ਸ਼੍ਰੀ ਦਸਮ ਗ੍ਰੰਥ

ਅੰਗ - 325


ਮਾਨਹੁ ਲੈ ਸਿਵ ਕੇ ਰਿਪੁ ਆਪ ਦਯੋ ਬਿਧਨਾ ਰਸ ਯਾਹਿ ਨਿਚੋਹੈ ॥੩੧੭॥

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਸ਼ਿਵ ਦੇ ਵੈਰੀ (ਕਾਮਦੇਵ) ਨੇ ਆਪ ਸੁੰਦਰਤਾ ਦਾ ਰਸ ਨਿਚੋੜ ਕੇ ਵਿਧਾਤਾ ਨੂੰ ਦਿੱਤਾ ਹੋਵੇ (ਕਿ ਉਹ ਕ੍ਰਿਸ਼ਨ ਦਾ ਸ਼ਰੀਰ ਬਣਾਏ) ॥੩੧੭॥

ਗਵਾਰਿ ਕੇ ਹਾਥ ਪੈ ਹਾਥ ਧਰੇ ਹਰਿ ਸ੍ਯਾਮ ਕਹੈ ਤਰੁ ਕੇ ਤਰਿ ਠਾਢੇ ॥

(ਕਵੀ) ਸ਼ਿਆਮ ਕਹਿੰਦੇ ਹਨ, ਸ੍ਰੀ ਕ੍ਰਿਸ਼ਨ ਗਵਾਲ ਬਾਲਕਾਂ ਦੇ ਹੱਥ ਉਤੇ ਹੱਥ ਧਰੇ ਬ੍ਰਿਛ ਦੇ ਹੇਠਾਂ ਖੜੋਤਾ ਹੈ।

ਪਾਟ ਕੋ ਪਾਟ ਧਰੇ ਪੀਯਰੋ ਉਰਿ ਦੇਖਿ ਜਿਸੈ ਅਤਿ ਆਨੰਦ ਬਾਢੇ ॥

ਰੇਸ਼ਮ ਦੇ ਪੀਲੇ ਬਸਤ੍ਰ ਸ਼ਰੀਰ ਉਤੇ ਧਾਰਨ ਕੀਤੇ ਹੋਏ ਹਨ ਜਿਸ ਨੂੰ ਵੇਖ ਕੇ ਬਹੁਤ ਆਨੰਦ ਵਧਦਾ ਹੈ।

ਤਾ ਛਬਿ ਕੀ ਅਤਿ ਹੀ ਉਪਮਾ ਕਬਿ ਜਿਉ ਚੁਨਿ ਲੀ ਤਿਸ ਕੋ ਚੁਨਿ ਕਾਢੈ ॥

ਉਸ ਦ੍ਰਿਸ਼ ਦੀ ਅਤਿ ਸੁੰਦਰ ਉਪਮਾ ਕਵੀ ਨੇ ਜਿਵੇਂ ਚੁਣੀ ਹੈ, ਉਸ ਨੂੰ ਚੁਣ ਕੇ ਕਢ ਲਿਆ ਹੈ।

ਮਾਨਹੁ ਪਾਵਸ ਕੀ ਰੁਤਿ ਮੈ ਚਪਲਾ ਚਮਕੀ ਘਨ ਸਾਵਨ ਗਾਢੇ ॥੩੧੮॥

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਬਰਖਾ ਦੀ ਰੁਤ ਅੰਦਰ ਸਾਵਣ ਦੇ ਕਾਲੇ ਬਦਲਾਂ ਵਿਚ ਬਿਜਲੀ ਚਮਕੀ ਹੋਵੇ ॥੩੧੮॥

