ਸ਼੍ਰੀ ਦਸਮ ਗ੍ਰੰਥ

ਅੰਗ - 600


ਘੁਰੇ ਜਾਣ ਸ੍ਯਾਮੰ ਘਟਾ ਜਿਮਿ ਜ੍ਵਾਲੰ ॥

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਕਾਲੀਆਂ ਘਟਾਵਾਂ ਗੂੰਜਦੀਆਂ ਹਨ ਅਤੇ ਜਿਵੇਂ (ਆਤਿਸ਼ਬਾਜੀ ਵਿਚੋਂ) ਅੱਗ ਨਿਕਲਦੀ ਹੈ।

ਨਚੇ ਈਸ ਸੀਸੰ ਪੁਐ ਰੁੰਡ ਮਾਲੰ ॥

ਸ਼ਿਵ ਨਚਦਾ ਹੈ, ਰੁੰਡਾਂ ਨੂੰ ਮਾਲਾ ਵਿਚ ਪਰੋਂਦਾ ਹੈ।

ਜੁਝੇ ਬੀਰ ਧੀਰੰ ਬਰੈ ਬੀਨਿ ਬਾਲੰ ॥੪੮੬॥

ਧੀਰਜ ਵਾਲੇ ਸੂਰਮੇ ਜੂਝਦੇ ਹਨ ਅਤੇ ਅਪੱਛਰਾਵਾਂ ਉਨ੍ਹਾਂ ਨੂੰ ਚੁਣ ਚੁਣ ਕੇ ਵਰਦੀਆਂ ਹਨ ॥੪੮੬॥

ਗਿਰੈ ਅੰਗ ਭੰਗੰ ਭ੍ਰਮੰ ਰੁੰਡ ਮੁੰਡੰ ॥

(ਕਿਤੇ) ਅੰਗ ਕਟ ਕੇ ਡਿਗ ਰਹੇ ਹਨ (ਅਤੇ ਕਿਤੇ) ਰੁੰਡ ਅਤੇ ਮੁੰਡ ਫਿਰ ਰਹੇ ਹਨ।

ਗਜੀ ਬਾਜ ਗਾਜੀ ਗਿਰੈ ਬੀਰ ਝੁੰਡੰ ॥

(ਕਿਤੇ) ਹਾਥੀਆਂ ਦੇ ਸਵਾਰ, ਘੋੜਿਆਂ ਦੇ ਸਵਾਰ, ਸੂਰਮਿਆਂ ਦੇ ਝੁੰਡ ਡਿਗੇ ਪਏ ਹਨ।

ਇਕੰ ਹਾਕ ਹੰਕੈਤਿ ਧਰਕੈਤ ਸੂਰੰ ॥

ਇਕਨਾਂ ਵਲੋਂ ਹਾਕਾਂ ਪੈਂਦੀਆਂ ਹਨ ਅਤੇ (ਜਿਨ੍ਹਾਂ ਨੂੰ ਸੁਣ ਕੇ) ਸੂਰਮਿਆਂ (ਦੇ ਦਿਲ) ਧੜਕ ਰਹੇ ਹਨ।

ਉਠੇ ਤਛ ਮੁਛੰ ਭਈ ਲੋਹ ਪੂਰੰ ॥੪੮੭॥

ਕਟੇ ਹੋਏ ਧੜ ਉਠਦੇ ਹਨ ਅਤੇ (ਯੁੱਧ-ਭੂਮੀ) ਲੋਹੇ (ਦੇ ਹਥਿਆਰਾਂ ਨਾਲ) ਭਰੀ ਪਈ ਹੈ ॥੪੮੭॥

ਰਸਾਵਲ ਛੰਦ ॥

ਰਸਾਵਲ ਛੰਦ:

ਅਰੇ ਜੇ ਸੁ ਮਾਰੇ ॥

(ਜੋ ਸਾਹਮਣੇ) ਅੜੇ ਹਨ (ਉਹ) ਮਾਰੇ ਗਏ ਹਨ।

ਮਿਲੇ ਤੇ ਜੁ ਹਾਰੇ ॥

ਜੋ ਹਾਰ ਗਏ ਹਨ (ਉਹ ਈਨ ਮੰਨ ਕੇ) ਮਿਲ ਪਏ ਹਨ।

ਲਏ ਸਰਬ ਸੰਗੰ ॥

ਸਭ ਨੂੰ ਨਾਲ ਲੈ ਕੇ

ਰਸੇ ਰੀਝ ਰੰਗੰ ॥੪੮੮॥

(ਕਲਕੀ ਅਵਤਾਰ ਯੁੱਧ) ਦੇ ਰੰਗ ਵਿਚ ਰੰਗੇ ਹੋਏ ਹਨ ॥੪੮੮॥

ਦਇਓ ਦਾਨ ਏਤੋ ॥

ਇਤਨਾ (ਅਧਿਕ) ਦਾਨ ਦਿੱਤਾ ਹੈ, ਕਿਤਨਾ ਹੈ?

ਕਥੈ ਕਬਿ ਕੇਤੋ ॥

ਕਵੀ ਜਨ (ਉਸ ਦਾ) ਵਰਣਨ ਨਹੀਂ ਕਰ ਸਕਦੇ।

ਰਿਝੇ ਸਰਬ ਰਾਜਾ ॥

ਸਾਰੇ ਰਾਜੇ ਪ੍ਰਸੰਨ ਹੋ ਗਏ ਹਨ।

ਬਜੇ ਬੰਬ ਬਾਜਾ ॥੪੮੯॥

ਨਗਾਰੇ ਅਤੇ ਵਾਜੇ ਵਜ ਰਹੇ ਹਨ ॥੪੮੯॥

ਖੁਰਾਸਾਨ ਜੀਤਾ ॥

ਖੁਰਾਸਾਨ ਦੇਸ਼ ਜਿਤ ਲਿਆ ਹੈ।

ਸਬਹੂੰ ਸੰਗ ਲੀਤਾ ॥

ਸਾਰਿਆਂ (ਵੈਰੀਆਂ) ਨੂੰ ਨਾਲ ਲੈ ਲਿਆ ਹੈ।

ਦਇਓ ਆਪ ਮੰਤ੍ਰੰ ॥

(ਸਭ ਨੂੰ ਕਲਕੀ ਨੇ) ਆਪ ਮੰਤ੍ਰ ਦਿੱਤਾ ਹੈ

ਭਲੇ ਅਉਰ ਜੰਤ੍ਰੰ ॥੪੯੦॥

ਅਤੇ ਹੋਰ ਵੀ ਕਈ ਉਤਮ ਜੰਤ੍ਰ ਦਿੱਤੇ ਹਨ ॥੪੯੦॥

ਚਲਿਓ ਦੇ ਨਗਾਰਾ ॥

(ਕਲਕੀ) ਧੌਂਸਾ ਵਜਾ ਕੇ ਤੁਰ ਪਿਆ ਹੈ।

ਮਿਲਿਓ ਸੈਨ ਭਾਰਾ ॥

ਬਹੁਤ ਵੱਡਾ ਸੈਨਾ ਦਲ ਨਾਲ ਮਿਲ ਗਿਆ ਹੈ।

ਕ੍ਰਿਪਾਣੀ ਨਿਖੰਗੰ ॥

(ਕਈ) ਕ੍ਰਿਪਾਨਾਂ ਵਾਲੇ ਅਤੇ ਭੱਥਿਆਂ ਵਾਲੇ ਹਨ,

ਸਕ੍ਰੋਧੀ ਭੜੰਗੰ ॥੪੯੧॥

ਜੋ ਕ੍ਰੋਧਵਾਨ ਹੋ ਕੇ ਲੜਦੇ ਹਨ ॥੪੯੧॥

ਤੋਟਕ ਛੰਦ ॥

ਤੋਟਕ ਛੰਦ:

