ਚੌਪਈ:
ਹੁਣ ਜੋ ਆਗਿਆ ਹੋਏ, ਓਹੀ ਕਰਾਂ।
ਹੇ ਰਿਸ਼ੀਓ! ਤੁਹਾਡੇ ਪੈਰੀਂ ਪੈਂਦਾ ਹਾਂ।
ਹੁਣ ਜੋ ਆਗਿਆ ਹੋਏਗੀ, ਓਹੀ ਕਰਾਂਗਾ।
ਹੇ ਰਿਸ਼ੀਓ! ਮੇਰੀ ਗੱਲ ਸੱਚੀ ਹੈ, ਤਸਲੀ ਕਰ ਲਵੋ ॥੨੩੯੧॥
ਰਿਸ਼ੀਆਂ ਨੇ ਕਿਹਾ:
ਚੌਪਈ:
ਤਦ ਰਿਸ਼ੀਆਂ ਨੇ ਮਿਲ ਕੇ ਮਨ ਵਿਚ ਇਹ ਧਾਰਿਆ
(ਅਤੇ ਬਲਰਾਮ ਨੂੰ ਕਿਹਾ) ਸਾਡਾ ਇਕ ਵੱਡਾ ਵੈਰੀ ਹੈ।
(ਉਸ ਦਾ) ਨਾਂ 'ਬਲਲ' ਹੈ। ਹੇ ਬਲਰਾਮ! ਉਸ ਨੂੰ ਮਾਰ ਦਿਓ।
(ਇੰਜ ਪ੍ਰਤੀਤ ਹੁੰਦਾ ਹੈ) (ਰਿਸ਼ੀਆਂ ਨੇ) ਉਸ ਉਤੇ ਕਾਲ ਨੂੰ ਪ੍ਰੇਰ ਦਿੱਤਾ ਹੈ ॥੨੩੯੨॥
ਬਲਰਾਮ ਨੇ ਕਿਹਾ:
ਦੋਹਰਾ:
ਹੇ ਰਿਸ਼ੀ ਰਾਜ! ਉਸ ਵੈਰੀ ਦਾ ਸਥਾਨ ਕਿਥੇ ਹੈ?
ਮੈਨੂੰ ਦਸ ਦਿਓ, ਉਥੇ ਜਾ ਕੇ ਉਸ ਨੂੰ ਮੈਂ ਅਜ ਮਾਰ ਦਿਆਂਗਾ ॥੨੩੯੩॥
ਚੌਪਈ:
ਤਦ ਇਕ ਰਿਸ਼ੀ ਨੇ ਜਗ੍ਹਾ ਦਸੀ,
ਜਿਥੇ ਵੈਰੀ ਨੇ (ਰਹਿਣ ਦੀ) ਥਾਂ ਬਣਾਈ ਹੋਈ ਸੀ।
ਜਦ ਬਲਰਾਮ ਨੇ ਉਸ ਵੈਰੀ ਨੂੰ ਵੇਖਿਆ,
ਤਦ ਉਸ ਨੂੰ ਵੰਗਾਰਿਆ ਕਿ ਮੇਰੇ ਨਾਲ ਆ ਕੇ ਲੜ ॥੨੩੯੪॥
ਤਦ ਬਚਨ ਸੁਣ ਕੇ ਵੈਰੀ ਕ੍ਰੋਧਵਾਨ ਹੋਇਆ
ਅਤੇ ਹੱਥ ਨਾਲ ਗਾਨਾ (ਬੰਨ੍ਹ ਕੇ) ਉਸ (ਬਲਰਾਮ) ਉਤੇ ਚੜ੍ਹ ਆਇਆ।
ਉਸ ਨੇ ਬਲਰਾਮ ਨਾਲ ਯੁੱਧ ਕੀਤਾ,
ਜਿਸ ਵਰਗਾ ਹੋਰ ਕੋਈ ਸ਼ੂਰਵੀਰ ਨਹੀਂ ਸੀ ॥੨੩੯੫॥
ਦੋਹਾਂ ਨੇ ਉਸ ਥਾਂ ਤੇ ਬਹੁਤ ਯੁੱਧ ਕੀਤਾ
(ਪਰ) ਦੋਹਾਂ ਸੂਰਮਿਆਂ ਵਿਚੋਂ ਇਕ ਵੀ ਨਾ ਹਾਰਿਆ।
ਜਦੋਂ ਥਕ ਜਾਂਦੇ (ਤਾਂ) ਉਥੇ ਬੈਠ ਜਾਂਦੇ
ਅਤੇ ਸਾਵਧਾਨ ਹੋ ਕੇ ਫਿਰ ਯੁੱਧ ਕਰਨ ਲਗ ਜਾਂਦੇ ਹਨ ॥੨੩੯੬॥
