ਉਹ ਸੁਆਮੀ ('ਪ੍ਰਭ') ਦੇ ਪ੍ਰੇਮ ਵਿਚ ਹੀ ਮਗਨ ਹੈ ॥੨੮੦॥
ਮੂਸਲਾਧਾਰ ਬਾਰਸ਼ ਹੋ ਰਹੀ ਹੈ,
(ਪਰ ਫਿਰ ਵੀ ਉਹ) ਘਰ ਦੇ ਦਰਵਾਜ਼ੇ ਦੀ ਓਟ ਨਹੀਂ ਲੈਂਦਾ।
ਸਾਰੀਆਂ ਦਿਸ਼ਾਵਾਂ ਦੇ ਪਸ਼ੂ ਅਤੇ ਪੰਛੀ
ਆਪਣੇ ਆਪਣੇ ਦੇਸਾਂ (ਭਾਵ ਠਿਕਾਣਿਆਂ) ਨੂੰ ਚਲੇ ਗਏ ਹਨ ॥੨੮੧॥
ਇਹ ਇਕ ਆਸ ਉਤੇ ਖੜੋਤਾ ਹੈ।
ਇਕ ਪੈਰ (ਉਤੇ) ਵਿਰਕਤ (ਭਾਵ ਨਾਲ ਖੜੋਤਾ ਹੈ)।
(ਉਸ ਨੇ) ਹੱਥ ਵਿਚ ਤਲਵਾਰ ਲਈ ਹੋਈ ਹੈ
(ਜੋ) ਬਹੁਤ ਸ਼ਕਤੀਸ਼ਾਲੀ ਅਤੇ ਨਾ ਟੁਟਣ ਵਾਲੀ ਹੈ ॥੨੮੨॥
ਮਨ ਵਿਚ ਕਿਸੇ ਹੋਰ ਦਾ ਭਾਵ ਨਹੀਂ ਹੈ,
ਬਸ ਇਕ ਦੇਵ (ਸੁਆਮੀ) ਦਾ ਹੀ ਚਿਤ ਵਿਚ ਚਾਉ ਹੈ।
ਇਕ ਪੈਰ ਉਤੇ ਇਸ ਤਰ੍ਹਾਂ ਖੜੋਤਾ ਹੈ,
ਮਾਨੋ ਰਣ-ਭੂਮੀ ਵਿਚ ਖੰਭਾ ਗਡਿਆ ਹੋਵੇ ॥੨੮੩॥
ਜਿਸ ਭੂਮੀ ਉਤੇ (ਉਸ ਨੇ) ਪੈਰ ਧਰਿਆ ਹੋਇਆ ਹੈ,
(ਉਸ ਥਾਂ ਤੋਂ) ਫਿਰ ਜ਼ਰਾ ਜਿੰਨਾ ਵੀ ਚੁਕਿਆ ਨਹੀਂ ਹੈ।
ਉਹ ਸਥਾਨ ਭਿਜ ਨਹੀਂ ਰਿਹਾ ਸੀ।
(ਉਸ ਨੂੰ) ਵੇਖ ਕੇ ਮੁਨੀ (ਦੱਤ) ਚੁਪ ਹੋ ਗਿਆ ॥੨੮੪॥
ਸ਼ਿਰੋਮਣੀ ਮੁਨੀ ਨੇ ਉਸ ਨੂੰ ਵੇਖਿਆ
ਜੋ ਨਿਸ਼-ਕਲੰਕ ਭਗਵੇ ਭੇਸ ਵਾਲਾ ਹੈ।
(ਉਸ ਸੇਵਕ ਨੂੰ) ਗੁਰੂ ਜਾਣ ਕੇ ਉਸ ਦੇ ਪੈਰੀਂ ਪੈ ਗਿਆ
ਅਤੇ ਚਾਉ ਨਾਲ ਲਾਜ ਅਤੇ ਸਾਜ ਸਭ ਨੂੰ ਛਡ ਦਿੱਤਾ ॥੨੮੫॥
ਉਸ ਨੂੰ ਗੁਰੂਦੇਵ ਜਾਣ ਕੇ ਕਲੰਕ ਰਹਿਤ
ਅਤੇ ਅਭੇਵ ਦੱਤ ਦਾ
ਚਿੱਤ ਉਸ ਦੇ ਰਸ ਵਿਚ ਭਿਜ ਗਿਆ
ਅਤੇ ਉਸ ਨੂੰ ਤੇਰ੍ਹਵਾਂ ਗੁਰੂ ਧਾਰਨ ਕੀਤਾ ॥੨੮੬॥
ਇਥੇ ਤੇਰ੍ਹਵਾਂ ਗੁਰੂ 'ਸੇਵਕ' ਦਾ ਪ੍ਰਸੰਗ ਸਮਾਪਤ ॥੧੩॥
ਹੁਣ ਚੌਦਵੇਂ ਗੁਰੂ ਦੇ ਨਾਮ ਦਾ ਕਥਨ
ਰਸਾਵਲ ਛੰਦ:
ਦੱਤ ਰਾਜਾ ਅਗੇ ਨੂੰ ਚਲਿਆ
(ਜਿਸ ਨੂੰ) ਵੇਖ ਕੇ ਪਾਪ ਭਜੀ ਜਾਂਦੇ ਹਨ।
ਜਿਸ ਨੇ ਜ਼ਰਾ ਜਿੰਨਾ ਵੀ (ਉਸ ਨੂੰ) ਵੇਖ ਲਿਆ,
ਉਸ ਨੇ (ਉਸ ਨੂੰ) ਗੁਰੂ ਦੇ ਸਮਾਨ ਜਾਣਿਆ ॥੨੮੭॥
(ਉਸ ਦੇ) ਮੁਖ ਉਤੇ ਮਹਾਨ ਜੋਤਿ ਬਿਰਾਜ ਰਹੀ ਸੀ
(ਜਿਸ ਨੂੰ) ਵੇਖ ਕੇ ਪਾਪ ਭਜ ਰਹੇ ਸਨ।
(ਉਸ ਦੇ ਮੂੰਹ ਉਤੇ) ਮਹਾਨ ਤੇਜ ਸ਼ੋਭ ਰਿਹਾ ਸੀ
(ਜਿਸ ਦੇ) ਸਮਾਨ ਸ਼ਿਵ ਵੀ ਕੌਣ ਹੈ ॥੨੮੮॥
ਜਿਸ ਨੇ ਥੋੜਾ ਜਿੰਨਾ ਵੀ ਵੇਖਿਆ,
(ਉਸ ਨੇ) ਮਾਨੋ ਕਾਮਦੇਵ ਨੂੰ ਹੀ ਵੇਖਿਆ ਹੋਵੇ।
ਉਸ ਨੂੰ ਸਹੀ ਰੂਪ ਵਿਚ ਬ੍ਰਹਮ ਜਾਣਿਆ ਹੈ
ਅਤੇ ਮਨ ਵਿਚ ਦ੍ਵੈਤ ਭਾਵ ਨਹੀਂ ਲਿਆਂਦਾ ਹੈ ॥੨੮੯॥
ਸਾਰੀਆ ਇਸਤਰੀਆਂ (ਉਸ ਉਤੇ) ਰੀਝ ਰਹੀਆਂ ਹਨ
ਜੋ ਮਹਾਨ ਤੇਜ ਨੂੰ ਧਾਰਨ ਕਰਦੀਆਂ ਹਨ।
ਉਹ ਨਾ ਹਾਰਾਂ ਨੂੰ ਸੰਭਾਲਦੀਆਂ ਹਨ
ਅਤੇ ਨਾ ਬਸਤ੍ਰਾਂ ਦੀ ਸੋਚ ਕਰਦੀਆਂ ਹਨ ॥੨੯੦॥
(ਦੱਤ ਦੇ ਦਰਸ਼ਨ ਲਈ) ਉਹ ਇਸ ਤਰ੍ਹਾਂ ਭਜ ਕੇ ਚਲੀਆਂ ਹਨ
ਜਿਵੇਂ ਨਦੀ ਵਿਚ ਬੇੜੀ ਜਾਂਦੀ ਹੈ।
ਜਵਾਨ, ਬਿਰਧ ਅਤੇ ਬਾਲਿਕਾਵਾਂ (ਇਨ੍ਹਾਂ ਵਿਚੋਂ)
ਕੋਈ ਵੀ ਘਰ ('ਆਲੈ') ਨਹੀਂ ਰਹੀ ਹੈ ॥੨੯੧॥