ਉਹ ਆਪ ਉਥੋਂ ਭਜ ਗਿਆ।
ਕ੍ਰੋਧ ਨਾਲ ਰਾਣੀ ਦਾ ਸ਼ਰੀਰ ਤਪ ਗਿਆ ॥੬॥
ਉਸ ਨੂੰ ਇਸ ਤਰ੍ਹਾਂ ਚਿੱਠੀ ਲਿਖ ਕੇ ਭੇਜੀ
ਕਿ ਹੇ ਮਿਤਰ! ਮੇਰੇ ਤੋਂ ਤੂੰ ਛਡਿਆ ਨਹੀਂ ਜਾਂਦਾ।
ਮੇਰੀ ਇਹ ਭੁਲ ਮਾਫ਼ ਕਰ ਦਿਓ।
ਹੁਣ ਮੈਂ ਤੁਹਾਡੀ ਦਾਸੀ ਹੋ ਗਈ ਹਾਂ ॥੭॥
ਜੇ ਤੁਸੀਂ ਅਗੋਂ ਫਿਰ (ਮੈਨੂੰ) ਇਸ ਤਰ੍ਹਾਂ ਵੇਖੋ
ਤਾਂ ਉਸ ਨਾਲ ਹੀ ਮੈਨੂੰ ਵੀ ਮਾਰ ਦੇਣਾ।
ਤੁਸੀਂ ਚੰਗਾ ਕੀਤਾ ਜੋ ਉਸ ਨੂੰ ਮਾਰ ਦਿੱਤਾ
ਅਤੇ ਹੇ ਮਿਤਰ! ਮੈਨੂੰ ਅਗੋਂ ਲਈ (ਸਹੀ) ਰਸਤੇ ਉਤੇ ਪਾ ਦਿੱਤਾ ॥੮॥
ਦੋਹਰਾ:
(ਉਹ) ਮੂਰਖ ਮਤ ਵਾਲਾ ਚਿੱਠੀ ਪੜ੍ਹ ਕੇ ਮਨ ਵਿਚ ਫੁਲ ਗਿਆ
ਅਤੇ ਭੇਦ ਜਾਣੇ ਬਿਨਾ ਫਿਰ ਉਸ ਕੋਲ ਆ ਗਿਆ ॥੯॥
ਚੌਪਈ:
ਜਦੋਂ ਪਹਿਲਾ ਮਿਤਰ ਉਸ ਥਾਂ ਤੇ ਆਇਆ
(ਤਾਂ ਉਸ ਨੂੰ) ਦੂਜੇ ਮਿਤਰ (ਦੀ ਲੋਥ ਨਾਲ) ਬੰਨ੍ਹ ਕੇ ਸਾੜ ਦਿੱਤਾ।
(ਉਸ ਨੇ ਮਨ ਵਿਚ ਸੋਚਿਆ ਕਿ) ਜਿਸ ਨੇ ਮੇਰੇ ਮਿਤਰ ਨੂੰ ਮਾਰਿਆ ਹੈ,
ਉਸ ਨੂੰ ਵੀ ਪਕੜ ਕੇ ਮਾਰ ਦੇਣਾ ਚਾਹੀਦਾ ਹੈ ॥੧੦॥
ਇਸ ਤਰ੍ਹਾਂ ਜਿਸ ਨਾਲ ਇਸਤਰੀ ਪਹਿਲਾਂ ਸੰਯੋਗ ਕਰਦੀ ਸੀ।
ਇਸ ਚਰਿਤ੍ਰ ਨਾਲ ਉਸ ਨੂੰ ਮਾਰ ਦਿੱਤਾ।
ਇਨ੍ਹਾਂ ਇਸਤਰੀਆਂ ਦੀ ਰੀਤ ਅਪਾਰ ਹੈ
ਜਿਸ ਦਾ ਆਰਪਾਰ ਨਹੀਂ ਪਾਇਆ ਜਾ ਸਕਦਾ ॥੧੧॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੭੩ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੭੩॥੫੨੯੦॥ ਚਲਦਾ॥