ਭੂਅ ਕੰਪਤ ਜੰਪਤ ਸੇਸ ਫਣੰ ॥

(ਕਲਕੀ ਦੀ ਚੜ੍ਹਤਲ ਨਾਲ) ਭੂਮੀ ਕੰਬ ਗਈ ਹੈ। ਸ਼ੇਸ਼ ਨਾਗ ਜਾਪ ਕਰ ਰਿਹਾ ਹੈ।

ਘਹਰੰਤ ਸੁ ਘੁੰਘਰ ਘੋਰ ਰਣੰ ॥

ਰਣ-ਭੂਮੀ ਵਿਚ ਘੋਰ ਆਵਾਜ਼ ਨਾਲ ਘੁੰਘਰੂ ਵਜ ਰਹੇ ਹਨ।

ਸਰ ਤਜਤ ਗਜਤ ਕ੍ਰੋਧ ਜੁਧੰ ॥

(ਸੂਰਮੇ) ਯੁੱਧ ਵਿਚ ਤੀਰ ਛਡਦੇ ਹਨ ਅਤੇ ਕ੍ਰੋਧ ਨਾਲ ਗਜਦੇ ਹਨ।

ਮੁਖ ਮਾਰ ਉਚਾਰਿ ਜੁਝਾਰ ਕ੍ਰੁਧੰ ॥੪੯੨॥

ਜੁਝਾਰੂ ਸੂਰਮੇ ਕ੍ਰੋਧ ਨਾਲ ਮੁਖ ਤੋਂ 'ਮਾਰੋ' 'ਮਾਰੋ' ਪੁਕਾਰਦੇ ਹਨ ॥੪੯੨॥

ਬ੍ਰਿਨ ਝਲਤ ਘਲਤ ਘਾਇ ਘਣੰ ॥

(ਸੂਰਮੇ) ਜ਼ਖ਼ਮਾਂ ਨੂੰ ਝਲਦੇ ਹਨ ਅਤੇ (ਹੋਰਨਾਂ ਨੂੰ) ਘਾਇਲ ਕਰਦੇ ਵੀ ਹਨ।

ਕੜਕੁਟ ਸੁ ਪਖਰ ਬਖਤਰਣੰ ॥

ਪਾਖਰਾਂ ਵਾਲਿਆਂ ਅਤੇ ਕਵਚਾਂ ਵਾਲਿਆਂ ਦੀ ਕਰਕੁਟ ਮਚੀ ਹੋਈ ਹੈ।

ਗਣ ਗਿਧ ਸੁ ਬ੍ਰਿਧ ਰੜੰਤ ਨਭੰ ॥

ਬਹੁਤ ਸਾਰੀਆਂ ਵੱਡੀਆਂ ਗਿਰਝਾਂ ਆਕਾਸ਼ ਵਿਚ ਸ਼ੋਰ ਪਾ ਰਹੀਆਂ ਹਨ।

ਕਿਲਕਾਰਤ ਡਾਕਿਣ ਉਚ ਸੁਭੰ ॥੪੯੩॥

ਡਾਕਣੀਆਂ ਉੱਚੀ ਸੁਰ ਵਿਚ ਕਿਲਕਾਰੀਆਂ ਮਾਰ ਰਹੀਆਂ ਹਨ ॥੪੯੩॥

ਗਣਿ ਹੂਰ ਸੁ ਪੂਰ ਫਿਰੀ ਗਗਨੰ ॥

ਹੂਰਾਂ ਦੀਆਂ ਫਿਰਦੀਆਂ ਟੋਲੀਆਂ ਨਾਲ ਆਕਾਸ਼ ਪੂਰਿਆ ਗਿਆ ਹੈ।

ਅਵਿਲੋਕਿ ਸਬਾਹਿ ਲਗੀ ਸਰਣੰ ॥

ਉਹ ਸੁੰਦਰ ਡੀਲ ਡੌਲ ਵਾਲੇ (ਸੂਰਮਿਆਂ) ਦੀ ਸਰਨ ਵਿਚ ਪੈਂਦੀਆਂ ਹਨ।

ਮੁਖ ਭਾਵਤ ਗਾਵਤ ਗੀਤ ਸੁਰੀ ॥

ਉਹ ਦੇਵ-ਇਸਤਰੀਆਂ ਮਨ ਭਾਉਂਦੇ ਗੀਤ ਮੁਖ ਤੋਂ ਗਾ ਰਹੀਆਂ ਹਨ।

