ਕਰੋੜਾਂ ਵਾਰ ਕਰੋੜਾਂ ਤਰ੍ਹਾਂ ਦੇ ਬ੍ਰਤ ਧਾਰਨ ਕਰੇ,
ਦਿਸ਼ਾ-ਵਿਦਿਸ਼ਾ ਵਿਚ ਭਰਮਦਾ ਰਹੇ
ਅਤੇ ਅਨੇਕਾਂ ਭੇਖਾਂ ਨੂੰ ਵੇਖਦਾ ਰਹੇ ॥੧੪॥੯੨॥
ਕਰੋੜਾਂ ਵਾਰ ਕਰੋੜਾਂ ਤਰ੍ਹਾਂ ਦੇ ਦਾਨ ਕਰੇ,
ਅਨੇਕ ਤਰ੍ਹਾਂ ਦੇ ਯੱਗ ਕਰਦਾ ਫਿਰੇ,
ਸੰਨਿਆਸ ਆਦਿ ਧਰਮ (ਦਾ ਪਾਲਨ) ਕਰੇ
ਅਤੇ ਉਦਾਸ ਨਾਮ ਵਾਲੇ ਕਰਮ ਕਰਦਾ ਫਿਰੇ ॥੧੫॥੯੩॥
ਅਨੇਕ ਤਰ੍ਹਾਂ ਦੇ ਪਾਠ ਪੜ੍ਹਦਾ ਰਹੇ,
ਅਨੇਕ ਤਰ੍ਹਾਂ ਦੇ ਠਾਠ ਬਣਾਉਂਦਾ ਰਹੇ,
(ਪਰ ਇਨ੍ਹਾਂ ਵਿਚੋਂ ਕੋਈ ਵੀ ਪਰਮਾਤਮਾ ਦੇ) ਇਕ ਨਾਮ ਦੇ ਸਮਾਨ ਨਹੀਂ ਹੈ?
(ਇਹ) ਸਾਰੇ ਅਸਲ ਵਿਚ ਸ੍ਰਿਸ਼ਟੀ (ਵਿਚ ਪਸਰੇ) ਭਰਮ ਹੀ ਹਨ ॥੧੬॥੯੪॥
(ਭਾਵੇਂ ਕੋਈ) ਯੱਗ ਆਦਿ ਧਰਮਾਂ ਦਾ ਪਾਲਨ ਕਰੇ,
ਬੈਰਾਗ ਆਦਿ ਕਰਮ ਕਰੇ,
ਦਇਆ ਆਦਿ ਕਾਮਨਾਵਾਂ ਕਰੇ,
ਅਨਾਦਿ ਕਾਲ ਤੋਂ ਚਲੇ ਆ ਰਹੇ ਵੱਡੇ ਸੰਯਮ ਧਾਰਨ ਕਰੇ ॥੧੭॥੯੫॥
(ਭਾਵੇਂ ਕੋਈ) ਅਨੇਕ ਦੇਸ਼ਾਂ ਵਿਚ ਘੁੰਮਦਾ ਫਿਰੇ,
ਕਰੋੜਾਂ ਦਾਨ ਦੇਣ ਦਾ ਸੰਯਮ ਕਰੇ,
ਅਨੇਕ ਤਰ੍ਹਾਂ ਗਿਆਨ-ਗੀਤਾ ਦਾ ਗਾਇਨ ਕਰੇ,
ਅਨੇਕ ਤਰ੍ਹਾਂ ਦੇ ਧਿਆਨਾਂ ਨੂੰ ਜਾਣਦਾ ਹੋਵੇ ॥੧੮॥੯੬॥
(ਭਾਵੇਂ ਕੋਈ) ਅਨੇਕ ਤਰ੍ਹਾਂ ਦੇ ਸ੍ਰੇਸ਼ਠ ਗਿਆਨ ਜਾਣਦਾ ਫਿਰੇ,
ਅਨੇਕ ਸ਼ੁਭ ਕਰਮਾਂ ਵਿਚ ਬਿਰਤੀ ਲਗਾਂਦਾ ਰਹੇ
(ਪਰ) ਬਿਆਸ ਨਾਰਦ ਆਦਿ ਵੀ
ਉਸ ਬ੍ਰਹਮ ਦਾ ਭੇਦ ਨਹੀਂ ਪਾ ਸਕਦੇ ॥੧੯॥੯੭॥
(ਭਾਵੇਂ ਕੋਈ) ਕਰੋੜਾਂ ਜੰਤਰ-ਮੰਤਰ ਕਰੇ,
ਅਨੰਤ ਤੰਤਰ ਬਣਾਉਂਦਾ ਫਿਰੇ,
