ਸ਼੍ਰੀ ਦਸਮ ਗ੍ਰੰਥ

ਅੰਗ - 511


ਸਵੈਯਾ ॥

ਸਵੈਯਾ:

ਮੁਰਿ ਮਾਰਿ ਮੁਰਾਰਿ ਜਬੈ ਅਸਿ ਸਿਉ ਤਿਹ ਪ੍ਰਾਨ ਤਬੈ ਜਮਲੋਕਿ ਪਠਾਏ ॥

ਜਦ ਸ੍ਰੀ ਕ੍ਰਿਸ਼ਨ ਨੇ ਮੁਰ ਦੈਂਤ ਨੂੰ ਤਲਵਾਰ ਨਾਲ ਮਾਰ ਦਿੱਤਾ, ਉਸੇ ਵੇਲੇ ਉਸ ਦੇ ਪ੍ਰਾਣ ਯਮਲੋਕ ਨੂੰ ਭੇਜ ਦਿੱਤੇ।

ਬਾਲ ਕਮਾਨ ਕ੍ਰਿਪਾਨਨ ਸੋ ਕਬਿ ਸ੍ਯਾਮ ਕਹੈ ਅਤਿ ਜੁਧ ਮਚਾਏ ॥

ਕਵੀ ਸ਼ਿਆਮ ਕਹਿੰਦੇ ਹਨ, (ਮੁਰ ਦੇ ਹੋਰਨਾਂ ਯੋਧਿਆਂ ਨੇ) ਬਾਣਾਂ, ਕਮਾਨਾਂ ਅਤੇ ਤਲਵਾਰਾਂ ਨਾਲ ਬਹੁਤ ਤਕੜਾ ਯੁੱਧ ਕੀਤਾ।

ਥੋ ਸੁ ਕੁਟੰਬ ਜਿਤੋ ਤਿਹ ਕੋ ਸੁ ਸੁਨਿਯੋ ਤਿਹ ਯੌ ਮੁਰ ਸ੍ਯਾਮਹਿ ਘਾਏ ॥

ਉਸ (ਮੁਰ ਦੈਂਤ) ਦਾ ਜਿਤਨਾ ਟੱਬਰ ਸੀ, ਉਸ ਨੇ ਇਸ ਤਰ੍ਹਾਂ ਸੁਣ ਲਿਆ ਕਿ ਮੁਰ ਦੈਂਤ ਨੂੰ ਕ੍ਰਿਸ਼ਨ ਨੇ ਮਾਰ ਦਿੱਤਾ ਹੈ।

ਲੈ ਕੇ ਅਨੀ ਚਤੁਰੰਗ ਘਨੀ ਹਰਿ ਪੈ ਤਿਹ ਕੇ ਸੁਤ ਸਾਤ ਹੀ ਧਾਏ ॥੨੧੨੬॥

(ਫਿਰ) ਉਸ ਦੇ ਸੱਤ ਪੁੱਤਰ ਬਹੁਤ ਸਾਰੀ ਚਤੁਰੰਗਨੀ ਸੈਨਾ ਲੈ ਕੇ ਸ੍ਰੀ ਕ੍ਰਿਸ਼ਨ ਉਤੇ ਚੜ੍ਹ ਆਏ ॥੨੧੨੬॥

ਘੇਰਿ ਦਸੋ ਦਿਸ ਤੇ ਹਰਿ ਕੌ ਤਿਹ ਸ੍ਯਾਮ ਭਨੈ ਤਕਿ ਬਾਨ ਪ੍ਰਹਾਰੇ ॥

(ਕਵੀ) ਸ਼ਿਆਮ ਕਹਿੰਦੇ ਹਨ, ਸ੍ਰੀ ਕ੍ਰਿਸ਼ਨ ਨੂੰ ਦਸਾਂ ਦਿਸ਼ਾਵਾਂ ਤੋਂ ਘੇਰ ਕੇ ਅਤੇ ਤਕ ਤਕ ਕੇ ਬਾਣ ਮਾਰੇ ਹਨ।

ਏਕ ਗਦਾ ਗਹਿ ਹਾਥਨ ਬੀਚ ਭਿਰੇ ਮਨ ਕੋ ਫੁਨਿ ਤ੍ਰਾਸ ਨਿਵਾਰੇ ॥

ਕਈ ਯੁੱਧਵੀਰ ਹੱਥਾਂ ਵਿਚ ਗਦਾ ਪਕੜ ਕੇ ਅਤੇ ਫਿਰ ਮਨ ਵਿਚੋਂ ਡਰ ਦੂਰ ਕਰ ਕੇ ਲੜੇ ਹਨ।

ਸੋ ਸਭ ਆਯੁਧ ਸ੍ਯਾਮ ਸਹਾਰ ਕੈ ਜੋ ਅਪੁਨੇ ਰਿਸਿ ਸਸਤ੍ਰ ਸੰਭਾਰੇ ॥

ਉਨ੍ਹਾਂ ਸਾਰਿਆਂ ਦੇ ਸ਼ਸਤ੍ਰਾਂ (ਦੇ ਵਾਰਾਂ ਨੂੰ ਆਪਣੇ ਉਪਰ) ਸਹਾਰ ਕੇ ਅਤੇ ਕ੍ਰੋਧਿਤ ਹੋ ਕੇ ਆਪਣੇ ਸ਼ਸਤ੍ਰਾਂ ਨੂੰ ਸੰਭਾਲ ਲਿਆ।

ਸੂਰ ਨ ਕਾਹੂੰ ਕੋ ਛੋਰਤ ਭਯੋ ਸਭ ਹੀ ਪੁਰਜੇ ਪੁਰਜੇ ਕਰਿ ਡਾਰੇ ॥੨੧੨੭॥

ਕਿਸੇ ਵੀ ਸੂਰਮੇ ਨੂੰ ਨਾ ਛਡਿਆ ਅਤੇ ਸਾਰਿਆਂ ਦੇ ਟੋਟੇ ਕਰ ਸੁਟੇ ॥੨੧੨੭॥

ਸਵੈਯਾ ॥

ਸਵੈਯਾ:

ਸੈਨ ਨਿਹਾਰਿ ਹਨੀ ਅਗਨੀ ਸੁਨਿ ਸਾਤੋ ਊ ਭ੍ਰਾਤਰ ਕ੍ਰੋਧਿ ਭਰੇ ॥

ਅਣਗਿਣਤ ਸੈਨਾ ਮਾਰੀ ਹੋਈ ਵੇਖ ਕੇ, (ਅਤੇ ਇਹ ਖ਼ਬਰ) ਸੁਣ ਕੇ ਸੱਤੇ ਹੀ ਭਰਾ ਕ੍ਰੋਧ ਨਾਲ ਭਰ ਗਏ।

ਘਨਿ ਸ੍ਯਾਮ ਜੂ ਪੈ ਕਬਿ ਸ੍ਯਾਮ ਭਨੈ ਸਭ ਸਸਤ੍ਰਨ ਲੈ ਕਿਲਕਾਰਿ ਪਰੇ ॥

ਕਵੀ ਸ਼ਿਆਮ ਕਹਿੰਦੇ ਹਨ, ਸਾਰੇ ਹੀ ਸ਼ਸਤ੍ਰਾਂ ਨੂੰ ਲੈ ਕੇ ਕਿਲਕਾਰੀਆਂ ਮਾਰਦੇ ਹੋਏ ਸ੍ਰੀ ਕ੍ਰਿਸ਼ਨ ਉਤੇ ਟੁਟ ਕੇ ਪੈ ਗਏ।

ਚਹੂੰ ਓਰ ਤੇ ਘੇਰਤ ਭੇ ਹਰਿ ਕੋ ਅਪਨੇ ਮਨ ਮੈ ਨ ਰਤੀ ਕੁ ਡਰੇ ॥

ਸ੍ਰੀ ਕ੍ਰਿਸ਼ਨ ਨੂੰ ਚੌਹਾਂ ਪਾਸਿਆਂ ਤੋਂ ਘੇਰ ਲਿਆ ਅਤੇ (ਅਜਿਹਾ ਕਰਨ ਵੇਲੇ) ਆਪਣੇ ਮਨ ਵਿਚ ਜ਼ਰਾ ਜਿੰਨਾ ਵੀ ਨਹੀਂ ਡਰੇ।

