ਸ਼੍ਰੀ ਦਸਮ ਗ੍ਰੰਥ

ਅੰਗ - 146


ਭਏ ਸੈਣਪਾਲੰ ਬਲੀ ਸੂਲ ਸਲ੍ਰਯੰ ॥

(ਉਸ ਤੋਂ ਬਾਦ ਕੌਰਵਾਂ ਦਾ ਚੌਥਾ) ਸੈਨਾ ਨਾਇਕ (ਵੈਰੀਆਂ ਨੂੰ) ਸੂਲ ਵਾਂਗ ਚੁਭਣ ਵਾਲਾ ਬਲਵਾਨ ਸ਼ਲ੍ਯ ਹੋਇਆ।

ਭਲੀ ਭਾਤਿ ਕੁਟਿਓ ਬਲੀ ਪੰਚ ਦਲ੍ਰਯੰ ॥

(ਉਸ ਨੇ) ਪਾਂਡਵਾਂ ਦੀ ਸੈਨਾ ਨੂੰ ਚੰਗੀ ਤਰ੍ਹਾਂ ਕੁਟਿਆ ਅਤੇ ਦਲਿਆ।

ਪੁਨਰ ਹਸਤ ਯੁਧਿਸਟਰੰ ਸਕਤ ਬੇਧੰ ॥

ਫਿਰ ਯੁਧਿਸ਼ਠਰ ਨੇ ਬਰਛੀ (ਸ਼ਕਤੀ) ਨਾਲ (ਉਸ ਦੇ) ਹੱਥ ਨੂੰ ਵਿੰਨ੍ਹ ਦਿੱਤਾ।

ਗਿਰਿਯੋ ਜੁਧ ਭੂਪੰ ਬਲੀ ਭੂਪ ਬੇਧੰ ॥੪੭॥੨੧੫॥

ਰਾਜਾ ਸ਼ਲ੍ਯ ਯੁੱਧ-ਭੂਮੀ ਵਿਚ ਡਿਗ ਪਿਆ ਅਤੇ ਰਾਜੇ ਯੁਧਿਸ਼ਠਰ ਨੇ ਉਸ ਨੂੰ ਵਿੰਨ੍ਹ ਸੁਟਿਆ ॥੪੭॥੨੧੫॥

ਚੌਪਈ ॥

ਚੌਪਈ:

ਸਲ ਰਾਜਾ ਜਉਨੈ ਦਿਨ ਜੂਝਾ ॥

ਜਿਸ ਦਿਨ ਰਾਜਾ ਸ਼ਲ੍ਯ ਮਾਰਿਆ ਗਿਆ।

ਕਉਰਉ ਹਾਰ ਤਵਨ ਤੇ ਸੂਝਾ ॥

ਉਸ (ਦਿਨ) ਤੋਂ ਕੌਰਵਾਂ ਨੂੰ ਆਪਣੀ ਹਾਰ ਸੁਝ ਗਈ।

ਜੂਝਤ ਸਲ ਭਇਓ ਅਸਤਾਮਾ ॥

ਸ਼ਲ੍ਯ ਦੇ ਜੂਝਣ (ਉਪਰੰਤ) ਅਸ੍ਵਸਥਾਮਾ (ਪੰਜਵਾਂ ਸੈਨਾਪਤੀ) ਹੋਇਆ।

ਕੂਟਿਓ ਕੋਟ ਕਟਕੁ ਇਕ ਜਾਮਾ ॥੧॥੨੧੬॥

(ਉਸ ਨੇ) ਇਕ ਪਹਿਰ ਵਿਚ ਕਰੋੜਾਂ ਸੈਨਿਕਾਂ ਨੂੰ ਕੁਟ ਦਿੱਤਾ ॥੧॥੨੧੬॥

ਧ੍ਰਿਸਟ ਦੋਨੁ ਮਾਰਿਓ ਅਤਿਰਥੀ ॥

(ਉਸ ਨੇ) ਮਹਾ ਬਲੀ (ਅਤਿ ਰਥੀ) ਧ੍ਰਿਸ਼ਟਦ੍ਯੁਮਨ ਨੂੰ ਮਾਰ ਦਿੱਤਾ

ਪਾਡਵ ਸੈਨ ਭਲੇ ਕਰਿ ਮਥੀ ॥

ਅਤੇ ਪਾਂਡਵਾਂ ਦੀ ਸੈਨਾ ਨੂੰ ਚੰਗੀ ਤਰ੍ਹਾਂ ਮਿਧਿਆ।

ਪਾਡਵ ਕੇ ਪਾਚੋ ਸੁਤ ਮਾਰੇ ॥

ਪਾਂਡਵਾਂ ਦੇ ਪੰਜੇ ਪੁੱਤਰ ਮਾਰ ਦਿੱਤੇ

ਦੁਆਪੁਰ ਮੈ ਬਡ ਕੀਨ ਅਖਾਰੇ ॥੨॥੨੧੭॥

ਅਤੇ ਦੁਆਪਰ ਵਿਚ ਬਹੁਤ ਵੱਡਾ ਯੁੱਧ (ਅਖਾਰਾ) ਕੀਤਾ ॥੨॥੨੧੭॥

ਕਉਰਉ ਰਾਜ ਕੀਓ ਤਬ ਜੁਧਾ ॥

ਤਦੋਂ ਦੁਰਯੋਧਨ (ਕਉਰਉ ਰਾਜ) ਨੇ ਬਹੁਤ ਕ੍ਰੋਧਵਾਨ ਹੋ ਕੇ

ਭੀਮ ਸੰਗਿ ਹੁਇ ਕੈ ਅਤਿ ਕ੍ਰੁਧਾ ॥

ਭੀਮ ਸੈਨ ਨਾਲ ਯੁੱਧ ਕੀਤਾ।

ਜੁਧ ਕਰਤ ਕਬਹੂ ਨਹੀ ਹਾਰਾ ॥

ਯੁੱਧ ਕਰਦਿਆਂ (ਦੁਰਯੋਧਨ) ਕਦੇ ਹਾਰਿਆ ਨਹੀਂ ਸੀ,

ਕਾਲ ਬਲੀ ਤਿਹ ਆਨ ਸੰਘਾਰਾ ॥੩॥੨੧੮॥

ਪਰ ਬਲਵਾਨ ਕਾਲ ਨੇ ਆ ਕੇ ਉਸ ਨੂੰ ਵੀ ਮਾਰ ਦਿੱਤਾ ॥੩॥੨੧੮॥

ਭੁਜੰਗ ਪ੍ਰਯਾਤ ਛੰਦ ॥

ਭੁਜੰਗ ਪ੍ਰਯਾਤ ਛੰਦ:

ਤਹਾ ਭੀਮ ਕੁਰਰਾਜ ਸਿਉ ਜੁਧ ਮਚਿਓ ॥

ਉਥੇ ਭੀਮ ਸੈਨ ਦਾ ਦੁਰਯੋਧਨ ਨਾਲ (ਇਹੋ ਜਿਹਾ) ਯੁੱਧ ਹੋਇਆ

ਛੁਟੀ ਬ੍ਰਹਮ ਤਾਰੀ ਮਹਾ ਰੁਦ੍ਰ ਨਚਿਓ ॥

(ਕਿ) ਸ਼ਿਵ ਦੀ ਬ੍ਰਹਮ-ਸਮਾਧੀ ਖੁਲ੍ਹ ਗਈ ਅਤੇ (ਉਹ) ਨਚਣ ਲਗਿਆ।

ਉਠੈ ਸਬਦ ਨਿਰਘਾਤ ਆਘਾਤ ਬੀਰੰ ॥

(ਉਥੇ) ਵੀਰ ਯੋਧਿਆਂ ਦੇ (ਸ਼ਸਤ੍ਰਾਂ ਦੇ) ਘਾਤ-ਪ੍ਰਤਿਘਾਤ ਨਾਲ ਖੜਾਕ ਪੈਦਾ ਹੁੰਦਾ ਸੀ।

ਭਏ ਰੁੰਡ ਮੁੰਡੰ ਤਣੰ ਤਛ ਤੀਰੰ ॥੧॥੨੧੯॥

ਸਿਰ ਧੜਾਂ ਨਾਲੋਂ ਵੱਖ ਹੋ ਗਏ ਸਨ ਅਤੇ ਸ਼ਰੀਰ ਤੀਰਾਂ ਨਾਲ ਵਿੰਨ੍ਹੇ ਗਏ ਸਨ ॥੧॥੨੧੯॥

ਗਿਰੇ ਬੀਰ ਏਕੰ ਅਨੇਕੰ ਪ੍ਰਕਾਰੰ ॥

ਅਨੇਕ ਤਰ੍ਹਾਂ ਨਾਲ (ਲੜਦੇ ਹੋਏ) ਕਈ ਇਕ ਸੂਰਮੇ ਡਿਗੇ ਪਏ ਸਨ।

ਗਿਰੇ ਅਧ ਅਧੰ ਛੁਧੰ ਸਸਤ੍ਰ ਧਾਰੰ ॥

ਸ਼ਸਤ੍ਰਾਂ ਦੀ ਧਾਰ ਦੇ ਛੋਹਣ ਨਾਲ (ਉਹ) ਅਧੋ-ਅਧ ਕਟੇ ਹੋਏ ਧਰਤੀ ਤੇ ਪਏ ਸਨ।

ਕਟੇ ਕਉਰਵੰ ਦੁਰ ਸਿੰਦੂਰ ਖੇਤੰ ॥

ਕੌਰਵਾਂ ਦੇ ਮਸਤ ਹਾਥੀ ਯੁੱਧ-ਭੂਮੀ ਵਿਚ ਕਟੇ ਹੋਏ ਪਏ ਸਨ।

ਨਚੇ ਗਿਧ ਆਵਧ ਸਾਵੰਤ ਖੇਤੰ ॥੨॥੨੨੦॥

ਸ਼ਸਤ੍ਰਾਂ ਵਾਲੇ (ਆਵਧ) ਸੂਰਮਿਆਂ (ਸਾਵੰਤ) ਨੂੰ ਯੁੱਧ-ਭੂਮੀ ਵਿਚ (ਡਿਗਿਆ ਵੇਖਕੇ) ਗਿਰਝਾਂ (ਖੁਸ਼ ਹੋ ਕੇ) ਨਚ ਰਹੀਆਂ ਸਨ ॥੨॥੨੨੦॥

ਬਲੀ ਮੰਡਲਾਕਾਰ ਜੂਝੈ ਬਿਰਾਜੈ ॥

ਮੰਡਲਾਕਾਰ ਬਣਾ ਕੇ ਬਲਵਾਨ ਸੂਰਮੇ (ਯੁੱਧ ਵਿਚ) ਮਗਨ ਸਨ।

ਹਸੈ ਗਰਜ ਠੋਕੈ ਭੁਜਾ ਹਰ ਦੁ ਗਾਜੈ ॥

(ਉਹ) ਹਸਦੇ ਸਨ, ਗਜਦੇ ਸਨ, ਭੁਜਾਵਾਂ ਨੂੰ ਠੋਕਦੇ ਸਨ ਅਤੇ ਦੋਹਾਂ ਪਾਸਿਆਂ ਤੋਂ ਲਲਕਾਰਦੇ ਸਨ,

ਦਿਖਾਵੇ ਬਲੀ ਮੰਡਲਾਕਾਰ ਥਾਨੈ ॥

ਮੰਡਲਾਕਾਰ ਵਿਚ ਡਟ ਕੇ ਆਪਣਾ ਬਲ ਵਿਖਾ ਰਹੇ ਸਨ।

ਉਭਾਰੈ ਭੁਜਾ ਅਉ ਫਟਾਕੈ ਗਜਾਨੈ ॥੩॥੨੨੧॥

ਬਾਂਹਵਾਂ ਨੂੰ ਉਭਾਰਦੇ ਸਨ ਅਤੇ (ਗੁਰਜਾਂ ਦੇ) ਫਟਾਂਕੇ ਮਾਰਦੇ ਸਨ ॥੩॥੨੨੧॥

ਸੁਭੇ ਸਵਰਨ ਕੇ ਪਤ੍ਰ ਬਾਧੇ ਗਜਾ ਮੈ ॥

ਗੁਰਜਾਂ ਨਾਲ ਬੰਨ੍ਹੇ ਹੋਏ ਸੋਨੇ ਦੇ ਪੱਤਰੇ ਸੋਭਦੇ ਸਨ।

ਭਈ ਅਗਨਿ ਸੋਭਾ ਲਖੀ ਕੈ ਧੁਜਾ ਮੈ ॥

(ਯੁੱਧ-ਭੂਮੀ ਵਿਚ) ਧੁਜਾਵਾਂ (ਉਪਰ ਨੂੰ ਉਠਦੀਆਂ) ਅਗਨੀ ਦੀਆਂ ਲਾਟਾਂ ਵਾਂਗ ਸ਼ੋਭਾ ਪਾ ਰਹੀਆਂ ਸਨ।

ਭਿੜਾ ਮੈ ਭ੍ਰਮੈ ਮੰਡਲਾਕਾਰ ਬਾਹੈ ॥

(ਯੋਧੇ) ਯੁੱਧ-ਭੂਮੀ ਵਿਚ ਭ੍ਰਮਣ ਕਰਦੇ ਸਨ ਅਤੇ ਮੰਡਲਾਕਾਰ ਵਿਚ (ਸ਼ਸਤ੍ਰ) ਵਾਹ ਰਹੇ ਸਨ।

ਅਪੋ ਆਪ ਸੈ ਨੇਕਿ ਘਾਇੰ ਸਰਾਹੈ ॥੪॥੨੨੨॥

(ਦੋਵੇਂ) ਆਪੋ ਆਪਣੇ ਪਾਸਿਆਂ ਵਿਚ ਚੰਗੇ ਫਟ ਲਗਾਉਣ ਵਾਲਿਆਂ ਨੂੰ ਸਲਾਹ ਰਹੇ ਸਨ ॥੪॥੨੨੨॥

ਤਹਾ ਭੀਮ ਭਾਰੀ ਭੁਜਾ ਸਸਤ੍ਰ ਬਾਹੈ ॥

ਉਥੇ ਭੀਮ ਸੈਨ ਭਾਰੀ ਭੁਜਾਵਾਂ ਨਾਲ ਸ਼ਸਤ੍ਰ ਚਲਾਉਂਦਾ ਸੀ

ਭਲੀ ਭਾਤਿ ਕੈ ਕੈ ਭਲੇ ਸੈਨ ਗਾਹੈ ॥

ਅਤੇ ਚੰਗੀ ਤਰ੍ਹਾਂ ਸੈਨਾ ਨੂੰ ਲਤਾੜ ਰਿਹਾ ਸੀ।

ਉਤੈ ਕਉਰਪਾਲੰ ਧਰੈ ਛਤ੍ਰ ਧਰਮੰ ॥

ਉਧਰ ਕੌਰਵ ਸੈਨਾ-ਨਾਇਕ (ਦੁਰਯੋਧਨ) ਛਤਰੀ ਧਰਮ ਦਾ (ਚੰਗੀ ਤਰ੍ਹਾਂ) ਪਾਲਨ ਕਰ ਰਿਹਾ ਸੀ

ਕਰੈ ਚਿਤ ਪਾਵਿਤ੍ਰ ਬਾਚਿਤ੍ਰ ਕਰਮੰ ॥੫॥੨੨੩॥

ਅਤੇ ਚਿੱਤ ਨੂੰ ਪਵਿੱਤਰ ਕਰਨ ਵਾਲੇ ਵਿਚਿਤ੍ਰ ਕਰਮ (ਯੁੱਧ ਕੌਤਕ) ਕਰ ਰਿਹਾ ਸੀ ॥੫॥੨੨੩॥

ਸਭੈ ਬਾਜੁਵੰਦੰ ਛਕੈ ਭੂਪਨਾਣੰ ॥

(ਦੋਹਾਂ ਸ਼ੂਰਵੀਰਾਂ ਦੇ) ਬਾਜੂਬੰਦ, ਭੂਸ਼ਣ

ਲਸੈ ਮੁਤਕਾ ਚਾਰ ਦੁਮਲਿਅੰ ਹਾਣੰ ॥

ਅਤੇ ਮੋਤੀਆਂ ਦੇ ਹਾਰ ਸੋਭ ਰਹੇ ਸਨ ਅਤੇ ਦੋਵੇਂ ਮੱਲ ਹਾਣੀ ਸਨ।

ਦੋਊ ਮੀਰ ਧੀਰੰ ਦੋਊ ਪਰਮ ਓਜੰ ॥

ਦੋਵੇਂ ਸੈਨਾਨੀ ਬੜੇ ਧੀਰਜ ਵਾਲੇ ਸਨ ਅਤੇ ਦੋਵੇਂ ਬਹੁਤ ਅਧਿਕ ਓਜ ਵਾਲੇ ਸਨ।

ਦੋਊ ਮਾਨਧਾਤਾ ਮਹੀਪੰ ਕਿ ਭੋਜੰ ॥੬॥੨੨੪॥

ਦੋਵੇਂ ਰਾਜਾ ਮਾਨਧਾਤਾ ਅਥਵਾ ਭੋਜ ਵਰਗੇ ਸਨ ॥੬॥੨੨੪॥

ਦੋਊ ਬੀਰ ਬਾਨਾ ਬਧੈ ਅਧ ਅਧੰ ॥

ਦੋਹਾਂ ਵੀਰਾਂ ਨੇ ਟੋਟੇ ਟੋਟੇ ਕਰ ਦੇਣ ਵਾਲੇ ਬਾਣਾਂ (ਦੇ ਭੱਥੇ) ਬੰਨ੍ਹੇ ਹੋਏ ਸਨ।

ਦੋਊ ਸਸਤ੍ਰ ਧਾਰੀ ਮਹਾ ਜੁਧ ਕ੍ਰੁਧੰ ॥

ਦੋਵੇਂ ਸ਼ਸਤ੍ਰਧਾਰੀ ਅਤੇ ਬਹੁਤ ਕ੍ਰੋਧ ਨਾਲ ਯੁੱਧ ਕਰਨ ਵਾਲੇ ਸਨ।

ਦੋਊ ਕ੍ਰੂਰ ਕਰਮੰ ਦੋਊ ਜਾਨ ਬਾਹੰ ॥

ਦੋਵੇਂ ਕਠੋਰ ਕਰਮ ਕਰਨ ਵਾਲੇ ਸਨ ਅਤੇ ਦੋਹਾਂ ਦੀਆਂ ਭੁਜਾਵਾਂ ਗੋਡਿਆਂ ਤਕ ਲੰਬੀਆਂ ਸਨ।

ਦੋਊ ਹਦਿ ਹਿੰਦੂਨ ਸਾਹਾਨ ਸਾਹੰ ॥੭॥੨੨੫॥

ਦੋਵੇਂ ਹਿੰਦੂਆਂ ਦੀ ਧੁਰ ਤਕ (ਸ਼ਾਨ ਵਧਾਉਣ ਵਾਲੇ) ਸ਼ਾਹਾਂ ਦੇ ਸ਼ਾਹ ਸਨ ॥੭॥੨੨੫॥

ਦੋਊ ਸਸਤ੍ਰ ਧਾਰੰ ਦੋਊ ਪਰਮ ਦਾਨੰ ॥

ਦੋਵੇਂ ਸ਼ਸਤ੍ਰ ਧਾਰਨ ਕਰਨ ਵਾਲੇ ਅਤੇ ਮਹਾਨ ਦਾਨੀ ਸਨ।

ਦੋਊ ਢਾਲ ਢੀਚਾਲ ਹਿੰਦੂ ਹਿੰਦਾਨੰ ॥

ਦੋਵੇਂ ਹਿੰਦੁਤਵ ਦੇ ਸੱਚੇ ਵਿਚ ਢਲੇ ਹੋਏ ਹਿੰਦੂ ਸਨ।


Flag Counter