ਲੋਚਨ ਕਾਨ੍ਰਹ ਨਿਹਾਰਿ ਤ੍ਰਿਯਾ ਦਿਜ ਰੂਪ ਕੈ ਪਾਨ ਮਹਾ ਮਤ ਹੂਈ ॥

ਕ੍ਰਿਸ਼ਨ ਦੀਆਂ ਅੱਖਾਂ ਨੂੰ ਵੇਖ ਕੇ, ਬ੍ਰਾਹਮਣ ਇਸਤਰੀਆਂ (ਉਸ ਦੇ) ਰੂਪ ਦਾ ਪਾਨ ਕਰ ਕੇ ਬਹੁਤ ਮਸਤ ਹੋ ਗਈਆਂ ਹਨ।

ਹੋਇ ਗਈ ਤਨ ਮੈ ਗ੍ਰਿਹ ਕੀ ਸੁਧਿ ਯੌ ਉਡਗੀ ਜਿਮੁ ਪਉਨ ਸੋ ਰੂਈ ॥

ਉਨ੍ਹਾਂ ਦੇ ਸ਼ਰੀਰ ਵਿਚੋਂ ਘਰ ਦੀ ਸੁਧ ਇੰਜ ਉਡ ਗਈ ਹੈ, ਜਿਵੇਂ ਹਵਾ ਨਾਲ ਰੂੰ ਉਡ ਜਾਂਦੀ ਹੈ।

ਸ੍ਯਾਮ ਕਹੈ ਤਿਨ ਕੋ ਬਿਰਹਾਗਨਿ ਯੌ ਭਰਕੀ ਜਿਮੁ ਤੇਲ ਸੋ ਧੂਈ ॥

ਕਵੀ ਸ਼ਿਆਮ ਕਹਿੰਦੇ ਹਨ, ਉਨ੍ਹਾਂ ਦੀ ਵਿਯੋਗ ਦੀ ਅੱਗ ਇੰਜ ਭੜਕ ਪਈ ਜਿਵੇਂ ਤੇਲ (ਪੈਣ ਨਾਲ) ਅਗਨੀ (ਭੜਕ ਪੈਂਦੀ ਹੈ)।

ਜਿਉ ਟੁਕਰਾ ਪਿਖਿ ਚੁੰਬਕ ਡੋਲਤ ਬੀਚ ਮਨੋ ਜਲ ਲੋਹ ਕੀ ਸੂਈ ॥੩੧੯॥

(ਉਨ੍ਹਾਂ ਦੀ ਅਜਿਹੀ ਦਸ਼ਾ ਹੋ ਗਈ) ਮਾਨੋ ਚੁੰਬਕ ਪੱਥਰ ਦੇ ਟੁਕੜੇ ਨੂੰ ਵੇਖ ਕੇ ਪਾਣੀ ਵਿਚ ਲੋਹੇ ਦੀ ਸੂਈ ਡੋਲਣ ਲਗ ਜਾਂਦੀ ਹੋਵੇ ॥੩੧੯॥

ਕਾਨ੍ਰਹ ਕੇ ਰੂਪ ਨਿਹਾਰਿ ਤ੍ਰਿਯਾ ਦਿਜ ਪ੍ਰੇਮ ਬਢਿਯੋ ਦੁਖ ਦੂਰ ਭਏ ਹੈ ॥

ਸ੍ਰੀ ਕ੍ਰਿਸ਼ਨ ਦਾ ਰੂਪ ਵੇਖ ਕੇ ਬ੍ਰਾਹਮਣ ਇਸਤਰੀਆਂ ਦਾ ਪ੍ਰੇਮ ਵੱਧ ਗਿਆ ਹੈ ਅਤੇ ਦੁਖ ਦੂਰ ਹੋ ਗਿਆ ਹੈ,

