ਸ਼੍ਰੀ ਦਸਮ ਗ੍ਰੰਥ

ਅੰਗ - 1023


ਲੈ ਰਾਨੀ ਕੋ ਜਾਰ ਜਬੈ ਗ੍ਰਿਹ ਆਇਯੋ ॥

ਰਾਣੀ ਨੂੰ ਲੈ ਕੇ ਜਦ ਯਾਰ (ਆਪਣੇ) ਘਰ ਆਇਆ

ਭਾਤਿ ਭਾਤਿ ਸੋ ਦਰਬੁ ਦਿਜਾਨੁ ਲੁਟਾਇਯੋ ॥

ਤਾਂ ਕਈ ਤਰ੍ਹਾਂ ਨਾਲ ਬ੍ਰਾਹਮਣਾਂ ਵਿਚ ਧਨ ਵੰਡਿਆ।

ਜੌ ਐਸੀ ਅਬਲਾ ਕੌ ਛਲ ਸੌ ਪਾਇਯੈ ॥

ਜੇ ਛਲ ਨਾਲ ਅਜਿਹੀ ਇਸਤਰੀ ਨੂੰ ਪ੍ਰਾਪਤ ਕਰ ਲਈਏ

ਹੋ ਬਿਨੁ ਦਾਮਨ ਤਿਹ ਦਏ ਹਾਥ ਬਿਕਿ ਜਾਇਯੈ ॥੧੬॥

ਤਾਂ ਬਿਨਾ ਦੰਮਾਂ ਦੇ ਹੀ ਉਸ ਦੇ ਹੱਥ ਵਿਕ ਜਾਈਏ ॥੧੬॥

ਛਲ ਅਬਲਾ ਛੈਲਨ ਕੋ ਕਛੂ ਨ ਜਾਨਿਯੈ ॥

ਚਤੁਰ ਇਸਤਰੀਆਂ ਦੇ ਛਲ (ਚਰਿਤ੍ਰ) ਨੂੰ ਕੁਝ ਵੀ ਸਮਝਿਆ ਨਹੀਂ ਜਾ ਸਕਦਾ।

ਲਹਿਯੋ ਨ ਜਾ ਕੌ ਜਾਇ ਸੁ ਕੈਸ ਬਖਾਇਨੈ ॥

ਜਿਸ ਨੂੰ ਸਮਝਿਆ ਨਾ ਜਾ ਸਕੇ ਉਸ ਦਾ ਬਖਾਨ ਕਿਵੇਂ ਕੀਤਾ ਜਾਏ।

ਜੁ ਕਛੁ ਛਿਦ੍ਰ ਇਨ ਕੇ ਛਲ ਕੌ ਲਖਿ ਪਾਇਯੈ ॥

ਜੇ ਕੋਈ ਕਮਜ਼ੋਰੀ ਇਨ੍ਹਾਂ ਦੇ ਚਰਿਤ੍ਰ ਦੀ ਪਤਾ ਵੀ ਲਗ ਜਾਵੇ

ਹੋ ਸਮੁਝਿ ਚਿਤ ਚੁਪ ਰਹੋ ਨ ਕਿਸੂ ਬਤਾਇਯੈ ॥੧੭॥

ਤਾਂ ਸਮਝ ਕੇ ਚੁਪ ਰਹੋ, ਕਿਸੇ ਨੂੰ ਨਾ ਦਸੋ ॥੧੭॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਚੌਤਾਲੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੪੪॥੨੯੨੦॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੪੪ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੪੪॥੨੯੨੦॥ ਚਲਦਾ॥

ਦੋਹਰਾ ॥

ਦੋਹਰਾ:

ਸਹਿਰ ਸਿਪਾਹਾ ਕੈ ਬਿਖੈ ਭਗਵਤੀ ਤ੍ਰਿਯ ਏਕ ॥

ਸਿਪਾਹਾ ਸ਼ਹਿਰ ਵਿਚ ਇਕ ਭਾਗਵਤੀ ਨਾਂ ਦੀ ਇਸਤਰੀ ਸੀ।

ਤਾ ਕੇ ਪਤਿ ਕੇ ਧਾਮ ਮੈ ਘੋਰੀ ਰਹੈ ਅਨੇਕ ॥੧॥

ਉਸ ਦੇ ਪਤੀ ਦੇ ਘਰ ਅਨੇਕਾਂ ਘੋੜੀਆਂ ਹੁੰਦੀਆਂ ਸਨ ॥੧॥

ਚੌਪਈ ॥

ਚੌਪਈ:

ਘੋਰੀ ਏਕ ਨਦੀ ਤਟ ਗਈ ॥

ਉਸ ਦੀ ਇਕ ਘੋੜੀ ਨਦੀ ਦੇ ਕੰਢੇ ਉਤੇ ਗਈ।

ਦਰਿਆਈ ਹੈ ਲਾਗਤ ਭਈ ॥

ਉਹ ਦਰਿਆਈ ਘੋੜੇ ਨਾਲ ਲਗ ਗਈ।

ਤਾ ਤੇ ਏਕ ਬਛੇਰੋ ਭਯੋ ॥

ਉਸ ਤੋਂ ਇਕ ਵਛੇਰਾ ਜਨਮਿਆ,

ਜਨੁ ਅਵਤਾਰ ਇੰਦ੍ਰ ਹੈ ਲਯੋ ॥੨॥

ਮਾਨੋ ਇੰਦਰ ਦੇ ਘੋੜੇ ਨੇ ਅਵਤਾਰ ਲਿਆ ਹੋਵੇ ॥੨॥

ਸਕ੍ਰ ਬਰਨ ਅਤਿ ਤਾਹਿ ਬਿਰਾਜੈ ॥

ਉਸ ਦਾ ਸੁੰਦਰ ਸਫ਼ੈਦ ('ਸਕ੍ਰ'-ਇੰਦਰ ਵਰਗਾ) ਰੰਗ ਸੀ

ਤਾ ਕੌ ਨਿਰਖਿ ਚੰਦ੍ਰਮਾ ਲਾਜੈ ॥

ਜਿਸ ਨੂੰ ਵੇਖ ਕੇ ਚੰਦ੍ਰਮਾ ਵੀ ਸ਼ਰਮਿੰਦਾ ਹੁੰਦਾ ਸੀ।

ਚਮਕਿ ਚਲਿਯੋ ਇਹ ਭਾਤਿ ਸੁਹਾਵੈ ॥

ਜਦੋਂ ਉਹ ਤਿੜਕ ਕੇ ਚਲਦਾ (ਤਾਂ ਇੰਜ ਲਗਦਾ)

ਜਨੁ ਘਨ ਪ੍ਰਭਾ ਦਾਮਨੀ ਪਾਵੈ ॥੩॥

ਮਾਨੋ ਬਦਲਾਂ ਵਿਚ ਬਿਜਲੀ ਸ਼ੋਭ ਰਹੀ ਹੋਵੇ ॥੩॥

ਤਾ ਕੌ ਲੈ ਬੇਚਨ ਤ੍ਰਿਯ ਗਈ ॥

ਉਸ ਨੂੰ ਲੈ ਕੇ ਵੇਚਣ ਲਈ (ਉਹ) ਇਸਤਰੀ ਗਈ।

ਸਹਿਰ ਸਾਹ ਕੇ ਆਵਤ ਭਈ ॥

ਰਾਜੇ ਦੇ ਸ਼ਹਿਰ ਵਿਚ ਆ ਗਈ।

ਆਪੁਨ ਭੇਸ ਪੁਰਖ ਕੋ ਧਾਰੇ ॥

(ਉਸ ਨੇ) ਆਪਣਾ ਭੇਸ ਪੁਰਸ਼ ਵਰਗਾ ਬਣਾਇਆ ਹੋਇਆ ਸੀ,

ਕੋਟਿ ਸੂਰ ਜਨ ਚੜੇ ਸਵਾਰੇ ॥੪॥

ਮਾਨੋ ਕਰੋੜਾਂ ਸੂਰਜਾਂ ਦੇ ਚੜ੍ਹਨ ਵਰਗਾ ਸੀ ॥੪॥

ਜਬੈ ਸਾਹ ਦੀਵਾਨ ਲਗਾਯੋ ॥

ਜਦੋਂ ਸ਼ਾਹ ਨੇ ਦੀਵਾਨ (ਸਭਾ) ਲਗਾਇਆ।

ਤ੍ਰਿਯਾ ਤੁਰੈ ਲੈ ਤਾਹਿ ਦਿਖਾਯੋ ॥

ਇਸਤਰੀ ਨੇ ਘੋੜਾ ਲਿਆ ਕੇ ਉਸ ਨੂੰ ਵਿਖਾਇਆ।

ਨਿਰਖਿ ਰੀਝਿ ਰਾਜਾ ਤਿਹ ਰਹਿਯੋ ॥

ਉਸ ਨੂੰ ਵੇਖ ਕੇ ਰਾਜਾ ਪ੍ਰਸੰਨ ਹੋ ਗਿਆ।

ਲੀਜੈ ਮੋਲ ਤਿਸੈ ਚਿਤ ਚਹਿਯੋ ॥੫॥

ਉਸ ਨੂੰ ਮੁੱਲ ਖ਼ਰੀਦਣ ਬਾਰੇ ਮਨ ਵਿਚ ਸੋਚਿਆ ॥੫॥

ਪ੍ਰਥਮ ਹੁਕਮ ਕਰਿ ਤੁਰੈ ਫਿਰਾਯੋ ॥

ਪਹਿਲਾਂ (ਸ਼ਾਹ ਨੇ) ਹੁਕਮ ਕਰ ਕੇ ਘੋੜੇ ਨੂੰ ਫਿਰਾਇਆ।

ਬਹੁਰਿ ਭੇਜਿ ਭ੍ਰਿਤ ਮੋਲ ਕਰਾਯੋ ॥

ਫਿਰ ਨੌਕਰਾਂ ਨੂੰ ਭੇਜ ਕੇ ਮੁੱਲ ਕਰਾਇਆ।

ਟਕਾ ਲਾਖ ਦਸ ਕੀਮਤਿ ਪਰੀ ॥

ਉਸ ਦੀ ਦਸ ਲੱਖ ਟੱਕੇ ਕੀਮਤ ਪਾਈ

ਮਿਲਿ ਗਿਲਿ ਮੋਲ ਦਲਾਲਨ ਕਰੀ ॥੬॥

ਦਲਾਲਾਂ ਨੇ ਮਿਲ ਗਿਲ ਕੇ (ਇਤਨਾ) ਮੁੱਲ ਦੱਸਿਆ ॥੬॥

ਅੜਿਲ ॥

ਅੜਿਲ:

ਤਬ ਅਬਲਾ ਤਿਨ ਬਚਨ ਉਚਾਰੇ ਬਿਹਸਿ ਕਰਿ ॥

ਤਦ ਉਸ ਇਸਤਰੀ ਨੇ ਹਸ ਕੇ ਇਸ ਤਰ੍ਹਾਂ ਕਿਹਾ, ਹੇ ਸ਼ਾਹ!

