ਸ਼੍ਰੀ ਦਸਮ ਗ੍ਰੰਥ

ਅੰਗ - 311


ਹੋਇ ਪ੍ਰਸੰਨਿ ਤਹਾ ਹਰਿ ਜੀ ਜੁ ਗਏ ਮਿਲ ਕੈ ਤਟ ਪੈ ਸਰ ਭਾਰੇ ॥

ਸ੍ਰੀ ਕ੍ਰਿਸ਼ਨ ਪ੍ਰਸੰਨ ਹੋ ਕੇ ਅਤੇ ਮਿਲ ਕੇ ਉਥੇ ਭਾਰੇ ਤਲਾ ਦੇ ਕੰਢੇ ਉਤੇ ਗਏ।

ਕੈ ਬਲ ਤੋ ਮੁਸਲੀ ਤਨ ਕੋ ਤਰੁ ਤੇ ਫਰ ਬੂੰਦਨ ਜਿਉ ਧਰਿ ਡਾਰੇ ॥

ਬਲਰਾਮ ਨੇ ਸ਼ਰੀਰ ਦੇ ਬਲ ਨਾਲ ਬ੍ਰਿਛਾਂ ਨਾਲੋਂ ਫਲ (ਤੋੜ ਕੇ) ਧਰਤੀ ਉਤੇ ਮੀਂਹ ਵਾਂਗ ਸੁਟ ਦਿੱਤੇ।

ਧੇਨਕ ਕ੍ਰੋਧ ਮਹਾ ਕਰ ਕੈ ਦੋਊ ਪਾਇ ਹ੍ਰਿਦੇ ਤਿਹ ਸਾਥ ਪ੍ਰਹਾਰੇ ॥

ਧੇਨਕ (ਦੈਂਤ) ਨੇ ਬਹੁਤ ਕ੍ਰੋਧ ਕਰ ਕੇ, ਦੋਵੇਂ ਪੈਰ ਉਨ੍ਹਾਂ ਦੀ ਛਾਤੀ ਵਿਚ ਮਾਰ ਦਿੱਤੇ।

ਗੋਡਨ ਤੇ ਗਹਿ ਫੈਕ ਦਯੋ ਹਰਿ ਜਿਉ ਸਿਰ ਤੇ ਗਹਿ ਕੂਕਰ ਮਾਰੇ ॥੧੯੯॥

ਸ੍ਰੀ ਕ੍ਰਿਸ਼ਨ ਨੇ (ਉਸ ਨੂੰ) ਗੋਡਿਆਂ ਤੋਂ ਫੜ ਕੇ (ਇਉਂ) ਸੁਟ ਦਿੱਤਾ ਜਿਵੇਂ ਸਿਰ ਤੋਂ ਫੜ ਕੇ ਕਤੂਰੇ ਨੂੰ ਸੁਟ ਦੇਈਦਾ ਹੈ ॥੧੯੯॥

ਕ੍ਰੋਧ ਭਈ ਧੁਜਨੀ ਤਿਹ ਕੀ ਪਤਿ ਜਾਨ ਹਤਿਓ ਇਨ ਊਪਰਿ ਆਈ ॥

ਉਸ ਦੀ ਸੈਨਾ ਕ੍ਰੋਧਵਾਨ ਹੋ ਗਈ। ਸੁਆਮੀ ਨੂੰ ਮਾਰਿਆ ਗਿਆ ਜਾਣ ਕੇ ਇਨ੍ਹਾਂ ਉਤੇ ਚੜ੍ਹ ਕੇ ਆ ਗਈ ਹੈ।

ਗਾਇ ਕੋ ਰੂਪ ਧਰਿਓ ਸਭ ਹੀ ਤਬ ਹੀ ਖੁਰ ਸੋ ਧਰਿ ਧੂਰਿ ਉਚਾਈ ॥

ਸਾਰਿਆਂ ਨੇ ਗਊਆਂ ਦਾ ਰੂਪ ਧਾਰ ਲਿਆ। ਤਦੋਂ (ਉਨ੍ਹਾਂ ਨੇ) ਖੁਰਾਂ ਨਾਲ ਧਰਤੀ ਦੀ ਧੂੜ ਮਚਾ ਦਿੱਤੀ।

ਕਾਨ੍ਰਹ ਹਲੀ ਬਲਿ ਕੈ ਤਬ ਹੀ ਚਤੁਰੰਗ ਦਸੋ ਦਿਸ ਬੀਚ ਬਗਾਈ ॥

ਸ੍ਰੀ ਕ੍ਰਿਸ਼ਨ ਤੇ ਬਲਰਾਮ ਨੇ ਉਸੇ ਵੇਲੇ (ਬਲ ਪੂਰਵਕ) ਉਸ ਚਤੁਰੰਗਨੀ ਸੈਨਾਂ ਨੂੰ ਦਸਾਂ ਦਿਸ਼ਾਵਾਂ ਵਿਚ ਸੁਟ ਦਿੱਤਾ,

ਲੈ ਕਿਰਸਾਨ ਮਨੋ ਤੰਗੁਲੀ ਖਲ ਦਾਨਨ ਜ੍ਯੋ ਨਭ ਬੀਚਿ ਉਡਾਈ ॥੨੦੦॥

ਮਾਨੋ ਕਿਰਸਾਨ ਨੇ (ਹੱਥ ਵਿਚ) ਤੰਗੁਲੀ ਲੈ ਕੇ ਤੂੜੀ ਅਤੇ ਦਾਣਿਆਂ ਨੂੰ ਆਕਾਸ਼ ਵਿਚ ਉਡਾਇਆ ਹੋਵੇ ॥੨੦੦॥

ਇਤਿ ਸ੍ਰੀ ਦਸਮ ਸਿਕੰਧੇ ਪੁਰਾਣੇ ਬਚਿਤ੍ਰ ਨਾਟਕ ਕ੍ਰਿਸਨਾਵਤਾਰੇ ਧੇਨਕ ਦੈਤ ਬਧਹਿ ॥

ਇਥੇ ਸ੍ਰੀ ਦਸਮ ਸਕੰਧ ਪੁਰਾਣ ਦੇ ਬਚਿਤ੍ਰ ਨਾਟਕ ਦੇ ਕ੍ਰਿਸ਼ਨਾਵਤਾਰ ਦੇ ਧੇਨਕ ਦੈਂਤ ਵਧ ਪ੍ਰਸੰਗ ਦੀ ਸਮਾਪਤੀ।

ਸਵੈਯਾ ॥

ਸਵੈਯਾ:

ਦੈਤ ਹਨ੍ਯੋ ਚਤੁਰੰਗ ਚਮੂੰ ਸੁਨਿ ਦੇਵ ਕਰੈ ਮਿਲਿ ਕਾਨ੍ਰਹ ਬਡਾਈ ॥

ਚਤੁਰੰਗਨੀ (ਸਮੇਤ) ਧੇਨਕ ਦੈਂਤ ਦਾ ਮਾਰਿਆ ਜਾਣਾ ਸੁਣ ਕੇ, ਦੇਵਤੇ ਕ੍ਰਿਸ਼ਨ ਦੀ ਵਡਿਆਈ ਕਰਨ ਲਗੇ।

ਭਛ ਸਭੈ ਫਲ ਗਵਾਰ ਚਲੇ ਗ੍ਰਿਹਿ ਧੂਰ ਪਰੀ ਮੁਖ ਪੈ ਛਬਿ ਛਾਈ ॥

ਗਵਾਲ ਬਾਲਕਾਂ ਨੇ ਸਾਰੇ ਫਲ ਤੋੜ ਕੇ ਖਾ ਲਏ ਅਤੇ ਘਰ ਨੂੰ ਤੁਰ ਚਲੇ; (ਉਨ੍ਹਾਂ ਦੇ) ਮੂੰਹ ਉਤੇ ਪਈ ਹੋਈ ਧੂੜ ਨੇ ਬਹੁਤ ਸੋਭਾ ਪਾਈ ਹੋਈ ਹੈ।