ਫਿਰ ਦੋਵੇਂ ਗਜ ਵਜ ਕੇ ਯੁੱਧ ਕਰਦੇ ਹਨ।
ਆਪਸ ਵਿਚ ਬਹੁਤ ਗਦਾ ਮਾਰਦੇ ਹਨ।
(ਅਡੋਲ) ਖੜੋਤੇ ਰਹਿੰਦੇ ਹਨ, ਪਿਛੇ ਪੈਰ ਨਹੀਂ ਧਰਦੇ।
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਕ੍ਰੋਧ ਪੂਰਵਕ ਦੋ ਪਰਬਤ ਲੜਦੇ ਹੋਣ ॥੨੩੯੭॥
ਦੋਵੇਂ ਸੂਰਮੇ ਬਦਲਾਂ ਦੇ ਸਮਾਨ ਗਜਦੇ ਹਨ,
ਜਿਨ੍ਹਾਂ ਦੇ ਬਚਨ ਸੁਣ ਕੇ ਯਮਰਾਜ ਵੀ ਲਜਾ ਜਾਂਦਾ ਹੈ।
(ਦੋਵੇਂ) ਸ਼ੂਰਵੀਰ ਗੁੱਸੇ ਨਾਲ ਬਹੁਤ ਭਰੇ ਹੋਏ ਹਨ
ਅਤੇ ਦੋਵੇਂ ਵੀਰ ਕ੍ਰੋਧਵਾਨ ਹੋ ਕੇ ਲੜ ਰਹੇ ਹਨ ॥੨੩੯੮॥
ਜਿਨ੍ਹਾਂ ਦਾ ਕੌਤਕ ਵੇਖਣ ਲਈ ਦੇਵਤੇ ਆਏ ਹਨ,
ਉਨ੍ਹਾਂ (ਦੇਵਤਿਆਂ) ਨੇ ਭਾਂਤ ਭਾਂਤ ਦੇ ਵਿਮਾਨ ਬਣਾਏ ਹੋਏ ਹਨ।
ਉਧਰ ਰੰਭਾ ਆਦਿ (ਅਪੱਛਰਾਵਾਂ) ਨਾਚ ਕਰਦੀਆਂ ਹਨ
ਅਤੇ ਇਧਰ ਯੋਧੇ ਧਰਤੀ ਉਤੇ ਲੜ ਰਹੇ ਹਨ ॥੨੩੯੯॥
ਬਹੁਤ ਸਾਰੇ ਗਦਾ ਦੇ (ਪ੍ਰਹਾਰ) ਸ਼ਰੀਰ ਉਤੇ ਲਗਦੇ ਹਨ
(ਪਰ ਉਹ) ਪ੍ਰਵਾਹ ਨਹੀਂ ਕਰਦੇ, ਮੂੰਹ ਤੋਂ ਮਾਰੋ-ਮਾਰੋ ਪੁਕਾਰਦੇ ਹਨ।
ਰਣ-ਭੂਮੀ ਤੋਂ ਇਕ ਕਦਮ ਵੀ ਨਹੀਂ ਟਲਦੇ ਹਨ
ਅਤੇ ਰੀਝ ਰੀਝ ਕੇ ਦੋਵੇਂ ਯੋਧੇ ਲੜ ਰਹੇ ਹਨ ॥੨੪੦੦॥
ਸਵੈਯਾ:
ਉਸ ਥਾਂ (ਜਦ) ਬਹੁਤ ਯੁੱਧ ਹੁੰਦਾ ਰਿਹਾ, ਤਦ ਬਲਰਾਮ ਜੀ ਨੇ ਮੂਸਲ ਸੰਭਾਲ ਲਿਆ।
ਕਵੀ ਸ਼ਿਆਮ ਕਹਿੰਦੇ ਹਨ, ਦੋਹਾਂ ਹੱਥਾਂ ਦੇ ਜ਼ੋਰ ਨਾਲ (ਵੈਰੀ ਉਤੇ) ਝਾੜ ਦਿੱਤਾ।
ਇਸ ਦੀ ਸਟ ਲਗਦਿਆਂ ਹੀ ਵੈਰੀ ਮਰ ਗਿਆ ਅਤੇ ਯਮਲੋਕ ਨੂੰ ਚਲਾ ਗਿਆ।