ਸ਼੍ਰੀ ਦਸਮ ਗ੍ਰੰਥ

ਅੰਗ - 191


ਅਥ ਮਧੁ ਕੈਟਬ ਬਧਨ ਕਥਨੰ ॥

ਹੁਣ ਮਧੁ ਕੈਟਭ ਬੱਧ ਦਾ ਕਥਨ:

ਸ੍ਰੀ ਭਗਉਤੀ ਜੀ ਸਹਾਇ ॥

ਸ੍ਰੀ ਭਗਉਤੀ ਜੀ ਸਹਾਇ:

ਦੋਹਰਾ ॥

ਦੋਹਰਾ:

ਕਾਲ ਪੁਰਖ ਕੀ ਦੇਹਿ ਮੋ ਕੋਟਿਕ ਬਿਸਨ ਮਹੇਸ ॥

'ਕਾਲ-ਪੁਰਖ' ਦੀ ਵਿਰਾਟ ਦੇਹ ਵਿਚ ਕਰੋੜਾਂ ਵਿਸ਼ਣੂ ਤੇ ਸ਼ਿਵ (ਮਹੇਸ਼) ਹਨ

ਕੋਟਿ ਇੰਦ੍ਰ ਬ੍ਰਹਮਾ ਕਿਤੇ ਰਵਿ ਸਸਿ ਕ੍ਰੋਰਿ ਜਲੇਸ ॥੧॥

ਅਤੇ ਕਰੋੜਾਂ ਇੰਦਰ ਤੇ ਕਿਤਨੇ ਹੀ ਬ੍ਰਹਮੇ ਅਤੇ ਕਰੋੜਾਂ ਸੂਰਜ, ਚੰਦ੍ਰਮਾ ਤੇ ਵਰੁਣ ਦੇਵਤੇ ਉਸ ਵਿਚ ਸਮਾਏ ਹੋਏ ਹਨ ॥੧॥

ਚੌਪਈ ॥

ਚੌਪਈ:

ਸ੍ਰਮਿਤ ਬਿਸਨੁ ਤਹ ਰਹਤ ਸਮਾਈ ॥

(ਅਵਤਾਰ ਲੈ ਲੈ ਕੇ) ਥਕਿਆ ਹੋਇਆ ਵਿਸ਼ਣੂ ਉਥੇ ਸਮਾਇਆ ਰਹਿੰਦਾ ਹੈ

ਸਿੰਧੁ ਬਿੰਧੁ ਜਹ ਗਨਿਯੋ ਨ ਜਾਈ ॥

ਜਿਥੇ ਸਮੁੰਦਰ ਅਤੇ ਪਹਾੜ ਗਿਣੇ ਹੀ ਨਹੀਂ ਜਾ ਸਕਦੇ।

ਸੇਸਨਾਗਿ ਸੇ ਕੋਟਿਕ ਤਹਾ ॥

ਉਥੇ ਸ਼ੇਸ਼ਨਾਗ ਵਰਗੇ ਕਰੋੜਾਂ ਹਨ

ਸੋਵਤ ਸੈਨ ਸਰਪ ਕੀ ਜਹਾ ॥੨॥

ਜਿਥੇ ਸੱਪ ਦੀ ਸੇਜਾ ਤੇ (ਸੇਖਸਾਈ) ਸੌਂਦਾ ਹੈ ॥੨॥

ਸਹੰਸ੍ਰ ਸੀਸ ਤਬ ਧਰ ਤਨ ਜੰਗਾ ॥

ਜਿਸ ਨੇ ਸਰੀਰ ਉਤੇ ਹਜ਼ਾਰਾਂ ਸਿਰ ਅਤੇ ਹਜ਼ਾਰਾਂ ਲੱਤਾਂ ਧਾਰਨ ਕੀਤੀਆਂ ਹੋਈਆਂ ਹਨ,

ਸਹੰਸ੍ਰ ਪਾਵ ਕਰ ਸਹੰਸ ਅਭੰਗਾ ॥

ਜਿਸ ਦੇ ਨਾ ਟੁਟਣ ਵਾਲੇ ਹਜ਼ਾਰਾਂ ਪੈਰ ਅਤੇ ਹਜ਼ਾਰਾਂ ਹੱਥ ਹਨ,

ਸਹੰਸਰਾਛ ਸੋਭਤ ਹੈ ਤਾ ਕੇ ॥

ਉਸ ਦੇ (ਸ਼ਰੀਰ ਤੇ) ਹਜ਼ਾਰਾਂ ਅੱਖਾਂ ਸੁਸ਼ੋਭਿਤ ਹਨ

ਲਛਮੀ ਪਾਵ ਪਲੋਸਤ ਵਾ ਕੇ ॥੩॥

ਅਤੇ ਲੱਛਮੀ ਉਨ੍ਹਾਂ ਦੇ ਪੈਰਾਂ ਨੂੰ ਪਲੋਸਦੀ ਹੈ ॥੩॥

ਦੋਹਰਾ ॥

ਦੋਹਰਾ:

ਮਧੁ ਕੀਟਭ ਕੇ ਬਧ ਨਮਿਤ ਜਾ ਦਿਨ ਜਗਤ ਮੁਰਾਰਿ ॥

ਮਧੁ ਅਤੇ ਕੈਟਭ ਦੈਂਤਾਂ ਦੇ ਮਾਰਨ ਲਈ ਜਿਸ ਦਿਨ ਮੁਰਾਰੀ (ਸਚੇਤ ਹੁੰਦਾ ਹੈ)

ਸੁ ਕਬਿ ਸ੍ਯਾਮ ਤਾ ਕੋ ਕਹੈ ਚੌਦਸਵੋ ਅਵਤਾਰ ॥੪॥

ਉਸ ਨੂੰ ਕਵੀ ਸ਼ਿਆਮ ਚੌਦਵਾਂ ਅਵਤਾਰ ਕਹਿੰਦਾ ਹੈ ॥੪॥

ਚੌਪਈ ॥

ਚੌਪਈ:

ਸ੍ਰਵਣ ਮੈਲ ਤੇ ਅਸੁਰ ਪ੍ਰਕਾਸਤ ॥

(ਸੇਖਸਾਈ ਦੇ) ਕੰਨਾਂ ਦੀ ਮੈਲ ਤੋਂ (ਮਧੁ ਅਤੇ ਕੈਟਭ) ਦੈਂਤ ਪ੍ਰਗਟ ਹੋਏ,

ਚੰਦ ਸੂਰ ਜਨੁ ਦੁਤੀਯ ਪ੍ਰਭਾਸਤ ॥

ਮਾਨੋ ਚੰਦ੍ਰਮਾ ਤੇ ਸੂਰਜ ਚੜ੍ਹੇ ਹੋਣ।

ਮਾਯਾ ਤਜਤ ਬਿਸਨੁ ਕਹੁ ਤਬ ਹੀ ॥

ਤਦੋਂ ਹੀ ਮਾਇਆ ਵਿਸ਼ਣੂ ਨੂੰ ਛਡਦੀ ਹੈ

ਕਰਤ ਉਪਾਧਿ ਅਸੁਰ ਮਿਲਿ ਜਬ ਹੀ ॥੫॥

ਜਦੋਂ ਦੈਂਤ ਇਕੱਠੇ ਹੋ ਕੇ ਉਪਦਰ ਕਰਦੇ ਹਨ ॥੫॥

ਤਿਨ ਸੋ ਕਰਤ ਬਿਸਨੁ ਘਮਸਾਨਾ ॥

ਵਿਸ਼ਣੂ ਉਨ੍ਹਾਂ (ਦੋਹਾਂ ਦੈਂਤਾਂ) ਨਾਲ ਯੁੱਧ ਕਰਦਾ ਹੈ

ਬਰਖ ਹਜਾਰ ਪੰਚ ਪਰਮਾਨਾ ॥

ਜੋ ਪੰਜ ਹਜ਼ਾਰ ਸਾਲਾਂ ਤਕ ਹੁੰਦਾ ਰਹਿੰਦਾ ਹੈ।

ਕਾਲ ਪੁਰਖ ਤਬ ਹੋਤ ਸਹਾਈ ॥

ਤਦ 'ਕਾਲ-ਪੁਰਖ' ਸਹਾਇਕ ਹੁੰਦਾ ਹੈ

ਦੁਹੂੰਅਨਿ ਹਨਤ ਕ੍ਰੋਧ ਉਪਜਾਈ ॥੬॥

ਅਤੇ ਕ੍ਰੋਧਵਾਨ ਹੋ ਕੇ ਦੋਹਾਂ ਨੂੰ ਮਾਰ ਦਿੰਦਾ ਹੈ ॥੬॥

ਦੋਹਰਾ ॥

ਦੋਹਰਾ:

ਧਾਰਤ ਹੈ ਐਸੋ ਬਿਸਨੁ ਚੌਦਸਵੋ ਅਵਤਾਰ ॥

ਸਾਰਿਆਂ ਸੰਤਾਂ ਨੂੰ ਸੁਖ ਦੇਣ ਲਈ ਅਤੇ ਦੋਹਾਂ ਦੈਂਤਾ ਨੂੰ ਸੰਘਾਰਨ ਲਈ

ਸੰਤ ਸੰਬੂਹਨਿ ਸੁਖ ਨਮਿਤ ਦਾਨਵ ਦੁਹੂੰ ਸੰਘਾਰ ॥੭॥

ਵਿਸ਼ਣੂ ਇਸ ਤਰ੍ਹਾਂ ਦਾ ਚੌਦਵਾਂ ਅਵਤਾਰ ਧਾਰਨ ਕਰਦਾ ਹੈ ॥੭॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਮਧੁ ਕੈਟਭ ਬਧਹ ਚਤਰਦਸਵੋ ਅਵਤਾਰ ਬਿਸਨੁ ਸਮਾਤਮ ਸਤੁ ਸੁਭਮ ਸਤੁ ॥੧੪॥

ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ 'ਮਧੁ ਕੈਟਭ ਬਧ' ਚੌਦਵੇਂ ਅਵਤਾਰ ਬਿਸਨ ਦੀ ਸਮਾਪਤੀ, ਸਭ ਸ਼ੁਭ ਹੈ ॥੧੪॥

ਅਥ ਅਰਿਹੰਤ ਦੇਵ ਅਵਤਾਰ ਕਥਨੰ ॥

ਹੁਣ ਅਰਹੰਤ ਦੇਵ ਅਵਤਾਰ ਦਾ ਕਥਨ:

ਸ੍ਰੀ ਭਗਉਤੀ ਜੀ ਸਹਾਇ ॥

ਸ੍ਰੀ ਭਗਉਤੀ ਜੀ ਸਹਾਇ:

ਚੌਪਈ ॥

ਚੌਪਈ:

ਜਬ ਜਬ ਦਾਨਵ ਕਰਤ ਪਾਸਾਰਾ ॥

ਜਦੋਂ ਜਦੋਂ ਦੈਂਤ ਪਸਾਰਾ ਕਰਦੇ ਹਨ,

ਤਬ ਤਬ ਬਿਸਨੁ ਕਰਤ ਸੰਘਾਰਾ ॥

ਤਦੋਂ ਤਦੋਂ ਵਿਸ਼ਣੂ (ਉਨ੍ਹਾਂ ਦਾ) ਨਾਸ਼ ਕਰਦਾ ਹੈ।

ਸਕਲ ਅਸੁਰ ਇਕਠੇ ਤਹਾ ਭਏ ॥

ਇਕ ਵਾਰੀ ਸਾਰੇ ਦੈਂਤ (ਕਿਸੇ) ਥਾਂ ਇਕੱਠੇ ਹੋ ਗਏ

ਸੁਰ ਅਰਿ ਗੁਰੁ ਮੰਦਰਿ ਚਲਿ ਗਏ ॥੧॥

ਅਤੇ ਦੈਂਤ ਗੁਰੂ (ਸ਼ੁਕ੍ਰਾਚਾਰਯ) ਦੇ ਘਰ ਨੂੰ ਚਲੇ ਗਏ ॥੧॥

ਸਬਹੂੰ ਮਿਲਿ ਅਸ ਕਰਿਯੋ ਬਿਚਾਰਾ ॥

ਸਾਰਿਆਂ ਨੇ ਮਿਲ ਕੇ ਅਜਿਹਾ ਵਿਚਾਰ ਕੀਤਾ

ਦਈਤਨ ਕਰਤ ਘਾਤ ਅਸੁਰਾਰਾ ॥

ਕਿ ਦੇਵਤੇ (ਸਦਾ) ਦੈਂਤਾਂ ਦਾ ਨਾਸ਼ ਕਰਦੇ ਹਨ।

ਤਾ ਤੇ ਐਸ ਕਰੌ ਕਿਛੁ ਘਾਤਾ ॥

ਇਸ ਲਈ ਕੋਈ ਅਜਿਹੀ ਚਾਲ ਚਲੀ ਜਾਵੇ

ਜਾ ਤੇ ਬਨੇ ਹਮਾਰੀ ਬਾਤਾ ॥੨॥

ਜਿਸ ਕਰ ਕੇ ਸਾਡੀ ਗੱਲ ਬਣ ਜਾਏ ॥੨॥

ਦਈਤ ਗੁਰੂ ਇਮ ਬਚਨ ਬਖਾਨਾ ॥

ਦੈਂਤਾਂ ਦੇ ਗੁਰੂ ਨੇ ਇਸ ਤਰ੍ਹਾਂ ਬਚਨ ਕੀਤਾ,

ਤੁਮ ਦਾਨਵੋ ਨ ਭੇਦ ਪਛਾਨਾ ॥

"(ਹੇ ਦੈਂਤੋ!) ਤੁਸਾਂ ਨੇ (ਇਸ) ਭੇਦ ਨੂੰ ਪਛਾਣਿਆ ਨਹੀਂ ਹੈ।

ਵੇ ਮਿਲਿ ਜਗ ਕਰਤ ਬਹੁ ਭਾਤਾ ॥

ਉਹ (ਦੇਵਤੇ) ਮਿਲ ਕੇ ਬਹੁਤ ਤਰ੍ਹਾਂ ਦੇ ਯੱਗ ਕਰਦੇ ਹਨ,

ਕੁਸਲ ਹੋਤ ਤਾ ਤੇ ਦਿਨ ਰਾਤਾ ॥੩॥

ਇਸ ਕਰ ਕੇ (ਉਹ) ਦਿਨ ਰਾਤ ਸੁਖ-ਪੂਰਵਕ ਕਟਦੇ ਹਨ ॥੩॥

ਤੁਮ ਹੂੰ ਕਰੋ ਜਗ ਆਰੰਭਨ ॥

ਤੁਸੀਂ ਵੀ ਯੱਗ ਦਾ ਆਰੰਭ ਕਰ ਦਿਉ,

ਬਿਜੈ ਹੋਇ ਤੁਮਰੀ ਤਾ ਤੇ ਰਣ ॥

ਤਾਂ ਤੇ ਯੁੱਧ ਵਿਚ ਤੁਹਾਡੀ ਵੀ ਜਿੱਤ ਹੋਵੇਗੀ।

ਜਗ ਅਰੰਭ੍ਯ ਦਾਨਵਨ ਕਰਾ ॥

(ਇਹ ਗੱਲ ਮੰਨ ਕੇ) ਦੈਂਤਾਂ ਨੇ ਯੱਗ ਆਰੰਭ ਕਰ ਦਿੱਤਾ।


Flag Counter