ਤਾ ਛਬਿ ਕੀ ਉਪਮਾ ਅਤਿ ਹੀ ਕਬਿ ਨੇ ਮੁਖ ਤੇ ਇਮ ਭਾਖਿ ਸੁਣਾਈ ॥

ਉਨ੍ਹਾਂ ਦੀ ਮਹਾਨ ਸੁੰਦਰਤਾ ਦੀ ਉਪਮਾ ਕਵੀ ਨੇ ਮੂੰਹ ਤੋਂ ਇਸ ਤਰ੍ਹਾਂ ਦੀ ਕਹਿ ਕੇ ਸੁਣਾਈ

ਧਾਵਤ ਘੋਰਨ ਕੀ ਪਗ ਕੀ ਰਜ ਛਾਇ ਲਏ ਰਵਿ ਸੀ ਛਬਿ ਪਾਈ ॥੨੦੧॥

ਜਿਵੇਂ ਭਜੇ ਜਾਂਦੇ ਘੋੜਿਆਂ ਦੇ ਪੈਰਾਂ ਨਾਲ ਉਡੀ ਹੋਈ ਧੂੜ ਨੇ ਸੂਰਜ ਢਕ ਲਿਆ ਹੈ, ਅਜਿਹੀ ਸੋਭਾ ਪਾਈ ਹੋਈ ਹੈ ॥੨੦੧॥

ਸੈਨ ਸਨੈ ਹਨਿ ਦੈਤ ਗਯੋ ਗ੍ਰਿਹਿ ਗੋਪ ਗਏ ਗੁਪੀਆ ਸਭ ਆਈ ॥

ਦੈਂਤ ਨੂੰ ਮਾਰ ਕੇ ਸੈਨਾ ਸਮੇਤ ਸ੍ਰੀ ਕ੍ਰਿਸ਼ਨ ਘਰ ਗਏ ਅਤੇ ਗਵਾਲ ਬਾਲਕ ਵੀ ਘਰਾਂ ਨੂੰ ਚਲੇ ਗਏ ਤਦੋਂ ਸਾਰੀਆਂ ਗੋਪੀਆਂ (ਕ੍ਰਿਸ਼ਨ ਕੋਲ) ਆ ਗਈਆਂ।

ਮਾਤ ਪ੍ਰਸੰਨਿ ਭਈ ਮਨ ਮੈ ਤਿਹ ਕੀ ਜੁ ਕਰੈ ਬਹੁ ਭਾਤਿ ਬਡਾਈ ॥

ਮਾਤਾ ਮਨ ਵਿਚ ਪ੍ਰਸੰਨ ਹੋਈ ਅਤੇ ਬਹੁਤ ਤਰ੍ਹਾਂ ਨਾਲ ਉਸ ਦੀ ਵਡਿਆਈ ਕਰਦੀ ਰਹੀ।

ਚਾਵਰ ਦੂਧ ਕਰਿਯੋ ਖਾਹਿਬੇ ਕਹੁ ਖਾਇ ਬਹੂ ਤਿਹ ਦੇਹ ਬਧਾਈ ॥

(ਮਾਤਾ ਨੇ) ਚਾਵਲ ਤੇ ਦੁੱਧ ਉਸ ਦੇ ਖਾਣ ਲਈ ਤਿਆਰ ਕੀਤਾ (ਅਤੇ ਕਿਹਾ) ਬਹੁਤ ਸਾਰਾ ਖਾ ਲੈ (ਤਦ ਤੇਰੀ) ਦੇਹ ਵੱਡੀ ਹੋ ਜਾਏਗੀ।

ਹੋਇ ਬਡੀ ਤੁਮਰੀ ਚੁਟੀਆ ਇਹ ਤੇ ਫੁਨਿ ਬਾਤ ਸਭੈ ਮਿਲਿ ਚਾਈ ॥੨੦੨॥

ਤੇਰੀ ਬੋਦੀ ਵਡੀ ਹੋ ਜਾਏਗੀ, ਇਹ (ਸੁਣ ਕੇ ਸਾਰੀਆਂ ਗੋਪੀਆਂ ਨੇ) ਫਿਰ ਮਿਲ ਕੇ ਇਹ ਗੱਲ ਚੁਕ ਲਈ ॥੨੦੨॥