ਗਣ ਪੂਰ ਸੁ ਪਖਰ ਹੂਰ ਫਿਰੀ ॥੪੯੪॥

ਹੂਰਾਂ ਦੀਆਂ ਟੋਲੀਆਂ ਪੂਰੀ ਤਰ੍ਹਾਂ ਸਜ ਕੇ ਫਿਰਦੀਆਂ ਹਨ ॥੪੯੪॥

ਭਟ ਪੇਖਤ ਪੋਅਤ ਹਾਰ ਹਰੀ ॥

ਸੂਰਮੇ ਵੇਖਦੇ ਹਨ ਅਤੇ ਸ਼ਿਵ (ਮੁੰਡਾਂ ਦੀ) ਮਾਲਾ ਪਰੋ ਰਿਹਾ ਹੈ।

ਹਹਰਾਵਤ ਹਾਸ ਫਿਰੀ ਪਖਰੀ ॥

ਅਪੱਛਰਾਵਾਂ ਹਸਦੀਆਂ ਹਸਾਉਂਦੀਆਂ ਫਿਰ ਰਹੀਆਂ ਹਨ।

ਦਲ ਗਾਹਤ ਬਾਹਤ ਬੀਰ ਬ੍ਰਿਣੰ ॥

ਸੂਰਮੇ ਸੈਨਾ ਨੂੰ ਗਾਹੁੰਦੇ ਫਿਰਦੇ ਹਨ ਅਤੇ ਜ਼ਖ਼ਮ ਲਗਾਉਂਦੇ ਫਿਰਦੇ ਹਨ।

ਪ੍ਰਣ ਪੂਰ ਸੁ ਪਛਿਮ ਜੀਤ ਰਣੰ ॥੪੯੫॥

ਯੁੱਧ ਵਿਚ ਪੱਛਮ ਦਿਸ਼ਾ ਨੂੰ ਜਿਤ ਕੇ ਪ੍ਰਣ ਨੂੰ ਪੂਰਾ ਕਰ ਦਿੱਤਾ ਹੈ ॥੪੯੫॥

ਦੋਹਰਾ ॥

ਦੋਹਰਾ:

ਜੀਤਿ ਸਰਬ ਪਛਿਮ ਦਿਸਾ ਦਛਨ ਕੀਨ ਪਿਆਨ ॥

ਸਾਰੀ ਪੱਛਮ ਦਿਸ਼ਾ ਨੂੰ ਜਿਤ ਕੇ (ਕਲਕੀ ਨੇ) ਦੱਖਣ ਦਿਸ਼ਾ ਵਲ ਚਾਲੇ ਪਾਏ ਹਨ।

ਜਿਮਿ ਜਿਮਿ ਜੁਧ ਤਹਾ ਪਰਾ ਤਿਮਿ ਤਿਮਿ ਕਰੋ ਬਖਾਨ ॥੪੯੬॥

ਜਿਵੇਂ ਜਿਵੇਂ ਉਥੇ ਯੁੱਧ ਹੋਇਆ ਹੈ, ਤਿਵੇਂ ਤਿਵੇਂ (ਉਸ ਦਾ) ਕਥਨ ਕਰਦਾ ਹਾਂ ॥੪੯੬॥

ਤੋਟਕ ਛੰਦ ॥

ਤੋਟਕ ਛੰਦ:

ਰਣਿ ਜੰਪਤ ਜੁਗਿਣ ਜੂਹ ਜਯੰ ॥

ਰਣ-ਭੂਮੀ ਵਿਚ ਜੋਗਣਾਂ ਦੀਆਂ ਟੋਲੀਆਂ 'ਜੈਜੈਕਾਰ' ਦਾ ਜਾਪ ਕਰ ਰਹੀਆਂ ਹਨ।

ਕਲਿ ਕੰਪਤ ਭੀਰੁ ਅਭੀਰ ਭਯੰ ॥

ਕਲਕੀ (ਅਵਤਾਰ) ਦੇ ਭੈ ਕਰ ਕੇ ਕਾਇਰ ਅਤੇ ਸੂਰਵੀਰ (ਸੂਰਮੇ) ਕੰਬ ਰਹੇ ਹਨ।

ਹੜ ਹਸਤ ਹਸਤ ਹਾਸ ਮ੍ਰਿੜਾ ॥

ਦੁਰਗਾ ਹੜ ਹੜ ਕਰ ਕੇ ਹਸ ਰਹੀ ਹੈ।