ਲੀਜੈ ਹਮਰੋ ਬੈਨ ਸਾਹ ਤੂ ਸ੍ਰੋਨ ਧਰਿ ॥

ਤੂੰ ਮੇਰੀ ਗੱਲ ਕੰਨ ਵਿਚ ਪਾ ਲੈ।

ਪਾਚ ਹਜਾਰ ਮੁਹਰ ਮੁਹਿ ਹ੍ਯਾਂ ਦੈ ਜਾਇਯੈ ॥

ਮੈਨੂੰ ਇਥੇ ਪੰਜ ਹਜ਼ਾਰ ਮੋਹਰਾਂ ਦੇ ਜਾਓ।

ਹੋ ਲੈ ਕੈ ਬਹੁਰਿ ਤਬੇਲੇਮ ਤੁਰੈ ਬੰਧਾਇਯੈ ॥੭॥

ਫਿਰ ਘੋੜਾ ਲੈ ਕੇ ਆਪਣੇ ਤਬੇਲੇ ਵਿਚ ਬੰਨ੍ਹ ਲਵੋ ॥੭॥

ਸਾਹ ਅਸਰਫੀ ਪਾਚ ਹਜਾਰ ਮੰਗਾਇ ਕੈ ॥

ਸ਼ਾਹ ਨੇ ਪੰਜ ਹਜ਼ਾਰ ਅਸ਼ਰਫ਼ੀਆਂ ਮੰਗਵਾ ਕੇ

ਚਰੇ ਤੁਰੰਗ ਤਿਹ ਦੀਨੀ ਕਰ ਪਕਰਾਇ ਕੈ ॥

ਅਤੇ ਉਸ ਦੇ ਹੱਥ ਵਿਚ ਘੋੜੇ ਉਤੇ ਚੜ੍ਹਿਆਂ ਪਕੜਾ ਦਿੱਤੀਆਂ।

ਕਹਿਯੋ ਮੁਹਰ ਪਹੁਚਾਇ ਬਹੁਰ ਮੈ ਆਇ ਹੌ ॥

(ਤਦ ਉਸ ਨੇ) ਕਿਹਾ, ਮੈਂ ਮੋਹਰਾਂ (ਘਰ) ਪਹੁੰਚਾ ਕੇ ਫਿਰ ਆਉਂਦੀ ਹਾਂ

ਹੋ ਤਾ ਪਾਛੇ ਘੁਰਸਾਰਹਿ ਘੋਰ ਬੰਧਾਇ ਹੌ ॥੮॥

ਅਤੇ ਇਸ ਪਿਛੋਂ ਘੋੜਾ ਤੁਹਾਡੇ ਅਸਤਬਲ ਵਿਚ ਬੰਨ੍ਹਦੀ ਹਾਂ ॥੮॥

ਯੌ ਕਹਿ ਤਿਨ ਸੌ ਬਚਨ ਧਵਾਯੋ ਤੁਰੈ ਤ੍ਰਿਯ ॥

ਉਨ੍ਹਾਂ ਨੂੰ ਇਹ ਗੱਲ ਕਹਿ ਕੇ ਇਸਤਰੀ ਨੇ ਘੋੜਾ ਭਜਾ ਲਿਆ।

ਪਠੈ ਪਖਰਿਯਾ ਪਹੁਚੇ ਕਰਿ ਕੈ ਕੋਪ ਹਿਯ ॥

ਰਾਜੇ ਨੇ ਕ੍ਰੋਧ ਕਰ ਕੇ ਪਿਛੇ ਘੋੜ ਸਵਾਰ ਲਗਾ ਦਿੱਤੇ।

ਕੋਸ ਡੇਢ ਸੈ ਲਗੇ ਹਟੇ ਸਭ ਹਾਰਿ ਕੈ ॥

ਡੇਢ ਸੌ ਕੋਹ ਚਲ ਕੇ ਸਾਰੇ ਥਕ ਕੇ ਹਟ ਗਏ।

ਹੋ ਹਾਥ ਨ ਆਈ ਬਾਲ ਰਹੇ ਸਿਰ ਮਾਰਿ ਕੈ ॥੯॥

ਉਹ ਇਸਤਰੀ ਹੱਥ ਨਾ ਆਈ, ਉਹ ਸਿਰ ਪਟਕ ਕੇ ਰਹਿ ਗਏ ॥੯॥

ਮੁਹਰੈ ਗ੍ਰਿਹ ਪਹੁਚਾਇ ਸੁ ਆਈ ਬਾਲ ਤਹ ॥

ਮੋਹਰਾਂ ਘਰ ਪਹੁੰਚਾ ਕੇ ਉਹ ਇਸਤਰੀ ਉਥੇ ਆਈ

ਬੈਠੋ ਚਾਰੁ ਬਨਾਇ ਸਾਹ ਜੂ ਸਭਾ ਜਹ ॥

ਜਿਥੇ ਸ਼ਾਹ ਸੋਹਣਾ ਦਰਬਾਰ ਲਗਾ ਕੇ ਬੈਠਾ ਸੀ।


Flag Counter