ਸ਼੍ਰੀ ਦਸਮ ਗ੍ਰੰਥ

ਅੰਗ - 713


ਤਾਹੀ ਕੋ ਮਾਨਿ ਪ੍ਰਭੂ ਕਰਿ ਕੈ ਜਿਹ ਕੋ ਕੋਊ ਭੇਦੁ ਨ ਲੈਨ ਲਯੋ ਜੂ ॥੧੩॥

(ਹੇ ਮਨ!) ਉਸੇ ਨੂੰ ਪ੍ਰਭੂ ਕਰਕੇ ਮੰਨ ਜਿਸ ਦਾ ਭੇਦ ਨਾ ਕਿਸੇ ਨੇ ਲਿਆ ਹੈ ਅਤੇ ਨਾ ਲਏਗਾ ॥੧੩॥

ਕ੍ਯੋ ਕਹੋ ਕ੍ਰਿਸਨ ਕ੍ਰਿਪਾਨਿਧਿ ਹੈ ਕਿਹ ਕਾਜ ਤੇ ਬਧਕ ਬਾਣੁ ਲਗਾਯੋ ॥

ਕਿਉਂ ਕਹਿੰਦੇ ਹੋ ਕਿ ਕ੍ਰਿਸ਼ਨ ਕ੍ਰਿਪਾ ਨਿਧੀ (ਪਰਮਾਤਮਾ) ਹੈ (ਫਿਰ) ਕਿਸ ਲਈ ਬਧਕ (ਸ਼ਿਕਾਰੀ) ਨੇ (ਉਸਨੂੰ) ਬਾਣ ਮਾਰਿਆ ਸੀ?

ਅਉਰ ਕੁਲੀਨ ਉਧਾਰਤ ਜੋ ਕਿਹ ਤੇ ਅਪਨੋ ਕੁਲਿ ਨਾਸੁ ਕਰਾਯੋ ॥

(ਜੇ) ਉਹ ਹੋਰਾਂ ਦੀਆਂ ਕੁਲਾਂ ਨੂੰ ਉਧਾਰਨ ਵਾਲਾ ਹੈ, (ਤਾਂ ਉਸਨੇ) ਆਪਣੀ ਕੁਲ ਦਾ ਨਾਸ ਕਰਾਇਆ ਸੀ?

ਆਦਿ ਅਜੋਨਿ ਕਹਾਇ ਕਹੋ ਕਿਮ ਦੇਵਕਿ ਕੇ ਜਠਰੰਤਰ ਆਯੋ ॥

(ਜੇ ਉਹ) ਆਦਿ ਕਾਲ ਤੋਂ ਅਜੋਨੀ ਅਖਵਾਉਂਦਾ ਸੀ (ਤਾਂ ਫਿਰ ਉਹ) ਦੇਵਕੀ ਦੇ ਪੇਟ ਵਿਚ ਕਿਸ ਤਰ੍ਹਾਂ ਆਇਆ ਸੀ।

ਤਾਤ ਨ ਮਾਤ ਕਹੈ ਜਿਹ ਕੋ ਤਿਹ ਕਯੋ ਬਸੁਦੇਵਹਿ ਬਾਪੁ ਕਹਾਯੋ ॥੧੪॥

ਜਿਸ ਦਾ ਕੋਈ ਪਿਤਾ ਅਤੇ ਮਾਤਾ ਨਹੀਂ ਕਿਹਾ ਜਾਂਦਾ, (ਤਾਂ ਫਿਰ) ਵਸੁਦੇਵ (ਉਸ ਦਾ) ਪਿਤਾ ਕਿਵੇਂ ਅਖਵਾਇਆ ਹੈ ॥੧੪॥

ਕਾਹੇ ਕੌ ਏਸ ਮਹੇਸਹਿ ਭਾਖਤ ਕਾਹਿ ਦਿਜੇਸ ਕੋ ਏਸ ਬਖਾਨਯੋ ॥

ਕਿਸ ਲਈ ਸ਼ਿਵ ਨੂੰ ਈਸ਼ਵਰ ਕਹਿੰਦੇ ਹੋ ਅਤੇ ਕਿਸ ਲਈ ਬ੍ਰਹਮਾ ਨੂੰ ਪਰਮੇਸ਼ਰ ਬਖਾਨ ਕਰਦੇ ਹੋ।

ਹੈ ਨ ਰਘ੍ਵੇਸ ਜਦ੍ਵੇਸ ਰਮਾਪਤਿ ਤੈ ਜਿਨ ਕੋ ਬਿਸੁਨਾਥ ਪਛਾਨਯੋ ॥

ਰਾਮ, ਕ੍ਰਿਸ਼ਨ ਅਤੇ ਵਿਸ਼ਣੂ ਵੀ (ਈਸ਼ਵਰ) ਨਹੀਂ ਹਨ, ਜਿਨ੍ਹਾਂ ਨੂੰ ਤੂੰ ਵਿਸ਼ਵਨਾਥ ਵਜੋਂ ਪਛਾਣਿਆ ਹੈ।

ਏਕ ਕੋ ਛਾਡਿ ਅਨੇਕ ਭਜੇ ਸੁਕਦੇਵ ਪਰਾਸਰ ਬਯਾਸ ਝੁਠਾਨਯੋ ॥

ਇਕ ਨੂੰ ਛਡ ਕੇ ਅਨੇਕ ਦੀ ਅਰਾਧਨਾ ਕਰਨ ਨਾਲ (ਤੁਸੀ) ਸੁਕਦੇਵ, ਪਰਾਸ਼ਰ ਅਤੇ ਬਿਆਸ ਨੂੰ ਝੂਠਾ ਸਿੱਧ ਕਰਦੇ ਹੋ।

ਫੋਕਟ ਧਰਮ ਸਜੇ ਸਬ ਹੀ ਹਮ ਏਕ ਹੀ ਕੌ ਬਿਧਿ ਨੇਕ ਪ੍ਰਮਾਨਯੋ ॥੧੫॥

ਸਾਰੇ ਧਰਮ ਫੋਕਟ ਰੂਪ ਵਿਚ ਸਥਿਤ ਹਨ। ਅਸੀਂ ਤਾਂ ਇਕ ਨੂੰ ਹੀ ਅਨੇਕ ਢੰਗਾਂ ਨਾਲ ਪ੍ਰਮਾਣਿਤ ਕਰਦੇ ਹਾਂ ॥੧੫॥

ਕੋਊ ਦਿਜੇਸ ਕੁ ਮਾਨਤ ਹੈ ਅਰੁ ਕੋਊ ਮਹੇਸ ਕੋ ਏਸ ਬਤੈ ਹੈ ॥

ਕੋਈ ਬ੍ਰਹਮਾ ('ਦਿਜੇਸ') ਨੂੰ ਮੰਨਦਾ ਹੈ ਅਤੇ ਕੋਈ ਸ਼ਿਵ ਨੂੰ ਈਸ਼ਵਰ ਦਸਦਾ ਹੈ।

ਕੋਊ ਕਹੈ ਬਿਸਨੋ ਬਿਸੁਨਾਇਕ ਜਾਹਿ ਭਜੇ ਅਘ ਓਘ ਕਟੈ ਹੈ ॥

ਕੋਈ ਵਿਸ਼ਣੂ ਨੂੰ ਹੀ ਵਿਸ਼ਵ-ਨਾਇਕ ਕਹਿੰਦਾ ਹੈ ਜਿਸ ਨੂੰ ਭਜਣ ਨਾਲ ਸਾਰੇ ਪਾਪ ਕਟ ਜਾਂਦੇ ਹਨ।

ਬਾਰ ਹਜਾਰ ਬਿਚਾਰ ਅਰੇ ਜੜ ਅੰਤ ਸਮੇ ਸਬ ਹੀ ਤਜਿ ਜੈ ਹੈ ॥

ਹੇ ਮੁਰਖ! ਹਜ਼ਾਰ ਵਾਰ ਵਿਚਾਰ ਕਰ ਲੈ, ਇਹ ਸਾਰੇ ਹੀ ਅੰਤ ਵੇਲੇ ਛਡ ਜਾਂਦੇ ਹਨ।

ਤਾ ਹੀ ਕੋ ਧਯਾਨ ਪ੍ਰਮਾਨਿ ਹੀਏ ਜੋਊ ਕੇ ਅਬ ਹੈ ਅਰ ਆਗੈ ਊ ਹ੍ਵੈ ਹੈ ॥੧੬॥

ਉਸੇ ਦਾ ਧਿਆਨ ਹਿਰਦੇ ਵਿਚ ਧਾਰਨ ਕਰ ਜੋ (ਪਹਿਲਾਂ) ਸੀ, ਹੁਣ ਹੈ ਅਤੇ ਭਵਿਖ ਵਿਚ ਹੋਵੇਗਾ ॥੧੬॥

ਕੋਟਕ ਇੰਦ੍ਰ ਕਰੇ ਜਿਹ ਕੇ ਕਈ ਕੋਟਿ ਉਪਿੰਦ੍ਰ ਬਨਾਇ ਖਪਾਯੋ ॥

ਕਰੋੜਾਂ ਇੰਦਰ ਜਿਸ ਦੇ ਸਿਰਜੇ ਹੋਏ ਹਨ ਅਤੇ (ਜਿਸਨੇ) ਕਈ ਕਰੋੜ ਬਾਵਨ (ਉਪਿੰਦ੍ਰ) ਬਣਾ ਕੇ ਫਿਰ ਨਸ਼ਟ ਕਰ ਦਿੱਤੇ ਹਨ।

ਦਾਨਵ ਦੇਵ ਫਨਿੰਦ੍ਰ ਧਰਾਧਰ ਪਛ ਪਸੂ ਨਹਿ ਜਾਤਿ ਗਨਾਯੋ ॥

(ਉਸਨੇ) ਦੈਂਤ, ਦੇਵਤੇ, ਸ਼ੇਸ਼ਨਾਗ, ਧਰਾਧਰ (ਪਰਬਤ) ਪੰਛੀ ਅਤੇ ਪਸ਼ੂ (ਇਤਨੇ ਪੈਦਾ ਕੀਤੇ ਹਨ ਕਿ ਉਨ੍ਹਾਂ ਦੀ) ਗਿਣਤੀ ਨਹੀਂ ਕੀਤੀ ਜਾ ਸਕਦੀ।

ਆਜ ਲਗੇ ਤਪੁ ਸਾਧਤ ਹੈ ਸਿਵ ਊ ਬ੍ਰਹਮਾ ਕਛੁ ਪਾਰ ਨ ਪਾਯੋ ॥

ਅਜ ਤਕ ਸ਼ਿਵ ਅਤੇ ਬ੍ਰਹਮਾ ਤਪ ਕਰਦੇ ਆ ਰਹੇ ਹਨ (ਪਰ ਉਸ ਦਾ) ਕੁਝ ਵੀ ਪਾਰ ਨਹੀਂ ਪਾ ਸਕੇ।

ਬੇਦ ਕਤੇਬ ਨ ਭੇਦ ਲਖਯੋ ਜਿਹ ਸੋਊ ਗੁਰੂ ਗੁਰ ਮੋਹਿ ਬਤਾਯੋ ॥੧੭॥

ਵੇਦਾਂ ਅਤੇ ਕਤੇਬਾਂ ਨੇ ਜਿਸ ਦਾ ਭੇਦ ਨਹੀਂ ਪਾਇਆ, ਉਹੀ ਗੁਰੂ (ਪਾਰਬ੍ਰਹਮ) ਹੈ (ਜੋ) ਮੈਨੂੰ ਗੁਰੂ ਨੇ ਦਸ ਦਿੱਤਾ ਹੈ ॥੧੭॥

ਧਯਾਨ ਲਗਾਇ ਠਗਿਓ ਸਬ ਲੋਗਨ ਸੀਸ ਜਟਾ ਨ ਹਾਥਿ ਬਢਾਏ ॥

(ਤੁਸੀਂ) ਸਿਰ ਉਤੇ ਜਟਾਵਾਂ ਅਤੇ ਹੱਥਾਂ ਦੇ ਨੌਂਹ ਵਧਾ ਕੇ ਅਤੇ (ਬਗਲੇ ਵਾਂਗ) ਧਿਆਨ ਲਗਾ ਕੇ ਸਾਰੇ ਲੋਕਾਂ ਨੂੰ ਠਗ ਲਿਆ ਹੈ।

ਲਾਇ ਬਿਭੂਤ ਫਿਰਯੋ ਮੁਖ ਊਪਰਿ ਦੇਵ ਅਦੇਵ ਸਬੈ ਡਹਕਾਏ ॥

ਮੂੰਹ ਉਤੇ ਬਿਭੂਤ ਮਲ ਕੇ ਫਿਰ ਰਹੇ ਹੋ ਅਤੇ ਸਾਰੇ ਦੇਵਤਿਆਂ ਅਤੇ ਦੈਂਤਾਂ ਨੂੰ ਭਰਮਾ ਦਿੱਤਾ ਹੈ।

ਲੋਭ ਕੇ ਲਾਗੇ ਫਿਰਯੋ ਘਰ ਹੀ ਘਰਿ ਜੋਗ ਕੇ ਨਯਾਸ ਸਬੈ ਬਿਸਰਾਏ ॥

ਲੋਭ ਦੇ ਵਸ ਹੋ ਕੇ ਘਰ ਘਰ (ਵਿਚ ਭਿਖਿਆ ਲਈ) ਫਿਰ ਰਹੇ ਹੋ ਅਤੇ (ਸੱਚੇ) ਯੋਗ ਦੇ ਸਾਰੇ ਢੰਗ ਭੁਲਾ ਦਿੱਤੇ ਹਨ।

ਲਾਜ ਗਈ ਕਛੁ ਕਾਜੁ ਸਰਯੋ ਨਹਿ ਪ੍ਰੇਮ ਬਿਨਾ ਪ੍ਰਭ ਪਾਨਿ ਨ ਆਏ ॥੧੮॥

(ਸਭ) ਲਾਜ-ਮਰਯਾਦਾ ਖਤਮ ਸਹੋ ਗਈ, (ਪਰ) ਕੁਝ ਵੀ ਕੰਮ ਨਹੀਂ ਸਰਿਆ (ਕਿਉਂਕਿ) ਪ੍ਰੇਮ ਤੋਂ ਬਿਨਾ ਪ੍ਰਭੂ ਹੱਥ ਨਹੀਂ ਆਉਂਦੇ ਹਨ ॥੧੮॥

ਕਾਹੇ ਕਉ ਡਿੰਭ ਕਰੈ ਮਨ ਮੂਰਖ ਡਿੰਭ ਕਰੇ ਅਪੁਨੀ ਪਤਿ ਖ੍ਵੈ ਹੈ ॥

ਹੇ ਮੂਰਖ ਮਨ! ਕਿਸ ਲਈ ਪਾਖੰਡ ('ਡਿੰਭ') ਕਰਦਾ ਹੈਂ; ਪਾਖੰਡ ਕਰਕੇ ਆਪਣੀ ਹੀ ਪ੍ਰਤਿਸ਼ਠਾ ਨਸ਼ਟ ਕਰ ਰਿਹਾ ਹੈਂ।

ਕਾਹੇ ਕਉ ਲੋਗ ਠਗੇ ਠਗ ਲੋਗਨਿ ਲੋਗ ਗਯੋ ਪਰਲੋਗ ਗਵੈ ਹੈ ॥

ਕਿਸ ਲਈ ਲੋਕਾਂ ਨੂੰ ਠਗਦਾ ਹੈ? ਲੋਕਾਂ ਨੂੰ ਠਗਣ ਨਾਲ (ਇਹ) ਲੋਕ ਤਾਂ ਵਿਗੜ ਚੁਕਾ ਹੈ, ਪਰਲੋਕ ਵੀ ਵਿਗੜਦਾ ਜਾ ਰਿਹਾ ਹੈ।

ਦੀਲ ਦਯਾਲ ਕੀ ਠੌਰ ਜਹਾ ਤਿਹਿ ਠੌਰ ਬਿਖੈ ਤੁਹਿ ਠੌਰ ਨ ਹ੍ਵੈ ਹੈ ॥

ਜਿਥੇ ਦੀਨ ਦਿਆਲ (ਪਰਮਾਤਮਾ) ਦਾ ਠਿਕਾਣਾ ਹੈ; ਉਸ ਸਥਾਨ ਵਿਚ ਤੈਨੂੰ ਢੋਈ ਨਹੀਂ ਮਿਲੇਗੀ।


Flag Counter