ਭੋਜਨ ਕੈ ਟਿਕ ਗੇ ਹਰਿ ਜੀ ਪਲਕਾ ਪਰ ਅਉਰ ਕਰੈ ਜੁ ਕਹਾਨੀ ॥

ਸ੍ਰੀ ਕ੍ਰਿਸ਼ਨ ਭੋਜਨ ਕਰ ਕੇ ਮੰਜੀ ਉਤੇ ਸੌਂ ਗਏ ਅਤੇ (ਮਾਤਾ) ਕਹਾਣੀ ਕਰਨ ਲਗ ਗਈ।

ਰਾਜ ਗਯੋ ਤਰਨੋ ਮਗੁ ਰੈਨ ਲਹਿਯੋ ਸੁ ਲਗਿਯੋ ਵਹ ਪੀਅਨ ਪਾਨੀ ॥

(ਇਕ) ਜਵਾਨ ਰਾਜਾ (ਦਸਰਥ) ਸੀ। ਰਾਤ (ਵੇਲੇ ਸ਼ਿਕਾਰ ਦੇ) ਰਾਹ ਗਿਆ, (ਉਥੇ ਇਕ ਤਲਾ) ਵੇਖਿਆ। (ਉਥੇ ਬੈਠ ਗਿਆ, ਸੋਚਿਆ ਜਦੋਂ ਕੋਈ ਬਨ ਪਸ਼ੂ) ਪਾਣੀ ਪੀਣ ਆਏਗਾ (ਤਾਂ ਸ਼ਿਕਾਰ ਕਰਾਂਗਾ)।

ਰਾਤਿ ਪਰੀ ਤਬ ਹੀ ਭਰਿਭੈ ਤਿਨ ਸ੍ਰਉਨ ਸੁਨੀ ਅਪਨੇ ਇਹ ਬਾਨੀ ॥

ਰਾਤ (ਪਾਣੀ) ਭਰਨ ਦੀ ਆਵਾਜ਼ ਸੁਣੀ (ਤਾਂ ਰਾਜੇ ਨੇ ਜੰਗਲੀ ਪਸ਼ੂ ਸਮਝ ਕੇ ਤੀਰ ਚਲਾ ਦਿੱਤਾ)।

ਜਾਹੁ ਕਹਿਯੋ ਤਿਨ ਤਉ ਹਰਿ ਗਯੋ ਗ੍ਰਿਹ ਜਾਇ ਮਿਲਿਯੋ ਅਪਨੀ ਪਟਰਾਨੀ ॥੨੦੩॥

(ਘਾਇਲ) ਸ੍ਰਵਣ ਨੇ ਕਿਹਾ, ਜਾਉ (ਉਨ੍ਹਾਂ ਨੂੰ ਪਾਣੀ ਪਿਲਾਓ)। (ਪਾਣੀ ਪਿਲਾਣ ਉਪਰੰਤ ਸਰਾਪ ਦਾ) ਨਿਵਾਰਣ ਸੁਣ ਕੇ ਰਾਜਾ (ਖੁਸ਼ ਹੋ ਕੇ) ਘਰ ਗਿਆ ਅਤੇ ਜਾ ਕੇ ਪਟਰਾਣੀ ਨੂੰ ਮਿਲਿਆ ॥੨੦੩॥

ਸੋਇ ਗਏ ਹਰਿ ਪ੍ਰਾਤ ਭਏ ਫਿਰਿ ਲੈ ਬਛਰੇ ਬਨ ਗੇ ਗਿਰਧਾਰੀ ॥

(ਕਹਾਣੀ ਸੁਣ ਕੇ) ਸ੍ਰੀ ਕ੍ਰਿਸ਼ਨ ਸੌਂ ਗਏ, ਜਦ ਸਵੇਰਾ ਹੋਇਆ, ਤਦ ਫਿਰ ਸ੍ਰੀ ਕ੍ਰਿਸ਼ਨ ਵੱਛਿਆਂ ਨੂੰ ਲੈ ਕੇ ਬਨ ਵਿਚ ਚਲੇ ਗਏ।

ਮਧਿ ਭਏ ਰਵਿ ਕੇ ਜਮੁਨਾ ਤਟਿ ਧਾਇ ਗਏ ਜਹ ਥੋ ਸਰ ਭਾਰੀ ॥

(ਜਦੋਂ) ਦੁਪਹਿਰ ਵੇਲਾ ਹੋਇਆ ਤਾਂ ਜਮਨਾ ਦੇ ਕੰਢੇ ਉਤੇ ਚਲੇ ਗਏ, ਜਿਥੇ ਵੱਡਾ ਭਾਰਾ ਤਲਾ ਸੀ।


Flag Counter