ਸ਼੍ਰੀ ਦਸਮ ਗ੍ਰੰਥ

ਅੰਗ - 492


ਸੁਧਿ ਲੈ ਤਬ ਭੂਪ ਡਰਾਤੁਰ ਹ੍ਵੈ ਤਜਿ ਸਸਤ੍ਰਨ ਸ੍ਯਾਮ ਕੇ ਪਾਇ ਪਰਿਯੋ ॥

ਤਦ ਹੋਸ਼ ਵਿਚ ਆਉਣ 'ਤੇ ਡਰ ਨਾਲ ਬਹੁਤ ਦੁਖੀ ਹੋਇਆ ਰਾਜਾ (ਜਰਾਸੰਧ) ਸ਼ਸਤ੍ਰਾਂ ਨੂੰ ਤਿਆਗ ਕੇ ਸ੍ਰੀ ਕ੍ਰਿਸ਼ਨ ਦੇ ਪੈਰੀਂ ਪੈ ਗਿਆ।

ਬਧ ਮੋਰ ਕਰੋ ਨ ਅਬੈ ਪ੍ਰਭੁ ਜੂ ਨ ਲਹਿਓ ਤੁਮਰੋ ਬਲੁ ਭੂਲਿ ਪਰਿਯੋ ॥

ਹੇ ਪ੍ਰਭੂ ਜੀ! ਹੁਣ ਮੇਰਾ ਬਧ ਨਾ ਕਰੋ। ਮੈਂ ਤੁਹਾਡਾ ਬਲ ਸਮਝਿਆ ਨਹੀਂ ਸੀ, (ਇਸ ਲਈ) ਭੁਲ ਕ ਬੈਠਾ ਹਾਂ।

ਇਹ ਭਾਤਿ ਭਯੋ ਘਿਘਯਾਤ ਘਨੋ ਨ੍ਰਿਪ ਤ੍ਵੈ ਸਰਨਾਗਤਿ ਐਸੇ ਰਰਿਯੋ ॥

ਇਸ ਤਰ੍ਹਾਂ ਰਾਜਾ ਬਹੁਤ ਤਰਲੇ ਕਢਣ ਲਗਾ ਅਤੇ ਇਸ ਤਰ੍ਹਾਂ ਕਹਿਣ ਲਗਾ, 'ਤੇਰੀ ਸ਼ਰਨ ਵਿਚ ਹਾਂ'।

ਕਬਿ ਸ੍ਯਾਮ ਕਹੈ ਇਹ ਭੂਪ ਕੀ ਦੇਖਿ ਦਸਾ ਕਰੁਣਾਨਿਧਿ ਲਾਜਿ ਭਰਿਯੋ ॥੧੯੪੬॥

ਕਵੀ ਸ਼ਿਆਮ ਕਹਿੰਦੇ ਹਲ, ਰਾਜੇ ਦੀ ਇਹ ਹਾਲਤ ਵੇਖ ਕੇ ਕਰੁਣਾਨਿਧਾਨ (ਸ੍ਰੀ ਕ੍ਰਿਸ਼ਨ) ਲਜਾ ਗਏ ਹਨ ॥੧੯੪੬॥

ਕਾਨ੍ਰਹ ਜੂ ਬਾਚ ਹਲੀ ਸੋ ॥

ਕ੍ਰਿਸ਼ਨ ਜੀ ਨੇ ਬਲਰਾਮ ਨੂੰ ਕਿਹਾ:

ਤੋਟਕ ਛੰਦ ॥

ਤੋਟਕ:

