ਜਿਤਨੇ ਔਲੀਏ, ਅਤੇ ਹੋਰ ਮੁਸਲਮਾਨ ਦਰਵੇਸ਼ ਹੋਏ ਹਨ,
ਉਹ ਸਭ ਕਾਲ ਦੀਆਂ ਦਾੜ੍ਹਾਂ ਹੇਠਾਂ ਚਿੱਥੇ ਗਏ ਹਨ ॥੨੯॥
ਜਿਤਨੇ ਵੀ ਮਾਨਧਾਤਾ ਆਦਿ ਸ਼ੋਭਾਸ਼ਾਲੀ ਰਾਜੇ ਹੋਏ ਹਨ
(ਉਨ੍ਹਾਂ) ਸਭ ਨੂੰ ਬੰਨ੍ਹ ਕੇ ਕਾਲ ਨੇ ਆਪਣੇ ਅਧੀਨ (ਜੇਲੈ) ਕਰ ਕੇ ਰਖਿਆ ਹੈ।
ਜਿਨ੍ਹਾਂ ਨੇ ਉਸ ਦਾ ਨਾਮ ਉੱਚਾਰਿਆ ਹੈ, (ਉਨ੍ਹਾਂ ਦਾ) ਉੱਧਾਰ ਹੋ ਗਿਆ ਹੈ,
ਬਿਨਾ ਉਸ (ਕਾਲ) ਦੀ ਸ਼ਰਨ ਵਿਚ ਗਿਆਂ, ਕਰੋੜਾਂ ਮਾਰੇ ਗਏ ਵੇਖੇ ਹਨ ॥੩੦॥
ਤੇਰੀ ਕ੍ਰਿਪਾ ਨਾਲ: ਰਸਾਵਲ ਛੰਦ:
(ਮਹਾਕਾਲ ਦੇ ਹੱਥ ਵਿਚ) ਤਲਵਾਰ ਚਮਕਦੀ ਹੈ
ਜੋ ਬਹੁਤ ਹੀ ਭਿਆਨਕ ਹੈ।
(ਉਸ ਦੀਆਂ) ਝਾਂਝਰਾਂ ਦਾ ਸ਼ਬਦ ਹੁੰਦਾ ਹੈ
ਅਤੇ ਘੁੰਘਰੂਆਂ ਦੀ ਛਣਕਾਰ ਹੁੰਦੀ ਹੈ ॥੩੧॥
ਉਸ ਦੀਆਂ ਚਾਰ ਸੁੰਦਰ ਬਾਂਹਵਾਂ ਹਨ,
(ਸਿਰ ਉਤੇ) ਸੁੰਦਰ ਜੂੜਾ ਸਜਿਆ ਹੋਇਆ ਹੈ।
(ਉਸ) ਕੋਲ ਗਦਾ ਸੁਸ਼ੋਭਿਤ ਹੈ
ਜੋ ਜਮ ਦੇ ਮਾਨ ਨੂੰ ਮੋਹ ਰਹੀ ਹੈ (ਪ੍ਰਭਾਵਿਤ ਕਰ ਰਹੀ ਹੈ) ॥੩੨॥
ਅੱਗ ਵਾਂਗ ਜੀਭ ਸੋਭ ਰਹੀ ਹੈ,
ਦਾੜ੍ਹਾਂ ਬਹੁਤ ਭਿਆਨਕ ਹਨ।
ਧੌਂਸੇ ਅਤੇ ਸੰਖ ਵਜ ਰਹੇ ਹਨ,
(ਉਨ੍ਹਾਂ ਵਿਚ) ਸਮੁੰਦਰ ਦੀ ਗਰਜ ਵਰਗਾ ਨਾਦ ਨਿਕਲਦਾ ਹੈ ॥੩੩॥
(ਉਸ ਦਾ) ਸਾਂਵਲਾ ਰੂਪ ਸੋਭ ਰਿਹਾ ਹੈ
(ਜੋ) ਮਹਾਨ ਸੋਭਾ ਦਾ ਘਰ ਹੈ।
(ਉਸ ਦਾ ਚਿੱਤਰ) ਸੁੰਦਰ ਚਿੱਤਰ ਵਰਗਾ ਹੈ
(ਜੋ ਮਨ ਬਾਣੀ ਤੋਂ) ਪਰੇ (ਅਤਿਅੰਤ) ਪਵਿਤਰ ਹੈ ॥੩੪॥
ਭੁਜੰਗ ਪ੍ਰਯਾਤ ਛੰਦ:
(ਉਸ ਦੇ) ਸਿਰ ਉਤੇ ਸੁੰਦਰ ਸਫੈਦ ਛਤ੍ਰ ਸੋਭਦਾ ਹੈ
(ਜਿਸ ਦੀ) ਛਵੀ ਨੂੰ ਵੇਖ ਕੇ ਤੇਜ (ਪ੍ਰਕਾਸ਼) ਵੀ ਲਜਾ ਰਿਹਾ ਹੈ।
(ਉਸ) ਮਹਾਨ ਰਾਜੇ ਦੇ ਵਿਸ਼ਾਲ ਲਾਲ ਲੋਚਨ ਸੋਭਦੇ ਹਨ
(ਜਿਨ੍ਹਾਂ ਦੇ) ਸਾਹਮਣੇ ਕਰੋੜਾਂ ਸੂਰਜ ('ਅੰਸੁਮਾਲੰ') ਹੀਣਤਾ ('ਹਸੰ') ਨੂੰ ਪ੍ਰਾਪਤ ਹੋ ਕੇ ਕ੍ਰਿਝਦੇ ਹਨ (ਅਰਥਾਤ ਆਪਣੀ ਚਮਕ ਗੰਵਾ ਲੈਂਦੇ ਹਨ) ॥੩੫॥
ਕਿਤੇ (ਉਹ) ਵੱਡੇ ਰਾਜੇ ਦਾ ਰੂਪ ਧਾਰ ਕੇ ਸੋਭ ਰਿਹਾ ਹੈ।
ਕਿਤੇ ਅਪੱਛਰਾਂ ਦੇ ਮਾਨ ਨੂੰ ਮੋਹ ਰਿਹਾ ਹੈ।
ਕਿਤੇ ਸ਼ੂਰਵੀਰ ਹੋ ਕੇ (ਉਸ ਨੇ) ਹੱਥ ਵਿਚ ਬਾਣ ਧਾਰਨ ਕੀਤੇ ਹੋਏ ਹਨ।
ਕਿਤੇ ਰਾਜਾ ਹੋ ਕੇ ਧੌਂਸਾ ਵਜਾ ਰਿਹਾ ਹੈ ॥੩੬॥
ਰਸਾਵਲ ਛੰਦ:
(ਉਸ ਨੇ) ਤੀਰ ਕਮਾਨ ਧਾਰਨ ਕੀਤੀ ਹੋਈ ਹੈ
ਅਤੇ ਸ੍ਰੇਸ਼ਠ ਯੁੱਧ-ਵੀਰ ਵਾਂਗ ਫਬ ਰਿਹਾ ਹੈ।
ਹੱਥ ਵਿਚ ਤਲਵਾਰ ਇੰਜ ਧਾਰਨ ਕੀਤੀ ਹੋਈ ਹੈ,
ਜਿਵੇਂ ਕੋਈ ਵੱਡਾ ਸੂਰਮਾ ਹੁੰਦਾ ਹੈ ॥੩੭॥
(ਉਹ ਜਦੋਂ ਕਦੇ) ਜ਼ੋਰ ਨਾਲ ਜੰਗ ਵਿਚ ਜੁਟਦਾ ਹੇ
(ਤਾਂ) ਭਿਆਨਕ ਯੁੱਧ ਕਰਦਾ ਹੈ।
(ਉਹ) ਕ੍ਰਿਪਾ ਦਾ ਸਮੁੰਦਰ ਅਤੇ ਦਇਆ ਦਾ ਘਰ ਹੈ।
(ਉਹ) ਹਮੇਸ਼ਾਂ ਹੀ ਕ੍ਰਿਪਾਲੂ ਹੈ ॥੩੮॥
(ਉਹ) ਸਦਾ ਇਕ ਰੂਪ ਵਾਲਾ ਹੈ।
(ਉਹ) ਸਾਰਿਆਂ ਲੋਕਾਂ ਦਾ ਰਾਜਾ ਹੈ।
(ਉਹ) ਜਿਤਿਆ ਨਹੀਂ ਜਾ ਸਕਦਾ ਅਤੇ ਜਨਮ ਵਿਚ ਨਹੀਂ ਆਉਂਦਾ।
(ਉਹ) ਸ਼ਰਨ ਆਇਆਂ ਦੀ ਸਹਾਇਤਾ ਕਰਦਾ ਹੈ ॥੩੯॥
(ਉਸ ਦੇ) ਹੱਥ ਵਿਚ ਤਲਵਾਰ ਤਪ ਰਹੀ ਹੈ (ਅਰਥਾਤ ਚਲਣ ਲਈ ਉਤਾਵਲੀ ਹੈ)
(ਉਹ) ਲੋਕਾਂ ਵਿਚ ਵੱਡਾ ਦਾਨੀ ਹੈ।
