ਸਾਰੇ ਆ ਕੇ ਜੂਝ ਰਹੇ ਸਨ ਅਤੇ ਬਹੁਤ ਸਾਰੇ ਭਜੀ ਜਾ ਰਹੇ ਸਨ।
ਕਿਤੇ ਤ੍ਰਿਸ਼ੂਲਾਂ ਅਤੇ ਸੈਹਥੀਆਂ ਨਾਲ ਘੋੜਿਆਂ (ਉਪਰ ਚੜ੍ਹ ਕੇ) ਯੁੱਧ ਕ੍ਰੀੜਾ ਕੀਤੀ ਜਾ ਰਹੀ ਸੀ।
ਕਿਤੇ ਪਾਸ (ਫਾਹੀ) ਅਤੇ ਕੁਹਾੜੇ ਲੈ ਕੇ ਕਦਮਾਂ ਨੂੰ ਅਗੇ ਵਧਾਇਆ ਜਾ ਰਿਹਾ ਸੀ ॥੧੭੯॥
ਕਿਤੇ ਘੋੜਿਆਂ ਉਤੇ ਕਾਠੀਆਂ ਪਾ ਕੇ ਅਤੇ
ਕਿਤੇ ਸੁੰਦਰ ਜਾਮਿਆਂ (ਵਿਚ ਸੂਰਮੇ) ਤਾਜ਼ੀਆਂ ਉਪਰ ਚੜ੍ਹ ਕੇ ਜਾ ਰਹੇ ਸਨ।
ਕਿਤੇ (ਸੂਰਮੇ) ਮਸਤ ਹਾਥੀਆਂ ਉਤੇ ਬਿਰਾਜ ਰਹੇ ਸਨ,
ਮਾਨੋ ਐਰਾਵਤ ਹਾਥੀ ('ਬਾਰਣੇਸੇ') ਉਤੇ ਚੜ੍ਹਿਆ ਇੰਦਰ ਲਜਾ ਰਿਹਾ ਹੋਵੇ ॥੧੮੦॥
ਕਿਤੇ ਖਚਰਾਂ ਉਤੇ ਚੜ੍ਹੇ ਵੈਰੀ ਬਿਰਾਜ ਰਹੇ ਸਨ।
ਕਿਤੇ ਖੋਤਿਆਂ ਉਤੇ ਚੜ੍ਹੇ ਸੂਰਮੇ ਗਜ ਰਹੇ ਸਨ।
ਕਿਤੇ ਦਾਨਵਾਂ ਉਤੇ ਭਾਰੀ ਦੈਂਤ ਚੜ੍ਹੇ ਹੋਏ ਸਨ
ਅਤੇ ਨਗਾਰੇ ਵਜਾ ਕੇ ਚੌਹਾਂ ਪਾਸਿਆਂ ਵਿਚ ਗਜ ਰਹੇ ਸਨ ॥੧੮੧॥
ਕਿਤੇ ਝੋਟਿਆਂ ਉਤੇ ਚੜ ਕੇ ਦੈਂਤ ਢੁਕ ਰਹੇ ਸਨ।
ਕਿਤੇ ਸੂਰਾਂ ਉਤੇ ਸਵਾਰ ਹੋ ਕੇ (ਦੈਂਤ) ਆ ਡਟੇ ਸਨ।
ਕਿਤੇ ਭਾਰੇ ਦੈਂਤ ਦਾਨਵਾਂ ਉਤੇ ਚੜ੍ਹੇ ਹੋਏ ਸਨ
ਅਤੇ ਚੌਹਾਂ ਪਾਸਿਆਂ ਤੋਂ 'ਮਾਰੋ ਮਾਰੋ' ਪੁਕਾਰ ਰਹੇ ਸਨ ॥੧੮੨॥
ਕਿਤੇ ਦੁਸ਼ਟ (ਵੈਰੀ) ਸੱਪਾਂ ਉਤੇ ਸਵਾਰ ਹੋ ਕੇ
ਅਤੇ ਕਿਤੇ ਬਘਿਆੜਾਂ ਉਤੇ ਚੜ੍ਹ ਕੇ ਆਏ ਸਨ।
ਕਿਤੇ ਕ੍ਰੋਧਿਤ ਹੋਏ ਚੀਤਿਆਂ ਉਤੇ ਚੜ੍ਹ ਕੇ
ਅਤੇ ਕਿਤੇ ਤੱਤੇ ਹੋ ਕੇ ਚੀਤਲਾਂ (ਮ੍ਰਿਗਾਂ) ਉਤੇ ਸਵਾਰ ਹੋ ਕੇ ਆ ਪਹੁੰਚੇ ਸਨ ॥੧੮੩॥
ਕਿਤੇ ਛਛੂੰਦਰ ਕਾਂਵਾਂ ਉਪਰ ਚੜ੍ਹੇ ਹੋਏ ਚਲ ਰਹੇ ਸਨ
ਅਤੇ ਕਿਤਨੇ ਸਿਪਾਹੀ ਅਠੂਇਆਂ ਉਤੇ ਸਵਾਰ ਸਨ।
ਕਿਤੇ ਪ੍ਰਮੁਖ ਸੂਰਮੇ ਵੱਡੀਆਂ ਗਿੱਧਾਂ ਉਤੇ ਚੜ੍ਹੇ ਹੋਏ ਸਨ।
(ਇੰਜ ਪ੍ਰਤੀਤ ਹੁੰਦੇ ਸਨ) ਮਾਨੋ ਸ਼ੁੱਧ ਸਿੱਧ ਸਮਾਧੀ ਲਗਾ ਕੇ ਸ਼ੋਭਦੇ ਹੋਣ ॥੧੮੪॥
ਹਠੀ ਸੂਰਮਿਆਂ ਨੇ ਗੋਪਾ ਅਤੇ ਉਂਗਲੀਆਂ ਨੂੰ ਢਕਣ ਵਾਲੇ ਲੋਹੇ ਦੇ ਦਸਤਾਨੇ ('ਗੁਲਿਤ੍ਰਾਨ') ਧਾਰਨ ਕੀਤੇ ਹੋਏ ਸਨ।
(ਉਹ ਬਹੁਤ) ਕਠੋਰ, ਕਟਣ ਵਾਲੇ, ਹਠ ਵਾਲੇ ਅਤੇ ਨਿਡਰ ਸਨ।
ਉਹ ਮਹਾ ਯੁੱਧ ਨੂੰ ਮੰਡਣ ਵਾਲੇ ਅਤੇ ਕ੍ਰੋਧ ਨਾਲ ਬਹੁਤ ਭਰੇ ਹੋਏ
(ਯੋਧੇ) ਚੌਹਾਂ ਪਾਸਿਆਂ ਤੋਂ ਬਦਲ ਵਾਂਗ ਗਜ ਰਹੇ ਸਨ ॥੧੮੫॥
ਵੱਡੇ ਦੰਦ ਕਢ ਕੇ ਅਤੇ ਖ਼ੂਬ ਰੋਹ ਵਿਚ ਆ ਕੇ
(ਉਨ੍ਹਾਂ ਨੇ) ਹੱਥ ਵਿਚ ਪਰਬਤ ਅਤੇ ਬ੍ਰਿਛ ('ਪਤ੍ਰੀ') ਪੁਟ ਕੇ ਲਏ ਹੋਏ ਸਨ।
ਕਿਤੇ ਹੱਥ ਵਿਚ ਤ੍ਰਿਸ਼ੂਲ, ਸੈਹਥੀ ਅਤੇ ਭਾਲੇ ('ਸੂਆ') ਲਏ ਹੋਏ ਸਨ
ਅਤੇ ਬਹੁਤ ਅਧਿਕ ਕ੍ਰੋਧ ਕਰ ਕੇ ਭਿਆਨਕ ਯੁੱਧ ਮਚਾ ਦਿੱਤਾ ਸੀ ॥੧੮੬॥
ਹਠੀ ਯੋਧੇ ਘੋੜਿਆਂ ਨੂੰ ਹਿਕ ਹਿਕ ਕੇ ਉਤੇਜਿਤ ਕਰ ਰਹੇ ਸਨ
ਅਤੇ ਬਾਂਕੇ ਮਹਾਬੀਰ ਯੁੱਧ ਕਰਨ ਲਈ ਸਚੇਤ ਹੋ ਰਹੇ ਸਨ।
ਬਹੁਤ ਸਾਰੇ ਭਾਲਿਆਂ, ਸਾਂਗਾਂ ਅਤੇ ਅਸਤ੍ਰਾਂ ਨੂੰ ਧਾਰਨ ਕਰਨ ਵਾਲੇ
ਛਤ੍ਰੀ ਸੂਰਮੇ ਗੁੱਸੇ ਵਿਚ ਆ ਕੇ ਯੁੱਧ-ਭੂਮੀ ਵਿਚ ਆ ਡਟੇ ਸਨ ॥੧੮੭॥
ਕਿਤੇ ਸ਼ਸਤ੍ਰਧਾਰੀ ਸੂਰਮੇ ਸੂਰਮਿਆਂ ਨਾਲ ਲੜ ਰਹੇ ਸਨ।
(ਇੰਜ ਲਗਦਾ ਸੀ) ਮਾਨੋ (ਨਟਾਂ ਵਾਂਗ) ਸੂਰਮੇ ਸਜ ਧਜ ਕੇ ਨਾਚ ਨਚ ਰਹੇ ਹੋਣ।
ਕਿਤੇ ਸੂਰਮੇ ਸਾਂਗਾਂ ਵਿਚ ਇਸ ਤਰ੍ਹਾਂ ਪਰੁਚੇ ਹੋਏ ਸਨ
ਜਿਵੇਂ ਬਾਜੀਗਰਾਂ ਵਾਂਗ ਜਵਾਨ ਬਾਂਸ ਉਤੇ ਚੜ੍ਹੇ ਹੋਏ ਹਨ ॥੧੮੮॥
ਕਿਤੇ ਅੰਗ ਟੁਟੇ ਹੋਏ ਪਏ ਹਨ ਅਤੇ ਕਿਤੇ ਅਸਤ੍ਰ ਅਤੇ ਸ਼ਸਤ੍ਰ ਡਿਗੇ ਹੋਏ ਸਨ।
ਕਿਤੇ ਸੂਰਮਿਆਂ ਅਤੇ ਘੋੜਿਆਂ ਦੇ ਕਵਚ ਅਤੇ ਬਸਤ੍ਰ (ਪਏ ਹੋਏ ਸਨ)।
ਕਿਤੇ (ਸਿਰਾਂ ਉਤੇ) ਪਾਏ ਟੋਪ (ਅਤੇ ਮੱਥੇ ਉਤੇ ਲਗਾਏ ਲੋਹੇ ਦੇ) ਟਿੱਕੇ ਟੁਟ ਕੇ ਡਿਗ ਪਏ ਸਨ
ਅਤੇ ਕਿਤੇ ਸੂਰਮੇ ਬਦਲਾਂ ਵਾਂਗ ਫਟੇ ਪਏ ਸਨ ॥੧੮੯॥
ਚੌਪਈ:
ਇਸ ਤਰ੍ਹਾਂ ਦਾ ਉਸ ਸਮੇਂ
ਉਥੇ ਭਿਆਨਕ ਯੁੱਧ ਸ਼ੁਰੂ ਹੋ ਗਿਆ।
ਤਦ ਮਹਾ ਕਾਲ ਬਹੁਤ ਰੋਹ ਵਿਚ ਆਏ
ਅਤੇ ਭੂਮੀ ਉਤੇ ਚੰਗੀ ਤਰ੍ਹਾਂ ਪੈਰ ਗਡ ਕੇ ਜਮਾ ਲਏ ॥੧੯੦॥