ਉਸ ਦੀ ਸੁੰਦਰਤਾ ਦਾ ਕਿਹੜਾ ਕਵੀ ਕਦੋਂ ਤਕ ਵਰਣਨ ਕਰ ਸਕਦਾ ਹੈ।
ਉਸ ਨੂੰ ਵੇਖ ਕੇ ਸੂਰਜ, ਚੰਦ੍ਰਮਾ ਅਤੇ ਇੰਦਰ ਦਬੇ ਦਬੇ ਰਹਿੰਦੇ ਹਨ ॥੩॥
ਉਸ ਅਪਾਰ ਸੁੰਦਰ ਅਤੇ ਜਵਾਨ ਕੁਮਾਰ ਨੂੰ
ਮਾਨੋ ਪਰਮਾਤਮਾ ਨੇ ਆਪ ਘੜਿਆ ਹੋਵੇ।
ਮਾਨੋ ਸੋਨੇ ਨੂੰ ਪੰਘਾਰ ਕੇ ਸੰਚੇ ਵਿਚ ਢਾਲਿਆ ਗਿਆ ਹੋਵੇ।
(ਉਸ ਨੂੰ) ਬਣਾਉਣ ਵਾਲਾ ਬ੍ਰਹਮਾ ਵੀ (ਵੇਖ ਕੇ) ਰੀਝਿਆ ਰਹਿੰਦਾ ਹੈ ॥੪॥
ਉਸ ਦੇ ਸੁਰਮੇ ਵਾਲੇ ਨੈਣ ਹਿਰਨ (ਦੀਆਂ ਅੱਖਾਂ ਵਾਂਗ) ਫਬਦੇ ਸਨ।
ਕੇਸਾਂ ਦਾ ਖਿਲਾਰ ('ਜਾਲ') ਮਾਨੋ ਫਾਂਸੀ (ਦੇ ਫੰਦੇ) ਸੰਵਾਰੇ ਹੋਏ ਹੋਣ।
(ਕੇਸਾਂ ਦੇ ਫੰਦੇ) ਜਿਸ ਦੇ ਗਲੇ ਵਿਚ ਪੈਂਦੇ ਹਨ, ਉਹੀ (ਉਨ੍ਹਾਂ ਦਾ ਪ੍ਰਭਾਵ ਨੂੰ) ਜਾਣ ਸਕਦਾ ਹੈ।
ਬਿਨਾ ਜਾਣੇ ਕੋਈ ਭਲਾ ਕੀ ਪਛਾਣ ਸਕਦਾ ਹੈ ॥੫॥
ਉਸ ਦੀ ਸੁੰਦਰਤਾ ਦੀ (ਜਿਹੜੀਆਂ ਉਪਮਾਵਾਂ) ਸਾਰੇ ਕਵੀ ਦਿੰਦੇ ਹਨ,
ਉਹ ਉਸ ਦੀ ਸੁੰਦਰਤਾ ਦੇ ਅੰਤਰਗਤ ਹਨ (ਭਾਵ-ਉਹ ਉਪਮਾਵਾਂ ਉਸ ਦੀ ਸੁੰਦਰਤਾ ਦਾ ਸਹੀ ਬਿੰਬ ਪੇਸ਼ ਨਹੀਂ ਕਰ ਸਕਦੀਆਂ)।
ਉਸ ਨੂੰ ਜੋ ਪੁਰਸ਼ ਅਤੇ ਇਸਤਰੀ ਵੇਖਦੀ ਹੈ,
ਤਦ ਉਸ ਨੂੰ (ਆਪਣੀ) ਕੋਈ ਸੰਭਾਲ ਨਹੀਂ ਰਹਿੰਦੀ ॥੬॥
ਮਮੋਲੇ (ਪੰਛੀ) (ਉਸ ਦੀ) ਸੁੰਦਰਤਾ ਨੂੰ ਵੇਖ ਕੇ ਵਿਕ ਗਏ ਹਨ
ਅਤੇ ਭੌਰੇ ਅਜ ਤਕ ਦੀਵਾਨੇ ਹੋਏ ਫਿਰਦੇ ਹਨ।
ਮਹਾਦੇਵ ਉਸ ਨੂੰ ਥੋੜਾ ਜਿੰਨਾ ਵੇਖ ਕੇ
ਹੁਣ ਤਕ ਬਨ ਵਿਚ ਨੰਗਾ ਰਹਿ ਰਿਹਾ ਹੈ ॥੭॥
ਅੜਿਲ:
ਉਸ ਨੂੰ ਵੇਖਣ ਲਈ ਹੀ ਬ੍ਰਹਮਾ ਨੇ ਚਾਰ ਮੁਖ ਬਣਾ ਲਏ ਸਨ।
ਕਾਰਤਿਕੇਯ ('ਸਿਖਿ ਬਾਹਨ' ਮੋਰ ਦੀ ਸਵਾਰੀ ਕਰਨ ਵਾਲੇ) ਨੇ ਇਸੇ ਲਈ ਛੇ ਮੂੰਹ ਬਣਾਏ ਹੋਏ ਸਨ।
ਸ਼ਿਵ ਵੀ ਇਸੇ ਵਿਚਾਰ ਕਰ ਕੇ ਪੰਜ ਮੂੰਹਾਂ ਵਾਲੇ ਬਣ ਗਏ ਸਨ।
ਹਜ਼ਾਰ ਮੂੰਹਾਂ ਵਾਲਾ ਸ਼ੇਸ਼ਨਾਗ ਵੀ (ਉਸ ਦੀ) ਸੁੰਦਰਤਾ ਦੇ ਸਾਗਰ ਨੂੰ ਤਰ ਨਹੀਂ ਸਕਿਆ ਸੀ ॥੮॥
ਚੌਪਈ:
ਜੋ ਇਸਤਰੀ ਉਸ ਦੇ ਰੂਪ ਨੂੰ ਵੇਖਦੀ,
ਉਹ ਲਾਜ, ਸਾਜ, ਧਨ, ਘਰ ਆਦਿ (ਸਭ ਕੁਝ) ਭੁਲ ਜਾਂਦੀ।
ਇਸਤਰੀਆਂ ਮਨ ਵਿਚ ਹੀ ਮਗਨ ਹੋਈਆਂ ਰਹਿੰਦੀਆਂ
ਮਾਨੋ ਹਿਰਨੀ ਦੇ ਸ਼ਰੀਰ ਵਿਚ ਤੀਰ ਲਗਣ ਨਾਲ (ਉਹ ਬੇਸੁਧ ਹੋ ਜਾਂਦੀ ਹੋਵੇ) ॥੯॥
ਜਿਥੇ ਬਾਦਸ਼ਾਹ ਜੈਨ ਅਲਾਵਦੀਨ (ਅਲਾਉੱਦੀਨ ਖ਼ਿਲਜੀ) ਸੀ,
ਉਸ ਕੋਲ ਇਹ ਕੁਮਾਰ ਨੌਕਰੀ ਕਰਨ ਲਈ ਆਇਆ ਸੀ।
ਫੂਲਮਤੀ ਨਾਂ ਦੀ ਬਾਦਸ਼ਾਹ ਦੀ ਇਸਤਰੀ ਸੀ।
ਉਸ ਦੇ ਘਰ ਇਕ ਸ਼ਹਿਜ਼ਾਦੀ ਪੈਦਾ ਹੋਈ ਸੀ ॥੧੦॥
ਉਸ ਬਾਲਿਕਾ ਦਾ ਨਾਂ ਰੌਸ਼ਨ ਦਿਮਾਗ ਸੀ।
(ਉਹ ਇਤਨੀ ਸੁੰਦਰ ਸੀ) ਮਾਨੋ ਕਾਮ ਦੇਵ ਦੀ ਹੀ ਪੁੱਤਰੀ ਹੋਵੇ।
ਮਾਨੋ ਚੰਦ੍ਰਮਾ ਨੂੰ ਚੀਰ ਕੇ (ਉਸ ਨੂੰ) ਬਣਾਇਆ ਗਿਆ ਹੋਵੇ।
ਇਸੇ ਕਰ ਕੇ ਉਸ ਵਿਚ ਬਹੁਤ ਹੰਕਾਰ ਸੀ (ਅਰਥਾਂਤਰ-ਬਹੁਤ ਸੁੰਦਰਤਾ ਸੀ) ॥੧੧॥
(ਇਕ ਦਿਨ) ਬੀਰਮ ਦੇਵ ਮੁਜਰੇ (ਸਲਾਮੀ) ਲਈ ਆਇਆ,
ਤਾਂ ਬਾਦਸ਼ਾਹ ਦੀ ਪੁੱਤਰੀ ਦਾ (ਉਸ ਨੇ) ਹਿਰਦਾ ਚੁਰਾ ਲਿਆ।
ਉਹ ਬਾਲਿਕਾ ਬਹੁਤ ਯਤਨ ਕਰ ਹਟੀ,
ਪਰ ਉਸ ਪਿਆਰੀ ਨੂੰ ਕਿਸੇ ਤਰ੍ਹਾਂ ਪ੍ਰੀਤਮ ਨਾ ਮਿਲਿਆ ॥੧੨॥
ਜਦ (ਉਹ) ਬੇਗ਼ਮ ਬਹੁਤ ਕਾਮ ਆਤੁਰ ਹੋ ਗਈ,
ਤਦ ਉਸ ਨੇ ਲਾਜ ਨੂੰ ਤਿਆਗ ਕੇ ਪਿਤਾ ਨੂੰ ਕਿਹਾ,
ਹੇ ਪਿਤਾ ਜੀ! ਜਾਂ ਤਾਂ ਮੇਰੀ ਘਰ ਵਿਚ ਕਬਰ ਪੁਟਵਾ ਲਵੋ
ਜਾਂ ਬੀਰਮ ਦੇਵ ਨਾਲ ਮੇਰਾ ਵਿਆਹ ਕਰ ਦਿਓ ॥੧੩॥
ਤਦ ਬਾਦਸ਼ਾਹ ਨੇ ਕਿਹਾ ਕਿ (ਤੇਰੀ ਗੱਲ) ਚੰਗੀ ਹੈ,
ਪਰ ਹੇ ਪਿਆਰੀ ਬੇਟੀ! ਪਹਿਲਾਂ ਤੂੰ ਬੀਰਮ ਦੇਵ ਨੂੰ ਮੁਸਲਮਾਨ ਬਣਾ ਲੈ।
ਫਿਰ ਉਸ ਨਾਲ ਤੂੰ ਨਿਕਾਹ ਕਰ ਲਈਂ,
ਜਿਸ ਨਾਲ ਤੇਰੀ ਨਜ਼ਰ ਲਗੀ ਹੋਈ ਹੈ ॥੧੪॥