ਜਿਵੇਂ ਸੂਰਜ ਦੀਆਂ ਕਿਰਨਾਂ ਹੋਣ,
ਉਸ ਤਰ੍ਹਾਂ ਬਾਣ ਵੈਰੀਆਂ ਨੂੰ ਸਲ੍ਹਦੇ ਹਨ।
ਚੌਹਾਂ ਪਾਸਿਆਂ ਤੋਂ (ਬਾਣ) ਛੁਟ ਰਹੇ ਹਨ।
ਮਹਾਨ ਯੁੱਧ ਵਿਚ ਜੁਟੇ ਹੋਏ ਹਨ ॥੪੨੯॥
(ਉਹ ਸੈਨਾ) ਕੀੜਿਆਂ ਵਾਂਗ ਚਲ ਰਹੀ ਹੈ,
ਜਾਂ ਵੱਡੇ ਟਿੱਡੀ ਦਲ ਵਰਗੀ ਹੈ,
ਜਾਂ ਸਮੁੰਦਰ ਦੀ ਰੇਤ ਦੇ ਕਿਣਕਿਆਂ ਜਿੰਨੀ ਹੈ
ਜਾਂ ਸ਼ਰੀਰ ਦੇ ਰੋਮਾਂ ਜਿਤਨੀ ਹੈ ॥੪੩੦॥
ਸੋਨੇ ਦੇ ਖੰਭਾਂ ਵਾਲੇ ਤੀਰ ਛੁਟੇ ਹਨ।
ਉਨ੍ਹਾਂ ਦੀ ਲੋਹੇ ਦੀ ਮੁਖੀ ਲਿਸ਼ਕ ਰਹੀ ਹੈ।
ਕਾਂ ਦੇ ਖੰਭਾਂ ਵਰਗੇ ਤੀਰ
ਮਾਨੋ ਛਤ੍ਰੀਆਂ ਨੇ ਛਡੇ ਹੋਣ ॥੪੩੧॥
ਰੇਤ ਦੇ (ਕਿਣਕਿਆਂ ਜਿੰਨੇ ਸੂਰਮੇ) ਯੁੱਧ ਵਿਚ ਡਿਗ ਰਹੇ ਹਨ।
ਭੂਤ ਅਤੇ ਪ੍ਰੇਤ ਨਚ ਰਹੇ ਹਨ।
ਸੁੰਦਰ ਚਿਤਰ ਵਰਗੇ ਬਣੇ ਹੋਏ ਹਨ।
ਬਾਣਾਂ ਦਾ ਮੀਂਹ ਬਰਸਾ ਰਹੇ ਹਨ ॥੪੩੨॥
ਯੋਧੇ ਯੋਧਿਆਂ ਨੂੰ ਵੇਖਦੇ ਹਨ
ਅਤੇ ਕ੍ਰੋਧਿਤ ਹੋ ਕੇ (ਵੈਰੀ ਨੂੰ) ਘਾਉ ਕਰਦੇ ਹਨ।
ਤਲਵਾਰਾਂ ਨਾਲ ਤਲਵਾਰਾਂ ਖਹਿਬੜਦੀਆਂ ਹਨ।
(ਉਨ੍ਹਾਂ ਵਿਚੋਂ) ਅੱਗ ਦੀਆਂ ਚਿੰਗਾਰੀਆਂ ਨਿਕਲਦੀਆਂ ਹਨ ॥੪੩੩॥
ਕਾਠੀਆਂ ਵਾਲੇ ਘੋੜ ਸਵਾਰ ਨੱਚਦੇ ਹਨ।
ਅਪੱਛਰਾਵਾਂ ਦੇ ਘਰਾਂ ਨੂੰ ਜਾਂਦੇ ਹਨ।
ਪ੍ਰੇਤ ਹਸਦੇ ਹੋਏ ਨਚਦੇ ਹਨ।
ਯੋਧੇ ਯੁੱਧ-ਕਰਮ ਵਿਚ ਮਗਨ ਹਨ ॥੪੩੪॥
ਸ਼ਿਵ ਨਚ ਰਿਹਾ ਹੈ।
ਉਸ ਨੇ ਯੁੱਧ ਮੰਡਿਆ ਹੋਇਆ ਹੈ।
ਦਸਾਂ ਦਿਸ਼ਾਵਾਂ ਵਿਚ ਕ੍ਰੋਧ ਛਾਇਆ ਹੋਇਆ ਹੈ।
ਭਿਆਨਕ ਯੁੱਧ ਹੋ ਰਿਹਾ ਹੈ ॥੪੩੫॥
ਫਿਰ ਯੋਧਿਆਂ ਨੇ (ਯੁੱਧ) ਤਿਆਗ ਦਿੱਤਾ ਹੈ।
ਦੋ ਕੁ ਕਦਮ ਪਿਛੇ ਵਲ ਉਠਾਏ ਹਨ।
ਫਿਰ ਇਸ ਤਰ੍ਹਾਂ ਪਰਤੇ ਹਨ
ਜਿਵੇਂ ਕ੍ਰੋਧਿਤ ਸੱਪ ਪਿਛੇ ਨੂੰ ਪਰਤਦਾ ਹੈ ॥੪੩੬॥
ਫਿਰ ਯੁੱਧ ਸ਼ੁਰੂ ਕਰ ਦਿੱਤਾ ਹੈ।
ਬਹੁਤ ਅਧਿਕ ਤੀਰ ਛਡੇ ਹਨ।
ਵੀਰ ਯੋਧੇ ਬਾਣ ਛਡਦੇ ਹਨ,
(ਮਾਨੋ) ਜ਼ਬਰਦਸਤੀ ਮੌਤ ਆ ਗਈ ਹੋਵੇ ॥੪੩੭॥
ਸਾਰੇ ਸਿੱਧ ਲੋਕ ਵੇਖ ਰਹੇ ਹਨ।
(ਕਲਕੀ ਅਵਤਾਰ ਦੀ) ਕੀਰਤੀ ਲਿਖ ਰਹੇ ਹਨ।
ਧੰਨ ਧੰਨ ਜਪਦੇ ਹਨ
(ਜਿਸ ਨੂੰ) ਵੇਖ ਕੇ ਕਾਇਰ ਲੋਕ ਕੰਬਦੇ ਹਨ ॥੪੩੮॥
ਨਰਾਜ ਛੰਦ:
ਸੂਰਮੇ ਆ ਆ ਕੇ ਬਾਣਾਂ ਦਾ ਨਿਸ਼ਾਣਾ ਬੰਨ੍ਹ ਕੇ ਅਗੇ ਵਧਦੇ ਹਨ।
(ਜੋ) ਲੜਾਈ ਵਿਚ ਰੁਝ ਕੇ ਮਰਦੇ ਹਨ, ਉਹ ਅਪੱਛਰਾਵਾਂ ਨੂੰ ਪ੍ਰਾਪਤ ਕਰ ਲੈਂਦੇ ਹਨ।
(ਉਹ) ਦੇਵ ਇਸਤਰੀਆਂ ਰੀਝ ਰੀਝ ਕੇ ਅਣਦਿਖ (ਅਥਵਾ ਅਦਾਗ਼) ਸੂਰਮਿਆਂ ਨੂੰ ਵਰਦੀਆਂ ਹਨ।
ਪ੍ਰਬੀਨ (ਯੋਧਿਆਂ) ਨੂੰ ਚੁਣ ਚੁਣ ਕੇ (ਉਨ੍ਹਾਂ) ਸ੍ਰੇਸ਼ਠ ਸੁਧ ਬੁਧ ਵਾਲਿਆਂ ਦਾ ਹੱਥ ਧਾਰਨ ਕਰਦੀਆਂ ਹਨ ॥੪੩੯॥
ਹਥਿਆਰ ਬੰਦ ਸੂਰਮੇ ਲਕ ਬੰਨ੍ਹ ਕੇ ('ਬਧ ਅਧ') ਸਾਹਮਣੇ ਹੋ ਕੇ ਧਾਵਾ ਕਰਦੇ ਹਨ।
ਤੀਖਣ ਸਾਂਗਾਂ ਲੈ ਕੇ ਵੈਰੀ ਦਾ ਨਿਸ਼ਾਣਾ ਬੰਨ੍ਹ ਕੇ ਮਾਰ ਦਿੰਦੇ ਹਨ।
ਉਹ ਯੁੱਧ ਵਿਚ ਜੂਝ ਕੇ ਡਿਗਦੇ ਹਨ ਅਤੇ ਹਠੀ (ਯੋਧੇ) ਬੇਲਾਗ ਹੋ ਕੇ ਲੜਦੇ ਹਨ।