ਤਬ ਲਉ ਜਬ ਲਉ ਜਦੁਬੀਰ ਸਰਾਸਨ ਲੈ ਨਹੀ ਖੰਡਨ ਖੰਡ ਕਰੇ ॥੨੧੨੮॥

ਉਦੋਂ ਤਕ ਹੀ, ਜਦੋਂ ਤਕ ਸ੍ਰੀ ਕ੍ਰਿਸ਼ਨ ਨੇ ਧਨੁਸ਼ ਬਾਣ ਲੈ ਕੇ (ਇਨ੍ਹਾਂ ਦੇ) ਟੁਕੜੇ ਟੁਕੜੇ ਨਹੀਂ ਕਰ ਦਿੱਤੇ ॥੨੧੨੮॥

ਦੋਹਰਾ ॥

ਦੋਹਰਾ:

ਤਬ ਕਰਿ ਸਾਰਿੰਗ ਸ੍ਯਾਮ ਲੈ ਅਤਿ ਚਿਤਿ ਕ੍ਰੋਧ ਬਢਾਇ ॥

ਤਦ ਸ੍ਰੀ ਕ੍ਰਿਸ਼ਨ ਨੇ ਮਨ ਵਿਚ ਬਹੁਤ ਅਧਿਕ ਕ੍ਰੋਧ ਕਰ ਕੇ ਹੱਥ ਵਿਚ ਸਾਰੰਗ (ਧਨੁਸ਼) ਪਕੜ ਲਿਆ।

ਪੀਟਿ ਸਤ੍ਰ ਭਯਨ ਸਹਿਤ ਜਮਪੁਰਿ ਦਯੋ ਪਠਾਇ ॥੨੧੨੯॥

ਵੈਰੀ ਨੂੰ ਭਰਾਵਾਂ ਸਹਿਤ ਕੁਟ ਕੇ ਯਮਲੋਕ ਭੇਜ ਦਿੱਤੇ ॥੨੧੨੯॥

ਸਵੈਯਾ ॥

ਸਵੈਯਾ:

ਭੂਅ ਬਾਲਕ ਤੋ ਇਹ ਭਾਤਿ ਸੁਨਿਯੋ ਮੁਰ ਬੀਰ ਸੁਪੁਤ੍ਰ ਮੁਰਾਰਿ ਖਪਾਯੋ ॥

ਧਰਤੀ ਦੇ ਪੁੱਤਰ (ਭੂਮਾਸੁਰ) ਨੇ ਇਸ ਤਰ੍ਹਾਂ ਸੁਣ ਲਿਆ ਕਿ ਮੁਰ (ਦੈਂਤ) ਦੇ ਪੁੱਤਰਾਂ ਨੂੰ ਕ੍ਰਿਸ਼ਨ ਨੇ ਮਾਰ ਦਿੱਤਾ ਹੈ।

ਅਉਰ ਜਿਤੋ ਦਲ ਗਯੋ ਤਿਨ ਸੋ ਸੁ ਸੋਊ ਛਿਨ ਮੈ ਜਮ ਲੋਕ ਪਠਾਯੋ ॥

ਹੋਰ ਵੀ ਜਿਤਨਾ ਦਲ ਉਨ੍ਹਾਂ ਨਾਲ ਗਿਆ ਸੀ, ਉਸ ਨੂੰ ਵੀ ਇਕ ਛਿਣ ਵਿਚ ਯਮਲੋਕ ਭੇਜ ਦਿੱਤਾ ਹੈ।

ਯਾ ਸੰਗਿ ਜੂਝ ਕੀ ਲਾਇਕ ਹਉ ਹੀ ਹੌਂ ਯੌ ਕਹਿ ਕੈ ਚਿਤਿ ਕ੍ਰੋਧ ਬਢਾਯੋ ॥

ਇਸ ਨਾਲ ਯੁੱਧ ਕਰਨ ਦੇ ਲਾਇਕ ਮੈਂ ਹੀ ਹਾਂ, ਇਸ ਤਰ੍ਹਾਂ ਕਹਿ ਕੇ (ਉਸ ਨੇ) ਚਿਤ ਵਿਚ ਕ੍ਰੋਧ ਵਧਾ ਲਿਆ।

ਸੈਨ ਬੁਲਾਇ ਸਭੈ ਅਪੁਨੀ ਜਦੁਬੀਰ ਸੋ ਕਾਰਨ ਜੁਧ ਕੋ ਧਾਯੋ ॥੨੧੩੦॥

ਆਪਣੀ ਸਾਰੀ ਸੈਨਾ ਨੂੰ ਬੁਲਾ ਕੇ ਸ੍ਰੀ ਕ੍ਰਿਸ਼ਨ ਨਾਲ ਯੁੱਧ ਕਰਨ ਲਈ ਤੁਰ ਪਿਆ ॥੨੧੩੦॥

ਜਬ ਭੂਮਿ ਕੋ ਬਾਰਕ ਜੁਧ ਕੇ ਕਾਜ ਚੜਿਯੋ ਤਬ ਕਉਚ ਸੁ ਸੂਰਨ ਸਾਜੇ ॥

ਜਦ ਭੂਮਾਸੁਰ ਯੁੱਧ ਕਰਨ ਲਈ ਚੜ੍ਹਿਆ ਤਾਂ (ਕ੍ਰਿਸ਼ਨ ਦੇ) ਸੂਰਮਿਆਂ ਨੇ (ਸ਼ਰੀਰਾਂ ਉਪਰ) ਕਵਚ ਸਜਾ ਲਏ।

ਆਯੁਧ ਅਉਰ ਸੰਭਾਰ ਸਭੈ ਅਰਿ ਘੇਰਿ ਲਯੋ ਬ੍ਰਿਜ ਨਾਇਕ ਗਾਜੇ ॥

ਹੋਰ ਸਾਰਿਆਂ ਨੇ ਵੀ ਸ਼ਸਤ੍ਰਾਂ ਨੂੰ ਸੰਭਾਲ ਲਿਆ ਅਤੇ ਵੈਰੀ ਨੂੰ ਘੇਰ ਕੇ ਸ੍ਰੀ ਕ੍ਰਿਸ਼ਨ ਗੱਜਣ ਲਗੇ।

ਮਾਨਹੁ ਕਾਲ ਪ੍ਰਲੈ ਦਿਨ ਕੋ ਪ੍ਰਗਟਿਯੋ ਘਨ ਹੀ ਇਹ ਭਾਤਿ ਬਿਰਾਜੇ ॥

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਪਰਲੋ ਕਾਲ ਦੇ ਦਿਨ ਵਾਲੇ ਬਦਲ ਪ੍ਰਗਟ ਹੋ ਕੇ ਇਸ ਤਰ੍ਹਾਂ ਸਥਿਤ ਹੋ ਗਏ ਹੋਣ।

ਮਾਨਹੁ ਅੰਤਕ ਕੇ ਪੁਰ ਮੈ ਭਟਵਾ ਨਹਿ ਬਾਜਤ ਹੈ ਜਨੁ ਬਾਜੇ ॥੨੧੩੧॥

ਜਾਂ ਯਮਰਾਜ ਦੇ ਨਗਰ ਵਿਚ ਸੂਰਮੇ ਨਹੀਂ (ਬੋਲ ਰਹੇ) ਮਾਨੋ ਵਾਜੇ ਵਜ ਰਹੇ ਹੋਣ ॥੨੧੩੧॥

ਅਰਿ ਸੈਨ ਜਬੈ ਘਨ ਜਿਉ ਉਮਡਿਓ ਪੁਨਿ ਸ੍ਰੀ ਬ੍ਰਿਜਨਾਥ ਚਿਤੈ ਚਿਤਿ ਜਾਨਿਯੋ ॥

ਜਦ ਵੈਰੀ ਸੈਨਾ ਬਦਲ ਵਾਂਗ ਉਮਡ ਕੇ ਆ ਗਈ। (ਤਾਂ ਫਿਰ) ਕ੍ਰਿਸ਼ਨ ਨੇ ਮਨ ਵਿਚ ਜਾਣ ਲਿਆ

ਅਉਰ ਭੂਮਾਸੁਰ ਭੂਮ ਕੋ ਬਾਰਕ ਭੂਪਤਿ ਹੈ ਇਨ ਕਉ ਪਹਿਚਾਨਿਯੋ ॥

ਕਿ ਭੂਮੀ ਦਾ ਲੜਕਾ ਭੂਮਾਸੁਰ ਹੈ ਅਤੇ ਇਸ ਨੂੰ ਰਾਜਾ ਕਰ ਕੇ ਪਛਾਣ ਲਿਆ ਹੈ।

ਮਾਨਹੁ ਅੰਤ ਸਮੈ ਨਿਧਿ ਨੀਰ ਹੀ ਹੈ ਉਮਡਿਯੋ ਕਬਿ ਸ੍ਯਾਮ ਬਖਾਨਿਯੋ ॥

ਕਵੀ ਸ਼ਿਆਮ ਕਹਿੰਦੇ ਹਨ, (ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਅੰਤ ਸਮੇਂ ਸਮੁੰਦਰ ਦਾ ਹਿਰਦਾ ਉਮਡ ਗਿਆ ਹੋਵੇ।

ਸ੍ਯਾਮ ਜੂ ਹੇਰਿ ਤਿਨੇ ਅਪਨੇ ਚਿਤ ਭੀਤਰ ਨੈਕੁ ਨਹੀ ਡਰੁ ਮਾਨਿਯੋ ॥੨੧੩੨॥

ਉਨ੍ਹਾਂ ਨੂੰ ਕ੍ਰਿਸ਼ਨ ਨੇ ਵੇਖ ਕੇ ਆਪਣੇ ਹਿਰਦੇ ਵਿਚ ਜ਼ਰਾ ਜਿੰਨਾ ਵੀ ਡਰ ਨਹੀਂ ਮੰਨਿਆ ॥੨੧੩੨॥

ਅਰਿ ਪੁੰਜ ਗਇੰਦਨ ਮੈ ਧਨੁ ਤਾਹਿ ਲਸੈ ਸਭ ਹੀ ਜਿਹ ਲੋਕ ਫਟਾ ॥

ਵੈਰੀ ਦੇ ਹਾਥੀਆਂ ਦੇ ਸਮੂਹ ਵਿਚ ਉਸ ਦਾ ਧਨੁਸ਼ ਇਸ ਤਰ੍ਹਾਂ ਚਮਕ ਰਿਹਾ ਸੀ ਜਿਵੇਂ ਸਾਰਾ ਲੋਕ (ਜਗਤ) ਫਟ ਗਿਆ ਹੈ।

ਬਕ ਕੋ ਜਿਨਿ ਕੋਪ ਬਿਨਾਸ ਕੀਆ ਮੁਰ ਕੋ ਛਿਨ ਮੈ ਜਿਹ ਮੁੰਡ ਕਟਾ ॥

ਜਿਸ ਨੇ ਕ੍ਰੋਧ ਕਰ ਕੇ ਬਕ (ਦੈਂਤ) ਨੂੰ ਮਾਰਿਆ ਹੈ ਅਤੇ ਜਿਸ ਨੇ ਛਿਣ ਭਰ ਵਿਚ ਮੁਰ (ਦੈਂਤ) ਦਾ ਸਿਰ ਕਟ ਦਿੱਤਾ ਹੈ।

ਮਦ ਮਤਿ ਕਰੀ ਦਲ ਆਵਤ ਯੌ ਜਿਮ ਜੋਰ ਕੈ ਆਵਤ ਮੇਘ ਘਟਾ ॥

ਮਸਤ ਹਾਥੀਆਂ ਦਾ ਦਲ ਇੰਜ ਆ ਰਿਹਾ ਸੀ ਜਿਵੇਂ ਬਦਲ ਘਟਾ ਬੰਨ੍ਹ ਕੇ ਆਉਂਦੇ ਹਨ।

ਤਿਨ ਮੈ ਧਨੁ ਸ੍ਯਾਮ ਕੀ ਯੌ ਚਮਕੈ ਜਿਮ ਅਭ੍ਰਨ ਭੀਤਰ ਬਿਜੁ ਛਟਾ ॥੨੧੩੩॥

ਉਨ੍ਹਾਂ ਵਿਚ ਸ੍ਰੀ ਕ੍ਰਿਸ਼ਨ ਦਾ ਧਨੁਸ਼ ਇਸ ਤਰ੍ਹਾਂ ਚਮਕ ਰਿਹਾ ਸੀ ਜਿਵੇਂ ਬਦਲਾਂ ਵਿਚ ਬਿਜਲੀ ਚਮਕਦੀ ਹੈ ॥੨੧੩੩॥

ਬਹੁ ਚਕ੍ਰ ਕੇ ਸੰਗ ਹਨੇ ਭਟਵਾ ਬਹੁਤੇ ਪ੍ਰਭ ਧਾਇ ਚਪੇਟਨ ਮਾਰੇ ॥

ਸ੍ਰੀ ਕ੍ਰਿਸ਼ਨ ਨੇ ਬਹੁਤ ਨੂੰ (ਸੁਦਰਸ਼ਨ) ਚੱਕਰ ਨਾਲ ਮਾਰ ਸੁਟਿਆ ਹੈ ਅਤੇ ਬਹੁਤ ਸਾਰਿਆਂ ਨੂੰ ਭਜ ਕੇ ਚਪੇੜਾਂ ਨਾਲ ਮਾਰ ਮੁਕਾਇਆ ਹੈ।

ਏਕ ਗਦਾ ਹੀ ਸੋ ਧਾਇ ਹਨੇ ਗਿਰ ਭੂਮਿ ਪਰੇ ਬਹੁਰੇ ਨ ਸੰਭਾਰੇ ॥

ਇਕਨਾਂ ਨੂੰ ਦੌੜ ਕੇ ਗਦਾ ਨਾਲ ਮਾਰਿਆ ਹੈ ਜੋ ਧਰਤੀ ਉਤੇ ਡਿਗ ਪਏ ਹਨ ਅਤੇ ਫਿਰ ਸੰਭਲੇ ਨਹੀਂ ਹਨ।

ਏਕ ਕਟੇ ਕਰਵਾਰਿਨ ਸੋ ਅਧ ਬੀਚ ਤੇ ਹੋਏ ਪਰੇ ਭਟ ਨਿਆਰੇ ॥

ਇਕਨਾਂ ਨੂੰ ਤਲਵਾਰਾਂ ਨਾਲ ਕਟ ਸੁਟਿਆ ਹੈ, ਉਹ ਅੱਧ ਵਿਚੋਂ ਕਟੇ ਹੋਏ ਵਖਰੇ ਵਖਰੇ ਪਏ ਹਨ।

ਮਾਨੋ ਤਖਾਨਨ ਕਾਨਨ ਮੈ ਕਟਿ ਕੈ ਕਰਵਤ੍ਰਨ ਸੋ ਦ੍ਰੁਮ ਡਾਰੇ ॥੨੧੩੪॥

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਬਨ ਵਿਚ ਤ੍ਰਿਖਾਣਾਂ ਨੇ ਆਰਿਆਂ ਨਾਲ ਬ੍ਰਿਛਾਂ ਨੂੰ ਕਟ ਕੇ ਸੁਟ ਦਿੱਤਾ ਹੋਵੇ ॥੨੧੩੪॥

ਏਕ ਪਰੇ ਭਟ ਜੂਝ ਧਰਾ ਇਕ ਦੇਖਿ ਦਸਾ ਤਿਹ ਸਾਮੁਹੇ ਧਾਏ ॥

ਇਕ ਯੋਧੇ ਲੜ ਕੇ ਧਰਤੀ ਉਤੇ ਡਿਗੇ ਪਏ ਹਨ। ਇਕ ਉਨ੍ਹਾਂ ਦੀ ਹਾਲਤ ਵੇਖ ਕੇ ਸਾਹਮਣਿਓਂ ਹਮਲਾ ਕਰ ਕੇ ਪਏ ਹਨ।

ਨੈਕੁ ਨ ਤ੍ਰਾਸ ਧਰੇ ਚਿਤ ਮੈ ਕਬਿ ਸ੍ਯਾਮ ਭਨੈ ਨਹੀ ਤ੍ਰਾਸ ਬਢਾਏ ॥

ਕਵੀ ਸ਼ਿਆਮ ਕਹਿੰਦੇ ਹਨ, (ਉਨ੍ਹਾਂ ਨੇ) ਚਿਤ ਵਿਚ ਜ਼ਰਾ ਜਿੰਨਾ ਭੈ ਵੀ ਨਹੀਂ ਮੰਨਿਆ ਹੈ ਅਤੇ ਨਾ ਹੀ ਡਰ ਵਧਾਇਆ ਹੈ।

ਦੈ ਮੁਖ ਢਾਲ ਲੀਏ ਕਰਵਾਰ ਨਿਸੰਕ ਦੈ ਸ੍ਯਾਮ ਕੈ ਊਪਰ ਆਏ ॥

ਮੂੰਹ ਅਗੇ ਢਾਲਾਂ ਦੇ ਕੇ ਅਤੇ ਤਲਵਾਰਾਂ ਲੈ ਕੇ, ਨਿਸੰਗ ਹੋ ਕੇ ਕ੍ਰਿਸ਼ਨ ਦੇ ਉਪਰ ਆਏ ਹਨ।

ਤੇ ਸਰ ਏਕ ਹੀ ਸੋ ਪ੍ਰਭ ਜੂ ਹਨਿ ਅੰਤਕ ਕੇ ਪੁਰ ਬੀਚ ਪਠਾਏ ॥੨੧੩੫॥

ਉਨ੍ਹਾਂ ਨੂੰ ਸ੍ਰੀ ਕ੍ਰਿਸ਼ਨ ਨੇ ਇਕ ਹੀ ਬਾਣ ਨਾਲ ਮਾਰ ਕੇ ਯਮਲੋਕ ਵਿਚ ਭੇਜ ਦਿੱਤਾ ਹੈ ॥੨੧੩੫॥

ਸ੍ਰੀ ਜਦੁਬੀਰ ਜਬੈ ਰਿਸ ਸੋ ਸਭ ਹੀ ਭਟਵਾ ਜਮਲੋਕਿ ਪਠਾਏ ॥

ਜਦ ਸ੍ਰੀ ਕ੍ਰਿਸ਼ਨ ਨੇ ਕ੍ਰੋਧਵਾਨ ਹੋ ਕੇ ਸਾਰਿਆਂ ਸੂਰਮਿਆਂ ਨੂੰ ਯਮਲੋਕ ਵਿਚ ਭੇਜ ਦਿੱਤਾ।

ਅਉਰ ਜਿਤੇ ਭਟ ਜੀਤ ਬਚੇ ਇਨ ਦੇਖਿ ਦਸਾ ਡਰਿ ਕੈ ਸੁ ਪਰਾਏ ॥

(ਤਦ) ਹੋਰ ਜਿੰਨੇ ਯੋਧੇ ਜੀਉਂਦੇ ਬਚੇ ਸਨ, ਇਨ੍ਹਾਂ ਦੀ ਹਾਲਤ ਵੇਖ ਕੇ ਉਹ ਡਰ ਕੇ ਭਜ ਗਏ ਹਨ।

ਜੇ ਹਰਿ ਊਪਰਿ ਧਾਇ ਗਏ ਬਧਬੇ ਕਹੁ ਤੇ ਫਿਰ ਜੀਤਿ ਨ ਆਏ ॥

ਜੋ ਸ੍ਰੀ ਕ੍ਰਿਸ਼ਨ ਨੂੰ ਮਾਰਨ ਲਈ ਹਮਲਾ ਕਰ ਕੇ ਪਏ ਸਨ, ਉਹ ਫਿਰ ਜੀਉਂਦੇ ਨਹੀਂ ਆਏ ਹਨ।

ਐਸੋ ਉਘਾਇ ਕੈ ਸੀਸ ਢੁਰਾਇ ਕੈ ਆਪਹਿ ਭੂਪਤਿ ਜੁਧ ਕੌ ਧਾਏ ॥੨੧੩੬॥

ਇਸ ਤਰ੍ਹਾਂ ਕਹਿ ਕੇ ਅਤੇ ਸਿਰ ਨੂੰ ਫੇਰ ਕੇ ਖੁਦ ਰਾਜਾ (ਭੂਮਾਸੁਰ) ਯੁੱਧ ਕਰਨ ਲਈ ਧਾ ਕੇ ਆਇਆ ਹੈ ॥੨੧੩੬॥

ਜੁਧ ਕੋ ਆਵਤ ਭੂਪ ਜਬੈ ਬ੍ਰਿਜ ਨਾਇਕ ਆਪਨੇ ਨੈਨ ਨਿਹਾਰਿਯੋ ॥

ਜਦ ਯੁੱਧ ਕਰਨ ਲਈ ਆਉਂਦੇ ਹੋਏ ਰਾਜਾ (ਭੂਮਾਸੁਰ) ਨੂੰ ਸ੍ਰੀ ਕ੍ਰਿਸ਼ਨ ਨੇ ਆਪਣੀਆਂ ਅੱਖਾਂ ਨਾਲ ਵੇਖਿਆ।

ਠਾਢਿ ਰਹਿਯੋ ਨਹਿ ਤਉਨ ਧਰਾ ਪਰ ਆਗੇ ਹੀ ਜੁਧ ਕੋ ਆਪਿ ਸਿਧਾਰਿਯੋ ॥

ਉਹ ਉਸ ਥਾਂ ਤੇ ਖੜੋਤੇ ਨਾ ਰਹੇ, ਸਗੋਂ ਯੁੱਧ ਕਰਨ ਲਈ ਆਪ ਅਗੇ ਨੂੰ ਚਲ ਪਏ।


Flag Counter