ਭੀਖਮ ਮਾਤ ਕੋ ਜ੍ਯੋ ਪਰਸੇ ਛਿਨ ਮੈ ਸਭ ਪਾਪ ਬਿਲਾਇ ਗਏ ਹੈ ॥

ਜਿਵੇਂ ਭੀਸ਼ਮ ਦੀ ਮਾਤਾ (ਗੰਗਾ) ਦੀ ਛੋਹ ਨਾਲ ਛਿਣ ਭਰ ਵਿਚ ਹੀ ਸਾਰੇ ਪਾਪ ਚਲੇ ਜਾਂਦੇ ਹਨ।

ਆਨਨ ਦੇਖਿ ਕੇ ਸ੍ਯਾਮ ਘਨੋ ਚਿਤ ਬੀਚ ਬਸਿਯੋ ਦ੍ਰਿਗ ਮੂੰਦ ਲਏ ਹੈ ॥

ਸ਼ਿਆਮ (ਕਾਨ੍ਹ) ਦੇ ਬਦਲ ਵਰਗੇ ਮੁਖੜੇ ਨੂੰ ਵੇਖ ਕੇ ਚਿਤ ਵਿਚ ਵਸਾ ਲਿਆ ਹੈ ਅਤੇ ਅੱਖਾਂ ਬੰਦ ਕਰ ਲਈਆਂ ਹਨ,

ਜਿਉ ਧਨਵਾਨ ਮਨੋ ਧਨ ਕੋ ਧਰਿ ਅੰਦਰ ਧਾਮ ਕਿਵਾਰ ਦਏ ਹੈ ॥੩੨੦॥

ਮਾਨੋ ਧਨਵਾਨ ਵਿਅਕਤੀ ਨੇ ਧਨ ਨੂੰ ਅੰਦਰ ਰਖ ਕੇ ਘਰ ਦੇ ਦਰਵਾਜ਼ੇ ਬੰਦ ਕਰ ਲਏ ਹੋਣ ॥੩੨੦॥

ਸੁਧਿ ਭਈ ਜਬ ਹੀ ਤਨ ਮੈ ਤਬ ਕਾਨ੍ਰਹ ਕਹੀ ਹਸਿ ਕੈ ਗ੍ਰਿਹ ਜਾਵਹੁ ॥

ਜਦੋਂ (ਉਨ੍ਹਾਂ ਨੂੰ) ਸ਼ਰੀਰ ਦੀ ਸੁਧ ਹੋਈ ਤਦੋਂ ਸ੍ਰੀ ਕ੍ਰਿਸ਼ਨ ਨੇ (ਉਨ੍ਹਾਂ ਨੂੰ) ਹਸ ਕੇ ਕਿਹਾ (ਕਿ ਹੁਣ ਤੁਸੀਂ) ਘਰਾਂ ਨੂੰ ਪਰਤੋ।

ਬਿਪਨ ਬੀਚ ਕਹੈ ਰਹੀਯੋ ਦਿਨ ਰੈਨ ਸਭੇ ਹਮਰੈ ਗੁਨ ਗਾਵਹੁ ॥

(ਫਿਰ) ਕਿਹਾ ਕਿ ਦਿਨ ਨੂੰ (ਤੁਸੀਂ) ਬ੍ਰਾਹਮਣਾਂ ਨਾਲ ਮਿਲ ਕੇ ਰਹੋ ਅਤੇ ਰਾਤ ਵੇਲੇ ਸਭ ਮੇਰੇ ਗੁਣ ਗਾਇਆ ਕਰੋ।

ਹੋਇ ਨ ਤ੍ਰਾਸ ਤੁਮੈ ਜਮ ਕੀ ਹਿਤ ਕੈ ਹਮ ਸੋ ਜੁ ਧਿਆਨ ਲਗਾਵਹੁ ॥

ਜਦੋਂ ਤੁਸੀਂ ਪ੍ਰੇਮ ਪੂਰਵਕ ਮੇਰਾ ਧਿਆਨ ਰਖੋ ਗੀਆਂ (ਤਾਂ ਤੁਹਾਨੂੰ) ਯਮ ਦਾ ਡਰ ਨਹੀਂ ਸਤਾਏਗਾ।

ਜੋ ਤੁਮ ਬਾਤ ਕਰੋ ਇਹ ਹੀ ਤਬ ਹੀ ਸਬ ਹੀ ਮੁਕਤਾ ਫਲੁ ਪਾਵਹੁ ॥੩੨੧॥

ਜਦੋਂ ਤੁਸੀਂ ਇਸ ਤਰ੍ਹਾਂ ਦੀ ਗੱਲ ਕਰੋ ਗੀਆਂ ਤਦੋਂ ਸਾਰੀਆਂ ਮੁਕਤੀ ਰੂਪ ਫਲ ਪ੍ਰਾਪਤ ਕਰੋਗੀਆਂ ॥੩੨੧॥

