ਸ਼੍ਰੀ ਦਸਮ ਗ੍ਰੰਥ

ਅੰਗ - 1037


ਬਡੋ ਧਾਨ ਕੋ ਧਨ ਤੈ ਦਾਨ ਪ੍ਰਮਾਨਹੀ ॥

ਧਨ ਨਾਲੋਂ ਵੀ ਧਾਨ (ਅਨਾਜ) ਦੇ ਦਾਨ (ਦਾ ਪੁੰਨ) ਵੱਡਾ ਮੰਨਿਆ ਜਾਂਦਾ ਹੈ।

ਹੋ ਚਾਰਿ ਸੁ ਖਟ ਦਸ ਆਠ ਪੁਰਾਨ ਬਖਾਨਹੀ ॥੮॥

ਇਹ ਗੱਲ ਚਾਰ ਵੇਦਾਂ, ਛੇ ਸ਼ਾਸਤ੍ਰਾਂ ਅਤੇ ਅਠਾਰ੍ਹਾਂ ਪੁਰਾਣਾਂ ਵਿਚ ਦਸੀ ਗਈ ਹੈ ॥੮॥

ਦੋਹਰਾ ॥

ਦੋਹਰਾ:

ਇਹ ਜੋ ਕੋਠੀ ਅੰਨ ਜੁਤ ਦੀਜੈ ਦਿਜਨ ਬੁਲਾਇ ॥

ਇਹ ਜੋ ਅੰਨ ਦੀ ਕੋਠੀ ਹੈ, (ਇਸ ਨੂੰ) ਬ੍ਰਾਹਮਣਾਂ ਨੂੰ ਬੁਲਾ ਕੇ ਦਾਨ ਕਰ ਦਿਓ।

ਇਹੈ ਕਹਿਯੋ ਮੁਰਿ ਮਾਨਿਯੈ ਸੁਨੁ ਚੌਧ੍ਰਿਨ ਕੇ ਰਾਇ ॥੯॥

ਹੇ ਸ਼ਿਰੋਮਣੀ ਚੌਧਰੀ! ਜੋ ਮੈਂ ਚਾਹੁੰਦੀ ਹਾਂ, ਮੇਰੀ ਇਹ (ਗੱਲ) ਮੰਨ ਲਵੋ ॥੯॥

ਵਹੈ ਭਿਟੌਅਨ ਬਾਮਨੀ ਲੀਨੀ ਨਿਕਟ ਬੁਲਾਇ ॥

(ਇਸਤਰੀ ਨੇ) ਉਸ ਮੇਲ ਕਰਾਉਣ ਵਾਲੀ ਬ੍ਰਾਹਮਣੀ (ਦਾਸੀ) ਨੂੰ ਆਪਣੇ ਕੋਲ ਬੁਲਾਇਆ

ਜਾਰ ਸਹਿਤ ਤਿਹ ਨਾਜ ਕੀ ਕੁਠਿਯਾ ਦਈ ਉਠਾਇ ॥੧੦॥

ਅਤੇ ਯਾਰ ਸਮੇਤ ਅਨਾਜ ਦੀ ਕੋਠੜੀ ਨੂੰ ਉਠਵਾ ਦਿੱਤਾ ॥੧੦॥

ਚੌਪਈ ॥

ਚੌਪਈ:

ਮੂਰਖ ਬਾਤ ਨ ਕਛੁ ਲਖਿ ਲਈ ॥

ਮੂਰਖ (ਚੌਧਰੀ) ਕੁਝ ਵੀ ਨਾ ਸਮਝ ਸਕਿਆ

ਕਿਹ ਬਿਧਿ ਨਾਰਿ ਤਾਹਿ ਛਲਿ ਗਈ ॥

ਕਿ ਕਿਸ ਤਰ੍ਹਾਂ ਇਸਤਰੀ ਉਸ ਨੂੰ ਛਲ ਗਈ ਹੈ।

ਜਾਨ੍ਯੋ ਦਾਨ ਆਜੁ ਤ੍ਰਿਯ ਕੀਨੋ ॥

(ਉਸ ਨੇ) ਸਮਝਿਆ ਕਿ ਅਜ ਇਸਤਰੀ ਨੇ ਦਾਨ ਕੀਤਾ ਹੈ

ਤਾ ਕੌ ਕਛੂ ਚਰਿਤ੍ਰ ਨ ਚੀਨੋ ॥੧੧॥

(ਪਰ) ਉਸ ਦੇ ਚਰਿਤ੍ਰ ਨੂੰ ਕੁਝ ਵੀ ਸਮਝ ਨਾ ਸਕਿਆ ॥੧੧॥

ਦਾਨ ਭਿਟੌਅਨ ਕੋ ਜਬ ਦਿਯੋ ॥

ਜਦ ਮੇਲ ਕਰਵਾਉਣ ਵਾਲੀ (ਦਾਸੀ) ਨੂੰ ਦਾਨ ਦਿੱਤਾ

ਕਛੁ ਜੜ ਭੇਦ ਸਮਝਿ ਨਹਿ ਲਿਯੋ ॥

ਤਾਂ ਮੂਰਖ (ਚੌਧਰੀ) ਕੁਝ ਵੀ ਭੇਦ ਨਾ ਸਮਝ ਸਕਿਆ।

ਤਹ ਤੇ ਕਾਢਿ ਅੰਨ ਤਿਨ ਖਾਯੋ ॥

ਉਨ੍ਹਾਂ ਨੇ ਕੋਠੜੀ ਵਿਚ ਅੰਨ ਕਢ ਕੇ ਖਾ ਲਿਆ

ਤਵਨ ਜਾਰ ਕੋ ਘਰ ਪਹੁਚਾਯੋ ॥੧੨॥

ਅਤੇ ਉਸ (ਇਸਤਰੀ) ਦੇ ਯਾਰ ਨੂੰ ਘਰ ਪਹੁੰਚਾ ਦਿੱਤਾ ॥੧੨॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਛਪਨੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੫੬॥੩੦੯੮॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੫੬ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੫੬॥੩੦੯੮॥ ਚਲਦਾ॥

ਦੋਹਰਾ ॥

ਦੋਹਰਾ:

ਬਿਦ੍ਰਭ ਦੇਸ ਭੀਤਰ ਰਹੈ ਭੀਮਸੈਨ ਨ੍ਰਿਪ ਏਕ ॥

ਵਿਦਰਭ ਦੇਸ ਵਿਚ ਭੀਮਸੈਨ (ਨਾਂ ਦਾ) ਇਕ ਰਾਜਾ ਰਹਿੰਦਾ ਸੀ।

ਹੈ ਗੈ ਰਥ ਹੀਰਨ ਜਰੇ ਝੂਲਹਿ ਦ੍ਵਾਰ ਅਨੇਕ ॥੧॥

ਉਸ ਦੇ ਦੁਆਰ ਤੇ ਹਾਥੀ, ਘੋੜੇ ਅਤੇ ਹੀਰਿਆਂ ਨਾਲ ਜੜ੍ਹੇ ਰਥ ਝੂਲਦੇ ਰਹਿੰਦੇ ਸਨ ॥੧॥

ਦਮਵੰਤੀ ਤਾ ਕੀ ਸੁਤਾ ਜਾ ਕੋ ਰੂਪ ਅਪਾਰ ॥

ਦਮਵੰਤੀ ਨਾਂ ਦੀ ਉਸ ਦੀ ਪੁੱਤਰੀ ਸੀ ਜਿਸ ਦੀ ਸੁੰਦਰਤਾ ਅਪਾਰ ਸੀ।

ਦੇਵ ਅਦੇਵ ਗਿਰੈ ਧਰਨਿ ਤਿਸ ਕੀ ਪ੍ਰਭਾ ਨਿਹਾਰਿ ॥੨॥

ਉਸ ਦੀ ਪ੍ਰਭਾ ਨੂੰ ਵੇਖ ਕੇ ਦੇਵਤੇ ਅਤੇ ਦੈਂਤ ਧਰਤੀ ਉਤੇ ਡਿਗ ਪੈਂਦੇ ਸਨ ॥੨॥

ਅੜਿਲ ॥

ਅੜਿਲ:

ਕਾਮ ਦੇਵ ਤਿਹ ਚਹੈ ਸੁ ਕ੍ਯੋਹੂੰ ਪਾਇਯੈ ॥

ਕਾਮ ਦੇਵ ਵੀ ਚਾਹੁੰਦਾ ਸੀ ਕਿ ਕਿਸੇ ਤਰ੍ਹਾਂ ਉਸ ਨੂੰ ਪ੍ਰਾਪਤ ਕਰ ਲਵਾਂ।

ਇੰਦ੍ਰ ਚੰਦ੍ਰ ਕਹੈ ਤਾਹਿ ਬ੍ਯਾਹਿ ਲੈ ਆਇਯੈ ॥

ਇੰਦਰ ਅਤੇ ਚੰਦ੍ਰਮਾ ਵੀ ਕਹਿੰਦੇ ਸਨ ਕਿ ਉਸ ਨੂੰ ਵਿਆਹ ਲਿਆਈਏ।

ਕਾਰਤਕੇਅ ਤਿਹ ਬ੍ਯਾਹਨ ਕਿਯੋ ਨਿਹਾਰਿ ਕਰਿ ॥

ਕਾਰਤਿਕੇਯ ਨੇ ਵੀ ਉਸ ਨੂੰ ਵੇਖ ਕੇ ਵਿਆਹ ਕਰਨਾ ਚਾਹਿਆ।

ਹੋ ਮਹਾ ਰੁਦ੍ਰ ਬਨ ਬਸੇ ਨ ਆਏ ਪਲਟਿ ਘਰਿ ॥੩॥

(ਅਤੇ ਉਸ ਨੂੰ ਵੇਖ ਕੇ) ਮਹਾ ਰੁਦ੍ਰ ਬਨ ਵਿਚ ਜਾ ਵਸਿਆ ਅਤੇ (ਫਿਰ ਕਦੇ) ਘਰ ਨਾ ਪਰਤਿਆ ॥੩॥

ਨੈਨ ਹਰਨ ਕੇ ਹਰੇ ਬੈਨ ਪਿਕ ਕੇ ਹਰਿ ਲੀਨੇ ॥

(ਉਸ ਨੇ) ਅੱਖਾਂ ਹਿਰਨ ਦੀਆਂ ਚੁਰਾਈਆਂ ਹਨ ਅਤੇ ਬੋਲ ਕੋਇਲ ਤੋਂ ਖੋਹ ਲਏ ਹਨ।

ਹਰਿ ਦਾਮਨਿ ਕੀ ਦਿਪਤਿ ਦਸਨ ਦਾਰਿਮ ਬਸ ਕੀਨੇ ॥

ਬਿਜਲੀ ਤੋਂ ਚਮਕ ਹਰ ਲਈ ਹੈ ਅਤੇ ਦੰਦਾਂ ਲਈ ਅਨਾਰ ਦੇ ਦਾਣਿਆਂ ਨੂੰ ਵਸ ਵਿਚ ਕਰ ਲਿਆ ਹੈ।

ਕੀਰ ਨਾਸਿਕਾ ਹਰੀ ਕਦਲਿ ਜੰਘਨ ਤੇ ਹਾਰੇ ॥

ਨਕ ਤੋਤੇ ਤੋਂ ਖੋਹੀ ਹੈ ਅਤੇ ਜੰਘਾਂ ਨੂੰ (ਵੇਖ ਕੇ) ਕੇਲੇ ਦਾ ਬ੍ਰਿਛ ਹਾਰ ਮੰਨ ਰਿਹਾ ਹੈ।

ਹੋ ਛਪੇ ਜਲਜ ਜਲ ਮਾਹਿ ਆਂਖਿ ਲਖਿ ਲਜਤ ਤਿਹਾਰੇ ॥੪॥

ਉਸ ਦੀਆਂ ਅੱਖਾਂ ਨੂੰ ਵੇਖ ਕੇ ਸ਼ਰਮਿੰਦੇ ਹੋਏ ਕਮਲ ਜਲ ਵਿਚ ਜਾ ਲੁਕੇ ਹਨ ॥੪॥

ਦੋਹਰਾ ॥

ਦੋਹਰਾ:

ਤਾ ਕੀ ਪ੍ਰਭਾ ਜਹਾਨ ਮੈ ਪ੍ਰਚੁਰ ਭਈ ਚਹੂੰ ਦੇਸ ॥

ਉਸ ਦੀ ਸੁੰਦਰਤਾ ਸੰਸਾਰ ਦੇ ਚੌਹਾਂ ਪਾਸੇ ਪਸਰ ਗਈ ਹੈ (ਭਾਵ ਪ੍ਰਸਿੱਧ ਹੋ ਗਈ ਹੈ)

ਸਭ ਬ੍ਯਾਹਨ ਤਾ ਕੌ ਚਹੈ ਸੇਸ ਸੁਰੇਸ ਲੁਕੇਸ ॥੫॥

ਅਤੇ ਸ਼ੇਸ਼ਨਾਗ, ਇੰਦਰ ਅਤੇ ਕੁਬੇਰ ('ਲੁਕੇਸ') ਸਾਰੇ ਉਸ ਨੂੰ ਵਿਆਹੁਣਾ ਚਾਹੁੰਦੇ ਹਨ ॥੫॥

ਸੁਨਿ ਪਛਿਨ ਕੇ ਬਕਤ੍ਰ ਤੇ ਤਿਯ ਕੀ ਸੁੰਦਰ ਹਾਲ ॥

ਪੰਛੀਆਂ ਦੇ ਮੂੰਹੋਂ ਇਸਤਰੀ ਦੀ ਸੁੰਦਰਤਾ ਦੀ ਸਥਿਤੀ ਬਾਰੇ ਸੁਣ ਕੇ

ਮਾਨ ਸਰੋਵਰ ਛੋਡਿ ਤਿਹ ਆਵਤ ਭਏ ਮਰਾਲ ॥੬॥

ਮਾਨਸਰੋਵਰ ਨੂੰ ਛਡ ਕੇ ਹੰਸ ਉਥੇ ਆ ਗਏ ਹਨ ॥੬॥

ਚੌਪਈ ॥

ਚੌਪਈ:

ਦਮਵੰਤੀ ਤੇ ਹੰਸ ਨਿਹਾਰੇ ॥

ਦਮਵੰਤੀ ਨੇ ਹੰਸ ਵੇਖੇ

ਰੂਪ ਮਾਨ ਚਿਤ ਮਾਝ ਬਿਚਾਰੇ ॥

(ਤਾਂ ਉਨ੍ਹਾਂ ਨੂੰ) ਮਨ ਵਿਚ ਬਹੁਤ ਰੂਪਮਾਨ ਵਿਚਾਰਿਆ।

ਸਖਿਯਨ ਸਹਿਤ ਆਪ ਉਠ ਧਾਈ ॥

ਸਖੀਆਂ ਸਮੇਤ ਆਪ ਉਠ ਕੇ ਤੁਰ ਪਈ

ਏਕ ਹੰਸ ਤਿਨ ਤੇ ਗਹਿ ਲ੍ਯਾਈ ॥੭॥

ਅਤੇ ਉਨ੍ਹਾਂ ਵਿਚੋਂ ਇਕ ਹੰਸ ਪਕੜ ਲਿਆਈ ॥੭॥

ਹੰਸ ਬਾਚ ॥

ਹੰਸ ਨੇ ਕਿਹਾ:

ਸੁਨੁ ਰਾਨੀ ਇਕ ਕਥਾ ਪ੍ਰਕਾਸੌ ॥

ਹੇ ਰਾਣੀ! ਸੁਣੋ, (ਮੈਂ) ਇਕ ਕਥਾ ਦਸਦਾ ਹਾਂ

ਤੁਮਰੇ ਜਿਯ ਕੋ ਭਰਮ ਬਿਨਾਸੌ ॥

ਅਤੇ ਤੁਹਾਡੇ ਮਨ ਦਾ ਭਰਮ ਦੂਰ ਕਰਦਾ ਹਾਂ।

ਨਲ ਰਾਜਾ ਦਛਿਨ ਇਕ ਰਹਈ ॥

ਦੱਖਣ ਦਿਸ਼ਾ ਵਿਚ ਇਕ ਨਲ ਨਾਂ ਦਾ ਰਾਜਾ ਰਹਿੰਦਾ ਹੈ।

ਅਤਿ ਸੁੰਦਰ ਤਾ ਕੋ ਜਗ ਕਹਈ ॥੮॥

ਉਸ ਨੂੰ ਜਗਤ ਅਤਿ ਸੁੰਦਰ ਕਹਿੰਦਾ ਹੈ ॥੮॥

ਦੋਹਰਾ ॥

ਦੋਹਰਾ:

ਤੇਜਮਾਨ ਸੁੰਦਰ ਧਨੀ ਤਾਹਿ ਉਚਾਰਤ ਲੋਗ ॥

ਉਸ ਨੂੰ ਲੋਕੀਂ ਤੇਜ ਵਾਲਾ, ਸੁੰਦਰ ਅਤੇ ਧਨੀ ਕਹਿੰਦੇ ਹਨ।


Flag Counter