆਂ ਘੜੀਆਂ ਵਿਚ ਵੀ (ਮੈਂ) ਜਾਣ ਨਹੀਂ ਦੇਵਾਂਗੀ ॥੬॥
ਇਕ ਤਾਂ ਕਰੋੜਾਂ ਮੋਰ ਬੋਲ ਰਹੇ ਹਨ ਅਤੇ ਦੂਜੇ ਕੋਇਲਾਂ ਅਤੇ ਕਾਂ ਕੂਕਾਂ ਮਾਰ ਰਹੇ ਹਨ।
ਡੱਡੂਆਂ (ਦੀ ਟਰਾਂ ਟਰਾਂ) ਹਿਰਦੇ ਨੂੰ ਸਾੜ ਰਹੀ ਹੈ। ਬਦਲਾਂ ਤੋਂ ਪਾਨੀ ਦੀ ਫੁਹਾਰ ਧਰਤੀ ਉਤੇ ਪੈ ਰਹੀ ਹੈ।
ਝੀਂਗਰ ਹਿਰਦੇ ਵਿਚ ਛੇਕ ਕਰਦੇ ਹਨ ਅਤੇ ਬਿਜਲੀ ਕ੍ਰਿਪਾਨ ਵਾਂਗ ਚਮਕਦੀ ਹੈ।
(ਮੇਰੇ) ਪ੍ਰਾਣ ਇਸ ਕਰ ਕੇ ਬਚੇ ਹਨ ਕਿ ਪ੍ਰਿਯ (ਦੇ ਆਣ) ਦੀ ਆਸ ਲਗੀ ਹੋਈ ਹੈ (ਪਰ ਪ੍ਰਿਯ) ਅਜ ਤਕ ਨਹੀਂ ਆਏ ॥੭॥
ਅੜਿਲ:
ਜਦ ਉਸ ਸੁਘੜ ਸਖੀ ਨੇ ਕੁਮਾਰੀ ਨੂੰ ਅਤਿ ਵਿਆਕੁਲ ਵੇਖਿਆ
ਤਾਂ ਕੰਨ ਨਾਲ ਲਗ ਕੇ ਹੱਸ ਕੇ ਗੱਲ ਕਹੀ
ਕਿ ਹੁਣੇ ਇਕ ਚਾਲਾਕ ਦੂਤੀ ਉਸ ਕੋਲ ਭੇਜੋ
ਅਤੇ ਕੁੰਵਰ ਤਿਲਕ ਮਨਿ ਨੂੰ ਭੇਦ (ਸਮਝਾ ਕੇ) ਮੰਗਵਾ ਲਵੋ ॥੮॥
ਅਜਿਹੀ ਮਨੋਹਰ ਗੱਲ ਸੁਣ ਕੇ (ਕੁਮਾਰੀ ਨੂੰ) ਚੰਗੀ ਲਗੀ
ਅਤੇ ਵਿਯੋਗ ਦੀ ਅੱਗ ਕੁਮਾਰੀ ਦੇ ਹਿਰਦੇ ਵਿਚ ਮਚ ਪਈ।
ਇਕ ਚਾਲਾਕ ਸਖੀ ਨੂੰ ਬੁਲਾ ਕੇ ਮਿਤਰ ਵਲ ਭੇਜਿਆ।
(ਅਤੇ ਕਹਿ ਭੇਜਿਆ) ਹੇ ਹਿਰਦੇ ਦੀ ਗੱਲ ਨੂੰ ਜਾਣਨ ਵਾਲੇ! ਮੇਰੇ ਪ੍ਰਾਣ ਰੂਪ ਪਿਆਰੇ ਧਨ ਨੂੰ ਰਖ ਲੈ (ਭਾਵ ਬਚਾ ਲੈ) ॥੯॥
ਦੋਹਰਾ: