ਕਿ ਕ੍ਰਿਸ਼ਨ ਗੁਫਾ ਵਿਚ ਵੜ ਕੇ ਫਿਰ ਉਸ ਤੋਂ ਬਾਹਰ ਨਹੀਂ ਆਇਆ ॥੨੦੫੪॥
ਬਲਰਾਮ ਨੇ ਕਿਹਾ
ਸਵੈਯਾ:
ਜਾਂ ਤਾਂ ਕਿਸੇ ਵੈਰੀ ਨਾਲ ਲੜ ਕੇ (ਸ੍ਰੀ ਕ੍ਰਿਸ਼ਨ ਨੇ) ਆਪਣਾ ਸ਼ਰੀਰ ਯਮਲੋਕ ਭੇਜ ਦਿੱਤਾ ਹੈ।
ਜਾਂ ਇਸ ਮੂਰਖ ਦੀ ਮਣੀ ਨੂੰ ਖੋਜਦਿਆਂ ਹੋਇਆ (ਰਾਜਾ) ਬਲਿ ਦੇ ਲੋਕ ਦਾ ਕੋਈ ਮਾਰਗ ਲਭ ਲਿਆ ਹੈ।
ਜਾਂ ਇਸ ਦੇ ਭਰਾ ਦੇ ਪ੍ਰਾਣ ਅਤੇ ਮਣੀ ਨੂੰ ਯਮ ਲੈ ਗਿਆ ਹੈ, ਉਨ੍ਹਾਂ ਨੂੰ ਲਿਆਉਣ ਲਈ (ਉਥੇ) ਚਲਾ ਗਿਆ ਹੈ।
ਜਾਂ ਇਸ ਮੂਰਖ ਦੇ ਕੁਬੋਲ (ਉਸ ਨੂੰ) ਲਗ ਗਏ ਹਨ ਅਤੇ ਲਜਾ ਦਾ ਮਾਰਿਆ ਘਰ ਨਹੀਂ ਆਇਆ ਹੈ ॥੨੦੫੫॥
ਜਦ ਰਾਜਾ (ਉਗ੍ਰਸੈਨ) ਪਾਸ ਬਲਰਾਮ ਨੇ ਰੋਂਦੇ ਹੋਇਆਂ ਇਸ ਤਰ੍ਹਾਂ ਕਿਹਾ,
ਤਦ ਸਾਰੇ ਯਾਦਵਾਂ ਨੇ ਮਿਲ ਕੇ ਸਤ੍ਰਾਜਿਤ ਨੂੰ ਲਤਾਂ ਅਤੇ ਮੁਕਿਆਂ ਨਾਲ ਕੁਟਿਆ।
ਪਗ ਉਤਾਰ ਕੇ ਮੁਸ਼ਕਾਂ (ਬੰਨ੍ਹ) ਦਿੱਤੀਆਂ ਅਤੇ ਗੋਡਿਆਂ ਤੋਂ ਪਕੜ ਕੇ ਖੂਹ ਵਿਚ ਸੁਟ ਦਿੱਤਾ।
ਕਿਸੇ ਨੇ ਉਸ ਨੂੰ ਛੱਡਣ ਲਈ ਨਾ ਕਿਹਾ, (ਸਗੋਂ) ਸਭ ਨੇ ਉਸ ਨੂੰ ਮਾਰ ਸੁਟਣ (ਦਾ ਵਿਚਾਰ) ਚਿਤ ਵਿਚ ਧਾਰ ਲਿਆ ॥੨੦੫੬॥
ਕ੍ਰਿਸ਼ਨ ਦੀਆਂ ਇਹ ਗੱਲਾਂ ਜਦ ਸ੍ਰੀ ਕ੍ਰਿਸ਼ਨ ਦੀਆਂ ਸਾਰੀਆਂ ਨਾਰੀਆਂ ਨੇ ਸੁਣ ਲਈਆਂ,
ਤਾਂ ਕਈ ਰੋਂਦੀਆਂ ਹੋਈਆਂ ਭੂਮੀ ਉਤੇ ਡਿਗ ਪਈਆਂ ਅਤੇ ਕਈ ਮਨ ਦੀ ਦੁਚਿੱਤੀ ਕਾਰਨ ਪਿਟਣ ਲਗ ਗਈਆਂ।
ਕਈ ਇਕ ਕਹਿੰਦੀਆਂ, ਪਤੀ ਨੇ ਪ੍ਰਾਣ ਤਿਆਗ ਦਿੱਤੇ ਹਨ, ਹੇ ਮਾਤਾ! ਹੁਣ ਸਾਡਾ ਕੀ ਹਾਲ ਹੋਵੇਗਾ।
(ਅਤੇ) ਰੁਕਮਨੀ ਨੇ ਸ੍ਰੇਸ਼ਠ ਬ੍ਰਾਹਮਣਾਂ ਨੂੰ ਦਾਨ ਦਿੱਤੇ ਹਨ ਅਤੇ ਫਿਰ (ਆਪ) ਸਤੀ ਹੋਣ ਲਈ ਆ ਗਈ ਹੈ ॥੨੦੫੭॥
ਦੋਹਰਾ:
ਬਸੁਦੇਵ ਅਤੇ ਦੇਵਕੀ ਦੇ ਚਿਤ ਵਿਚ ਦੁਬਿਧਾ ਵਧ ਗਈ।
ਸ੍ਰੀ ਕ੍ਰਿਸ਼ਨ ਦੀ ਦੋ ਪਾਸੀ (ਲੌਕਿਕ ਤੇ ਪਰਲੌਕਿਕ) ਗਤਿ ਵੇਖ ਕੇ ਰੁਕਮਨੀ ਨੂੰ ਆ ਕੇ (ਸਤੀ ਹੋਣ ਤੋਂ) ਵਰਜਿਆ ॥੨੦੫੮॥
ਸਵੈਯਾ:
(ਕਵੀ) ਸ਼ਿਆਮ ਕਹਿੰਦੇ ਹਨ, ਦੇਵਕੀ ਨੇ ਪੁੱਤਰ-ਬਰਧੂ (ਨੂੰਹ) ਨੂੰ ਆ ਕੇ ਇਸ ਤਰ੍ਹਾਂ ਸਮਝਾਇਆ,
ਜੇ ਸ੍ਰੀ ਕ੍ਰਿਸ਼ਨ ਰਣ ਵਿਚ ਜੂਝ ਮਰਿਆ ਹੈ, ਤਾਂ ਤੇਰਾ ਸੜ ਮਰਨਾ (ਸਤੀ ਹੋਣਾ) ਜ਼ਰੂਰ ਬਣਦਾ ਹੈ।
ਜੇ ਕਰ ਇਸ ਮੂਰਖ ਦੀ ਮਣੀ ਨੂੰ ਲਭਣ ਲਈ ਸ੍ਰੀ ਕ੍ਰਿਸ਼ਨ ਬਹੁਤ ਸਾਰੇ ਕੋਹ ਦੂਰ ਨਿਕਲ ਗਿਆ ਹੈ,
ਤਾਂ ਤੂੰ ਚੁਪ ਕਰ ਰਹਿ ਅਤੇ (ਉਸ ਦੀ) ਖ਼ਬਰ ਸਾਰ ਲੈ। ਅਤੇ ਇਸ ਤਰ੍ਹਾਂ ਕਹਿ ਕੇ (ਨੂੰਹ ਦੇ) ਪੈਰਾਂ ਉਤੇ ਸਿਰ ਝੁਕਾ ਦਿੱਤਾ ॥੨੦੫੯॥
ਨੂੰਹ ਨੂੰ ਇਸ ਤਰ੍ਹਾਂ ਸਮਝਾ ਬੁਝਾ ਕੇ ਫਿਰ ਉਸ (ਦੇਵਕੀ) ਨੇ ਜਾ ਕੇ ਭਵਾਨੀ (ਦੁਰਗਾ) ਦੀ ਪੂਜਾ ਕਰਨੀ ਆਰੰਭ ਕੀਤੀ।