ਸਵੈਯਾ:
ਜਸੋਧਾ ਫਿਰ ਉਠੀ ਅਤੇ (ਸ੍ਰੀ ਕ੍ਰਿਸ਼ਨ ਦੀ) ਚਰਨੀਂ ਪੈ ਕੇ ਬਹੁਤ ਤਰ੍ਹਾਂ ਨਾਲ ਵਡਿਆਈ ਕੀਤੀ,
ਹੇ ਜਗਤ ਦੇ ਸੁਆਮੀ! ਹੇ ਕਰੁਣਾ ਨਿਧਾਨ! ਮੈਂ ਬੇਸਮਝੀ ਵਿਚ ਆਪਣੇ ਆਪ ਨੂੰ (ਤੁਹਾਡੀ) ਮਾਤਾ ਅਖਵਾਉਣ ਲਗੀ।
ਮੇਰੇ ਸਾਰੇ ਅਵਗੁਣ ਖਿਮਾ ਕਰ ਦਿਉ ਜੋ (ਮੈਂ) ਤੁੱਛ ਬੁੱਧੀ ਵਾਲੀ ਨੇ ਢੀਠਤਾ ਨਾਲ ਕੀਤੇ ਹਨ।
ਤਦੋਂ ਸ੍ਰੀ ਕ੍ਰਿਸ਼ਨ ਨੇ ਮੂੰਹ ਬੰਦ ਕਰ ਲਿਆ ਅਤੇ ਉਸ ਉਤੇ ਮਮਤਾ ਪਾ ਕੇ ਗੱਲ ਲੁਕਾ ਲਈ ॥੧੩੫॥
ਕਬਿੱਤ:
ਕ੍ਰਿਪਾ ਪੂਰਵਕ ਜਸੋਧਾ ਨੇ ਗੋਪੀਆਂ ਨੂੰ ਇਸ ਤਰ੍ਹਾਂ ਕਿਹਾ ਕਿ ਖੇਡਣ ਲਈ ਗਵਾਲ ਬਾਲਕ ਬਨ ਵਿਚੋਂ ਸੋਟੀਆਂ (ਛਿਟੀਆਂ) ਤੋੜ ਲਿਆਏ ਹਨ।
ਬਾਲਕਾਂ ਦੇ ਕਹੇ ਤੇ ਜਸੋਧਾ ਨੇ ਆਪਣੇ ਮਨ ਵਿਚ ਕ੍ਰੋਧ ਕਰ ਕੇ ਸ੍ਰੀ ਕ੍ਰਿਸ਼ਨ ਦੇ ਸ਼ਰੀਰ ਉਤੇ ਮਾਰਨ ਲਗ ਗਈ ਹੈ।
(ਸ਼ਰੀਰ ਉਤੇ ਪਈਆਂ) ਲਾਸਾਂ ਨੂੰ ਵੇਖ ਵੇਖ ਕੇ ਪੁੱਤਰ ਰੋਂਦਾ ਹੈ (ਅਤੇ ਪੁੱਤਰ ਨੂੰ ਰੋਂਦਾ ਵੇਖ ਕੇ ਮਾਤਾ) ਰੋਂਦੀ ਹੈ। ਸ਼ਿਆਮ ਕਵੀ ਕਹਿੰਦੇ ਹਨ, ਮਾਤਾ ਦੇ ਮਨ ਵਿਚ ਮਹਾ ਮੋਹ ਜਾਗ ਪਿਆ ਹੈ।
(ਗੋਪੀਆਂ ਕ੍ਰਿਸ਼ਨ ਦੀਆਂ ਲਾਸਾਂ ਨੂੰ ਵੇਖ ਕੇ) ਰਾਮ ਰਾਮ ਕਹਿਣ ਲਗੀਆਂ ਹਨ ਕਿ ਮਾਰਨਾ ਤਾਂ ਇਕ ਪਾਸੇ, ਅਜਿਹੇ ਸਾਧ ਵਿਅਕਤੀ ਦੇ ਸਾਹਮਣੇ ਤਾਂ ਬੋਲਣਾ ਵੀ ਨਹੀਂ ਬਣਦਾ ॥੧੩੬॥
ਦੋਹਰਾ:
ਸ੍ਰੀ ਕ੍ਰਿਸ਼ਨ ਦੀ ਮਾਤਾ ਜਸੋਧਾ ਦਹੀ ਰਿੜਕਣ ਲਈ ਉਠੀ ਹੈ
ਅਤੇ ਮੂੰਹ ਤੋਂ ਪੁੱਤਰ ਦੇ ਗੁਣ ਗਾਉਂਦੀ ਹੈ (ਜਿਸ ਦੀ) ਮਹਿਮਾ ਦਾ ਕਥਨ ਨਹੀਂ ਕੀਤਾ ਜਾ ਸਕਦਾ ॥੧੩੭॥
ਸਵੈਯਾ:
ਇਕ ਵਾਰ ਜਸੋਧਾ ਗੋਪੀਆਂ ਨਾਲ (ਰਲ ਕੇ) ਹੱਥ ਵਿਚ ਮਧਾਣੀ ਲੈ ਕੇ ਦਹੀ ਰਿੜਕਣ ਲਗੀ।
ਲਕ ਉਪਰ ਕਸਵਾਂ ਪਟਕਾ ਬੰਨ੍ਹਣ ਵਾਲੇ ਸ੍ਰੀ ਕ੍ਰਿਸ਼ਨ ਦੀ ਜੋਤਿ ਜਸੋਧਾ ਦੇ ਮਨ ਵਿਚ ਸਮਾਈ ਹੈ।
ਉਸ ਉਤੇ ਨਿੱਕੀਆਂ ਨਿੱਕੀਆਂ ਘੁੰਘਰੀਆਂ ਵਾਲੀ ਤੜਾਗੀ ਕਸੀ ਹੋਈ ਸੀ। ਉਸ ਦਾ ਬ੍ਰਿੱਤਾਂਤ ਸ਼ਿਆਮ ਕਵੀ ਨੇ ਕਿਹਾ ਹੈ।
(ਸ੍ਰੀ ਕ੍ਰਿਸ਼ਨ ਦੇ) ਦਾਨ ਅਤੇ ਪਰਾਕ੍ਰਮ ਨੂੰ ਯਾਦ ਕਰ ਕੇ (ਜਸੋਧਾ) ਮੁਖ ਤੋਂ ਹਰਿ ਦੇ ਸ਼ੁਭ ਗੀਤ ਗਾਂਦੀ ਹੈ ॥੧੩੮॥
ਜਦੋਂ ਜਸੋਧਾ ਦੇ ਥਣ ਦੁੱਧ ਨਾਲ ਭਰ ਗਏ, ਤਦੋਂ ਸ੍ਰੀ ਕ੍ਰਿਸ਼ਨ ਜੀ ਵੀ ਜਾਗ ਪਏ
(ਅਤੇ ਕਹਿਣ ਲਗੇ, ਹੇ ਜਸੋਧਾ (ਮਾਤਾ)! (ਮੈਨੂੰ) ਦੁੱਧ ਪਿਆਓ ਅਤੇ ਸ੍ਰੀ ਕ੍ਰਿਸ਼ਨ ਇਸ ਗੱਲ ਦੇ ਲੋਰ ਵਿਚ ਮਸਤ ਹੋ ਗਏ।
(ਇਤਨੇ ਵਿਚ) ਬਰਤਨ ਵਿਚ ਪਿਆ ਦੁੱਧ ਫਟ ਗਿਆ (ਅਥਵਾ ਉਬਲ ਚਲਿਆ) ਤਦ (ਦੁੱਧ ਨੂੰ ਸੰਭਾਲਣ ਲਈ) ਜਸੋਧਾ ਗਈ ਅਤੇ ਸ੍ਰੀ ਕ੍ਰਿਸ਼ਨ ਰੋਣ ਲਗੇ।
(ਇਸ ਗੱਲ ਕਰ ਕੇ) ਸ੍ਰੀ ਕ੍ਰਿਸ਼ਨ ਦੇ ਮਨ ਵਿਚ ਗੁੱਸਾ ਆਇਆ ਅਤੇ ਉਹ ਘਰ ਤੋਂ ਉਠ ਕੇ ਬਾਹਰ ਨੂੰ ਭਜ ਗਏ ॥੧੩੯॥
ਦੋਹਰਾ:
ਮਨ ਵਿਚ ਗੁੱਸੇ ਨਾਲ ਭਰੇ ਹੋਏ ਸ੍ਰੀ ਕ੍ਰਿਸ਼ਨ ਬਾਹਰ ਜਾ ਕੇ