ਦਿਜਨ ਤ੍ਰਿਯੋ ਬਾਚ ॥

ਬ੍ਰਾਹਮਣ ਇਸਤਰੀਆਂ ਨੇ ਕਿਹਾ:

ਸਵੈਯਾ ॥

ਸਵੈਯਾ:

ਪਤਨੀ ਦਿਜ ਕੀ ਇਹ ਬਾਤ ਕਹੀ ਹਮ ਸੰਗ ਨ ਛਾਡਤ ਕਾਨ੍ਰਹ ਤੁਮਾਰੋ ॥

ਬ੍ਰਾਹਮਣਾਂ ਦੀਆਂ ਪਤਨੀਆਂ ਨੇ ਇਹ ਗੱਲ ਕਹੀ ਕਿ ਹੇ ਕ੍ਰਿਸ਼ਨ! ਅਸੀਂ ਤੇਰਾ ਸੰਗ ਨਹੀਂ ਛਡਾਂਗੀਆਂ।

ਸੰਗ ਫਿਰੈ ਤੁਮਰੇ ਦਿਨ ਰੈਨਿ ਚਲੈ ਬ੍ਰਿਜ ਕੌ ਬ੍ਰਿਜ ਜੋਊ ਸਿਧਾਰੋ ॥

(ਅਸੀਂ) ਰਾਤ ਦਿਨ ਤੇਰੇ ਨਾਲ ਫਿਰਾਂਗੀਆਂ, ਜੇ ਤੂੰ ਬ੍ਰਜ ਨੂੰ (ਜਾਏਂਗਾ ਤਾਂ ਵੀ ਤੇਰੇ ਨਾਲ) ਜਾਵਾਂਗੀਆਂ।

ਲਾਗ ਰਹਿਯੋ ਤੁਮ ਸੋ ਹਮਰੋ ਮਨ ਜਾਤ ਨਹੀ ਮਨ ਧਾਮ ਹਮਾਰੋ ॥

ਸਾਡਾ ਮਨ ਤੇਰੇ ਨਾਲ ਲਗ ਗਿਆ ਹੈ, ਹੁਣ ਸਾਡਾ ਮਨ ਘਰ ਨੂੰ ਨਹੀਂ ਜਾਂਦਾ ਹੈ।

ਪੂਰਨ ਜੋਗ ਕੋ ਪਾਇ ਜੁਗੀਸ੍ਵਰ ਆਨਤ ਨ ਧਨ ਬੀਚ ਸੰਭਾਰੋ ॥੩੨੨॥

(ਜਿਵੇਂ ਕੋਈ ਸਾਧਕ) ਪੂਰਨ ਯੋਗ ਨੂੰ ਪ੍ਰਾਪਤ ਕਰਨ ਉਪਰੰਤ ਫਿਰ ਉਹ ਧਨ ਦੀ ਸੰਭਾਲ ਵਲ ਰਿਚਤ ਨਹੀਂ ਹੁੰਦਾ ਹੈ ॥੩੨੨॥

ਕਾਨ੍ਰਹ ਬਾਚ ॥

ਕਾਨ੍ਹ ਨੇ ਕਿਹਾ:

ਸਵੈਯਾ ॥

ਸਵੈਯਾ:

ਸ੍ਰੀ ਭਗਵਾਨ ਤਿਨੈ ਪਿਖਿ ਪ੍ਰੇਮ ਕਹਿਯੋ ਮੁਖ ਤੇ ਤੁਮ ਧਾਮਿ ਸਿਧਾਰੋ ॥

ਸ੍ਰੀ ਭਗਵਾਨ (ਕ੍ਰਿਸ਼ਨ) ਨੇ ਉਨ੍ਹਾਂ ਦਾ ਪ੍ਰੇਮ ਵੇਖ ਕੇ (ਆਪਣੇ) ਮੁਖ ਤੋਂ ਕਿਹਾ ਕਿ ਤੁਸੀਂ (ਆਪਣੇ) ਘਰਾਂ ਨੂੰ ਚਲੀਆਂ ਜਾਓ।

ਜਾਇ ਸਭੈ ਪਤਿ ਆਪਨ ਆਪਨ ਕਾਨ੍ਰਹ ਕਥਾ ਕਹਿ ਤਾਹਿ ਉਧਾਰੋ ॥

(ਤੁਸੀਂ) ਸਾਰੀਆਂ ਆਪਣੇ ਆਪਣੇ ਪਤੀਆਂ ਕੋਲ ਜਾ ਕੇ ਕਾਨ੍ਹ (ਭਗਵਾਨ) ਦੀ ਕਥਾ ਕਹਿ ਕੇ ਉਨ੍ਹਾਂ ਦਾ ਉੱਧਾਰ ਕਰੋ।

ਪੁਤ੍ਰਨ ਪਉਤ੍ਰਨ ਪਤਿਨ ਸੋ ਇਹ ਕੈ ਚਰਚਾ ਸਭ ਹੀ ਦੁਖੁ ਟਾਰੋ ॥

(ਆਪਣੇ) ਪੁੱਤਰਾਂ, ਪੋਤਰਿਆਂ ਅਤੇ ਪਤੀਆਂ ਨਾਲ ਇਹ ਚਰਚਾ ਕਰ ਕੇ ਸਾਰਿਆਂ ਦਾ ਦੁਖ ਦੂਰ ਕਰੋ

ਗੰਧ ਮਲਿਯਾਗਰ ਸ੍ਯਾਮ ਕੋ ਨਾਮ ਲੈ ਰੂਖਨ ਕੋ ਕਰਿ ਚੰਦਨ ਡਾਰੋ ॥੩੨੩॥

ਅਤੇ ਮਲਯ ਚੰਦਨ ਦੀ ਸੁਗੰਧੀ ਦੇਣ ਵਾਲੇ ਸ਼ਿਆਮ (ਭਗਵਾਨ) ਦੇ ਨਾਮ ਨਾਲ (ਹੋਰਨਾਂ) ਬ੍ਰਿਛਾਂ ਨੂੰ ਵੀ ਚੰਦਨ ਬਣਾ ਦਿਓ (ਭਾਵ ਸੰਸਾਰੀ ਮਨੁੱਖਾਂ ਦਾ ਕਲਿਆਣ ਕਰ ਦਿਓ) ॥੩੨੩॥

ਮਾਨ ਲਈ ਪਤਨੀ ਦਿਜ ਕੀ ਸਮ ਅੰਮ੍ਰਿਤ ਕਾਨ੍ਰਹ ਕਹੀ ਬਤੀਆ ॥

ਬ੍ਰਾਹਮਣ ਇਸਤਰੀਆਂ ਨੇ ਸ੍ਰੀ ਕ੍ਰਿਸ਼ਨ ਦੀਆਂ ਅੰਮ੍ਰਿਤ ਸਮਾਨ ਕਹੀਆਂ ਗੱਲਾਂ ਨੂੰ ਮੰਨ ਲਿਆ।

ਜਿਤਨੋ ਹਰਿ ਯਾ ਉਪਦੇਸ ਕਰਿਯੋ ਤਿਤਨੋ ਨਹਿ ਹੋਤ ਕਛੂ ਜਤੀਆ ॥

ਉਨ੍ਹਾਂ ਨੂੰ ਜਿਤਨਾ ਉਪਦੇਸ਼ ਸ੍ਰੀ ਕ੍ਰਿਸ਼ਨ ਨੇ ਦਿੱਤਾ, ਉਤਨਾ ਤਾਂ ਕਿਸੇ ਜਤੀ ਤੋਂ ਵੀ ਨਹੀਂ ਹੋ ਸਕਦਾ।

ਚਰਚਾ ਜਬ ਜਾ ਉਨ ਸੋ ਇਨ ਕੀ ਤਬ ਹੀ ਉਨ ਕੀ ਭਈ ਯਾ ਗਤੀਆ ॥

ਜਦ ਇਨ੍ਹਾਂ (ਇਸਤਰੀਆਂ) ਨੇ ਉਨ੍ਹਾਂ (ਬ੍ਰਾਹਮਣਾਂ) ਨਾਲ ਚਰਚਾ ਕੀਤੀ ਤਾਂ ਉਨ੍ਹਾਂ ਦੀ ਇਹ ਹਾਲਤ ਹੋ ਗਈ

ਇਨ ਸ੍ਰਯਾਹ ਭਏ ਮੁਖ ਯੌ ਜੁਵਤੀ ਮੁਖ ਲਾਲ ਭਏ ਵਹ ਜਿਉ ਰਤੀਆ ॥੩੨੪॥

ਕਿ ਉਨ੍ਹਾਂ ਦੇ ਮੁਖ ਕਾਲੇ ਹੋ ਗਏ ਅਤੇ ਮੁਟਿਆਰਾਂ ਦੇ ਲਾਲ ਹੋ ਗਏ ਜਿਵੇਂ ਰਤੀਆਂ ਹੁੰਦੀਆਂ ਹਨ ॥੩੨੪॥

ਚਰਚਾ ਸੁਨਿ ਬਿਪ ਜੁ ਤ੍ਰੀਅਨ ਸੋ ਮਿਲ ਕੈ ਸਭ ਹੀ ਪਛੁਤਾਵਨ ਲਾਗੇ ॥

ਇਸਤਰੀਆਂ ਪਾਸੋਂ (ਸ੍ਰੀ ਕ੍ਰਿਸ਼ਨ) ਬਾਰੇ ਚਰਚਾ ਸੁਣਨ ਤੋਂ ਬਾਦ ਸਾਰੇ (ਬ੍ਰਾਹਮਣ) ਪਸਚਾਤਾਪ ਕਰਨ ਲਗੇ

ਬੇਦਨ ਕੌ ਹਮ ਕੌ ਸਭ ਕੌ ਧ੍ਰਿਗ ਗੋਪ ਗਏ ਮੰਗ ਕੈ ਹਮ ਆਗੈ ॥

ਕਿ ਸਾਨੂੰ ਅਤੇ ਸਾਡੇ ਵੇਦ-ਗਿਆਨ ਨੂੰ ਧਿੱਕਾਰ ਹੈ (ਕਿਉਂਕਿ) ਗਵਾਲ ਬਾਲਕ ਸਾਡੇ ਕੋਲੋਂ ਪਹਿਲਾਂ (ਭੋਜਨ) ਮੰਗ ਕੇ ਗਏ ਸਨ।

ਮਾਨ ਸਮੁੰਦ੍ਰ ਮੈ ਬੂਡੇ ਹੁਤੇ ਹਮ ਚੂਕ ਗਯੋ ਅਉਸਰ ਤਉ ਹਮ ਜਾਗੇ ॥

(ਅਸੀਂ) ਅਭਿਮਾਨ ਦੇ ਸਮੁੰਦਰ ਵਿਚ ਡੁਬੇ ਹੋਏ ਸਾਂ (ਇਸ ਲਈ ਅਸੀਂ ਭਗਵਾਨ ਨੂੰ ਭੋਜਨ ਨਹੀਂ ਭੇਜ ਸਕੇ ਹੁਣ) ਅਵਸਰ ਬੀਤ ਗਿਆ ਹੈ ਤਦ ਅਸੀਂ ਜਾਗੇ ਹਾਂ।

ਪੈ ਜਿਨ ਕੀ ਇਹ ਹੈ ਪਤਨੀ ਤਿਹ ਤੇ ਫੁਨਿ ਹੈ ਹਮ ਹੂੰ ਬਡਭਾਗੇ ॥੩੨੫॥

ਪਰ ਫਿਰ ਵੀ ਅਸੀਂ ਇਸ ਲਈ ਵਡਭਾਗੀ ਹਾਂ (ਕਿਉਂਕਿ) ਇਹ ਸਾਡੀਆਂ ਇਸਤਰੀਆਂ ਹਨ ॥੩੨੫॥

ਮਾਨਿ ਸਭੈ ਦਿਜ ਆਪਨ ਕੋ ਧ੍ਰਿਗ ਫੇਰਿ ਕਰੀ ਮਿਲਿ ਕਾਨ੍ਰਹ ਬਡਾਈ ॥

ਸਾਰੇ ਬ੍ਰਾਹਮਣ ਆਪਣੇ ਆਪ ਨੂੰ ਧ੍ਰਿਗ ਮੰਨ ਕੇ ਫਿਰ ਮਿਲ ਕੇ ਕ੍ਰਿਸ਼ਨ ਦੀ ਵਡਿਆਈ ਕਰਨ ਲਗੇ।

ਲੋਕਨ ਕੋ ਸਭ ਕੇ ਪਤਿ ਕਾਨ੍ਰਹ ਹਮੈ ਕਹਿ ਬੇਦਨ ਬਾਤ ਸੁਨਾਈ ॥

'ਸਾਰੇ ਲੋਕਾਂ ਦੇ ਸੁਆਮੀ ਸ੍ਰੀ ਕ੍ਰਿਸ਼ਨ ਹਨ', ਵੇਦਾਂ ਨੇ ਇਹ ਗੱਲ ਸਾਨੂੰ ਕਹਿ ਕੇ ਸੁਣਾਈ ਹੋਈ ਹੈ।

ਤੌ ਨ ਗਏ ਉਨ ਕੇ ਹਮ ਪਾਸਿ ਡਰੇ ਜੁ ਮਰੇ ਹਮ ਕਉ ਹਮ ਰਾਈ ॥

(ਇਹ ਜਾਣਦੇ ਹੋਇਆਂ) ਵੀ ਅਸੀਂ ਉਨ੍ਹਾਂ ਪਾਸ ਨਹੀਂ ਗਏ ਕਿਉਂਕਿ ਡਰਦੇ ਸਾਂ ਕਿ ਸਾਡਾ ਰਾਜਾ (ਕੰਸ) ਸਾਨੂੰ ਮਾਰ ਦੇਵੇਗਾ।

ਸਤਿ ਲਖਿਯੋ ਤੁਮ ਕਉ ਭਗਵਾਨ ਕਹੀ ਹਮ ਸਤ ਕਹੀ ਨ ਬਨਾਈ ॥੩੨੬॥

(ਹੇ ਸ੍ਰੀ ਕ੍ਰਿਸ਼ਨ! ਅਸੀਂ) ਤੁਹਾਨੂੰ ਸੱਚੇ ਅਰਥਾਂ ਵਿਚ ਭਗਵਾਨ ਜਾਣ ਲਿਆ ਹੈ। ਅਸੀਂ (ਇਹ ਗੱਲ) ਸੱਚ ਕਹਿ ਰਹੇ ਹਾਂ, ਨਾ ਕਿ ਬਣਾ ਕੇ ਕਹਿ ਰਹੇ ਹਾਂ ॥੩੨੬॥

ਕਬਿਤੁ ॥

ਕਬਿੱਤ:

ਪੂਤਨਾ ਸੰਘਾਰੀ ਤ੍ਰਿਣਾਵ੍ਰਤ ਕੀ ਬਿਦਾਰੀ ਦੇਹ ਦੈਤ ਅਘਾਸੁਰ ਹੂੰ ਕੀ ਸਿਰੀ ਜਾਹਿ ਫਾਰੀ ਹੈ ॥

ਜਿਸ ਨੇ ਪੂਤਨਾ ਨੂੰ ਮਾਰਿਆ ਸੀ, ਤ੍ਰਿਣਾਵ੍ਰਤ ਦੈਂਤ ਦੀ ਦੇਹ ਨਸ਼ਟ ਕੀਤੀ ਸੀ, ਅਘਾਸੁਰ ਦਾ ਸਿਰ ਪਾੜ ਦਿੱਤਾ ਸੀ;

ਸਿਲਾ ਜਾਹਿ ਤਾਰੀ ਬਕ ਹੂੰ ਕੀ ਚੋਚ ਚੀਰ ਡਾਰੀ ਐਸੇ ਭੂਮਿ ਪਾਰੀ ਜੈਸੇ ਆਰੀ ਚੀਰ ਡਾਰੀ ਹੈ ॥

ਜਿਸ ਨੇ ਸਿਲਾ ਰੂਪ ਅਹਲਿਆ ਨੂੰ ਤਾਰਿਆ ਸੀ, ਬਕਾਸੁਰ ਦੀ ਚੁੰਜ ਚੀਰ ਦਿੱਤੀ ਸੀ, ਭੂਮਾਸੁਰ ਨੂੰ ਇੰਜ ਪਾੜ ਦਿੱਤਾ ਸੀ ਜਿਵੇਂ ਆਰੀ (ਨਾਲ ਲਕੜ) ਚੀਰ ਦੇਈਦੀ ਹੈ।

ਰਾਮ ਹ੍ਵੈ ਕੈ ਦੈਤਨ ਕੀ ਸੈਨਾ ਜਿਨ ਮਾਰੀ ਅਰੁ ਆਪਨੋ ਬਿਭੀਛਨ ਕੋ ਦੀਨੀ ਲੰਕਾ ਸਾਰੀ ਹੈ ॥

ਜਿਸ ਨੇ ਰਾਮ ਦਾ ਰੂਪ ਧਾਰ ਕੇ ਦੈਂਤਾਂ ਦੀ ਸੈਨਾ ਮਾਰ ਦਿੱਤੀ ਸੀ ਅਤੇ ਵਿਭੀਸ਼ਣ ਨੂੰ ਸਾਰੀ ਲੰਕਾਂ ਦੇ ਦਿੱਤੀ ਸੀ।

ਐਸੀ ਭਾਤਿ ਦਿਜਨ ਕੀ ਪਤਨੀ ਉਧਾਰੀ ਅਵਤਾਰ ਲੈ ਕੇ ਸਾਧ ਜੈਸੇ ਪ੍ਰਿਥਮੀ ਉਧਾਰੀ ਹੈ ॥੩੨੭॥

(ਉਸ ਨੇ ਹੀ ਸ੍ਰੀ ਕ੍ਰਿਸ਼ਨ ਦਾ) ਅਵਤਾਰ ਲੈ ਕੇ ਬ੍ਰਾਹਮਣ ਇਸਤਰੀਆਂ ਦਾ ਇਸ ਤਰ੍ਹਾਂ ਉੱਧਾਰ ਕਰ ਦਿੱਤਾ ਜਿਸ ਤਰ੍ਹਾਂ 'ਸਾਧ' (ਰੂਪ ਵਿਚ ਅਵਤਾਰ ਲੈ ਕੇ ਪਰਮਾਤਮਾ) ਪ੍ਰਿਥਵੀ ਦਾ ਉੱਧਾਰ ਕਰਦਾ ਹੈ ॥੩੨੭॥

ਸਵੈਯਾ ॥

ਸਵੈਯਾ:

ਬਿਪਨ ਕੀ ਤ੍ਰਿਯ ਕੀ ਸੁਨ ਕੈ ਕਬਿ ਰਾਜ ਕਹਿਯੋ ਦਿਜ ਅਉਰ ਕਹੀਜੈ ॥

ਕਵੀ-ਰਾਜ ਕਹਿੰਦੇ ਹਨ, ਬ੍ਰਾਹਮਣਾਂ ਦੀਆਂ ਇਸਤਰੀਆਂ ਦੀ (ਗੱਲ) ਸੁਣ ਕੇ ਬ੍ਰਾਹਮਣ ਕਹਿਣ ਲਗੇ,