ਅਨਾਦਿ, ਅਗਾਧ, ਰੋਗਾਂ ਦੇ ਮੂਲ ਕਾਰਨ ਸਰੂਪ ਅਤੇ ਧੁਨੀ ਤੋਂ ਬਿਨਾ ਰੂਪ ਵਾਲੇ ਨੂੰ ਮੰਨਣਾ ਚਾਹੀਦਾ ਹੈ;
ਅਗੰਜ, ਅਭੰਜ, ਅਰੰਜ (ਰੰਜ ਰਹਿਤ) ਅਗੰਜ ਅਤੇ ਗੰਜ (ਖ਼ਜ਼ਾਨਾ) ਰੂਪ ਨੂੰ ਧਿਆਉਣਾ ਚਾਹੀਦਾ ਹੈ;
(ਉਸ) ਅਲੇਖ, ਅਭੇਖ, ਅਦ੍ਵੈਸ਼, ਅਰੇਖ (ਰੇਖਾਰਹਿਤ) ਅਸ਼ੇਖ (ਪਰਿ ਪੂਰਨ) ਨੂੰ ਪਛਾਣਨਾ ਚਾਹੀਦਾ ਹੈ।
ਭੁਲ ਕੇ ਵੀ ਯੰਤਰ, ਤੰਤਰ ਅਤੇ ਮੰਤਰ, ਭਰਮ ਅਤੇ ਭੇਖ ਨੂੰ ਧਾਰਨ ਨਹੀਂ ਕਰਨਾ ਚਾਹੀਦਾ ॥੧॥੧੦੪॥
(ਜੋ) ਕਿਪਾਲੂ, ਪਿਆਰਾ, ਅਕਾਲ, ਅਪਾਲ (ਪਾਲੇ ਜਾਣ ਤੋਂ ਪਰੇ) ਦਿਆਲ ਦਾ ਸਦਾ ਸਿਮਰਨ ਕਰਨਾ ਚਾਹੀਦਾ ਹੈ;
ਅਧਰਮ ਦੇ ਕਰਮਾਂ ਵਿਚ, ਧਰਮ ਦੇ ਭਰਮਾਂ ਵਿਚ ਅਤੇ ਕਰਮਾਂ ਵਿਚ (ਸਦਾ ਉਸ ਨੂੰ ਹੀ) ਵਿਚਾਰਨਾ ਚਾਹੀਦਾ ਹੈ;
ਅਨੇਕ ਪ੍ਰਕਾਰ ਦੇ ਦਾਨਾਂ, ਗਿਆਨਾਂ, ਧਿਆਨਾਂ ਅਤੇ ਧਿਆਨਵਾਨਾਂ ਵਿਚ (ਉਸੇ ਨੂੰ) ਵੇਖਣਾ ਚਾਹੀਦਾ ਹੈ;
ਅਧਰਮ ਦੇ ਕਰਮ ਤੋਂ ਬਿਨਾ, ਧਰਮ ਦੇ ਕਰਮਾਂ ਵਿਚ (ਉਸ ਨੂੰ) ਜਾਣਨਾ ਚਾਹੀਦਾ ਹੈ ॥੨॥੧੦੫॥
ਬ੍ਰਤ ਆਦਿ ਦਾਨ, ਸੰਯਮ ਅਤੇ ਤੀਰਥ-ਇਸ਼ਨਾਨ ਆਦਿ ਦੇਵ-ਕਰਮ,
ਅਸ਼੍ਵਮੇਧ, ਕੁੰਜਰਮੇਧ, ਰਾਜਸੂਯ (ਯੱਗ) ਬਿਲਕੁਲ ਭਰਮ ਹਨ।
ਨਿਉਲੀ ਆਦਿ ਕਰਮ ਅਤੇ ਹੋਰ ਅਨੇਕ ਭੇਖਾਂ ਨੂੰ (ਨਿਰਾ) ਭੇਖ ਮੰਨਣਾ ਚਾਹੀਦਾ ਹੈ।
(ਅਸਲ ਵਿਚ) ਅਦ੍ਰਿਸ਼ (ਪਰਮਾਤਮਾ) ਦੇ ਸਰੂਪ (ਭੇਖ) ਤੋਂ ਬਿਨਾ (ਹੋਰ ਸਾਰੇ) ਕਰਮ (ਕੇਵਲ) ਭਰਮ ਹੀ ਸਮਝਣੇ ਚਾਹੀਦੇ ਹਨ ॥੩॥੧੦੬॥