ਵਿਸ਼ੇਸ਼ ਰੂਪ ਵਿਚ ਬਿਆਸ ਰਿਸ਼ੀ ਦੀ ਗੱਦੀ ਉਤੇ ਬੈਠਣ (ਦਾ ਉਦਮ ਕਰੇ)
ਅਨੇਕ ਤਰ੍ਹਾਂ ਦੇ ਭੋਜਨਾਂ ਦਾ ਤਿਆਗ ਕਰੇ ॥੨੦॥੯੮॥
(ਹੇ ਪ੍ਰਭੂ! ਤੈਨੂੰ) ਦੈਂਤ ਅਤੇ ਦੇਵਤੇ ਜਪਦੇ ਹਨ,
ਜੱਛ (ਯਕਸ਼) ਅਤੇ ਗੰਧਰਬ ਪੂਜਦੇ ਹਨ,
ਵਿਦਿਆਧਰ ਯਸ਼ ਗਾਉਂਦੇ ਹਨ,
ਸ਼ੇਸ਼ ਨਾਗ ('ਉਰਗਣ') ਨਾਮ ਜਪਦੇ ਹਨ ('ਗਣੰਤ') ॥੨੧॥੯੯॥
(ਤੈਨੂੰ) ਉਰਾਰ ਅਤੇ ਪਾਰ (ਦੇ ਲੋਕ) ਜਪਦੇ ਹਨ,
(ਤੁਸੀਂ) ਸੱਤ ਸਮੁੰਦਰ ਟਿਕਾਏ ਹੋਏ ਹਨ,
ਚੌਹਾਂ ਚੱਕਾਂ ਵਿਚ (ਤੁਸੀਂ) ਜਾਣੇ ਜਾਂਦੇ ਹੋ,
(ਤੁਸੀਂ) ਟੇਢੇ ਚੱਕਰ ਨੂੰ ਧਾਰਨ ਕੀਤਾ ਹੋਇਆ ਹੈ ॥੨੨॥੧੦੦॥
(ਤੈਨੂੰ) ਸੱਪ ('ਪੰਨਗੰ') ਅਤੇ ਤੇਂਦੂਏ ('ਨਕੰ') ਜਪਦੇ ਹਨ,
ਬਨਸਪਤੀ ਅਤੇ ਸ੍ਰਸ਼ਠ ਮਨੁੱਖ (ਤੇਰਾ ਵਰਣਨ) ਕਰਦੇ ਹਨ,
ਆਕਾਸ਼, ਪ੍ਰਿਥਵੀ ('ਉਰਬੀਅੰ') ਪਾਤਾਲ (ਜਲੰ-ਜਲ ਦਾ ਹੇਠਲਾ ਲੋਕ)
ਅਤੇ ਜਲਾਂ-ਥਲਾਂ ਦੇ ਜੀਵ ਜਪਦੇ ਹਨ ॥੨੩॥੧੦੧॥
ਕਰੋੜਾਂ ਚੌਹਾਂ ਮੂੰਹਾਂ ਵਾਲੇ ਬ੍ਰਹਮੇ (ਚਕ੍ਰ ਬਕਤ੍ਰਣੰ)
ਅਤੇ ਚਾਰ ਵੇਦ (ਤੇਰਾ) ਯਸ਼ ਕਥਦੇ ਹਨ,
ਸ਼ਿਵ (ਤੇਰੇ) ਵਿਚਿਤ੍ਰ ਰੂਪ ਨੂੰ ਮੰਨਦੇ ਹਨ
ਅਤੇ ਕਰੋੜਾਂ ਵਿਸ਼ਣੂ ਵੀ (ਤੇਰਾ) ਧਿਆਨ ਕਰਦੇ ਹਨ ॥੨੪॥੧੦੨॥
ਅਨੰਤ ਸਰਸਵਤੀ, ਸਤੀ ਅਤੇ ਲਕਸ਼ਮੀ ਆਦਿ ਦੇਵੀਆਂ
ਤੇਰੇ ਯਸ਼ ਦਾ ਗਾਇਨ ਕਰਦੀਆਂ ਹਨ,
ਅਨੰਤ ਸ਼ੇਸ਼ਨਾਗ (ਅਨੰਤ) ਸਿਮਰਨ ਕਰਦੇ ਹਨ,
ਅੰਤ ਵਿਚ (ਸਭ ਦੁਅਰਾ ਤੂੰ) ਅਨੰਤ ਰੂਪ ਵਾਲਾ ਜਾਣਿਆ ਜਾਂਦਾ ਹੈ ॥੨੫॥੧੦੩॥
ਬ੍ਰਿਧ ਨਰਾਜ ਛੰਦ: