ਅਤੇ ਤੁਰਕਾਂ ਦੇ ਘਰ ਦੀ ਤਿਰਸਕਾਰੀ ਹੋਈ ਜੂਠ ਖਾ ॥੧੩॥
ਦੋਹਰਾ:
ਤਦ ਉਹ ਅਬਲਾ ਕੰਬਣ ਲਗੀ ਅਤੇ ਉਸ ਦੇ ਪੈਰੀਂ ਪੈ ਕੇ ਕਹਿਣ ਲਗੀ,
ਹੇ ਬ੍ਰਾਹਮਣ! ਮੇਰੇ ਉੱਧਾਰ ਕਿਵੇਂ ਹੋਵੇਗਾ, ਇਸ ਦਾ ਕੋਈ ਉਪਾ ਦਸੋ ॥੧੪॥
ਚੌਪਈ:
ਜਦੋਂ ਇੰਦਰ ਮ੍ਰਿਤ ਲੋਕ ਵਿਚ ਜਾਏਗਾ
ਤਾਂ ਆਪਣਾ ਨਾਂ ਰਾਂਝਾ ਅਖਵਾਏਗਾ।
ਤੇਰੇ ਨਾਲ ਅਧਿਕ ਪ੍ਰੇਮ ਕਰੇਗਾ
ਅਤੇ ਤੈਨੂੰ ਫਿਰ ਅਮਰਾਵਤੀ ਲੈ ਆਇਗਾ ॥੧੫॥
ਦੋਹਰਾ:
ਉਸ ਨੇ ਆ ਕੇ ਮ੍ਰਿਤ ਮੰਡਲ ਵਿਚ ਜੱਟ ਦੀ ਜੂਨ ਧਾਰਨ ਕੀਤੀ
ਅਤੇ 'ਹੀਰ' ਨਾਂ ਧਾਰਨ ਕਰ ਕੇ ਚੂਚਕ ਦੇ ਘਰ ਪੈਦਾ ਹੋਈ ॥੧੬॥
ਚੌਪਈ:
ਇਸ ਤਰ੍ਹਾਂ ਸਮਾਂ ਬੀਤਦਾ ਗਿਆ।
ਵਰ੍ਹੇ ਦਾ ਬੀਤਣਾ ਇਕ ਦਿਨ ਵਰਗਾ ਲਗਾ।
ਜਦੋਂ ਬਚਪਨ ਖ਼ਤਮ ਹੋ ਗਿਆ
ਤਾਂ ਜਵਾਨੀ ਨੇ ਆ ਕੇ ਨਗਾਰਾ ਵਜਾਇਆ ॥੧੭॥
ਰਾਂਝਾ ਮੱਝਾਂ ਚਰਾ ਕੇ ਵਾਪਸ ਆਉਂਦਾ।
ਉਸ ਨੂੰ ਵੇਖ ਕੇ ਹੀਰ ਬਲਿਹਾਰੀ ਜਾਂਦੀ।
ਉਸ ਨਾਲ ਬਹੁਤ ਪ੍ਰੇਮ ਪੈਦਾ ਕਰ ਲਿਆ
ਅਤੇ ਭਾਂਤ ਭਾਂਤ ਨਾਲ ਮੋਹ ਵਧਾ ਲਿਆ ॥੧੮॥
ਦੋਹਰਾ:
ਉਸ ਨੂੰ ਨਿੱਤ ਖਾਂਦਿਆਂ ਪੀਂਦਿਆਂ, ਬੈਠਦਿਆਂ ਉਠਦਿਆਂ, ਸੌਂਦਿਆਂ ਜਾਗਦਿਆਂ
ਸੁੰਦਰ ਦੀਦਾਰ ਵਾਲਾ ਮਿੱਤਰ ਕਦੇ ਵੀ ਚਿਤ ਤੋਂ ਨਹੀਂ ਭੁਲਦਾ ਸੀ ॥੧੯॥
ਹੀਰ ਨੇ ਕਿਹਾ:
ਸਵੈਯਾ:
ਜੇ ਉਹ ਬਾਹਰ ਜਾਂਦਾ ਤਾਂ ਬਾਹਰ ਹੀ ਜਾਂਦੀ, ਜੇ ਘਰ ਆਉਂਦਾ ਤਾਂ ਘਰ ਹੀ ਨਾਲ ਨਾਲ ਲਗੀ ਰਹਿੰਦੀ।
ਜੇ ਪ੍ਰੀਤਮ ਹਠ ਪੂਰਵਕ ਘਰ ਵਿਚ ਬੈਠਾ ਰਹਿੰਦਾ ਤਾਂ ਇਹ ਵੀ ਉਸ ਨੂੰ ਹਿਰਦੇ ਵਿਚ ਵਸਾ ਕੇ ਘਰ ਹੀ ਬੈਠੀ ਰਹਿੰਦੀ।
ਹੇ ਸਖੀ! ਨੀਂਦਰ ਨੇ ਮੇਰੇ ਸੁਆਸ ਨਕ ਤਕ ਲੈ ਆਂਦੇ ਹਨ। ਛਿਣ ਭਰ ਲਈ (ਮੈਨੂੰ) ਸੁਪਨੇ ਵਿਚ ਵੀ ਸੁਖ ਆਰਾਮ (ਕਿਥੇ)।
ਜਾਗਦਿਆਂ ਸੌਂਦਿਆਂ ਰਾਤ ਦਿਨ ਰਾਂਝਾ ਮੈਨੂੰ ਚੈਨ ਨਹੀਂ ਲੈਣ ਦਿੰਦਾ ॥੨੦॥
ਚੌਪਈ:
ਉਹ ਸਦਾ 'ਰਾਂਝਾ ਰਾਂਝਾ' ਉਚਾਰਦੀ ਸੀ
ਅਤੇ ਸੌਂਦਿਆਂ ਜਾਗਦਿਆਂ ਉਸੇ ਨੂੰ ਯਾਦ ਕਰਦੀ ਸੀ।
ਬੈਠਦੇ, ਉਠਦੇ, ਚਲਦੇ ਫਿਰਦੇ
(ਉਹ) ਉਸ ਨੂੰ ਅੰਗ ਸੰਗ ਸਮਝਦੀ ਸੀ ॥੨੧॥
ਜਿਸ ਕਿਸੇ ਨੂੰ ਵੀ ਹੀਰ ਵੇਖਦੀ,
(ਉਹ ਉਸ ਨੂੰ) ਹਿਰਦੇ ਵਿਚ ਰਾਂਝਾ ਹੀ ਸਮਝਦੀ।
(ਉਸ ਨੂੰ) ਪ੍ਰੀਤਮ ਦੀ ਅਜਿਹੀ ਪ੍ਰੀਤ ਲਗੀ
ਜਿਸ ਕਰ ਕੇ ਉਸ ਦੀ ਨੀਂਦਰ ਭੁਖ ਸਭ ਦੌੜ ਗਈ ॥੨੨॥
ਉਹ ਰਾਂਝੇ ਦਾ ਹੀ ਰੂਪ ਹੋ ਗਈ,
ਜਿਵੇਂ ਜਲ ਦੀ ਬੂੰਦ ਜਲ ਵਿਚ ਮਿਲ ਜਾਂਦੀ ਹੈ।
(ਉਸ ਦੀ ਸਥਿਤੀ) ਉਸ ਹਿਰਨ ਵਰਗੀ ਹੋ ਗਈ ਜੋ 'ਮ੍ਰਿਗਯਾ' (ਸ਼ਿਕਾਰੀ) ਨੂੰ ਵੇਖ ਕੇ
ਬਿਨਾ ਬੰਨ੍ਹਿਆਂ ਹੀ ਬੰਨ੍ਹਿਆ ਜਾਂਦਾ ਹੈ ॥੨੩॥
ਦੋਹਰਾ:
ਜਿਵੇਂ ਕੋਈ ਲਕੜੀ ਕਿਤੋਂ ਆ ਕੇ ਅੱਗ ਵਿਚ ਆ ਪੈਂਦੀ ਹੈ,
ਉਹ ਦੋ ਕੁ ਪਲ ਤਕ (ਲਕੜੀ ਦੇ ਰੂਪ ਵਿਚ) ਰਹਿੰਦੀ ਹੈ, ਫਿਰ ਅੱਗ ਦਾ ਰੂਪ ਹੀ ਹੋ ਜਾਂਦੀ ਹੈ ॥੨੪॥
ਹਰ ਥਾਂ ਅਜਿਹਾ ਸੁਣਿਆ ਜਾਂਦਾ ਹੈ ਕਿ ਤਲਵਾਰ ਇਕ ਤੋਂ ਦੋ (ਟੋਟੇ) ਕਰ ਦਿੰਦੀ ਹੈ।
ਪਰ ਵਿਯੋਗ ਦੀ ਤਲਵਾਰ ('ਬਢਾਰਨਿ') ਨਾਲ ਜੋ ਵਢੇ ਗਏ ਹਨ, ਉਹ ਦੋ ਤੋਂ ਇਕ ਰੂਪ ਹੋ ਜਾਂਦੇ ਹਨ ॥੨੫॥