(ਜੋ ਪ੍ਰਭੂ) ਜਾਤਿ-ਪਾਤਿ ਤੋਂ ਬਿਨਾ, ਮਾਤਾ-ਪਿਤਾ ਤੋਂ ਰਹਿਤ ਅਤੇ ਜਨਮ ਲੈਣ ਤੋਂ ਮੁਕਤ ਸਦਾ ਸਿੱਧ ਹੈ;
(ਜਿਸ ਦਾ) ਵੈਰੀ, ਮਿਤਰ, ਪੁੱਤਰ, ਪੋਤਰਾ ਕੋਈ ਨਹੀਂ ਅਤੇ (ਜੋ) ਜਿਥੇ ਕਿਥੇ ਸਦਾ ਮੌਜੂਦ ਹੈ;
(ਉਸ ਨੂੰ) ਅਖੰਡ, ਮੰਡ (ਹੋਂਦ ਦੇਣ ਵਾਲਾ) ਚੰਡ (ਪ੍ਰਚੰਡ ਰੂਪ ਵਾਲਾ) ਡਰ ਨਾ ਮੰਨਣ ਵਾਲਾ ਅਤੇ ਨਾ ਖੰਡੇ ਜਾ ਸਕਣ ਵਾਲਿਆਂ ਨੂੰ ਖੰਡਿਤ ਕਰਨ ਵਾਲਾ ਕਹਿਣਾ ਚਾਹੀਦਾ ਹੈ;
(ਜੋ) ਰੂਪ, ਰੰਗ, ਰੇਖਾ ਵਾਲਾ ਨਹੀਂ ਹੈ, (ਉਸ) ਅਲੇਖ ਨੂੰ ਕਿਸੇ ਭੇਖ ਵਿਚ ਨਹੀਂ ਰਖਣਾ ਚਾਹੀਦਾ ॥੪॥੧੦੭॥
ਅਨੇਕ ਤੀਰਥਾਂ ਆਦਿ (ਦਾ ਇਸ਼ਨਾਨ ਕਰਨਾ) ਆਸਣ ਅਤੇ ਨਾਰਦ (ਦੇ ਪੰਚਰਾਤ੍ਰ ਅਨੁਸਾਰ) ਆਸਣ ਆਦਿ (ਕਰਨੇ)
ਬੈਰਾਗ, ਸੰਨਿਆਸ ਅਤੇ ਅਨੇਕ ਯੋਗ (ਧਾਰਨੇ ਅਤੇ) ਪਦਾਰਥਾਂ ਦਾ ਭੋਗ ਕਰਨਾ,
ਅਨੰਤ ਤੀਰਥਾਂ (ਉਤੇ ਜਾਣਾ) ਅਤੇ ਬ੍ਰਤ ਨੇਮ ਆਦਿ ਸੰਜਮ ਕਰਨੇ ਵੇਖੇ ਜਾਂਦੇ ਹਨ
(ਪਰ ਉਸ) ਅਨਾਦਿ, ਅਗਾਧ (ਪਰਮਾਤਮਾ) ਤੋਂ ਬਿਨਾ ਹੋਰ ਸਾਰੇ ਸਾਧਨ ਭਰਮ ਮਾਤਰ ਹੀ ਸਮਝਣੇ ਚਾਹੀਦੇ ਹਨ ॥੫॥੧੦੮॥
ਰਸਾਵਲ ਛੰਦ:
ਦਇਆ ਆਦਿ ਧਰਮ,
ਸੰਨਿਆਸ ਆਦਿ ਕਰਮ,
ਹਾਥੀ ਆਦਿ ਦਾ ਦਾਨ,
ਘੋੜੇ ਆਦਿ ਦਾ ਯੱਗ ('ਥਾਨੰ') (ਪ੍ਰਭੂ ਦੀ ਪ੍ਰਾਪਤੀ ਲਈ ਕੀਤਾ ਜਾਂਦਾ ਹੈ) ॥੧॥੧੦੯॥
ਸੋਨੇ ਦਾ ਦਾਨ ਦੇਣਾ,
ਸਮੁੰਦਰ ਆਦਿ ਦਾ ਇਸ਼ਨਾਨ ਕਰਨਾ,
ਰਾਮੇਸ਼ਵਰ ਆਦਿ (ਪਰਮ ਧਾਮਾਂ) ਉਤੇ ਫਿਰਨਾ,
ਬਿਰਕਤ ਆਦਿ ਕਰਮ ਕਰਨੇ (ਪਰਮਾਤਮਾ ਦੀ ਪ੍ਰਾਪਤ ਲਈ ਕੀਤੇ ਜਾਂਦੇ ਹਨ) ॥੨॥੧੧੦॥
ਨਿਉਲੀ ਆਦਿ (ਕਰਮ) ਕਰਨੇ,
ਨੀਲੇ ਰੰਗ ਦੇ (ਬਸਤ੍ਰ ਧਾਰਨ ਕਰਨੇ)
ਅਨੀਲ (ਰੰਗ ਰਹਿਤ ਪ੍ਰਭੂ) ਆਦਿ ਵਿਚ ਧਿਆਨ ਲਗਾਣਾ,
(ਇਨ੍ਹਾਂ ਸਭ ਵਿਚੋਂ) ਪ੍ਰਧਾਨ ਕਰਮ ਉਸ ਦਾ (ਨਾਮ) ਜਪਣਾ ਹੈ ॥੩॥੧੧੧॥
ਆਦਿ ਤੋਂ ਅਮਿਤ (ਅਸੀਮ) (ਉਸ ਦੀ) ਭਗਤੀ ਹੈ,
ਵਿਕਾਰ (ਅਵਿਕਤਅਵਿਕ੍ਰਤ) ਅਤੇ ਮੋਹ (ਬ੍ਰਕਤੰ) ਤੋਂ ਪਰੇ ਹੈ,
ਜਿਗਿਆਸਾ (ਪ੍ਰਛ) ਤੋਂ ਤੂੰ ਪ੍ਰਾਪਤ (ਪ੍ਰਜਾਪੰ) ਹੁੰਦਾ ਹੈਂ,
ਤੂੰ ਸਭ ਦਾ ਭੋਗ ਕਰਨ ਵਾਲਾ ਅਤੇ ਕਿਸੇ ਦੁਆਰਾ ਨਾ ਥਾਪਿਆ ਜਾ ਸਕਣ ਵਾਲਾ ਹੈ ॥੪॥੧੧੨॥
ਭਗਤਾਂ ਆਦਿ ਦੇ ਕੰਮਾਂ ਨੂੰ ਕਰਨ ਵਾਲਾ ਹੈਂ,
ਨਾ ਜੁੜਨ ਵਾਲਿਆਂ ਦਾ ਤੂੰ ਨਾਸ਼ ਕਰਨ ਵਾਲਾ ਹੈਂ,
ਵਿਰਕਤ (ਨਿਰਲੇਪ) ਵਿਅਕਤੀਆਂ ਨੂੰ ਤੂੰ (ਆਪਣੇ ਤੇਜ) ਨਾਲ ਪ੍ਰਕਾਸ਼ਿਤ ਕਰਨ ਵਾਲਾ ਹੈਂ,
ਪਤਿਤਾਂ ਨੂੰ ਤੂੰ ਨਸ਼ਟ ਕਰਨ ਵਾਲਾ ਹੈਂ ॥੫॥੧੧੩॥
ਸਭ ਵਿਚ ਤੂੰ ਪ੍ਰਧਾਨ ਹੈਂ,
ਧੁਜਾਵਾਂ ਦਾ ਤੂੰ ਧੁੱਰਾ ਹੈਂ,
ਤੂੰ ਵਿਕਾਰ ਅਤੇ ਨਾਸ਼ ਨੂੰ ਪ੍ਰਾਪਤ ਨਹੀਂ ਹੁੰਦਾ,
ਬਿਨਾ ਅੰਗਾਂ ਦੇ ਇਕ ਤੂੰ ਹੀ ਹੈਂ ॥੬॥੧੧੪॥
ਓਅੰਕਾਰ ਹੀ ਤੇਰਾ ਆਕਾਰ ਹੈ,
ਹੇ ਕ੍ਰਿਪਾਲੂ! ਤੇਰੀ ਕ੍ਰਿਪਾ ਹੈ।
ਪ੍ਰਿਥਵੀ ਦੀ ਸ਼ਕਤੀ ('ਖਿਤਸ') ਰੂਪ ਵਿਚ ਤੂੰ ਵਿਆਪ ਰਿਹਾ ਹੈਂ,