ਵਰਤਮਾਨ ਅਤੇ ਭਵਿਖਤ ਕਾਲ ਵਿਚ (ਜਿਸ ਦੇ) ਜੋੜ ਦਾ ਕੋਈ ਨਹੀਂ,
(ਉਸ ਪਰਮ-ਸੱਤਾ ਨੂੰ ਮੈਂ) ਨਮਸਕਾਰ ਕਰਦਾ ਹਾਂ ॥੪੦॥
ਮਧੁ ਦੈਂਤ ਦੇ ਮਾਨ ਨੂੰ ਖ਼ਤਮ ਕਰਨ ਵਾਲਾ
ਅਤੇ ਧੜਾਂ ਦੇ ਸਮੂਹ ਵਿਚ ਸੋਭਣ ਵਾਲਾ ਹੈ।
(ਉਸ ਦੇ) ਸਿਰ ਉਤੇ ਸਫੈਦ ਛਤ੍ਰ (ਝੂਲਦਾ ਹੈ)
ਅਤੇ ਹੱਥ ਵਿਚ ਅਸਤ੍ਰ ਲਿਸ਼ਕਦੇ ਹਨ ॥੪੧॥
(ਉਸ ਦੇ) ਭਾਰੀ ਨਾਦ ਨੂੰ ਸੁਣ ਕੇ
ਛਤ੍ਰਧਾਰੀ ਰਾਜੇ ਵੀ ਭੈਭੀਤ ਹੋ ਜਾਂਦੇ ਹਨ।
ਦਿਸ਼ਾਵਾਂ ਹੀ (ਉਸ ਦੇ) ਬਸਤ੍ਰ ਹਨ (ਅਰਥਾਤ ਉਹ ਨਗਨ ਹੈ)
(ਉਸ ਦਾ ਨਾਂ) ਸੁਣਦਿਆਂ ਹੀ ਦੋਖ ਭਜ ਜਾਂਦੇ ਹਨ ॥੪੨॥
(ਉਸ ਦੀ) ਗਦਾ ਦੀ ਆਵਾਜ਼ ਨੂੰ ਸੁਣ ਕੇ
ਅਨੰਤ ਅਤੇ ਬੇਹੱਦ (ਡਰ ਪੈਦਾ ਹੋ ਜਾਂਦਾ ਹੈ)
ਮਾਨੋ ਕਾਲੀ ਘਟਾ (ਚੜ੍ਹੀ ਹੋਵੇ)
ਜਿਸ ਦੀ ਸ਼ੋਭਾ ਬਹੁਤ ਮਨੋਹਰ ਹੈ ॥੪੩॥
(ਉਸ ਦੀਆਂ) ਸੁੰਦਰ ਚਾਰ ਬਾਂਹਵਾਂ ਹਨ
ਅਤੇ (ਸਿਰ ਉਤੇ) ਮੁਕਟ ਧਾਰਨ ਕੀਤਾ ਹੋਇਆ ਹੈ।
(ਉਸ ਦਾ) ਗਦਾ, ਸੰਖ, ਚੱਕਰ
ਅਤੇ ਭਿਆਨਕ ਤੇ ਟੇਢੀਆਂ (ਭਵਾਂ) ਲਿਸ਼ਕ ਰਹੀਆਂ ਹਨ ॥੪੪॥
ਨਰਾਜ ਛੰਦ:
(ਤੇਰਾ) ਅਨੂਪਮ ਰੂਪ ਸੋਭ ਰਿਹਾ ਹੈ
(ਜਿਸ ਨੂੰ) ਵੇਖ ਕੇ ਕਾਮ-ਦੇਵ ਵੀ ਲਜਾ ਰਿਹਾ ਹੈ।
(ਤੇਰੀ) ਅਲੌਕਿਕ (ਸ਼ੋਭਾ) ਲੋਕਾਂ ਵਿਚ ਸ਼ੁਭਾਇਮਾਨ ਹੈ
ਅਤੇ (ਉਸ ਨੂੰ) ਵੇਖ ਕੇ ਲੋਕ ਲੁਭਾਇਮਾਨ ਹੋ ਰਹੇ ਹਨ ॥੪੫॥
(ਤੇਰੇ) ਸਿਰ ਉਤੇ ਚੰਦ੍ਰਮਾ ਚਮਕ ਰਿਹਾ ਹੈ
(ਜਿਸ ਨੂੰ) ਵੇਖ ਕੇ ਸ਼ਿਵ ਸ਼ਰਮਿੰਦਾ ਹੋ ਰਿਹਾ ਹੈ।