ਚੌਪਈ:
ਅੰਬਸਟ ਦੇਸ ਦਾ ਇਕ ਰਾਜਾ ਸੀ।
ਉਸ ਦੇ ਘਰ ਪਦਮਨੀ ਦੇ (ਦੇਈ) ਨਾਂ ਦੀ ਇਸਤਰੀ ਸੀ।
ਉਸ ਦੀ ਸੁੰਦਰਤਾ ਬਹੁਤ ਅਧਿਕ ਸੀ
ਜਿਸ ਦੀ ਤੁਲਨਾ ਕਿਸ ਇਸਤਰੀ ਨਾਲ ਦੇਈਏ ॥੧॥
ਉਸ ਦੇ ਘਰ ਇਕ ਦਾਸ ਸੀ
ਜਿਸ ਵਰਗੇ ਕਾਲੇ ਰੰਗ ਵਾਲਾ ਹੋਰ ਕੋਈ ਨਹੀਂ ਸੀ।
ਉਸ ਦਾ ਨਾਂ 'ਨਾਮਾਫਿਕ' ਸੀ।
ਉਸ ਨੂੰ ਮਨੁੱਖ ਜੂਨ ਵਾਲਾ ਕੋਈ ਕਿਵੇਂ ਕਹਿ ਸਕਦਾ ਸੀ ॥੨॥
ਇਕ ਦਾਸੀ ਉਸ ਵਿਚ ਮਗਨ ਸੀ
ਜਿਸ ਤੋਂ ਘਟ ਮੂਰਖ ਇਸ ਧਰਤੀ ਉਤੇ ਕੋਈ ਨਹੀਂ ਸੀ।
ਨਾਮਾਫਿਕ ਨੂੰ ਉਸ ਇਸਤਰੀ ਨੇ ਬੁਲਾਇਆ
ਅਤੇ ਮਨ ਭਰ ਕੇ ਉਸ ਨਾਲ ਕਾਮ ਭੋਗ ਕੀਤਾ ॥੩॥
ਤਦ ਤਕ ਉਥੇ ਰਾਜਾ ਆ ਗਿਆ
ਜਿਥੇ ਦਾਸੀ (ਉਸ) ਦਾਸ ਨਾਲ ਰਮਣ ਕਰ ਰਹੀ ਸੀ।
ਤਦ ਦਾਸੀ ਘਬਰਾ ਗਈ
ਅਤੇ ਝਟਪਟ ਸਾਰੀ ਹੋਸ਼ ਚਲੀ ਗਈ ॥੪॥
ਉਸ ਨੂੰ ਹੋਰ ਕੁਝ ਉਪਾ ਨਾ ਫੁਰਿਆ।
ਦਾਸ ਨੂੰ ਮਾਰ ਕੇ ਉਲਟਾ ਲਟਕਾ ਦਿੱਤਾ।
(ਉਸ ਦੇ ਹੇਠਾਂ) ਮਠੀ ਮਠੀ ਅੱਗ ਬਾਲ ਦਿੱਤੀ,
ਮਾਨੋ ਉਸ ਦੀ ਚਰਬੀ ਕਢ ਰਹੀ ਹੋਵੇ ॥੫॥
ਜਦ ਰਾਜੇ ਨੇ ਦਾਸ ਨੂੰ ਮਰਿਆ ਹੋਇਆ ਵੇਖਿਆ
ਤਾਂ ਹੈਰਾਨ ਹੋ ਕੇ ਪੁਛਿਆ,
ਇਸ ਨੂੰ ਮਾਰ ਕੇ ਤੂੰ ਪੁਠਾ ਕਿਉਂ ਲਟਕਾਇਆ ਹੋਇਆ ਹੈ
ਅਤੇ ਇਸ ਦੇ ਹੇਠਾਂ ਅੱਗ ਕਿਸ ਲਈ ਬਾਲੀ ਹੋਈ ਹੈ ॥੬॥