ਇਹ ਦੈ ਰੇ ਹਲੀ ਕਹਿਯੋ ਛੋਰ ਅਬੈ ॥

(ਸ੍ਰੀ ਕ੍ਰਿਸ਼ਨ ਨੇ) ਕਿਹਾ, ਹੇ ਬਲਰਾਮ! ਇਸ ਨੂੰ ਹੁਣ ਛਡ ਹੀ ਦੇ

ਮਨ ਤੇ ਤਜਿ ਕ੍ਰੋਧ ਕੀ ਬਾਤ ਸਬੈ ॥

ਅਤੇ (ਆਪਣੇ) ਮਨ ਤੋਂ ਕ੍ਰੋਧ ਦੀਆਂ ਸਾਰੀਆਂ ਗੱਲਾਂ ਨੂੰ ਤਿਆਗ ਦੇ।

ਕਹਿਓ ਕਿਉ ਹਮ ਸੋ ਇਹ ਜੂਝ ਚਹਿਯੋ ॥

(ਬਲਰਾਮ ਨੇ ਸ੍ਰੀ ਕ੍ਰਿਸ਼ਨ ਤੋਂ ਪੁਛਿਆ) ਦਸੋ, ਇਸ ਨੇ ਸਾਡੇ ਨਾਲ ਯੁੱਧ ਕਰਨਾ ਕਿਉਂ ਚਾਹਿਆ ਸੀ।

ਤਬ ਯੌ ਹਸਿ ਕੈ ਜਦੁਰਾਇ ਕਹਿਯੋ ॥੧੯੪੭॥

ਤਦ ਸ੍ਰੀ ਕ੍ਰਿਸ਼ਨ ਨੇ ਹਸ ਕੇ ਇਸ ਤਰ੍ਹਾਂ ਕਿਹਾ, ॥੧੯੪੭॥

ਸੋਰਠਾ ॥

ਸੋਰਠਾ:

ਬਡੋ ਸਤ੍ਰ ਜੋ ਹੋਇ ਤਜਿ ਸਸਤ੍ਰਨ ਪਾਇਨ ਪਰੈ ॥

ਜੋ ਵੱਡਾ ਵੈਰੀ ਹੋਏ ਅਤੇ ਹਥਿਆਰ ਛਡ ਕੇ ਪੈਰੀਂ ਪੈ ਜਾਏ,

ਨੈਕੁ ਨ ਕਰਿ ਚਿਤ ਰੋਹਿ ਬਡੇ ਨ ਬਧ ਤਾ ਕੋ ਕਰਤ ॥੧੯੪੮॥

ਤਾਂ ਵੱਡੇ (ਲੋਕ) ਚਿਤ ਵਿਚ ਜ਼ਰਾ ਜਿੰਨਾ ਗੁੱਸਾ ਵੀ ਨਹੀਂ ਕਰਦੇ ਅਤੇ ਨਾ ਹੀ ਉਸ ਦਾ ਬਧ ਕਰਦੇ ਹਨ ॥੧੯੪੮॥

ਦੋਹਰਾ ॥

ਦੋਹਰਾ:

ਜਰਾਸੰਧਿ ਕੋ ਛੋਰਿ ਪ੍ਰਭ ਕਹਿਯੋ ਕਹਾ ਸੁਨ ਲੇਹੁ ॥

ਸ੍ਰੀ ਕ੍ਰਿਸ਼ਨ ਨੇ (ਰਾਜਾ) ਜਰਾਸੰਧ ਨੂੰ ਛਡ ਕੇ ਕਿਹਾ, (ਹੇ ਰਾਜਨ!) ਮੇਰਾ ਕਿਹਾ ਸੁਣ ਲੈ।

ਜੋ ਬਤੀਯਾ ਤੁਹਿ ਸੋ ਕਹੋ ਤੁਮ ਤਿਨ ਮੈ ਚਿਤੁ ਦੇਹੁ ॥੧੯੪੯॥

ਜੋ ਗੱਲਾਂ (ਮੈਂ) ਤੈਨੂੰ ਕਹਿੰਦਾ ਹਾਂ, ਉਨ੍ਹਾਂ ਨੂੰ ਚਿਤ ਵਿਚ (ਸਥਾਨ) ਦੇ ॥੧੯੪੯॥

ਸਵੈਯਾ ॥

ਸਵੈਯਾ:

ਰੇ ਨ੍ਰਿਪ ਨਿਆਇ ਸਦਾ ਕਰੀਓ ਦੁਖੁ ਦੈ ਕੇ ਅਨ੍ਯਾਇ ਨ ਅਨਾਥਹ ਦੀਜੋ ॥

ਹੇ ਰਾਜਨ! ਸਦਾ ਨਿਆਂ ਕਰਨਾ ਅਤੇ ਅਨਾਥਾਂ ਨੂੰ ਦੁਖ ਦੇਣ ਦਾ ਅਨਿਆਂ ਨਾ ਕਰਨਾ।

ਅਉਰ ਜਿਤੇ ਜਨ ਹੈ ਤਿਨ ਦੈ ਕਛੁ ਕੈ ਕੈ ਕ੍ਰਿਪਾ ਸਭ ਤੇ ਜਸੁ ਲੀਜੋ ॥

ਹੋਰ ਵੀ ਜਿਤਨੇ ਲੋਕ ਹਨ, ਉਨ੍ਹਾਂ ਨੂੰ ਕੁਝ ਨਾ ਕੁਝ (ਅਵੱਸ਼) ਦੇਣਾ ਅਤੇ ਸਾਰਿਆਂ ਉਤੇ ਕ੍ਰਿਪਾ ਕਰ ਕੇ ਯਸ਼ ਅਰਜਿਤ ਕਰਨਾ।

ਬਿਪਨ ਸੇਵ ਸਦਾ ਕਰੀਯੋ ਦਗ ਬਾਜਨ ਜੀਵਤ ਜਾਨ ਨ ਦੀਜੋ ॥

ਬ੍ਰਾਹਮਣਾਂ ਦੀ ਸਦਾ ਸੇਵਾ ਕਰਦੇ ਰਹਿਣਾ ਅਤੇ ਦਗ਼ੇ-ਬਾਜ਼ਾਂ ਨੂੰ ਜੀਉਂਦੇ ਜਾਣ ਨਹੀਂ ਦੇਣਾ।

ਔ ਹਮ ਸੋ ਸੰਗ ਛਤ੍ਰਨਿ ਕੇ ਕਬਹੂ ਰਿਸ ਮਾਡ ਕੈ ਜੁਧ ਨ ਕੀਜੋ ॥੧੯੫੦॥

ਇਸੇ ਤਰ੍ਹਾਂ ਸਾਡੇ ਵਰਗੇ ਛਤ੍ਰੀਆਂ ਨਾਲ ਕਦੇ ਵੀ ਕ੍ਰੋਧਵਾਨ ਹੋ ਕੇ ਯੁੱਧ ਨਾ ਮਚਾ ਦੇਣਾ ॥੧੯੫੦॥

ਦੋਹਰਾ ॥

ਦੋਹਰਾ:

ਜਰਾਸੰਧਿ ਸਿਰ ਨਾਇ ਕੈ ਧਾਮਿ ਗਯੋ ਪਛੁਤਾਇ ॥

(ਰਾਜਾ) ਜਰਾਸੰਧ ਸਿਰ ਨਿਵਾ ਕੇ ਪਛਤਾਉਂਦਾ ਹੋਇਆ ਘਰ ਨੂੰ ਚਲਾ ਗਿਆ।

ਇਤ ਗ੍ਰਿਹਿ ਆਏ ਸ੍ਯਾਮ ਜੂ ਹਰਖਿ ਹੀਏ ਹੁਲਸਾਇ ॥੧੯੫੧॥

ਇਧਰ ਸ੍ਰੀ ਕ੍ਰਿਸ਼ਨ ਵੀ ਹਿਰਦੇ ਵਿਚ ਖੁਸ਼ ਹੋ ਕੇ ਘਰ ਨੂੰ ਪਰਤ ਆਏ ॥੧੯੫੧॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਜਰਾਸੰਧਿ ਪਕਰ ਕੈ ਛੋਰਬੋ ਧਿਆਇ ਸਮਾਪਤੰ ॥

ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਕ੍ਰਿਸ਼ਨਾਵਤਾਰ ਦੇ ਜਰਾਸੰਧ ਨੂੰ ਪਕੜ ਕੇ ਛੋੜ ਦੇਣ ਦਾ ਅਧਿਆਇ ਸਮਾਪਤ।

ਚੌਪਈ ॥

ਚੌਪਈ:

ਸੁਨਤ ਜੀਤ ਫੂਲੇ ਸਭ ਆਵਹਿ ॥

(ਸ੍ਰੀ ਕ੍ਰਿਸ਼ਨ ਦੀ) ਜਿਤ ਸੁਣ ਕੇ ਸਾਰੇ (ਯਾਦਵ) ਖਿੜੇ ਚਲੇ ਆਉਂਦੇ ਹਨ,

ਨ੍ਰਿਪ ਛੋਰਿਯੋ ਸੁਨਿ ਸੀਸੁ ਢੁਰਾਵਹਿ ॥

(ਪਰ ਇਹ) ਸੁਣ ਕੇ ਕਿ ਰਾਜੇ ਨੂੰ ਛਡ ਦਿੱਤਾ ਹੈ, ਸਿਰ ਫੇਰਦੇ ਹਨ।

ਯਾ ਤੇ ਹਿਯਾਉ ਸਭਨ ਕਾ ਡਰਿਯੋ ॥

ਇਸ ਕਰ ਕੇ ਸਾਰਿਆਂ ਦਾ ਹਿਰਦਾ ਡਰ ਰਿਹਾ ਹੈ

ਕਹਤ ਸ੍ਯਾਮ ਘਟਿ ਕਾਰਜ ਕਰਿਯੋ ॥੧੯੫੨॥

ਅਤੇ ਕਹਿੰਦੇ ਹਨ ਕਿ ਸ੍ਰੀ ਕ੍ਰਿਸ਼ਨ ਨੇ ਇਹ ਮਾੜਾ ਕੰਮ ਕੀਤਾ ਹੈ ॥੧੯੫੨॥

ਸਵੈਯਾ ॥

ਸਵੈਯਾ:

ਕਾਜ ਕੀਯੋ ਲਰਕਾ ਹੂੰ ਕੋ ਸ੍ਯਾਮ ਜੀ ਐਸੋ ਬਲੀ ਤੁਮਰੇ ਕਰ ਆਯੋ ॥

ਹੇ ਕ੍ਰਿਸ਼ਨ ਜੀ! (ਤੁਸੀਂ) ਮੁੰਡਿਆਂ ਵਾਲਾ ਕੰਮ ਕੀਤਾ ਹੈ। ਅਜਿਹਾ ਬਲਵਾਨ ਵੈਰੀ ਤੁਹਾਡੇ ਹੱਥ ਆ ਗਿਆ ਸੀ।

ਛੋਰਿ ਦਯੋ ਕਰ ਕੈ ਕਰੁਨਾ ਤਿਨ ਕਾਢਿ ਦਯੋ ਪੁਰ ਤੇ ਫਲੁ ਪਾਯੋ ॥

(ਪਹਿਲਾਂ ਵੀ) ਕਰੁਣਾ ਕਰ ਕੇ ਛਡ ਦਿੱਤਾ ਸੀ, (ਪਰ) ਉਸ ਨੇ (ਤੁਹਾਨੂੰ) ਨਗਰੋਂ ਬਾਹਰ ਕੱਢ ਦਿੱਤਾ ਸੀ। (ਤੁਸੀਂ ਕ੍ਰਿਪਾ ਕਰਨ ਦਾ) ਫਲ ਪਾ ਲਿਆ ਸੀ।

ਐਸੇ ਅਜਾਨ ਨ ਕਾਮ ਕਰੈ ਜੋ ਕੀਯੋ ਹਰਿ ਤੈ ਕਹਿਯੋ ਸੀਸੁ ਢੁਰਾਯੋ ॥

ਅਜਿਹਾ ਕੰਮ ਅਜਾਣ ਵੀ ਨਹੀਂ ਕਰਦਾ ਜੋ ਹੇ ਸ੍ਰੀ ਕਿਸ਼ਨ! ਤੁਸੀਂ ਕੀਤਾ ਹੈ। (ਇਹ) ਕਹਿ ਕੇ (ਉਨ੍ਹਾਂ ਨੇ) ਸਿਰ ਫੇਰਿਆ।

ਛਾਡਿ ਦਯੋ ਨਹੀ ਜੀਤ ਅਬੈ ਅਰਿ ਅਉਰ ਚਮੂੰ ਬਹੁ ਲੈਨ ਪਠਾਯੋ ॥੧੯੫੩॥

ਹੁਣ (ਉਸ ਨੂੰ ਤੁਸੀਂ) ਜਿਤ ਕੇ ਛਡ ਨਹੀਂ ਦਿੱਤਾ, (ਸਗੋਂ) ਹੋਰ ਬਹੁਤ ਸਾਰੀ ਸੈਨਾ ਲਿਆਉਣ ਲਈ ਭੇਜਿਆ ਹੈ ॥੧੯੫੩॥

ਏਕ ਕਹੈ ਮਥੁਰਾ ਕੋ ਚਲੋ ਇਕ ਫੇਰਿ ਕਹੈ ਨ੍ਰਿਪ ਲੈ ਦਲ ਐਹੈ ॥

ਕਈ ਇਕ ਕਹਿੰਦੇ ਹਨ ਕਿ ਮਥੁਰਾ ਨੂੰ ਚਲੋ ਅਤੇ ਕਈ ਇਕ ਫਿਰ ਕਹਿ ਦਿੰਦੇ ਹਨ ਕਿ ਰਾਜਾ ਸੈਨਾ ਲੈ ਕੇ ਆ ਰਿਹਾ ਹੈ।

ਸ੍ਯਾਮ ਕਹੈ ਤਿਹ ਕੇ ਤਬ ਸੰਗਿ ਕਹੋ ਭਟ ਕਉਨ ਸੋ ਜੂਝ ਮਚੈਹੋ ॥

(ਕਵੀ) ਸ਼ਿਆਮ ਕਹਿੰਦੇ ਹਨ, (ਯਾਦਵ ਸੋਚਦੇ ਹਨ) ਦਸੋ, ਉਸ ਵੇਲੇ (ਉਸ) ਨਾਲ ਕਿਹੜਾ ਯੋਧਾ ਯੁੱਧ ਮਚਾਏਗਾ।

ਅਉਰ ਕਦਾਚ ਕੋਊ ਹਠ ਠਾਨ ਕੈ ਜਉ ਲਰਿ ਹੈ ਤਊ ਜੀਤ ਨ ਐ ਹੈ ॥

ਅਤੇ ਜੇ ਕਰ ਕੋਈ ਹਠ ਪੂਰਵਕ ਉਸ ਨਾਲ ਲੜਦਾ ਹੈ ਤਾਂ ਜਿਤ ਨਹੀਂ ਸਕੇਗਾ।

ਤਾ ਤੇ ਨ ਧਾਇ ਧਸੋ ਪੁਰ ਮੈ ਬਿਧਨਾ ਜੋਊ ਲੇਖ ਲਿਖਿਓ ਸੋਊ ਹ੍ਵੈ ਹੈ ॥੧੯੫੪॥

ਇਸ ਲਈ ਨਗਰ ਵਲ ਭਜ ਕੇ ਨਾ ਜਾਓ। (ਸਾਡੇ ਭਾਗਾਂ ਵਿਚ) ਵਿਧਾਤਾ ਨੇ ਜੋ ਲੇਖ ਲਿਖੇ ਹਨ, ਉਹੀ ਕੁਝ ਹੋਣਾ ਹੈ ॥੧੯੫੪॥

ਛਾਡਿਬੋ ਭੂਪਤਿ ਕੋ ਸੁਨ ਕੈ ਸਭ ਹੀ ਮਨਿ ਜਾਦਵ ਤ੍ਰਾਸ ਭਰੇ ॥

ਰਾਜੇ ਦਾ ਛੱਡ ਦੇਣਾ ਸੁਣ ਕੇ ਸਾਰਿਆਂ ਹੀ ਯਾਦਵਾਂ ਦਾ ਮਨ ਡਰ ਨਾਲ ਭਰ ਗਿਆ ਹੈ।

ਨਿਧਿ ਨੀਰ ਕੇ ਭੀਤਰ ਜਾਇ ਬਸੇ ਮੁਖ ਤੇ ਸਭ ਐਸੇ ਚਲੇ ਸੁ ਰਰੇ ॥

ਸਾਰੇ ਸਮੁੰਦਰ ਵਿਚ ਜਾ ਵਸੇ ਹਨ। (ਅਰਥਾਤ ਦੁਆਰਿਕਾ ਨਾਂ ਦੇ ਟਾਪੂ ਵਿਚ ਜਾ ਵਸੇ ਹਨ) ਅਤੇ ਮੁਖ ਤੋਂ ਇਸ ਤਰ੍ਹਾਂ ਕਹਿੰਦੇ ਚਲੇ ਹਨ।

ਕਿਨਹੂੰ ਨਹਿ ਸ੍ਯਾਮ ਕਹੈ ਅਪੁਨੇ ਪੁਰ ਕੀ ਪੁਨਿ ਓਰਿ ਕਉ ਪਾਇ ਧਰੇ ॥

(ਕਵੀ) ਸ਼ਿਆਮ ਕਹਿੰਦੇ ਹਨ, ਕਿਸੇ ਨੇ ਵੀ ਫਿਰ ਆਪਣੇ ਨਗਰ ਵਲ ਕਦਮ ਨਹੀਂ ਧਰਿਆ ਹੈ।

ਅਤਿ ਹੀ ਹੈ ਡਰੇ ਬਲਵੰਤ ਖਰੇ ਬਿਨੁ ਆਯੁਧ ਹੀ ਸਭ ਮਾਰਿ ਮਰੇ ॥੧੯੫੫॥

ਤਕੜੇ ਯੋਧੇ ਵੀ ਬਹੁਤ ਡਰੇ ਹੋਏ ਹਨ। (ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਬਿਨਾ ਸ਼ਸਤ੍ਰ ਦੇ ਮਾਰਿਆਂ ਹੀ ਸਾਰੇ ਮਰੇ ਹੋਏ ਹੋਣ ॥੧੯੫੫॥

ਸਿੰਧੁ ਪੈ ਜਾਇ ਖਰੇ ਭਏ ਸ੍ਯਾਮ ਜੂ ਸਿੰਧੁ ਹੂੰ ਤੇ ਸੁ ਕਛੂ ਕਰ ਚਾਹਿਯੋ ॥

ਸ੍ਰੀ ਕ੍ਰਿਸ਼ਨ ਜੀ ਸਮੁੰਦਰ ਦੇ ਕੰਢੇ ਉਤੇ ਖੜੇ ਹੋ ਗਏ ਅਤੇ ਸਮੁੰਦਰ ਤੋਂ ਕੁਝ ਕਰ ਵਸੂਲ ਕਰਨਾ ਚਾਹਿਆ।

ਛੋਰੁ ਕਹਿਯੋ ਭੂਅ ਛੋਰਿ ਦਈ ਤਨ ਕੈ ਧਨੁ ਕੋ ਜਿਹ ਲਉ ਸਰ ਬਾਹਿਯੋ ॥

ਧਨੁਸ਼ ਨੂੰ ਕਸ ਕੇ (ਬਾਣ ਚਲਾਇਆ ਅਤੇ) ਕਿਹਾ, (ਹੇ ਸਮੁੰਦਰ!) ਜਿਥੋਂ ਤਕ ਬਾਣ ਗਿਆ ਹੈ (ਉਥੋਂ ਤਕ) ਧਰਤੀ ਨੂੰ ਛਡ ਦੇ ਅਤੇ (ਸਮੁੰਦਰ ਨੇ ਤੁਰੰਤ) ਧਰਤੀ ਛਡ ਦਿੱਤੀ।

ਕੰਚਨ ਕੇ ਗ੍ਰਿਹ ਕੈ ਦੀਏ ਤ੍ਯਾਰ ਭਲੇ ਕਿਨਹੂੰ ਤਿਨ ਕਉਨ ਅਚਾਹਿਯੋ ॥

(ਫਿਰ) ਕਿਸੇ ਨੇ ਸੋਨੇ ਦੇ ਚੰਗੇ ਚੰਗੇ ਘਰ ਤਿਆਰ ਕਰ ਦਿੱਤੇ ਹਨ, ਉਨ੍ਹਾਂ ਨੂੰ (ਭਲਾ) ਕਿਹੜਾ ਪਸੰਦ ਨਹੀਂ ਕਰਦਾ।

ਐਸੇ ਕਹੈ ਸਭ ਹੀ ਅਪਨੇ ਮਨਿ ਤੈ ਪ੍ਰਭ ਜੂ ਸਭ ਕੋ ਦੁਖ ਦਾਹਿਯੋ ॥੧੯੫੬॥

ਸਾਰੇ ਹੀ ਆਪਣੇ ਮਨ ਵਿਚ ਇਸ ਤਰ੍ਹਾਂ ਕਹਿੰਦੇ ਹਨ ਕਿ ਸ੍ਰੀ ਕ੍ਰਿਸ਼ਨ ਨੇ (ਅਸਾਂ) ਸਾਰਿਆਂ ਦੇ ਦੁਖ ਕਟ ਦਿੱਤੇ ਹਨ ॥੧੯੫੬॥

ਜੋ ਸਨਕਾਦਿਕ ਕੈ ਰਹੇ ਸੇਵ ਘਨੀ ਤਿਨ ਕੇ ਹਰਿ ਹਾਥਿ ਨ ਆਏ ॥

ਜੋ ਸਨਕਾਦਿਕ ਵਰਗੇ ਬਹੁਤ ਸੇਵਾ ਕਰ ਰਹੇ ਹਨ, ਉਨ੍ਹਾਂ ਦੇ ਹੱਥ ਵਿਚ ਸ੍ਰੀ ਕ੍ਰਿਸ਼ਨ ਨਹੀਂ ਆਇਆ ਹੈ।


Flag Counter